ਇਹ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਦੇ ਵੱਡੇ-ਛੋਟੇ ਦੁੱਖਾਂ ’ਚ ਕਈ ਵਾਰ ਖ਼ੂਨ ਦੇ ਰਿਸ਼ਤਿਆਂ ਤੋਂ ਵੱਧ ਯਾਰ-ਦੋਸਤ ਕੰਮ ਆਉਂਦੇ ਹਨ। ਖ਼ੂਨ ਦੇ ਰਿਸ਼ਤਿਆਂ ਨੇ ਤਾਂ ਜ਼ਮੀਨ-ਜਾਇਦਾਦ, ਪੈਸਾ ਜਾਂ ਹੋਰ ਕੁਝ ਵੰਡਣਾ ਹੰੁਦਾ ਹੈ ਪਰ ਯਾਰਾਂ-ਦੋਸਤਾਂ ਨੇ ਤਾਂ ਬੇਗ਼ਰਜ਼ ਹੋ ਕੇ ਕੇਵਲ ਮੁਹੱਬਤ, ਹਮਦਰਦੀ ਤੇ ਦੁੱਖ-ਸੁੱਖ ਵੰਡਣੇ ਹੰੁਦੇ ਹਨ। ਇਸ ਦੁਨੀਆ ’ਚ ਦੋਸਤੀ ਵਿਚ ਜਾਨ ਤਕ ਦੇਣ ਵਾਲੇ ਦੋਸਤਾਂ ਦੀ ਕੋਈ ਕਮੀ ਨਹੀਂ ਹੈ ਪਰ ਯਾਰ ਮਾਰ ਕਰਨ ਵਾਲੇ ਦੋਸਤ ਵੀ ਕਦੇ-ਕਦੇ ਇਨਸਾਨ ਨੂੰ ਟੱਕਰ ਜਾਂਦੇ ਹਨ। ਫਿਰ ਵੀ ਗ਼ਨੀਮਤ ਹੈ ਕਿ ਇਸ ਤਰ੍ਹਾਂ ਦੇ ਦੋਸਤਾਂ ਦੀ ਗਿਣਤੀ ਆਟੇ ’ਚ ਲੂਣ ਬਰਾਬਰ ਹੈ। ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਅਤੇ ਸ੍ਰੀ ਿਸ਼ਨ ਤੇ ਸੁਦਾਮਾ ਦੀ ਦੋਸਤੀ ਨਿਰਸਵਾਰਥ ਹੋ ਕੇ ਦੋਸਤ ਲਈ ਸਮਰਪਿਤ ਹੋ ਜਾਣ ਦੀਆਂ ਸ਼ਾਨਦਾਰ ਉਦਾਹਰਨਾਂ ਹਨ।

ਦੋਸਤੀ ’ਚ ਨਹੀਂ ਦੇਖਿਆ ਜਾਂਦਾ ਨਫ਼ਾ-ਨੁਕਸਾਨ

ਸੱਚੀ ਦੋਸਤੀ ’ਚ ਨਫ਼ਾ-ਨੁਕਸਾਨ ਨਹੀਂ ਵੇਖਿਆ ਜਾਂਦਾ। ਸਿਆਣੇ ਆਖਦੇ ਹਨ ਕਿ ਸੱਚਾ ਦੋਸਤ ਉਹੀ ਹੰੁਦਾ ਹੈ, ਜੋ ਮੁਸੀਬਤ ਵੇਲੇ ਕੰਮ ਆਵੇ। ਅੱਜ ਕੌਮਾਂਤਰੀ ਦੋਸਤੀ ਦਿਵਸ ਹੈ। ਇਹ ਦਿਨ ਆਪਣੇ ਉਨ੍ਹਾਂ ਸਾਰੇ ਦੋਸਤਾਂ ਨੂੰ ਯਾਦ ਤੇ ਸਿੱਜਦਾ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਗੁਲਜ਼ਾਰ ਬਣਾਉਣ ’ਚ ਆਪਣਾ ਯੋਗਦਾਨ ਪਾਇਆ ਹੈ ਤੇ ਬਲਿਦਾਨ ਦੇਣ ਲੱਗਿਆਂ ਬਿੰਦ ਵੀ ਨਹੀਂ ਲਾਇਆ। ਉਂਝ ਤਾਂ ਦੁਨੀਆ ਦੇ ਵੱਖ-ਵੱਖ ਮੁਲਕਾਂ ’ਚ ‘ਦੋਸਤੀ ਦਿਵਸ’ ਵੱਖ ਵੱਖ ਮਿਤੀਆਂ ’ਤੇ ਮਨਾਇਆ ਜਾਂਦਾ ਹੈ ਪਰ ਸੰਯੁਕਤ ਰਾਸ਼ਟਰ ਨੇ 30 ਜੁਲਾਈ ਦੇ ਦਿਨ ਕੌਮਾਂਤਰੀ ਦੋਸਤੀ ਦਿਵਸ ਮਨਾਉਣ ਦਾ ਐਲਾਨ 27 ਅਪ੍ਰੈਲ, ਸੰਨ 2011 ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ 65ਵੇਂ ਇਜਲਾਸ ਦੌਰਾਨ ਕੀਤਾ ਸੀ। ਬ੍ਰਾਜ਼ੀਲ ਵਿਚ ‘ਦੋਸਤੀ ਦਿਵਸ’ 20 ਜੁਲਾਈ, ਮੈਕਸੀਕੋ ਵਿਚ 14 ਜੁਲਾਈ, ਪਾਕਿਸਾਨ ’ਚ 19 ਜੁਲਾਈ, ਅਮਰੀਕਾ ’ਚ 15 ਫਰਵਰੀ ਅਤੇ ਭਾਰਤ ’ਚ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਵਾਲੇ ਦਿਨ ਮਨਾਇਆ ਜਾਂਦਾ ਹੈ।

ਸਦੀਆਂ ਤੋਂ ਚੱਲਦਾ ਆ ਰਿਹੈ ਦੋਸਤੀ ਦਾ ਰਿਸ਼ਤਾ

ਵੈਸੇ ਤਾਂ ਦੋਸਤੀ ਦਾ ਰਿਸ਼ਤਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਪਰ ਇਸ ਨੂੰ ਸਮਰਪਿਤ ਕਰ ਕੇ ਦਿਵਸ ਮਨਾਉਣ ਬਾਰੇ ਪਹਿਲਾ ਵਿਚਾਰ ਸਾਲ 1930 ਵਿਚ ਗ੍ਰੀਟਿੰਗ ਕਾਰਡ ਬਣਾਉਣ ਵਾਲੀ ਸੰਸਥਾ ‘ਹਾਲਮਾਰਕ ਕਾਰਡਜ਼’ ਦੇ ਸੰਸਥਾਪਕ ਜੋਏਸੀ ਹਾਲ ਨੇ ਦਿੱਤਾ ਸੀ ਤੇ ਉਹ ਚਾਹੰੁਦੇ ਸਨ ਕਿ ਲੋਕ ਦੋਸਤੀ ਦਿਵਸ ਮਨਾਉਣ ਤੇ ਗ੍ਰੀਟਿੰਗ ਕਾਰਡ ਰਾਹੀਂ ਇਕ-ਦੂਜੇ ਨੂੰ ਵਧਾਈ ਤੇ ਸ਼ੱੁਭ ਇੱਛਾ ਸੰਦੇਸ਼ ਭੇਜ ਕੇ ਆਪਣੇ ਦੋਸਤਾਂ ਪ੍ਰਤੀ ਪਿਆਰ ਦਾ ਇਜ਼ਹਾਰ ਕਰਨ। ਜੋਏਸੀ ਹਾਲ ਤੋਂ ਪਹਿਲਾਂ ਸੰਨ 1919 ਦੇ ਆਸਪਾਸ ‘ਗ੍ਰੀਟਿੰਗ ਕਾਰਡਜ਼ ਨੈਸ਼ਨਲ ਐਸੋਸੀਏਸ਼ਨ’ ਵੱਲੋਂ ਆਪਣੇ ਦੋਸਤਾਂ ਨੂੰ ਫੁੱਲ ਜਾਂ ਗ੍ਰੀਟਿੰਗ ਕਾਰਡ ਦੇਣ ਦੀ ਪ੍ਰੰਪਰਾ ਸ਼ੁਰੂ ਕਰਨ ਦਾ ਯਤਨ ਕੀਤਾ ਗਿਆ ਸੀ ਪਰ ਇਹ ਯਤਨ ਕਾਮਯਾਬ ਨਹੀਂ ਹੋ ਸਕਿਆ ਸੀ। ਕੁਝ ਖੋਜਕਰਤਾਵਾਂ ਦਾ ਇਹ ਵੀ ਮਤ ਹੈ ਕਿ ਇਸ ਦਿਵਸ ਨੂੰ ਮਨਾਉਣ ਦਾ ਆਗ਼ਾਜ਼ ਬੇਸ਼ੱਕ 1919 ਵਿਚ ਹੋ ਗਿਆ ਸੀ ਪਰ ਇਹ ਲਹਿਰ ਨਹੀਂ ਬਣ ਸਕਿਆ ਸੀ ਤੇ ਕੁਝ ਕੁ ਸਮੂਹਾਂ ਤਕ ਸੀਮਤ ਹੋ ਕੇ ਰਹਿ ਗਿਆ ਸੀ ਤੇ 20 ਜੁਲਾਈ, 1958 ਨੂੰ ਪਰੇਗ ਨਦੀ ਦੇ ਕਿਨਾਰੇ ਵਸੇ ਸ਼ਹਿਰ ‘ਪਿਓਰਟੋ ਪਿਨਾਕੋ’ ਵਿਖੇ ਵਸਦੇ ਡਾ. ਰੇਮਨ ਏ ਬਰੈਸ਼ੋ ਨੇ ਆਪਣੇ ਯਾਰਾਂ-ਦੋਸਤਾਂ ਨਾਲ ਰੱਖੇ ਇਕ ਡਿਨਰ ਦੌਰਾਨ ਅਜਿਹਾ ਕੋਈ ਦਿਵਸ ਮਨਾਏ ਜਾਣ ਦਾ ਪ੍ਰਸਤਾਵ ਰੱਖਿਆ ਸੀ ਤੇ ਉਨ੍ਹਾਂ ਵੱਲੋਂ ਆਪਣੇ ਮਿੱਤਰਾਂ ਨਾਲ ਮਿਲ ਕੇ ਬਣਾਈ ਸੰਸਥਾ ‘ਵਰਲਡ ਫਰੈਂਡਸ਼ਿਪ ਕਰੂਸੇਡ’ ਨੇ 30 ਜੁਲਾਈ ਦੇ ਦਿਨ ‘ਦੋਸਤੀ ਦਿਵਸ’ ਮਨਾਏ ਜਾਣ ਦਾ ਐਲਾਨ ਕੀਤਾ ਸੀ ਤੇ ਬਾਅਦ ’ਚ ਇਸੇ ਸੰਸਥਾ ਦੀ ਪ੍ਰੇਰਨਾ ਸਦਕਾ ਸੰਯੁਕਤ ਰਾਸ਼ਟਰ ਵੱਲੋਂ ਵੀ ‘ਕੌਮਾਂਤਰੀ ਦੋਸਤੀ ਦਿਵਸ’ ਮਨਾਉਣ ਲਈ 30 ਜੁਲਾਈ ਦੇ ਦਿਨ ਦੀ ਹੀ ਚੋਣ ਕੀਤੀ ਗਈ ਸੀ। ਕੌਮਾਂਤਰੀ ਦੋਸਤੀ ਦਿਵਸ ਮੌਕੇ ਵੱਖ-ਵੱਖ ਮੁਲਕਾਂ ’ਚ ਨਵੇਂ-ਪੁਰਾਣੇ ਤੇ ਜਵਾਨ ਜਾਂ ਬਜ਼ੁਰਗ ਦੋਸਤ ਇਕ ਥਾਂ ਇਕੱਤਰ ਹੰੁਦੇ ਹਨ, ਆਪਣੀਆਂ ਯਾਦਾਂ ਤਾਜ਼ਾ ਕਰਦੇ ਹਨ, ਵਧਾਈਆਂ ਜਾਂ ਤੋਹਫ਼ੇ ਦਿੰਦੇ-ਲੈਂਦੇ ਹਨ ਤੇ ਖਾ-ਪੀ ਕੇ, ਨੱਚ-ਗਾ ਕੇ ਇਸ ਦਿਨ ਨੂੰ ਯਾਦਗਾਰੀ ਬਣਾਉਣ ਦਾ ਯਤਨ ਕਰਦੇ ਹਨ।

ਦਿਲਚਸਪ ਤੱਥ

ਇਸ ਦਿਵਸ ਨਾਲ ਜੁੜੇ ਦੋ ਦਿਲਚਸਪ ਤੱਥ ਇੰਝ ਹਨ ਕਿ ਸਾਲ 1998 ’ਚ ਸੰਯੁਕਤ ਰਾਸ਼ਟਰ ਸੰਘ ਦੇ ਜਨਰਲ ਸਕੱਤਰ ਕੌਫੀ ਅੰਨਾਨ ਦੀ ਪਤਨੀ ਨੈਨੀ ਅੰਨਾਨ ਨੇ ‘ਵਿਨੀ ਦਿ ਪੂਹ’ ਨੂੰ ਸੰਯੁਕਤ ਰਾਸ਼ਟਰ ਵੱਲੋਂ ਦੋਸਤੀ ਦਾ ‘ਵਰਲਡ ਅੰਬੈਸਡਰ’ ਭਾਵ ‘ਕੌਮਾਂਤਰੀ ਰਾਜਦੂਤ’ ਐਲਾਨਿਆ ਸੀ। ਸਾਲ 2005 ਵਿਚ ਅਰਜਨਟੀਨਾ ਵਿਖੇ ਦੋਸਤੀ ਦਿਵਸ ਮਨਾਉਂਦੇ ਸਮੇਂ ਲੋਕਾਂ ਨੇ ਮੋਬਾਈਲ ਫੋਨਾਂ ਰਾਹੀਂ ਇੰਨੀ ਵੱਡੀ ਮਾਤਰਾ ’ਚ ਸੰਦੇਸ਼ ਭੇਜੇ ਅਤੇ ਕਾਲਾਂ ਕੀਤੀਆਂ ਕਿ ਸਾਰੇ ਮੋਬਾਈਲ ਨੈੈੱਟਵਰਕ ਦਾ ਹੀ ਬ੍ਰੇਕ ਡਾਊਨ ਹੋ ਗਿਆ ਸੀ।

- ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Posted By: Harjinder Sodhi