ਜਦੋਂ ਵੀ ਕਿਸੇ ਸਕੂਲ, ਸਿੱਖਿਆ ਬੋਰਡ ਜਾਂ ਯੂਨੀਵਰਸਿਟੀ ਦਾ ਨਤੀਜਾ ਐਲਾਨਿਆ ਜਾਂਦਾ ਹੈ ਤਾਂ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਦਾ ਵੀ ਐਲਾਨ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਫੋਟੋਆਂ ਅਖ਼ਬਾਰਾਂ ਵਿਚ ਛਪਦੀਆਂ ਹਨ ਤੇ ਵੱਖ-ਵੱਖ ਟੀਵੀ ਚੈਨਲਾਂ ਵੱਲੋਂ ਇੰਟਰਵਿਊ ਵੀ ਪ੍ਰਸਾਰਿਤ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਕੋਈ ਅਧਿਆਪਕ, ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਵਕੀਲ ਤੇ ਕੋਈ ਆਈਏਐੱਸ/ਆਈਪੀਐੱਸ ਅਫ਼ਸਰ ਬਣਨਾ ਚਾਹੁੰਦਾ ਹੈ।

ਅਧਿਆਪਕ ਬਣਨਾ ਚਾਹੁੰਦੀ ਹੈ ਨੈਨਸੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 2022 ਦੇ ਦਸਵੀਂ ਦੇ ਨਤੀਜੇ ’ਚੋਂ ਨੈਨਸੀ ਨੇ ਪਹਿਲਾ, ਦਿਲਪ੍ਰੀਤ ਕੌਰ ਨੇ ਦੂਜਾ ਅਤੇ ਕੋਮਲਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। ਨੈਨਸੀ ਪਿੰਡ ਦੇ ਸਧਾਰਨ ਪਰਿਵਾਰ ਦੀ ਧੀ ਹੈ। ਦਾਦਾ ਭੱਠਾ ਮਜ਼ਦੂਰ, ਪਿਤਾ ਤਰਖਾਣ ਅਤੇ ਮਾਤਾ ਸਿਲਾਈ ਆਦਿ ਦਾ ਕੰਮ ਕਰਦੀ ਹੈ। ਉਸ ਨੇ 99.8 ਫ਼ੀਸਦੀ ਅੰਕ ਪ੍ਰਾਪਤ ਕੀਤੇ। ਉਹ ਅਧਿਆਪਕ ਬਣ ਕੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨਾ ਚਾਹੁੰਦੀ ਹੈ।

10ਵੀਂ ਦੇ ਇਮਤਿਹਾਨ ਦੀ ਤਿਆਰੀ ਦੌਰਾਨ 24 ਘੰਟਿਆਂ ’ਚੋਂ ਸਿਰਫ 4 ਘੰਟੇ ਆਰਾਮ ਕਰਦੀ ਸੀ, ਜਦੋਂਕਿ ਉਹ ਪੂਰਾ ਸਮਾਂ ਪੜ੍ਹਾਈ ਵਿਚ ਬਿਤਾਉਂਦੀ ਸੀ। ਇਕ ਸਾਲ ਤੋਂ ਉਸ ਨੇ ਟੀਵੀ ਨਹੀਂ ਦੇਖਿਆ ਤੇ ਪੂਰਾ ਧਿਆਨ ਆਪਣੀ ਪੜ੍ਹਾਈ ਵਿਚ ਹੀ ਲਗਾਇਆ। ਗਣਿਤ ਤੇ ਅੰਗਰੇਜ਼ੀ ਵਿਚ ਉਸ ਦੀ ਵਧੇਰੇ ਰੁਚੀ ਹੈ। ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਅਧਿਆਪਕਾਂ ਤੇ ਮਾਪਿਆਂ ਨੂੰ ਜਾਂਦਾ ਹੈ। ਉਹ ਆਪਣੀ ਮਾਂ ਨਾਲ ਕੱੱਪੜੇ ਸਿਊਣ ਵਿਚ ਵੀ ਮਦਦ ਕਰਦੀ ਰਹੀ ਹੈ। ਆਪਣੀ ਕਲਾਸ ਵਿਚ ਹਮੇਸ਼ਾ ਟਾਪਰ ਹੀ ਰਹੀ ਹੈ ਤੇ ਵਜ਼ੀਫੇ ਦੇ ਇਮਤਿਹਾਨ ਵੀ ਪਾਸ ਕੀਤੇ ਹਨ।

ਡਾਕਟਰ ਬਣ ਕੇ ਸੇਵਾ ਕਰਨਾ ਚਾਹੰੁਦੀ ਦਿਲਪ੍ਰੀਤ

ਦੂਜੇ ਸਥਾਨ ’ਤੇ ਆਉਣ ਵਾਲੀ ਲੜਕੀ ਵੀ ਪਿੰਡ ਦੇ ਕਿਸਾਨ ਪਰਿਵਾਰ ’ਚੋਂ ਹੈ। ਆਪਣੇ ਖੇਤਰ ਵਿਚ ਵਧੀਆ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਉਹ ਅੱੈਮਬੀਬੀਐੱਸ ਦੀ ਪੜ੍ਹਾਈ ਕਰ ਕੇ ਡਾਕਟਰ ਬਣਨਾ ਚਾਹੁੰਦੀ ਹੈ। ਉਹ ਬਹੁਤ ਹੀ ਮਿਹਨਤੀ ਹੈ। ਉਸ ਨੇ ਬਿਨਾਂ ਟਿਊਸ਼ਨ ਤੋਂ ਇਹ ਸਥਾਨ ਹਾਸਿਲ ਕੀਤਾ ਹੈ। ਤੀਜੇ ਸਥਾਨ ’ਤੇ ਆਉਣ ਵਾਲੀ ਲੜਕੀ ਦਾ ਸੁਪਨਾ ਵੀ ਡਾਕਟਰ ਬਣ ਕੇ ਆਪਣੇ ਲੋਕਾਂ ਦੀ ਸੇਵਾ ਕਰਨਾ ਹੈ।

ਉਸ ਦਾ ਪਿਤਾ ਆਮ ਕਿਸਾਨ ਹੈ। ਉਹ ਸਕੂਲੋਂ ਆ ਕੇ ਦੇਰ ਰਾਤ ਤਕ ਪੜ੍ਹਦੀ ਸੀ। ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਉਸ ਨੇ ਇਹ ਸਥਾਨ ਹਾਸਿਲ ਕੀਤਾ। ਘਰ ਵਿਚ ਕੋਈ ਵੱਖਰਾ ਕਮਰਾ ਨਹੀਂ ਸੀ ਅਤੇ ਨਾ ਹੀ ਰੋਸ਼ਨੀ ਦਾ ਕੋਈ ਵਧੀਆ ਪ੍ਰਬੰਧ। ਉਹ ਸ਼ੁਰੁ ਤੋਂ ਹੀ ਬਹੁਤ ਹੁਸ਼ਿਆਰ ਰਹੀ ਹੈ।

ਸਖ਼ਤ ਮਿਹਨਤ ਨਾਲ ਸਰ ਹੁੰਦੈ ਟੀਚਾ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੈਸ਼ਨ 2022 ਦੇ 12ਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਅਨੁਸਾਰ ਅਰਸ਼ਦੀਪ ਕੌਰ ਨੇ ਪਹਿਲਾ, ਅਰਸ਼ਪ੍ਰੀਤ ਕੌਰ ਨੇ ਦੂਜਾ ਅਤੇ ਕੁਲਵਿੰਦਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ।

ਅਰਸ਼ਦੀਪ ਦਾ ਸੁਪਨਾ ਆਈਏਐੱਸ ਅਫ਼ਸਰ ਬਣਨ ਦਾ ਹੈ। ਉਸ ਦਾ ਪਿਤਾ ਮਕੈਨਿਕ ਹੈ। ਉਸ ਨੇ ਦਿਨ-ਰਾਤ ਮਿਹਨਤ ਕਰ ਕੇ ਇਹ ਸਥਾਨ ਹਾਸਿਲ ਕੀਤਾ ਹੈ। ਅਰਸ਼ਪ੍ਰੀਤ ਦੇ ਪਿਤਾ ਕਿਸਾਨ ਹਨ। ਕੁਲਵਿੰਦਰ ਨੂੰ ਪੜ੍ਹਾਈ ਦੇ ਨਾਲ ਖੇਡਾਂ ਦਾ ਵੀ ਸ਼ੌਕ ਹੈ ਤੇ ਤਾਈਕਵਾਂਡੋ ਸੂਬਾ ਪੱਧਰ ’ਤੇ ਖੇਡ ਚੁੱਕੀ ਹੈ। ਉਹ ਵਿਦੇਸ਼ ਜਾ ਕੇ ਵਕਾਲਤ ਕਰਨਾ ਚਾਹੁੰਦੀ ਹੈ। ਉਸ ਦੇ ਪਿਤਾ ਭੱਠੇ ’ਤੇ ਮੁਨਸ਼ੀ ਹਨ। ਉਹ ਹਰ ਰੋਜ਼ 6-7 ਘੰਟੇ ਪੜ੍ਹਾਈ ਲਈ ਸਮਾਂ ਕੱਢਦੀ ਸੀ।

ਇਸ ਤੋਂ ਸਪਸ਼ਟ ਹੈ ਕਿ ਉਹੀ ਵਿਦਿਆਰਥੀ ਟਾਪ ਕਰਦੇ ਹਨ, ਜਿਹੜੇ ਸਖ਼ਤ ਮਿਹਨਤ ਕਰਦੇ ਹਨ, ਲਗਨ ਨਾਲ ਪੜ੍ਹਾਈ ਕਰਦੇ ਹਨ ਅਤੇ ਆਪਣਾ ਕੀਮਤੀ ਸਮਾਂ ਮੋਬਾਈਲ ਜਾਂ ਟੈਲੀਵਿਜ਼ਨ ਦੇਖ ਕੇ ਬਰਬਾਦ ਨਹੀਂ ਕਰਦੇ। ਇਹ ਵਿਦਿਆਰਥੀ ਬਹੁਤ ਹੀ ਗ਼ਰੀਬ ਘਰਾਂ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਨੇ ਗ਼ਰੀਬੀ ਨੂੰ ਪਛਾੜਦਿਆਂ ਆਪਣਾ ਮੁਕਾਮ ਹਾਸਿਲ ਕੀਤਾ। ਇਨ੍ਹਾਂ ਦਾ ਜ਼ਿੰਦਗੀ ਦਾ ਕੋਈ ਨਾ ਕੋਈ ਟੀਚਾ ਜ਼ਰੂਰ ਹੁੰਦਾ ਹੈ, ਜਿਸ ਨੂੰ ਉਹ ਸਖ਼ਤ ਮਿਹਨਤ ਨਾਲ ਪ੍ਰਾਪਤ ਕਰਦੇ ਹਨ। ਇਹ ਆਪਣੇ ਮਾਤਾ-ਪਿਤਾ, ਅਧਿਆਪਕਾਂ ਤੇ ਪਿੰਡ ਦਾ ਨਾਂਅ ਉੱਚਾ ਕਰਦੇ ਹਨ।

ਧਿਆਨ ਲਗਾ ਕੇ ਕਰੋ ਪੜ੍ਹਾਈ

ਜੇ ਤੁਸੀਂ ਵੀ ਚਾਹੁੰਦੇ ਹੋ ਕਿ ਅਗਲੀ ਵਾਰ ਤੁਹਾਡੀ ਫੋਟੋ ਅਖ਼ਬਾਰ ਵਿਚ ਛਪੇ ਤਾਂ ਅੱਜ ਤੋਂ ਹੀ ਪੂਰੀ ਲਗਨ, ਦਿ੍ਰੜ ਇਰਾਦੇ ਤੇ ਪੂਰਾ ਧਿਆਨ ਲਗਾ ਕੇ ਪੜ੍ਹਨਾ ਸ਼ੁਰੂ ਕਰ ਦਿਉ। ਇਨ੍ਹਾਂ ਟਾਪਰ ਵਿਦਿਆਰਥੀਆਂ ਨੂੰ ਆਪਣਾ ਰੋਲ ਮਾਡਲ ਬਣਾਓ ਅਤੇ ਇਨ੍ਹਾਂ ਦੀਆਂ ਫੋਟੋਆਂ ਆਪਣੇ ਕਮਰੇ ਵਿਚ ਜ਼ਰੂਰ ਲਗਾਓ, ਤਾਂ ਜੋ ਤੁਹਾਨੂੰ ਪ੍ਰੇਰਣਾ ਮਿਲਦੀ ਰਹੇ।

- ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ

Posted By: Harjinder Sodhi