ਅੱਜ ਪੂਰੀ ਦੁਨੀਆ ਕੋਰੋਨਾ ਵਾਇਰਸ (ਕੋਵਿਡ-19) ਨਾਮਕ ਮਹਾਮਾਰੀ ਦੀ ਗੰਭੀਰ ਮਾਰ ਹੇਠ ਹੈ। ਦੁਨੀਆ ਦੀ ਵੱਡੀ ਗਿਣਤੀ ਇਸ ਲਾਇਲਾਜ ਬਿਮਾਰੀ ਤੋਂ ਬਚਣ ਲਈ ਘਰਾਂ 'ਚ ਰਹਿਣ ਲਈ ਮਜਬੂਰ ਹੈ। ਇਸ ਸਮੇਂ ਦੌਰਾਨ ਸਕੂਲ-ਕਾਲਜ ਬੰਦ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ 'ਚ ਰੱਖਦਿਆਂ ਆਨਲਾਈਨ ਸਿੱਖਿਆ ਸ਼ੁਰੂ ਕੀਤੀ ਗਈ ਹੈ।

ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਿੱਖਿਆ ਸੰਸਥਾਵਾਂ ਵੱਖ-ਵੱਖ ਪਲੈਟਫਾਰਮਾਂ 'ਤੇ ਮੁਹੱਈਆ ਸਾਫਟਵੇਅਰਾਂ ਦੀ ਵਰਤੋਂ ਕਰ ਕੇ ਆਪਣੇ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕਰ ਰਹੀਆਂ ਹਨ। ਇਸ ਲਈ ਜੋ ਐਪਸ ਅਜਿਹੀ ਸੁਵਿਧਾ ਪ੍ਰਦਾਨ ਕਰ ਰਹੇ ਹਨ, ਉਨ੍ਹਾਂ ਦੀ ਚਰਚਾ ਜ਼ੋਰਾਂ 'ਤੇ ਹੈ। ਕਿਸੇ ਵੀ ਐਪ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਦੀ ਗੁਣਵੱਤਾ ਤੇ ਭਰੋਸੇਯੋਗਤਾ ਬਾਰੇ ਗਿਆਨ ਪ੍ਰਾਪਤ ਕਰ ਲੈਣਾ ਚਾਹੀਦਾ ਹੈ।

ਅੱਜ ਸੂਚਨਾ ਤਕਨੀਕ ਦੇ ਖੇਤਰ 'ਚ ਦੁਨੀਆ ਦੀ ਪ੍ਰਸਿੱਧ ਕੰਪਨੀ ਗੂਗਲ ਦੀ ਐਪਲੀਕੇਸ਼ਨ 'ਗੂਗਲ ਕਲਾਸਰੂਮ' ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ। ਗੂਗਲ ਕਲਾਸ ਰੂਮ ਦੇ ਵੈੱਬ ਵਰਜ਼ਨ ਨੂੰ ਅਗਸਤ 12,

2014 'ਚ ਆਮ ਲੋਕਾਂ ਲਈ ਮੁਹੱਈਆ ਕਰਵਾਇਆ ਗਿਆ ਸੀ। ਗੂਗਲ ਕਲਾਸਰੂਮ ਮੋਬਾਈਲ ਐਪ ਨੂੰ 2015 'ਚ ਲਾਂਚ ਕੀਤਾ ਗਿਆ, ਜਿਸ ਨੂੰ ਐਂਡਰਾਇਡ ਤੇ ਐਪਲ ਸਟੋਰ ਤੋਂ ਵਰਤਮਾਨ ਸਮੇਂ ਮੁਫ਼ਤ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਕੰਪਿਊਟਰ 'ਤੇ ਵਰਤਣ ਲਈ classroom.google.com 'ਤੇ ਵਿਜ਼ਿਟ ਕੀਤਾ ਜਾ ਸਕਦਾ ਹੈ। ਇਸ ਐਪਲੀਕੇਸ਼ਨ ਦਾ ਮੁੱਖ ਮਕਸਦ ਅਧਿਆਪਕਾਂ ਤੇ ਵਿਦਿਆਰਥੀਆਂ ਵਿਚਕਾਰ ਪੜ੍ਹਾਈ-ਲਿਖਾਈ ਦੀਆਂ ਫਾਈਲਾਂ ਨੂੰ ਸਾਂਝਾ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਹੈ।

ਕਿਵੇਂ ਕਰੀਏ ਇੰਸਟਾਲ

- ਆਪਣੇ ਐਂਡਰਾਇਡ ਜਾਂ ਐਪਲ ਸਟੋਰ 'ਤੇ ਗੂਗਲ ਕਲਾਸਰੂਮ ਨੂੰ ਸਰਚ ਕਰੋ।

- ਸਰਚ ਕਰਨ ਤੋਂ ਬਾਅਦ ਗੂਗਲ ਕਲਾਸਰੂਮ ਦੇ ਸਾਹਮਣੇ ਇੰਸਟਾਲ ਬਟਨ 'ਤੇ ਕਲਿੱਕ ਕਰੋ।

- ਇੰਸਟਾਲ ਹੋਣ ਤੋਂ ਬਾਅਦ 'ਓਪਨ' 'ਤੇ ਕਲਿੱਕ ਕਰੋ।

- ਗੂਗਲ ਕਲਾਸਰੂਮ ਦੀ ਵਰਤੋਂ ਕਰਨ ਲਈ ਆਪਣੀ ਈਮੇਲ ਦੀ ਚੋਣ ਕਰੋ। ਓਕੇ ਬਟਨ 'ਤੇ ਕਲਿੱਕ ਕਰੋ।

- ਇਸ ਤੋਂ ਬਾਅਦ ਸਕਰੀਨ ਦੇ ਉੱਪਰਲੇ ਸੱਜੇ ਪਾਸੇ ਕ੍ਰਿਏਟ ਕਲਾਸ ਬਟਨ 'ਤੇ ਕਲਿੱਕ ਕਰੋ ਤੇ ਆਪਣੀ ਜਮਾਤ ਬਾਰੇ ਜਾਣਕਾਰੀ ਭਰੋ, ਸਬੰਧਤ ਜਮਾਤ ਦੀ ਸੈਟਿੰਗ 'ਚ ਜਾ ਕੇ ਕਲਾਸ ਕੋਡ ਨੂੰ ਕਾਪੀ ਕਰ ਕੇ ਆਪਣੇ ਵਿਦਿਆਰਥੀਆਂ ਨਾਲ ਮੈਸੇਜ ਜ਼ਰੀਏ ਸਾਂਝ ਪਾਓ ਤਾਂ ਜੋ ਉਹ ਤੁਹਾਡੇ ਕਲਾਸਰੂਮ 'ਚ ਜੁਆਇਨ ਕਰ ਸਕਣ।

- ਵਿਦਿਆਰਥੀ ਆਪਣੇ ਮੋਬਾਈਲ 'ਚ ਗੂਗਲ ਕਲਾਸਰੂਮ ਨੂੰ ਇੰਸਟਾਲ ਕਰਨ ਤੋਂ ਬਾਅਦ ਇਸ ਗੁਪਤ ਕੋਡ ਦੀ ਸਹਾਇਤਾ ਨਾਲ 'ਜੁਆਇਨ ਕਲਾਸ' ਰਾਹੀਂ ਸਬੰਧਤ ਅਧਿਆਪਕ ਦੀ ਕਲਾਸ 'ਚ ਸ਼ਾਮਿਲ ਹੋ ਸਕਦੇ ਹਨ।

- ਅਧਿਆਪਕ ਆਪਣੀ ਲੋੜ ਅਨੁਸਾਰ ਇਸ ਗੁਪਤ ਕੋਡ ਨੂੰ ਖ਼ਤਮ ਤੇ ਬਦਲ ਵੀ ਸਕਦੇ ਹਨ।

ਗੂਗਲ ਕਲਾਸਰੂਮ ਦੀ ਪਸੰਦੀਦਾ ਦਾ ਅੰਦਾਜ਼ਾ ਇਸ ਅੰਕੜੇ ਤੋਂ ਅਸਾਨੀ ਨਾਲ ਲਾਇਆ ਜਾ ਸਕਦਾ ਹੈ ਕਿ ਇਸ ਦੀ ਹੁਣ ਤਕ 50 ਮਿਲੀਅਨ ਯੂਜ਼ਰ ਵਰਤੋਂ ਕਰ ਰਹੇ ਹਨ। ਇਕ ਨਿੱਜੀ ਗੂਗਲ ਅਕਾਊਂਟ ਦੀ ਇਕ ਕਲਾਸ 'ਚ ਅਧਿਆਪਕ ਤੇ ਵਿਦਿਆਰਥੀਆਂ ਦੀ ਗਿਣਤੀ 250 ਤਕ ਹੋ ਸਕਦੀ ਹੈ। ਇਕ ਦਿਨ 'ਚ ਇਕ ਅਧਿਆਪਕ 100 ਵਿਦਿਆਰਥੀਆਂ ਨੂੰ ਸ਼ਾਮਿਲ ਹੋਣ ਦਾ ਲਿੰਕ ਭੇਜ ਸਕਦਾ ਹੈ।

ਪੇਪਰ ਰਹਿਤ ਪੜ੍ਹਾਈ

ਗੂਗਲ ਕਲਾਸਰੂਮ 'ਚ ਗੂਗਲ ਕੈਲੰਡਰ ਦੁਆਰਾ ਅਸਾਈਨਮੈਂਟ ਦੀ ਨਿਯਮਤ ਮਿਤੀ ਨਿਰਧਾਰਤ ਕੀਤੀ ਜਾਂਦੀ ਹੈ। ਗੂਗਲ ਕਲਾਸਰੂਮ ਗੂਗਲ ਡਰਾਈਵ, ਡਾਕਸ, ਸ਼ੀਟਸ, ਸਲਾਈਡਸ ਤੇ ਈਮੇਲ ਜ਼ਰੀਏ ਪੇਪਰ ਰਹਿਤ ਪੜ੍ਹਾਈ ਕਰਵਾਉਣ 'ਚ ਆਪਣੀ ਬਿਹਤਰੀਨ ਭੂਮਿਕਾ ਨਿਭਾ ਰਿਹਾ ਹੈ। ਇਸ ਵਿਚ ਵਿਦਿਆਰਥੀਆਂ ਨੂੰ ਅਧਿਆਪਕ ਵੱਲੋਂ ਸ਼ੇਅਰ ਕੀਤੇ ਇਕ ਗੁਪਤ ਕੋਡ ਰਾਹੀਂ ਜੁਆਇਨ ਕਰਵਾਇਆ ਜਾਂਦਾ ਹੈ। ਹਰ ਅਧਿਆਪਕ ਆਪਣੀ ਲੋੜ ਅਨੁਸਾਰ ਜਮਾਤ ਬਣਾ ਸਕਦਾ ਹੈ ਅਤੇ ਵਿਦਿਆਰਥੀਆਂ ਨਾਲ ਤਸਵੀਰਾਂ, ਵੀਡੀਓ, ਪੀਡੀਐੱਫ, ਡਾਕਸ, ਵੈੱਬ-ਲਿੰਕ ਦੇ ਰੂਪ ਵਿਚ ਜਾਣਕਾਰੀ ਸਾਂਝੀ ਕਰ ਸਕਦਾ ਹੈ।

ਗੂਗਲ ਕਲਾਸਰੂਮ ਦੀ ਵਰਤੋਂ ਕਰਨ ਲਈ ਅਧਿਆਪਕ ਨੂੰ ਆਪਣੇ ਈਮੇਲ ਪਤੇ ਦੀ ਜ਼ਰੂਰਤ ਹੁੰਦੀ ਹੈ। ਇਸ ਵਿਚ ਇਕ ਤੋਂ ਵੱਧ ਅਧਿਆਪਕ ਵੀ ਹੋ ਸਕਦੇ ਹਨ ਤੇ ਵਿਦਿਆਰਥੀਆਂ ਨੂੰ ਅਸਾਈਨਮਂੈਟ ਦੇ ਸਕਦੇ ਹਨ, ਉਨ੍ਹਾਂ ਕੋਲੋਂ ਪ੍ਰਸ਼ਨ ਪੁੱਛ ਸਕਦੇ ਹਨ, ਪੜ੍ਹਾਈ ਨਾਲ ਸਬੰਧਤ ਨੋਟਸ ਸ਼ੇਅਰ ਕਰ ਸਕਦੇ ਹਨ। ਵਿਦਿਆਰਥੀਆਂ ਵੱਲੋਂ ਕੀਤੇ ਕੰਮ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ। ਵਿਦਿਆਰਥੀ ਆਪਣੇ ਕੁਮੈਂਟ ਦੇ ਸਕਦੇ ਹਨ।

- ਜਗਜੀਤ ਸਿੰਘ ਗਣੇਸ਼ਪੁਰ

94655-76022

Posted By: Harjinder Sodhi