ਕਿਸੇ ਨੇ ਸੱਚ ਕਿਹਾ ਹੈ ਕਿ ਸਫਲਤਾ ਮਹਿਲਾਂ ਦੀ ਨਹੀਂ, ਮਿਹਨਤ ਦੀ ਮੁਥਾਜ ਹੈ। ਮਿਹਨਤ ਉਹ ਚਾਬੀ ਹੈ, ਜਿਸ ਨਾਲ ਸਫਲਤਾ ਦੇ ਹਰ ਬੂਹੇ ਨੂੰ ਖੋਲ੍ਹਿਆ ਜਾ ਸਕਦਾ ਹੈ। ਕਿਹਾ ਇਹ ਵੀ ਜਾਂਦਾ ਹੈ ਕਿ ਜੇ ਇਨਸਾਨ ਸੱਚੇ ਦਿਲੋਂ ਚਾਹੇ ਤਾਂ ਕੁਝ ਵੀ ਪ੍ਰਾਪਤ ਕਰਨਾ ਅਸੰਭਵ ਨਹੀਂ ਹੈ। ਅਸੰਭਵ ਨੂੰ ਸੰਭਵ ਬਣਾਉਣ ਲਈ ਇਨਸਾਨ ਨੂੰ ਮਿਹਨਤ, ਲਗਨ ਅਤੇ ਦਿ੍ਰੜਤਾ ਦਾ ਪੱਲਾ ਘੁੱਟ ਕੇ ਫੜਨਾ ਪੈਂਦਾ ਹੈ। ਅਸੰਭਵ ਨੂੰ ਸੰਭਵ ਬਣਾਉਣ ਵਾਲੇ ਇਨਸਾਨਾਂ ਦੀ ਗੱਲ ਕਰਦਿਆਂ ਮਨਪ੍ਰੀਤ ਸਿੰਘ ਦਾ ਨਾਂ ਬੜੇ ਮਾਣ ਨਾਲ ਲਿਆ ਜਾ ਰਿਹਾ ਹੈ।

ਪਿੰਡ ਨੂੰ ਦਿਵਾਇਆ ਮਾਣ

ਬਰਨਾਲਾ ਜ਼ਿਲ੍ਹੇ ਦੀ ਹੱਦ ’ਤੇ ਵਸੇ ਛੋਟੇ ਜਿਹੇ ਪਿੰਡ ਗੁੰਮਟੀ ਨੂੰ ਵੱਡਾ ਮਾਣ ਦਿਵਾਉਣ ਵਾਲੇ ਮਨਪ੍ਰੀਤ ਨੇ ਸਫਲਤਾ ਦੀ ਅਜਿਹੀ ਮਿਸਾਲ ਪੈਦਾ ਕੀਤੀ ਹੈ ਕਿ ਉਸ ਦੀ ਪ੍ਰਾਪਤੀ ਦੇ ਚਰਚੇ ਦੇਸ਼ਾਂ-ਵਿਦੇਸ਼ਾਂ ’ਚ ਹੋਣ ਲੱਗੇ ਹਨ। ਉਸ ਨੇ ਦੱਸ ਦਿੱਤਾ ਹੈ ਕਿ ਮਿਹਨਤ ਨਾਲ ਮਨਚਾਹਿਆ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ।

ਇਹ ਮਨਪ੍ਰੀਤ ਦੀ ਮਿਹਨਤ ਦਾ ਹੀ ਕਮਾਲ ਹੈ ਕਿ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਮੁਬਾਰਕਾਂ ਦੇਣ ਦੇ ਨਾਲ-ਨਾਲ ਹਲਕੇ ਦਾ ਵਿਧਾਇਕ ਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਆਸ਼ੀਰਵਾਦ ਦੇਣ ਲਈ ਖ਼ੁਦ ਚੱਲ ਕੇ ਮਨਪ੍ਰੀਤ ਦੇ ਪਿੰਡ ਪਹੁੰਚਦੇ ਹਨ।

ਮਾਂ ਪੁੱਤ ’ਤੇ ਕਰਦੀ ਹੈ ਨਾਜ਼

ਮਨਪ੍ਰੀਤ ਦੇ ਘਰੇਲੂ ਹਾਲਾਤਾਂ ਦੀ ਗੱਲ ਕਰੀਏ ਤਾਂ ਇਕ ਨਹੀਂ, ਅਨੇਕਾਂ ਔਕੜਾਂ ਤੇ ਦੁਸ਼ਵਾਰੀਆਂ ਨੇ ਉਸ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮਨਪ੍ਰੀਤ ਦੀ ਮਿਹਨਤ ਹੀ ਸੀ ਕਿ ਸਭ ਦੁਸ਼ਵਾਰੀਆਂ ਨੂੰ ਕੁਚਲ ਕੇ ਉਸ ਨੂੰ ਸਫਲਤਾ ਦੇ ਉਸ ਮੁਕਾਮ ’ਤੇ ਲੈ ਗਈ ਜਿਸ ਦੀ ਕਲਪਨਾ ਵੀ ਅਸੰੰਭਵ ਹੈ। ਬੋਰਡ ਵੱਲੋਂ ਜਾਰੀ ਨਤੀਜੇ ’ਤੇ ਝਾਤ ਮਾਰਦਿਆਂ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਉਹੀ ਮਨਪ੍ਰੀਤ ਹੈ, ਜਿਸ ਨੂੰ ਬਚਪਨ ਵਿਚ ਹੀ ਪਿਤਾ ਦੇ ਸਾਏ ਤੋਂ ਸੱਖਣਾ ਹੋਣ ਦੇ ਨਾਲ-ਨਾਲ ਸਰੀਰਕ ਬਿਮਾਰੀਆਂ ਨਾਲ ਵੀ ਦੋ-ਚਾਰ ਹੋਣਾ ਪਿਆ। ਬਚਪਨ ਵਿਚ ਹੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਇਆ ਮਨਪ੍ਰੀਤ ਇਕ ਲੱਤ ਤੋਂ ਅਪਾਹਜ ਵੀ ਹੈ। ਗ਼ੁਰਬਤ ਨਾਲ ਦੋ-ਚਾਰ ਹੁੰਦੀ ਮਾਂ ਵੱਲੋਂ ਆਪਣੇ ਪੁੱਤ ਨੂੰ ਮਹਿੰਗੇ ਨਿੱਜੀ ਸਕੂਲ ਵਿਚ ਪੜ੍ਹਾਉਣ ਤੋਂ ਅਸਮਰੱਥਤਾ ਜ਼ਾਹਿਰ ਕਰਦਿਆਂ ਪਿੰਡ ਦੇ ਹੀ ਸਰਕਾਰੀ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਪਰ ਸਰਕਾਰੀ ਸਕੂਲ ਦੇ ਮਿਹਨਤੀ ਅਤੇ ਯੋਗ ਅਧਿਆਪਕਾਂ ਦੀ ਅਗਵਾਈ ’ਚ ਮਿਹਨਤ ਕਰਦਿਆਂ ਉਸ ਨੇ ਅਜਿਹੀ ਪ੍ਰਾਪਤੀ ਨਾਲ ਮਾਂ ਦੀ ਝੋਲੀ ਭਰ ਦਿੱਤੀ, ਜਿਹੜੀ ਹਰ ਮਾਂ ਦੇ ਨਸੀਬ ਵਿਚ ਨਹੀਂ ਹੁੰਦੀ। ਸਿਲਾਈ ਕਰ ਕੇ ਸਿੱਖਿਆ ਦਿਵਾਉਣ ਵਾਲੀ ਮਾਤਾ ਕਿਰਨਜੀਤ ਕੌਰ ਪੁੱਤ ਦੀ ਪ੍ਰਾਪਤੀ ’ਤੇ ਨਾਜ਼ ਕਰਦਿਆਂ ਨਹੀਂ ਥੱਕਦੀ।

ਸੂਬੇ ਵਿੱਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ

ਸਰਕਾਰੀ ਮਿਡਲ ਸਕੂਲ ਗੁੰਮਟੀ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਮਨਪ੍ਰੀਤ ਨੇ ਸਰਕਾਰੀ ਸਕੂਲਾਂ ਦੀ ਅਜਿਹੀ ਝੰਡੀ ਗੱਡੀ ਹੈ ਕਿ ਸਰਕਾਰੀ ਸਕੂਲਾਂ ਦੀ ਮਿਆਰੀ ਪੜ੍ਹਾਈ ਦੇ ਚਰਚੇ ਚਾਰ-ਚੁਫੇਰੇ ਹੋਣ ਲੱਗੇ ਹਨ। ਉਸ ਦੀ ਪ੍ਰਾਪਤੀ ਨੇ ਜਿੱਥੇ ਇਹ ਦੱਸਿਆ ਹੈ ਕਿ ਸਫਲਤਾ ਉੱਚੇ ਮਹਿਲਾਂ ਦੀ ਮੁਥਾਜ ਨਹੀਂ, ਉੱਥੇ ਹੀ ਮਨਪ੍ਰੀਤ ਨੇ ਇਹ ਵੀ ਦੱਸ ਦਿੱਤਾ ਹੈ ਕਿ ਪੜ੍ਹਾਈ ਵੀ ਉੱਚੀਆਂ ਇਮਾਰਤਾਂ ਦੀ ਮੁਥਾਜ ਨਹੀਂ। ਸਰਕਾਰੀ ਸਕੂਲਾਂ ਦੀ ਪੜ੍ਹਾਈ ਦੇ ਮਿਆਰ ’ਤੇ ਲੱਗ ਰਹੇ ਸਵਾਲਾਂ ਦਾ ਉਸ ਨੇ ਅਜਿਹਾ ਜਵਾਬ ਦਿੱਤਾ ਹੈ ਕਿ ਸਭ ਹੱਕੇ -ਬੱਕੇ ਰਹਿ ਗਏ ਹਨ। ਸੈਸ਼ਨ 2021-22 ਦੌਰਾਨ 3,07,942 ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਅੱਠਵੀਂ ਜਮਾਤ ਦੀ ਪ੍ਰੀਖਿਆ ਦਿੱਤੀ। ਇਨ੍ਹਾਂ ਸਾਰਿਆਂ ਨੂੰ ਪਛਾੜ ਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਮਨਪ੍ਰੀਤ ਨੇ ਬਰਨਾਲਾ ਜ਼ਿਲ੍ਹੇ ਦੀ ਝੋਲੀ ਮਾਣ ਨਾਲ ਭਰ ਦਿੱਤੀ। ਮਨਪ੍ਰੀਤ ਦੀ ਪ੍ਰਾਪਤੀ ਇਸ ਪੱਖੋਂ ਵੀ ਵਿਲੱਖਣ ਹੈ ਕਿ ਉਸ ਨੇ ਸੌ ਫ਼ੀਸਦੀ ਅੰਕਾਂ (600/600) ਨਾਲ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਸਰਕਾਰੀ ਸਕੂਲਾਂ ਦੀ ਪੜ੍ਹਾਈ ’ਤੇ ਵਿਸ਼ਵਾਸ

ਮਨਪ੍ਰੀਤ ਦਾ ਕਹਿਣਾ ਹੈ ਕਿ ਮੈਨੂੰ ਸਰਕਾਰੀ ਸਕੂਲ ’ਚ ਪੜ੍ਹਨ ’ਤੇ ਕਦੇ ਵੀ ਹੀਣਭਾਵਨਾ ਮਹਿਸੂਸ ਨਹੀਂ ਹੋਈ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਸਰਕਾਰੀ ਸਕੂਲ ਦੀ ਪੜ੍ਹਾਈ ’ਤੇ ਹਮੇਸ਼ਾ ਹੀ ਵਿਸ਼ਵਾਸ ਰਿਹਾ ਹੈ ਅਤੇ ਪੁੱਤਰ ਦੀ ਮਾਣਮੱਤੀ ਪ੍ਰਾਪਤੀ ਨਾਲ ਸਾਡਾ ਵਿਸ਼ਵਾਸ ਸੱਚ ਸਾਬਿਤ ਹੋਇਆ ਹੈ।

ਇਸ ਪ੍ਰਾਪਤੀ ਉਪਰੰਤ ਮਨਪ੍ਰੀਤ ਦਾ ਮਾਣ ਵਧਾਉਣ ਲਈ ਉਸ ਦੇ ਪਿੰਡ ਪਹੁੰਚੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਸਮੇਤ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਕੰਵਲਜੀਤ ਕੌਰ ਅਤੇ ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਵੀ ਪ੍ਰਾਪਤੀ ਦਾ ਸਿਹਰਾ ਮਨਪ੍ਰੀਤ ਦੀ ਮਿਹਨਤ, ਉਸ ਦੇ ਪਰਿਵਾਰ ਦੀ ਲਗਨ ਤੇ ਅਧਿਆਪਕਾਂ ਦੀ ਅਗਵਾਈ ਸਿਰ ਬੰਨ੍ਹਿਆ ਗਿਆ।

ਵੱਡਾ ਹੋ ਕੇ ਬਣਨਾ ਚਾਹੰੁਦਾ ਹੈ ਡੀਸੀ

ਮਨਪ੍ਰੀਤ ਨੂੰ ਬੇਸ਼ੱਕ ਹਾਲੇ ਆਈਏਐੱਸ ਪ੍ਰੀਖਿਆ ਦੀ ਸਮਝ ਨਹੀਂ ਹੈ ਪਰ ਵੱਡਾ ਹੋ ਕੇ ਡਿਪਟੀ ਕਮਿਸ਼ਨਰ ਬਣ ਕੇ ਸਮਾਜ ਦੀ ਸੇਵਾ ਕਰਨ ਦੀ ਸਮਝ ਜ਼ਰੂਰ ਹੈ। ਲਗਨ ਅਤੇ ਮਿਹਨਤ ਦੇ ਬਲਬੂਤੇ ਪ੍ਰਾਪਤੀਆਂ ਦਾ ਇਤਿਹਾਸ ਸਿਰਜ ਰਹੇ ਮਨਪ੍ਰੀਤ ਲਈ ਆਈਏਐੱਸ ਪ੍ਰੀਖਿਆ ਵੀ ਮੁਸ਼ਕਿਲ ਨਹੀਂ ਹੋਵੇਗੀ ਪਰ ਮਹਿੰਗੀਆਂ ਉਚੇਰੀਆਂ ਪੜ੍ਹਾਈਆਂ ਦੇ ਖ਼ਰਚੇ ਭਰਨੇ ਉਸ ਲਈ ਸੌਖੇ ਨਹੀਂ ਹੋਣਗੇ।

ਮਨਪ੍ਰੀਤ ਦੀ ਇਸ ਪ੍ਰਾਪਤੀ ’ਤੇ ਜਿੱਥੇ ਇਲਾਕੇ ਭਰ ’ਚੋਂ ਮੁਬਾਰਕਾਂ ਮਿਲ ਰਹੀਆਂ ਹਨ, ਉੱਥੇ ਹੀ ਇਲਾਕੇ ਦੀ ਉਦਯੋਗਿਕ ਇਕਾਈ ਟ੍ਰਾਈਡੈਂਟ ਵੱਲੋਂ ਇਕ ਲੱਖ ਰੁਪਏ ਦੀ ਰਾਸ਼ੀ ਦਾ ਸਨਮਾਨ ਦੇਣ ਦੇ ਨਾਲ-ਨਾਲ ਅਗਲੇਰੀ ਪੜ੍ਹਾਈ ’ਚ ਮਦਦ ਦਾ ਵੀ ਭਰੋਸਾ ਦਿੱਤਾ ਗਿਆ ਹੈ। ਇਹੀ ਕਾਮਾਨਾ ਕਿ ਮਨਪ੍ਰੀਤ ਦੀ ਡਿਪਟੀ ਕਮਿਸ਼ਨਰ ਬਣ ਕੇ ਪਿੰਡ ਅਤੇ ਜ਼ਿਲ੍ਹੇ ਦਾ ਮਾਣ ਬਣਨ ਦੀ ਇੱਛਾ ਜ਼ਰੂਰ ਪੂਰੀ ਹੋਵੇ।

- ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi