ਪਿਆਰੇ ਬੱਚਿਓ! ਤੁਹਾਨੂੰ ਪਤਾ ਹੈ ਕਿ ਜਜ਼ਬਾ ਤੇ ਹੁਨਰ ਦੋਵੇਂ ਇਕ-ਦੂਜੇ ਦੇ ਸਾਥੀ ਹੁੰਦੇ ਹਨ। ਇਹ ਸਕੂਟਰ ਦੇ ਦੋ ਪਹੀਆਂ ਵਾਂਗ ਹੁੰਦੇ ਹਨ। ਜੇ ਇਨ੍ਹਾਂ 'ਚੋਂ ਇਕ ਵੀ ਨਾ ਹੋਵੇ ਤਾਂ ਸਕੂਟਰ-ਰੂਪੀ ਜ਼ਿੰਦਗੀ ਆਰਾਮ ਨਾਲ ਨਹੀਂ ਚੱਲਦੀ। ਜਦੋਂ ਇਹ ਦੋਵੇਂ ਇਕੱਠੇ ਚੱਲਦੇ ਹਨ ਤਾਂ ਸਫਲਤਾ ਦੇ ਰਾਹ ਖ਼ੁਦ ਹੀ ਖੁੱਲ੍ਹਦੇ ਜਾਂਦੇ ਹਨ। ਸੰਸਾਰ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਾਈ ਲੜ ਰਿਹਾ ਹੈ। ਇਸ ਤਰ੍ਹਾਂ ਦੀਆਂ ਆਫ਼ਤਾਂ ਸਾਡੇ ਲਈ ਚੁਣੌਤੀ ਲੈ ਕੇ ਆਉਂਦੀਆਂ ਹਨ। ਇਹ ਸਮਾਂ ਤਣਾਅਗ੍ਰਸਤ ਹੋਣ ਦਾ ਨਹੀਂ ਸਗੋਂ ਖ਼ੁਦ ਨੂੰ ਮਜ਼ਬੂਤ ਬਣਾਉਣ ਦਾ ਹੈ। ਕੋਰੋਨਾ ਮਹਾਮਾਰੀ ਕਾਰਨ ਦੇਸ਼ 'ਚ ਹੋਈ ਤਾਲਾਬੰਦੀ ਕਾਰਨ ਸਕੂਲ ਬੰਦ ਪਏ ਹਨ ਪਰ ਤੁਹਾਡੇ ਭਵਿੱਖ ਨੂੰ ਦੇਖਦਿਆਂ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਪੜ੍ਹਾਈ ਸ਼ੁਰੂ ਕੀਤੀ ਗਈ। ਇਸ ਸਮੇਂ ਅਸੀਂ ਸਾਰੇ ਅਧਿਆਪਕਾਂ ਦੇ ਕਹੇ ਅਨੁਸਾਰ ਪੜ੍ਹਾਈ ਨੂੰ ਤਵੱਜੋਂ ਵੀ ਦੇ ਰਹੇ ਹੋ। ਹੁਣ ਜ਼ਰਾ ਸੋਚੋ, ਕਦੇ ਖ਼ੁਦ ਨੂੰ ਵੀ ਸਮਾਂ ਦਿੱਤਾ। ਤੁਹਾਨੂੰ ਕਦੇ ਮਹਿਸੂਸ ਹੋਇਆ ਕਿ ਤੁਸੀਂ ਬਹੁਤਿਆਂ ਤੋਂ ਵੱਖਰੇ ਹੋ।

ਤੁਸੀਂ ਵੀ ਬਾਕੀਆਂ ਤੋਂ ਵੱਖਰੇ ਹੋ ਸਕਦੇ ਹੋ। ਕੁਝ ਵਧੀਆ ਤੇ ਸਾਰਥਕ ਕਰਨ ਦਾ ਤੁਹਾਡੇ ਅੰਦਰ ਵੀ ਹੁਨਰ ਹੈ। ਲਾਕਡਾਊਨ ਨੂੰ ਆਪਣੇ 'ਤੇ ਕਦੇ ਹਾਵੀ ਨਾ ਹੋਣ ਦਿਉ। ਕੁਝ ਨਵਾਂ ਕਰਨ ਤੇ ਆਪਣੇ ਹੁਨਰ ਨੂੰ ਜ਼ਿੰਦਾ ਰੱਖਣ ਦਾ ਜਜ਼ਬਾ ਤਾਲਾਬੰਦੀ ਨਹੀਂ ਦੇਖਦਾ। ਤੁਸੀਂ ਨਿਊਟਨ ਬਾਰੇ ਤਾਂ ਸੁਣਿਆ ਹੀ ਹੋਵੇਗਾ। ਲੰਡਨ ਦੇ ਇਕ ਪਿੰਡ ਵੂਲਸਥੋਰਪੇ 'ਚ ਜਨਮੇ ਮਹਾਨ ਵਿਗਿਆਨੀ ਸਨ ਨਿਊਟਨ। ਉਹ ਇਕ ਗ਼ਰੀਬ ਘਰ 'ਚ ਪੈਦਾ ਹੋਏ ਸਨ। ਉਨ੍ਹਾਂ ਦੇ ਪਿਤਾ ਖੇਤੀ ਕਰਦੇ ਸਨ ਪਰ ਨਿਊਟਨ ਦਾ ਖੇਤੀ 'ਚ ਦਿਲ ਨਹੀਂ ਲਗਦਾ ਸੀ। ਸਕੂਲੀ ਪੜ੍ਹਾਈ ਦੌਰਾਨ ਵੀ ਉਹ ਤਕਨੀਕੀ ਸੋਚਾਂ 'ਚ ਵਿਚਰਦੇ ਰਹਿੰਦੇ। ਸਕੂਲੀ ਪੜ੍ਹਾਈ ਤੋਂ ਬਾਅਦ ਉਹ ਕੈਂਬਰਿਜ ਯੂਨੀਵਰਸਿਟੀ ਪੜ੍ਹਨ ਚਲੇ ਗਏ। ਅਜੇ ਮਸਾਂ ਇਕ ਸਾਲ ਹੀ ਹੋਇਆ ਸੀ ਕਿ ਲੰਡਨ 'ਚ ਕੋਰੋਨਾ ਵਾਂਗ ਪਲੇਗ ਨਾਂ ਦੀ ਮਹਾਮਾਰੀ ਫ਼ੈਲ ਗਈ। ਇਕ ਸਾਲ ਤਕ ਸਾਰੇ ਸਕੂਲ ਤੇ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ। ਨਿਊਟਨ ਵੀ ਘਰ ਆ ਗਏ। ਇਕ ਦਿਨ ਉਹ ਬਾਗ਼ 'ਚ ਬੈਠੇ ਕੰਮ ਕਰ ਰਹੇ ਸਨ ਕਿ ਇਕ ਸੇਬ ਟੁੱਟ ਕੇ ਉਨ੍ਹਾਂ ਦੇ ਸਿਰ 'ਚ ਵੱਜਿਆ। ਨਿਊਟਨ ਹੈਰਾਨ ਹੋਏ ਤੇ ਸੋਚਣ ਲੱਗੇ ਕਿ ਅਜਿਹਾ ਕਿਉਂ ਹੁੰਦਾ ਹੈ। ਇਸੇ ਸੋਚ ਕਾਰਨ ਉਨ੍ਹਾਂ ਨੇ ਗੁਰੂਤਾ ਆਕਰਸ਼ਣ ਬਲ ਦੀ ਖੋਜ ਸ਼ੁਰੂ ਕਰ ਦਿੱਤੀ, ਜਦੋਂਕਿ ਸੇਬ ਤਾਂ ਪਹਿਲਾਂ ਵੀ ਡਿੱਗਦੇ ਸਨ। ਇਹ ਸਾਰਥਿਕ ਖੋਜ ਵੀ ਤਾਂ ਲਾਕਡਾਊਨ ਦੌਰਾਨ ਹੀ ਹੋਈ ਸੀ।

ਬੱਚਿਓ! ਵਕਤ ਦਾ ਸਦ-ਉਪਯੋਗ ਹੀ ਸਾਨੂੰ ਸਫਲਤਾ ਵੱਲ ਲੈ ਕੇ ਜਾਂਦਾ ਹੈ। ਸਟੀਵ ਜੋਬ, ਜੋ ਤਕਨੀਕੀ ਜਗਤ ਦੇ ਮਸ਼ਹੂਰ ਵਿਅਕਤੀਆਂ 'ਚੋਂ ਇਕ ਹਨ। ਉਨ੍ਹਾਂ ਦਾ ਬਚਪਨ ਤੋਂ ਹੀ ਰੁਝਾਨ ਪਿਤਾ ਦੇ ਤਕਨੀਕੀ ਕੰਮਾਂ ਵੱਲ ਸੀ। ਉਹ ਖ਼ੁਦ ਵੀ ਉਸ ਕੰਮ 'ਚ ਆਪਣਾ ਸ਼ੌਕ ਰੱਖਦੇ ਸਨ। ਬਹੁਤ ਸਾਰੀਆਂ ਅਸਫਲਤਾਵਾਂ ਦੇ ਬਾਵਜੂਦ ਵੀ ਉਨ੍ਹਾਂ ਆਪਣਾ ਜਜ਼ਬਾ ਕਾਇਮ ਰੱਖਿਆ। ਇਹ ਸਿਰਫ਼ ਉਨ੍ਹਾਂ ਦਾ ਜਜ਼ਬਾ ਹੀ ਸੀ ਕਿ ਉਹ ਦੁਨੀਆ ਦੀ ਸਭ ਤੋਂ ਮਸ਼ਹੂਕ ਤਕਨੀਕੀ ਕੰਪਨੀ 'ਐਪਲ' ਦੇ ਮਾਲਕ ਬਣ ਗਏ।

ਸਫਲਤਾ ਲਈ ਸਭ ਤੋਂ ਪਹਿਲਾ ਕਦਮ ਹੁੰਦਾ ਹੈ ਆਪਣੇ ਅੰਦਰਲੇ ਹੁਨਰ ਨੂੰ ਤਲਾਸ਼ਣਾ। ਤਲਾਸ਼ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਤਰਾਸ਼ਣਾ। ਤੁਹਾਡੇ ਅੰਦਰ ਵੀ ਕੋਈ ਨਾ ਕੋਈ ਹੁਨਰ ਜ਼ਰੂਰ ਹੈ। ਆਪਣੇ ਹੁਨਰ ਨੂੰ ਪਛਾਣੋ ਤੇ ਸਹੀ ਰਸਤੇ ਦੀ ਚੋਣ ਕਰੋ। ਸਚਿਨ ਤੇਂਦੁਲਕਰ ਕ੍ਰਿਕਟ ਜਗਤ ਦਾ ਬਾਦਸ਼ਾਹ ਹੈ ਪਰ ਜੇ ਸਚਿਨ ਨੂੰ ਬੈਟ ਦੀ ਜਗ੍ਹਾ ਮਕੈਨਿਕ ਦਾ ਪਲਾਸ ਫੜਾ ਦਿੱਤਾ ਜਾਂਦਾ ਤਾਂ ਉਹ ਕਦੇ ਕ੍ਰਿਕਟ ਦਾ ਬਾਦਸ਼ਾਹ ਅਖ਼ਵਾਉਂਦਾ।

ਪਿਆਰੇ ਬੱਚਿਓ! ਆਪਣੇ ਲਾਕਡਾਊਨ ਦੇ ਵਕਤ ਨੂੰ ਯਾਦਗਾਰ ਪਲ ਬਣਾਓ। ਆਪਣੇ ਹੁਨਰ ਨੂੰ ਨਿਖ਼ਾਰਨ ਲਈ ਮਿਹਨਤ ਕਰੋ। ਵੱਡਿਆਂ ਦੀ ਸਲਾਹ ਲਵੋ, ਉਨ੍ਹਾਂ ਨਾਲ ਆਪਣੇ ਸੁਪਨੇ ਸਾਂਝੇ ਕਰੋ, ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹੋ, ਜੋ ਤੁਹਾਨੂੰ ਇਕ ਸਹੀ ਦਿਸ਼ਾ ਦਿਖਾ ਸਕਣ ਤੇ ਤੁਹਾਡੇ ਸੁਪਨਿਆਂ ਦੇ ਸਾਂਚੇ ਨੂੰ ਇਕ ਆਕਾਰ ਮਿਲ ਸਕੇ। ਹਮੇਸ਼ਾ ਕੁਝ ਨਵਾਂ ਸਿੱਖਣ ਦੀ ਨੀਯਤ ਰੱਖੋ। ਤੁਹਾਡੇ 'ਚੋਂ ਹੀ ਕੋਈ ਅਗਲਾ ਨਿਊਟਨ, ਸਟੀਵ ਜੋਬ, ਸਚਿਨ ਤੇਂਦੁਲਕਰ ਬਣੇਗਾ।

- ਡੌਲੀ

Posted By: Harjinder Sodhi