ਕਲਪਨਾ ਦਾ ਸਾਡੀ ਮਾਨਸਿਕ ਸਿਹਤ, ਸਮਾਜਿਕ ਤਰੱਕੀ ਤੇ ਇਨਸਾਨੀ ਰਿਸ਼ਤਿਆਂ ਨੂੰ ਖ਼ੂਬਸੂਰਤ ਬਣਾਉਣ ’ਚ ਅਹਿਮ ਯੋਗਦਾਨ ਹੁੰਦਾ ਹੈ। ਕਲਪਨਾ ਇਕ ਝੱੁਗੀ ਤੋਂ ਲੈ ਕੇ ਤਾਜ਼ ਮਹਿਲ ਤਕ ਦੇ ਬਣਨ ਤੋਂ ਪਹਿਲਾਂ ਦੇ ਜ਼ਿਹਨ ਵਿਚ ਸਿਰਜੇ ਹੋਏ ਨਕਸ਼ੇ ਦੀ ਉਸ ਤਸਵੀਰ ਵਾਂਗ ਹੁੰਦੀ ਹੈ, ਜਿਸ ਨੂੰ ਮਹਿਸੂਸ ਕਰ ਕੇ ਖ਼ੁਸ਼ੀਆਂ, ਚਾਵਾਂ, ਮਿਹਨਤ ਤੇ ਲਗਨ ਨਾਲ ਅੱਗੇ ਵਧਣ ਦਾ ਰਸਤਾ ਤਿਆਰ ਹੁੰਦਾ ਹੈ। ਫਿਰ ਗੱਲ ਭਾਵੇਂ ਵਿਗਿਆਨਕ ਤਰੱਕੀ ਦੀ ਹੋਵੇ, ਸਮਾਜਿਕ ਉੱਨਤੀ ਦੀ ਹੋਵੇ ਜਾਂ ਫਿਰ ਪਰਿਵਾਰਕ ਖ਼ੁਸ਼ਹਾਲੀ ਦੀ ਹੋਵੇ, ਇਨ੍ਹਾਂ ਸਾਰਿਆਂ ਲਈ ਕਲਪਨਾ ਦਾ ਹੋਣਾ ਬਹੁਤ ਜ਼ਰੂਰੀ ਹੈ। ਐਲਬਰਟ ਆਈਨਸਟਾਈਨ ਨੇ ਇਕ ਵਾਰ ਕਿਹਾ ਸੀ, ‘ਬੁੱਧੀ ਦੀ ਸੱਚੀ ਨਿਸ਼ਾਨੀ ਗਿਆਨ ਨਹੀਂ ਸਗੋਂ ਕਲਪਨਾ ਹੈ।’ ਕਲਪਨਾ ਗਿਆਨ ਨਾਲੋਂ ਵਧੇਰੇ ਮਹੱਤਵਪੂਰਨ ਹੈ ਕਿਉਕਿ ਕਲਪਨਾ ਇੱਕੋ ਇਕ ਚੀਜ਼ ਹੈ, ਜੋ ਸਾਡੇ ਮਨ ਤੇ ਦਿਲਾਂ ਨੂੰ ਖੋਲ੍ਹ ਕੇ ਰੋਸ਼ਨ ਕਰ ਸਕਦੀ ਹੈ। ਸਿਰਫ਼ ਗਿਆਨ ਇਕੱਠਾ ਕਰਨਾ ਹੀ ਕਾਫ਼ੀ ਨਹੀਂ ਹੈ, ਸਫਲ ਹੋਣ ਲਈ ਬੱਚਿਆਂ ਦਾ ਕਾਲਪਨਿਕ ਹੋਣਾ ਵੀ ਬਹੁਤ ਜ਼ਰੂਰੀ ਹੈ।

ਸਿੱਖਣ ਪ੍ਰਕਿਰਿਆ ਦਾ ਜ਼ਰੂਰੀ ਹਿੱਸਾ

ਚੰਗੀਆਂ ਕਲਪਨਾਵਾਂ ਵਾਲੇ ਵਿਦਿਆਰਥੀ ਪਾਠਕ੍ਰਮ ਦੇ ਸਾਰੇ ਖੇਤਰਾਂ ’ਚ ਉਨ੍ਹਾਂ ਦੇ ਸਰਬਪੱਖੀ ਬੌਧਿਕ ਵਿਕਾਸ ਤੇ ਤਰੱਕੀ ਨੂੰ ਅੱਗੇ ਵਧਾ ਸਕਦੇ ਹਨ। ਖ਼ਾਸਕਰ ਲਿਖਣ, ਸਖ਼ਤ ਕਲਪਨਾ ਵਾਲੇ ਬੱਚੇ ਆਤਮ-ਵਿਸ਼ਵਾਸੀ ਲੇਖਕ ਬਣਨ ਦੀ ਵਧੇਰੇ ਸੰਭਾਵਨਾ ਰੱਖਦੇ ਹਨ। ਇਸ ਲਈ ਕਲਪਨਾ ਸਿੱਖਣ ਦੀ ਪ੍ਰਕਿਰਿਆ ਦਾ ਜ਼ਰੂਰੀ ਹਿੱਸਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਤੋਂ ਬੱਚਾ ਆਪਣੀ ਸੋਝੀ ਸੰਭਾਲ ਲੈਂਦਾ ਹੈ, ਉਦੋਂ ਤੋਂ ਹੀ ਉਹ ਕਲਪਨਾ ਦੀ ਦੁਨੀਆ ਵਿਚ ਆਪਣਾ ਆਉਣਾ-ਜਾਣਾ ਖੋਲ੍ਹਣ ਲੱਗ ਪੈਂਦਾ ਹੈ। ਛੋਟੇ ਬੱਚੇ ਖਿਡੌਣਿਆਂ ਤੋਂ ਲੈ ਕੇ ਆਪਣੇ ਪਹਿਰਾਵੇ, ਸੈਰ-ਸਪਾਟਾ ਜਾਂ ਫਿਰ ਸਪਾਈਡਰਮੈਨ, ਸੁਪਰਮੈਨ ਬਣਨ ਦੀ ਕਲਪਨਾ ਕਰਨ ਲੱਗਦਾ ਹੈ। ਬਹੁਤ ਸਾਰੀਆਂ ਵਿਗਿਆਨਕ ਖੋਜਾਂ ਪਿੱਛੇ ਛੋਟੀ ਉਮਰ ’ਚ ਕੀਤੀ ਗਈ ਕਲਪਨਾ ਹੀ ਸਾਜ਼ਗਾਰ ਸਾਬਿਤ ਹੋਈ ਹੈ। ਸਿਆਣੇ ਮਾਪੇ ਹਮੇਸ਼ਾ ਆਪਣੇ ਬੱਚਿਆਂ ਨੂੰ ਕਾਲਪਨਿਕ ਦੁਨੀਆ ਦੇ ਖ਼ੂਬਸੂਰਤ ਤੇ ਵਿਕਾਸਸ਼ੀਲ ਇਲਾਕਿਆਂ ਦੀ ਸੈਰ ਕਰਵਾਉਂਦੇ ਰਹਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਦੁੱਧ ਨੂੰ ਦਹੀਂ ਵਿਚ ਬਦਲਣ ਲਈ ਜਾਗ ਦੀ ਜ਼ਰੂਰਤ ਹੁੰਦੀ ਹੈ। ਆਓ ਕੁਝ ਪ੍ਰਸ਼ਨ ਸਾਂਝੇ ਕਰੀਏ, ਜੋ ਬੱਚੇ ਦੀ ਕਲਪਨਾ ਨੂੰ ਉਤਸ਼ਾਹਿਤ ਕਰਨ ’ਚ ਸਹਾਇਤਾ ਕਰਨਗੇ :-

ਉਨ੍ਹਾਂ ਨੂੰ ਇਕ ਤਸਵੀਰ ਦਿਖਾਓ ਤੇ ਪੁੱਛੋ ਕਿ ਤੁਸੀਂ ਇਸ ਤਸਵੀਰ ਵਿਚ ਕੀ ਵੇਖ ਰਹੇ ਹੋ?

ਜੇ ਤੁਸੀਂ ਅਧਿਆਪਕ ਹੁੰਦੇ ਤਾਂ ਕਿਸ ਵਿਸ਼ੇ ਨੂੰ ਪੜ੍ਹਾਉਦੇ ਤੇ ਕਿਉ?

ਜੇ ਮੈਂ ਤੁਹਾਨੂੰ 500 ਰੁਪਏ ਦੇਵਾਂ, ਤੁਸੀਂ ਕਿੱਥੇ ਤੇ ਕਿਵੇਂ ਖ਼ਰਚੋਗੇ?

ਜੇ ਤੁਸੀਂ ਧਰਤੀ ’ਤੇ ਏਲੀਅਨ ਬਣ ਕੇ ਆਓ ਤਾਂ ਤੁਸੀਂ ਕੀ ਕਰੋਗੇ?

ਬੱਦਲਾਂ ਵੱਲ ਦੇਖੋ ਤੇ ਚਿੱਤਰ ਲੱਭੋ?

ਜੇ ਤੁਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਤਾਂ ਤੁਸੀਂ ਕੀ ਕਰਦੇ?

ਉਨ੍ਹਾਂ ਨੂੰ ਪੰਜ ਬੇਤਰਤੀਬੇ ਸ਼ਬਦ ਦਿਉ ਤੇ ਸਾਰੇ ਸ਼ਬਦਾਂ ਦੀ ਵਰਤੋਂ ਕਰਦਿਆਂ ਇਕ ਛੋਟੀ ਕਹਾਣੀ ਪੁੱਛੋ?

ਤੁਸੀਂ ਕਿਹੜਾ ਸੁਪਰ ਹੀਰੋ ਬਣਨਾ ਚਾਹੋਗੇ ਤੇ ਤੁਸੀਂ ਆਪਣੀ ਮਹਾਸ਼ਕਤੀ ਨਾਲ ਕੀ ਕਰੋਗੇ?

ਤੁਸੀਂ ਇਕ ਕਹਾਣੀ ਸ਼ੁਰੂ ਕਰੋ ਤੇ ਬੱਚਿਆਂ ਨੂੰ ਉਨ੍ਹਾਂ ਦੀ ਕਲਪਨਾ ਦੀ ਵਰਤੋਂ ਕਰਦਿਆਂ ਕਹਾਣੀ ਜਾਰੀ ਰੱਖਣ ਲਈ ਕਹੋ।

ਉਨ੍ਹਾਂ ਨੂੰ ਰੋਜ਼ ਘੱਟੋ-ਘੱਟ ਇਕ ਕਿਤਾਬ ਪੜ੍ਹ ਕੇ ਸੁਣਾਓ ਤੇ ਉਨ੍ਹਾਂ ਨੂੰ ਕਲਪਨਾ ਕਰਨ ਲਈ ਕਹੋ ਕਿ ਪਾਤਰਾਂ ਨਾਲ ਕਹਾਣੀ ਤੋਂ ਬਾਅਦ ਕੀ ਹੋਇਆ?

ਕਲਪਨਾ ਕਰੋ ਕਿ 10 ਸਾਲਾਂ ਬਾਅਦ ਦੁਨੀਆ ਕਿਸ ਤਰ੍ਹਾਂ ਦੀ ਦਿਖਾਈ ਦੇਵੇਗੀ?

ਜੇ ਤੁਸੀਂ ਰੁੱਖ ਹੁੰਦੇ, ਤੁਸੀਂ ਕੀ ਕਰਦੇ?

ਜੇ ਤੁਹਾਡੇ ਖੰਭ ਹੁੰਦੇ ਤਾਂ ਤੁਸੀਂ ਕੀ ਕਰਦੇ?

ਜੇ ਤੁਹਾਡੇ ਘਰ ਪਾਰਟੀ ਹੈ ਤੇ ਤੁਸੀਂ ਸਿਰਫ਼ ਉਹ ਚੀਜ਼ਾਂ ਲਿਆ ਸਕਦੇ ਹੋ, ਜੋ ਤੁਹਾਡੇ ਨਾਂ ਦੇ ਪਹਿਲੇ ਅੱਖਰ ਨਾਲ ਸ਼ੁਰੂ ਹੁੰਦੀਆਂ ਹਨ। ਤੁਸੀਂ ਕੀ ਲਿਆਉਣਾ ਚਾਹੋਗੇ ਤੇ ਕਿਉ?

ਕਿਹੜੀ ਚੀਜ਼ ਤੁਹਾਨੂੰ ਖ਼ੁਸ਼ ਕਰਦੀ ਹੈ?

ਜੇ ਤੁਸੀਂ ਇਸ ਸਮੇਂ ਕੁਝ ਵੀ ਕਰ ਸਕਦੇ ਹੋ, ਤਾਂ ਤੁਸੀਂ ਕੀ ਕਰੋਗੇ?

ਤੁਹਾਡਾ ਆਦਰਸ਼ ਕੌਣ ਹੈ?

ਜੇ ਤੁਹਾਨੂੰ ਆਪਣੀ ਕਲਾਸ ਦਾ ਮੌਨੀਟਰ ਬਣਾਇਆ ਜਾਵੇ ਤਾਂ ਤੁਸੀਂ ਕੀ ਕਰੋਗੇ?

ਜਾਨਵਰ ਸੰਚਾਰ ਕਿਵੇਂ ਕਰਦੇ ਹਨ?

ਇਸ ਤਰੀਕੇ ਨਾਲ ਤੁਸੀਂ ਆਪਣੇ ਬੱਚਿਆਂ ਦੀਆਂ ਰੁਚੀਆਂ ਅਤੇ ਸ਼ੌਕ ਬਾਰੇ ਜਾਣੋਗੇ ਤੇ ਇਹ ਵੀ ਜਾਣੋਗੇ ਕਿ ਉਹ ਪੈਸੇ ਦਾ ਪ੍ਰਬੰਧਨ ਕਿਵੇਂ ਕਰਦੇ ਹਨ। ਬੱਚਿਆਂ ਨਾਲ ਕਲਪਨਾਤਮਕ ਨਾਟਕ ਖੇਡਣ ਦੀ ਕੋਸ਼ਿਸ਼ ਕਰੋ। ਕਲਪਨਾਤਮਕ ਖੇਡਾਂ ਸਾਨੂੰ ਚੀਜ਼ਾਂ ਪ੍ਰਤੀ ਆਪਣੀਆਂ ਭਾਵਨਾਤਮਕ ਪ੍ਰਤੀਕਿਰਿਆਵਾਂ ਪਛਾਣਨ ਵਿਚ ਸਹਾਇਤਾ ਕਰਦੀਆਂ ਹਨ।

ਸਵਾਲ ਪੱੁਛਣਾ ਪਸੰਦ ਕਰਦੇ ਹਨ ਬੱਚੇ

ਜਦੋਂ ਬੱਚੇ ਖੇਡਣ ’ਚ ਆਪਣੀ ਕਲਪਨਾ ਦੀ ਵਰਤੋਂ ਕਰਦੇ ਹਨ ਤਾਂ ਉਹ ਮਹੱਤਵਪੂਰਨ ਮਨੋਵਿਗਿਆਨਕ ਤੇ ਭਾਵਨਾਤਮਕ ਸਮਰਥਾਵਾਂ ਵਿਕਸਿਤ ਕਰ ਰਹੇ ਹੰੁਦੇ ਹਨ, ਜੋ ਉਨ੍ਹਾਂ ਨੂੰ ਉਹ ਸੰਸਾਰ ਸਮਝਣ ’ਚ ਸਹਾਇਤਾ ਕਰਦੇ ਹਨ, ਜਿਸ ’ਚ ਉਹ ਰਹਿੰਦੇ ਹਨ ਤੇ ਇਸ ਨਾਲ ਉਨ੍ਹਾਂ ਦਾ ਸਬੰਧ, ਮੁਸ਼ਕਲਾਂ ਨੂੰ ਹੱਲ ਕਰਨ, ਨਵੀਆਂ ਸੰਭਾਵਨਾਵਾਂ ਪੈਦਾ ਕਰਨਾ, ਇਥੋਂ ਤਕ ਕਿ ਦੁਨੀਆ ਨੂੰ ਬਦਲਣਾ ਸਿੱਖ ਰਹੇ ਹਨ। ਬੱਚੇ ਪ੍ਰਸ਼ਨ ਪੁੱਛਣਾ ਪਸੰਦ ਕਰਦੇ ਹਨ। ਉਨ੍ਹਾਂ ਦੇ ਸੌਖਾਲੇ ਜਵਾਬ ਦੇਣ ਦੀ ਕੋਸ਼ਿਸ਼ ਕਰੋ। ਸਭ ਤੋਂ ਜ਼ਰੂਰੀ ਇਹ ਹੈ ਕਿ ਉਨ੍ਹਾਂ ਦੀ ਉਤਸੁਕਤਾ ਨਾਲ ਸੁਣੋ ਤੇ ਹਰ ਚੀਜ਼ ਬਾਰੇ ਖ਼ੁਸ਼ ਹੋਵੋ, ਜੋ ਉਹ ਕਰਦੇ ਹਨ ਤੇ ਕਹਿੰਦੇ ਹਨ। ਫਿਰ ਤੁਹਾਨੂੰ ਉਹ ਸਭ ਕੁਝ ਦੱਸਣਗੇ ਜੋ ਉਹ ਮਹਿਸੂਸ ਕਰਦੇ ਹਨ।

- ਪੂਨਮ ਝਾ

Posted By: Harjinder Sodhi