ਮਕਰ ਸਕ੍ਰਾਂਤੀ ਚਾਅ ਤੇ ਉਤਸ਼ਾਹ ਦਾ ਤਿਉਹਾਰ ਹੈ। ਇਹ ਅਜਿਹਾ ਤਿਉਹਾਰ ਹੈ, ਜਿਸ ਨੂੰ ਦੇਸ਼ ਹੀ ਨਹੀਂ ਦੁਨੀਆ ਦੇ ਕੁਝ ਹੋਰ ਦੇਸ਼ਾਂ ’ਚ ਵੀ ਅਲੱਗ-ਅਲੱਗ ਸੱਭਿਆਚਾਰਾਂ ਅਨੁਸਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਨਾਂ ਮਕਰ ਸੰਕ੍ਰਾਂਤੀ ਸੂਰਜ ਦੀ ਰਾਸ਼ੀ ਪਰਿਵਰਤਨ ਕਰਨ ਦੀ ਵਜ੍ਹਾ ਨਾਲ ਪਿਆ ਹੈ। ਦਰਅਸਲ ਸੂਰਜ ਦੀ ਇਕ ਰਾਸ਼ੀ ਤੋਂ ਦੂਜੀ ਰਾਸ਼ੀ ’ਚ ਜਾਣ ਦੀ ਪ੍ਰਕਿਰਿਆ ਨੂੰ ਹੀ ਸਕ੍ਰਾਂਤੀ ਕਹਿੰਦੇ ਹਨ। ਸੂਰਜ ਦੇ ਮਕਰ ਰਾਸ਼ੀ ’ਚ ਦਾਖ਼ਲ ਹੋਣ ਕਾਰਨ ਹੀ ਇਸ ਨੂੰ ਮਕਰ ਸਕ੍ਰਾਂਤੀ ਕਿਹਾ ਜਾਂਦਾ ਹੈ।

ਇਹ ਤਿਉਹਾਰ ਠੰਢ ਦਾ ਮੌਸਮ ਖ਼ਤਮ ਹੋਣ ਦਾ ਸੰਕੇਤ ਹੈ। ਮਕਰ ਸੰਕ੍ਰਾਂਤੀ ’ਤੇ ਦਿਨ-ਰਾਤ ਬਰਾਬਰ ਦੀ ਮਿਆਦ ਦੇ ਹੋ ਜਾਂਦੇ ਹਨ। ਇਸ ਤੋਂ ਬਾਅਦ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਮੌਸਮ ’ਚ ਗਰਮਾਹਟ ਆਉਣ ਲਗਦੀ ਹੈ। ਬਸੰਤ ਦੇ ਮੌਸਮ ਦਾ ਆਗ਼ਾਜ਼ ਵੀ ਇਸੇ ਦਿਨ ਤੋਂ ਮੰਨ ਲਿਆ ਜਾਂਦਾ ਹੈ। ਇਸ ਦਾ ਸਬੰਧ ਕੁਦਰਤ, ਰੱੁਤ ਤਬਦੀਲੀ ਤੇ ਖੇਤੀ ਨਾਲ ਹੈ। ਇਸ ਮੌਕੇ ਲੋਕ ਸਵੇਰੇ-ਸਵੇਰੇ ਨਦੀ, ਸਰੋਵਰ ਜਾਂ ਫਿਰ ਘਰ ਹੀ ਇਸ਼ਨਾਨ ਤੇ ਫਿਰ ਦਾਨ-ਪੰੁਨ ਕਰਦੇ ਹਨ।

ਮਹਾਰਾਸ਼ਟਰ ’ਚ ਤਿਲ-ਗੁੜ

ਮਹਾਰਾਸ਼ਟਰ ’ਚ ਇਸ ਦਿਨ ਸਾਰੀਆਂ ਵਿਆਹੁਤਾ ਔਰਤਾਂ ਆਪਣੀ ਪਹਿਲੀ ਸਕ੍ਰਾਂਤੀ ’ਤੇ ਕਪਾਹ, ਤੇਲ ਤੇ ਨਮਕ ਆਦਿ ਚੀਜ਼ਾਂ ਜ਼ਰੂਰਤਮੰਦਾਂ ਨੂੰ ਦਾਨ ਕਰਦੀਆਂ ਹਨ। ਤਿਲ ਤੇ ਗੁੜ ਤੋਂ ਬਣੇ ਹਲਵੇ ਨੂੰ ਵੰਡਣ ਦੀ ਰਵਾਇਤ ਵੀ ਹੈ। ਲੋਕ ਇਕ-ਦੂਸਰੇ ਨੂੰ ਤਿਲ-ਗੁੜ ਦਿੰਦੇ ਸਮੇਂ ਕਹਿੰਦੇ ਹਨ,‘ਤਿਲ-ਗੁੜ ਲਵੋ ਅਤੇ ਮਿੱਠਾ-ਮਿੱਠਾ ਬੋਲੋ।’ ਇਸ ਦਿਨ ਔਰਤਾਂ ਆਪਸ ’ਚ ਤਿਲ, ਗੁੜ ਅਤੇ ਹਲਦੀ ਆਦਿ ਵੰਡਦੀਆਂ ਹਨ।

ਤਾਮਿਲਨਾਡੂ ’ਚ ਪੌਂਗਲ

ਤਾਮਿਲਨਾਡੂ ’ਚ ਇਸ ਤਿਉਹਾਰ ਨੂੰ ਪੌਂਗਲ ਦੇ ਰੂਪ ’ਚ ਚਾਰ ਦਿਨ ਤਕ ਮਨਾਇਆ ਜਾਂਦਾ ਹੈ। ਚੌਥੇ ਤੇ ਆਖ਼ਰੀ ਦਿਨ ਨੂੰ ਕੰਨਿਆ ਪੌਂਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤਹਿਤ ਪਹਿਲੇ ਦਿਨ ਕੂੜਾ ਇਕੱਠਾ ਕਰ ਕੇ ਜਲਾਇਆ ਜਾਂਦਾ ਹੈ, ਦੂਸਰੇ ਦਿਨ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ ਤੇ ਤੀਸਰੇ ਦਿਨ ਪਸ਼ੂਧਨ ਦੀ ਪੂਜਾ ਕੀਤੀ ਜਾਂਦੀ ਹੈ।

ਬਿਹਾਰ ’ਚ ਖਿਚੜੀ

ਬਿਹਾਰ ’ਚ ਮਕਰ ਸਕ੍ਰਾਂਤੀ ਨੂੰ ਸਕਰਾਤ/ਖਿਚੜੀ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਕਈ ਤਰ੍ਹਾਂ ਦੀਆਂ ਦਾਲਾਂ, ਚੌਲ, ਤਿਲ, ਸਬਜ਼ੀਆਂ ਨਾਲ ਬਣੀ ਖਿਚੜੀ ਖਾਣ ਦਾ ਰੁਝਾਨ ਹੈ। ਇਸ ਦਿਨ ਬਣਨ ਵਾਲੀ ਖਿਚੜੀ ’ਚ ਉੜਦ (ਮਾਂਹ) ਦੀ ਦਾਲ ਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਮੌਸਮੀ ਸਬਜ਼ੀਆਂ ਦੀ ਵਰਤੋਂ ਵੀ ਹੰੁਦੀ ਹੈ।

ਪੱਛਮੀ ਬੰਗਾਲ ’ਚ ਤਿਲ ਦਾਨ

ਪੱਛਮੀ ਬੰਗਾਲ ’ਚ ਇਸ ਤਿਉਹਾਰ ’ਤੇ ਸਵੇਰੇ ਨਹਾ ਕੇ ਤਿਲ ਦਾਨ ਕਰਨ ਦੀ ਰਵਾਇਤ ਹੈ। ਕਈ ਲੋਕ ਮਾਨਤਾਵਾਂ ਅਨੁਸਾਰ ਦੱੁਖ ਸਹਿ ਕੇ ਗੰਗਾ ਸਾਗਰ ਦੀ ਯਾਤਰਾ ਕਰਦੇ ਹਨ। ਹਰ ਸਾਲ ਮਕਰ ਸੰਕ੍ਰਾਂਤੀ ਨੂੰ ਇੱਥੇ ਲੋਕਾਂ ਦੀ ਬਹੁਤ ਭੀੜ ਹੰੁਦੀ ਹੈ।

ਪਤੰਗਬਾਜ਼ੀ ਦਾ ਕੁਨੈਕਸ਼ਨ

ਇਸ ਤਿਉਹਾਰ ਨੂੰ ਨਵੇਂ ਸਾਲ ਦਾ ਪਹਿਲਾ ਤਿਉਹਾਰ ਕਿਹਾ ਜਾ ਸਕਦਾ ਹੈ। ਸਿਹਤ ਦੇ ਹਿਸਾਬ ਨਾਲ ਇਹ ਤਿਉਹਾਰ ਬਹੁਤ ਫ਼ਾਇਦੇਮੰਦ ਮੰਨਿਆ ਜਾ ਸਕਦਾ ਹੈ। ਇਸ ਤਿਉਹਾਰ ’ਤੇ ਸਵੇਰੇ-ਸਵੇਰੇ ਨਹਾ ਕੇ ਪਤੰਗ ਉਡਾਉਣ ਦੀ ਰਵਾਇਤ ਰਹੀ ਹੈ। ਬੱਚਿਓ! ਤੁਸੀਂ ਵੀ ਪਤੰਗਬਾਜ਼ੀ ਜ਼ਰੂਰ ਕਰਦੇ ਹੋਵੋਗੇ।

Posted By: Harjinder Sodhi