ਕਿਤਾਬਾਂ ਮਨੁੱਖੀ ਜੀਵਨ-ਜਾਚ ਦਾ ਸ਼ਿੰਗਾਰ ਹਨ। ਮਨੁੱਖੀ ਮਨ ਨੂੰ ਨਵੀਂ ਉਡਾਰੀ, ਰੂਹ ਨੂੰ ਖ਼ੁਮਾਰੀ, ਦਿਲ ਨੂੰ ਦਰਿਆਈ ਤੇ ਦਿਮਾਗ਼ ਨੂੰ ਚੇਤਨਾ ਦੀ ਪਾਣ ਕਿਤਾਬਾਂ ਹੀ ਪ੍ਰਦਾਨ ਕਰਦੀਆਂ ਹਨ। ਕਿਤਾਬਾਂ ਦਾ ਨੂਰ ਮਨੁੱਖੀ ਹੌਸਲੇ ਤੇ ਹਿੰਮਤ ਨੂੰ ਬੁਝਣ ਨਹੀਂ ਦਿੰਦਾ। ਇਹ ਬੰਦੇ ਅੱਗੇ ਬੰਦੇ ਨੂੰ ਫਰੋਲ ਕੇ ਰੱਖ ਦਿੰਦੀਆਂ ਹਨ। ਇਹ ਕਿਤਾਬਾਂ ਦਾ ਹੀ ਕਿ੍ਰਸ਼ਮਾ ਹੈ ਕਿ ਮਨੁੱਖ ਕਿਤਾਬਾਂ ਪੜ੍ਹ ਕੇ ਸੁਹਜ-ਸੰਵੇਦਨਾ ਵਾਲਾ ਸੁਨੱਖਾ ਤੇ ਸਿਆਣਾ ਪੁਰਖ ਬਣ ਜਾਂਦਾ ਹੈ। ਬੌਧਿਕ ਗਿਆਨ ਦੇ ਨਾਲ-ਨਾਲ ਕਿਤਾਬਾਂ ਮਨੁੱਖੀ ਸੀਰਤ ਨੂੰ ਸੁਹਜ ਭਰਪੂਰ ਬਣਾਉਂਦੀਆਂ ਹਨ। ਜ਼ਿੰਦਗੀ ਦੇ ਬਿਖੜੇ ਪੈਂਡਿਆਂ ਨੂੰ ਇਕਸਾਰ ਕਰ ਦੇਣਾ, ਨਿਰਾਸ਼ਾ ਦੇ ਆਲਮ ਨੂੰ ਆਸ ਦੇ ਖੰਭ ਲਾ ਦੇਣੇ, ਹਨੇਰੇ ਕੋਨਿਆਂ ਨੂੰ ਰੁਸ਼ਨਾ ਦੇਣਾ, ਉਦਾਸੀ ਨੂੰ ਚੜ੍ਹਦੀ ਕਲਾ ’ਚ ਰੰਗ ਦੇਣਾ, ਹਾਰ ਦੇ ਹੱਥਾਂ ’ਚ ਫ਼ਤਿਹ ਦਾ ਝੰਡਾ ਫੜਾ ਦੇਣਾ ਅਤੇ ਰਾਹਾਂ ਨੂੰ ਮੰਜ਼ਿਲਾਂ ਨਾਲ ਜੋੜ ਦੇਣਾ ਉਸਾਰੂ ਅਤੇ ਉੱਤਮ ਕਿਤਾਬਾਂ ਦਾ ਧਰਮ ਹੁੰਦਾ ਹੈ। ਇਹ ਸਾਡੀਆਂ ਅਸਲ ਮਿੱਤਰ ਬਣ ਕੇ ਸਹੀ ਸਲਾਹ ਵੀ ਦਿੰਦੀਆਂ ਹਨ। ਭਾਰਤ ਦੇ ਮਰਹੂਮ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦਾ ਕਥਨ ਹੈ, ‘ਇਕ ਚੰਗੀ ਕਿਤਾਬ ਸੌ ਦੋਸਤਾਂ ਦੇ ਸਮਾਨ ਹੁੰਦੀ ਹੈ।’ ਕਿਤਾਬਾਂ ਭਾਵੇਂ ਕਿਸੇ ਵੀ ਵਿਸ਼ੇ ਨਾਲ ਸਬੰਧਿਤ ਹੋਣ, ਇਹ ਜਗਿਆਸੂ ਮਨੁੱਖ ਦੀ ਚੇਤਨਾ ਨੂੰ ਪ੍ਰਚੰਡ ਕਰ ਕੇ ਉਸ ਨੂੰ ਬਹੁਪੱਖੀ ਗਿਆਨ ਨਾਲ ਮਾਲੋਮਾਲ ਕਰ ਦਿੰਦੀਆਂ ਹਨ।

ਕਿਤਾਬਾਂ ਦੀ ਵਰਗ ਵੰਡ

ਕਿਤਾਬਾਂ ਸਮੁੱਚੇ ਰੂਪ ’ਚ ਸਾਡੇ ਲਈ ਗਿਆਨ ਤੇ ਜਾਣਕਾਰੀ ਦਾ ਲਿਖਤੀ ਸਰੋਤ ਹਨ। ਮਨੁੱਖੀ ਮਾਨਸਿਕਤਾ ਦੇ ਅਨੇਕਾਂ ਗੂੜ-ਰਹੱਸਾਂ ਨੂੰ ਰੂਪਾਂਤਰਿਤ ਕਰਦੀਆਂ ਕਿਤਾਬਾਂ ਵੀ ਕਈ ਵੰਨਗੀਆਂ ਦੀਆਂ ਹਨ। ਵਿਸ਼ਵ ਭਰ ਦੇ ਸਾਹਿਤਕਾਰਾਂ, ਬੁੱਧੀਜੀਵਾਂ ਤੇ ਇਤਿਹਾਸਕਾਰਾਂ ਨੇ ਤਕਰੀਬਨ ਹਰ ਵਿਸ਼ੇ ਦਾ ਬੇਮਿਸਾਲ ਗਿਆਨ ਕਿਤਾਬਾਂ ’ਚ ਭਰ ਦਿੱਤਾ ਹੈ। ਇਤਿਹਾਸਕ, ਮਿਥਹਾਸਿਕ, ਧਾਰਮਿਕ, ਸਮਾਜਿਕ, ਰਾਜਨੀਤਕ, ਸਾਹਿਤਕ, ਸੱਭਿਆਚਾਰਕ, ਵਿਗਿਆਨਕ, ਬਨਸਪਤਿਕ, ਤਕਨਾਲੋਜੀ, ਗਣਿਤ, ਰੁਜ਼ਗਾਰ, ਅਕਾਦਮਿਕ ਅਤੇ ਹੋਰ ਅਨੇਕਾਂ ਵਿਸ਼ਿਆਂ ’ਤੇ ਅਣਗਿਣਤ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਮਿਲਦੀਆਂ ਹਨ। ਹਰ ਕਿਤਾਬ ਸਾਡੀ ਲੋੜ ਤੇ ਰੁਚੀ ਅਨੁਸਾਰ ਸਾਡੇ ਗਿਆਨ ਦੀ ਭੁੱਖ ਨੂੰ ਤਿ੍ਰਪਤ ਕਰਦੀ ਹੈ। ਇਕ ਅੰਗਰੇਜ਼ੀ ਵਿਦਵਾਨ ਅਨੁਸਾਰ ਕਿਤਾਬਾਂ ਦੀਆਂ ਵੀ ਆਪਣੀਆਂ ਕਿਸਮਾਂ ਹੁੰਦੀਆਂ ਹਨ। ਕੁਝ ਕਿਤਾਬਾਂ ਸਿਰਫ਼ ਸੁਆਦ, ਕੁਝ ਨਿਗਲਣ ਤੇ ਕੁਝ ਕਿਤਾਬਾਂ ਹੌਲੀ-ਹੌਲੀ ਚਬਾ-ਚਬਾ ਕੇ ਹਜ਼ਮ ਕਰਨ ਲਈ ਹੁੰਦੀਆਂ ਹਨ। ਭਾਵ ਕੁਝ ਕਿਤਾਬਾਂ ਨੂੰ ਅਸੀਂ ਟੋਟਿਆਂ ’ਚ ਪੜ੍ਹਦੇ ਹਾਂ, ਕੁਝ ਨੂੰ ਖ਼ਾਨਾਪੂਰਤੀ ਤੇ ਕੁਝ ਨੂੰ ਪੂਰੀ ਦਿਲਚਸਪੀ ਨਾਲ ਧਿਆਨ ਕੇਂਦਰਿਤ ਕਰ ਕੇ ਪੜ੍ਹਦੇ ਹਾਂ। ਇਹੀ ਕਿਤਾਬਾਂ ਸਾਡੀਆਂ ਪ੍ਰਪੱਕ ਦੋਸਤ ਬਣ ਕੇ ਉਮਰ ਭਰ ਸਾਡਾ ਸਾਥ ਨਿਭਾਉਂਦੀਆਂ ਹਨ।

ਅਕਾਦਮਿਕ ਤੇ ਸਾਹਿਤਕ ਕਿਤਾਬਾਂ

ਵਿਦਿਆਰਥੀਆਂ ਦਾ ਅਕਾਦਮਿਕ ਤੇ ਸਾਹਿਤਕ ਕਿਤਾਬਾਂ ਨਾਲ ਸਿੱਧਾ ਵਾਹ ਬਚਪਨ ਤੋਂ ਹੀ ਪੈਣਾ ਸ਼ੁਰੂ ਹੋ ਜਾਂਦਾ ਹੈ। ਸਕੂਲੀ ਸਿੱਖਿਆ ਤੋਂ ਲੈ ਕੇ ਉੱਚ ਪੱਧਰੀ ਅਕਾਦਮਿਕ ਸਿੱਖਿਆ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਨਿਰਧਾਰਤ ਪਾਠਕ੍ਰਮ ਦੀਆਂ ਪਾਠ ਪੁਸਤਕਾਂ ਨੂੰ ਪੜ੍ਹ ਕੇ ਘੋਟਾ ਲਾਉਣਾ ਪੈਂਦਾ ਹੈ, ਜਿਸ ਨਾਲ ਉਹ ਪ੍ਰੀਖਿਆ ਵਿੱਚੋਂ ਚੰਗੇ ਅੰਕ ਲੈ ਕੇ ਪਾਸ ਹੋ ਜਾਂਦੇ ਹਨ ਜੋ ਸਾਡੇ ਰੁਜ਼ਗਾਰ ਦਾ ਆਧਾਰ ਵੀ ਬਣਦੇ ਹਨ। ਪੜ੍ਹਾਈ ’ਚ ਉਨ੍ਹਾਂ ਦੀ ਲਿਆਕਤੀ ਯੋਗਤਾ ਦਾ ਸਰਟੀਫਿਕੇਟ ਉਨ੍ਹਾਂ ਦੇ ਹੱਥਾਂ ’ਚ ਆ ਜਾਂਦਾ ਹੈ। ਸਾਹਿਤਕ ਕਿਤਾਬਾਂ ਸਮਾਜ ਦਾ ਅਕਸ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਮਨੁੱਖੀ ਮਨ ਦਾ ਬਹੁਪਰਤੀ ਪਰਛਾਵਾਂ ਆਪ ਮੁਹਾਰੇ ਪ੍ਰਤੀਬਿੰਬਤ ਹੁੰਦਾ ਹੈ। ਸਾਹਿਤਕ ਕਿਤਾਬਾਂ ਦਾ ਗਿਆਨ ਮਨੁੱਖ ਨੂੰ ਸਹੀ ਜੀਵਨ ਸੇਧ ਦੇਣ ਦੇ ਨਾਲ ਉਸ ਦਾ ਆਤਮਿਕ ਵਿਕਾਸ ਕਰਨ ’ਚ ਵੀ ਸਹਾਈ ਹੁੰਦਾ ਹੈ।

ਸੱਚੀਆਂ ਮਿੱਤਰ

ਕਿਤਾਬਾਂ ਮਨੁੱਖ ਦੀਆਂ ਪ੍ਰਪੱਕ ਤੇ ਸੱਚੀਆਂ ਮਿੱਤਰ ਹਨ। ਸਮਾਜਿਕ ਰਿਸ਼ਤਿਆਂ ’ਚ ਬੱਝੇ ਲੋਕ ਅਕਸਰ ਦੁੱਖ-ਸੁੱਖ ਵੇਲੇ ਸਾਡਾ ਸਾਥ ਛੱਡ ਦਿੰਦੇ ਹਨ ਪ੍ਰੰਤੂ ਉਸਾਰੂ ਤੇ ਉੱਤਮ ਵੰਨਗੀ ਦੀਆਂ ਕਿਤਾਬਾਂ ਸਦਾ ਤੁਹਾਡੇ ਅੰਗ-ਸੰਗ ਰਹਿੰਦੀਆਂ ਹਨ। ਇਨ੍ਹਾਂ ’ਚੋਂ ਪ੍ਰਾਪਤ ਤਜਰਬੇ ਅਤੇ ਜਿਊਣ ਦੇ ਨੁਕਤੇ ਸਾਡਾ ਹੌਸਲਾ ਬਣ ਕੇ ਸਾਡੇ ਹਮਦਰਦ ਬਣ ਜਾਂਦੇ ਹਨ। ਅੰਗਰੇਜ਼ੀ ਵਿਦਵਾਨ ਰਾਬਰਟ ਸਾਊਥੇ ਕਿਤਾਬਾਂ ਨੂੰ ਮਨੁੱਖ ਦਾ ਚੰਗਾ ਦੋਸਤ ਮੰਨਦਾ ਹੋਇਆ ਲਿਖਦਾ ਹੈ, ‘ਕਿਤਾਬਾਂ ਮੇਰੀਆਂ ਸਭ ਤੋਂ ਚੰਗੀਆਂ ਮਿੱਤਰ ਹਨ, ਜੋ ਹਮੇਸ਼ਾ ਦੁੱਖ ’ਚ ਮੈਨੂੰ ਸਹਾਰੇ ਦਾ ਅਤੇ ਦਰਦ ’ਚ ਆਰਾਮ ਦਾ ਅਹਿਸਾਸ ਕਰਾਉਂਦੀਆਂ ਹਨ।’ ਮਿੱਤਰਾਂ ਵਰਗੀਆਂ ਕਿਤਾਬਾਂ ਨੂੰ ਅਸੀਂ ਸੰਭਾਲ-ਸੰਭਾਲ ਰੱਖਦੇ ਹਾਂ, ਕੋਈ ਮੰਗਣ ਵੀ ਆਏ ਤਾਂ ਵੀ ਦੇਣ ਤੋਂ ਆਨਾਕਾਨੀ ਕਰਦੇ ਹਾਂ।

ਸਹੀ ਚੋਣ

ਕਿਤਾਬਾਂ ਦੀ ਸਹੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਬੱਚਿਆਂ ਤੇ ਵਡੇਰੀ ਉਮਰ ਦੇ ਲੋਕਾਂ ਦੀ ਆਪਣੀ ਰੁਚੀ ਤੇ ਸ਼ੌਕ ਅਨੁਸਾਰ ਕਿਤਾਬਾਂ ਦੀ ਚੋਣ ਵੀ ਵੱਖਰੀ ਹੁੰਦੀ ਹੈ। ਬੱਚਿਆਂ ਨੂੰ ਰੰਗਦਾਰ ਅਤੇ ਜੀਵਨ-ਜਾਚ ਸਿਖਾਉਂਦੀਆਂ ਕਿਤਾਬਾਂ ਲੈ ਕੇ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਦੇ ਬਾਲ ਮਨ ਨੂੰ ਲੋਰੀਆਂ ਦਿੰਦੇ ਬਾਲ ਸਾਹਿਤ ਨੂੰ ਪੜ੍ਹਨ ਦੀ ਚੇਟਕ ਲਾਉਂਦੀਆਂ ਕਿਤਾਬਾਂ ਨੂੰ ਤਰਜੀਹ ਦਿਓ। ਵੱਡੀ ਉਮਰ ਦੇ ਲੋਕ ਆਪਣੀ ਰੁਚੀ ਅਨੁਸਾਰ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਕਿਤਾਬਾਂ ਦੀ ਚੋਣ ਕਰ ਸਕਦੇ ਹਨ। ਚੰਗੀਆਂ ਕਿਤਾਬਾਂ ਨੂੰ ਵਾਰ-ਵਾਰ ਪੜ੍ਹਨਾ ਚਾਹੀਦਾ ਹੈ ਕਿਉਂਕਿ ਕਿਤਾਬਾਂ ਪੜ੍ਹ ਕੇ ‘ਆਪਣਾ ਮਨ ਚੰਗਾ ਤੇ ਕੁਠਾਲੀ ’ਚ ਗੰਗਾ’ ਵਾਲੀ ਕਹਾਵਤ ਸੱਚ ਹੋ ਜਾਂਦੀ ਹੈ। ਉੱਚੇ-ਸੁੱਚੇ ਵਿਚਾਰ ਸਿਰਜਦੀਆਂ ਕਿਤਾਬਾਂ ਕਦੇ ਵੀ ਗੁਅਉਣੀਆਂ ਨਹੀਂ ਚਾਹੀਦੀਆਂ।

ਸਫਲਤਾ ਦੀਆਂ ਪੌੜੀਆਂ

ਕਿਤਾਬਾਂ ਮਨੁੱਖ ਲਈ ਕੇਵਲ ਗਿਆਨ ਦਾ ਖ਼ਜ਼ਾਨਾ ਹੀ ਨਹੀਂ ਹਨ ਸਗੋਂ ਇਸ ਗਿਆਨ ਦੇ ਸਦਉਪਯੋਗ ਨਾਲ ਸਫਲਤਾ ਦੇ ਨਵੇਂ ਦਰ ਵੀ ਖੁੱਲ਼੍ਹਦੇ ਹਨ। ਕੋਈ ਮਿਆਰੀ ਕਿਤਾਬ ਪੜ੍ਹ ਕੇ ਸਾਡੇ ਮਨ ਵਿਚ ਉੱਚੇ ਮਾਅਰਕੇ ਮਾਰਨ ਦੀ ਹਿੰਮਤ ਬੁਲੰਦ ਹੋ ਜਾਂਦੀ ਹੈ। ਅਸੀਂ ਕਿਸੇ ਨਾਇਕ ਜਾਂ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉੱਚ ਆਦਰਸ਼ੀ ਬਣਨਾ ਲੋਚਦੇ ਹਾਂ। ਡਿੱਗ-ਡਿੱਗ ਕੇ ਉੱਠਣ ਤੇ ਹਾਰ-ਹਾਰ ਕੇ ਜਿੱਤਣ ਦਾ ਵਲ ਵੀ ਸਿੱਖ ਲੈਂਦੇ ਹਾਂ। ਆਸ਼ਾਵਾਦੀ ਨਜ਼ਰੀਆ ਅਪਣਾ ਕੇ ਕਦਮ- ਦਰ-ਕਦਮ ਮੰਜ਼ਿਲ ’ਤੇ ਪਹੁੰਚਣ ’ਚ ਸਫਲ ਹੋ ਜਾਂਦੇ ਹਾਂ।

ਘਰ ਦਾ ਬਣਾਓ ਸ਼ਿੰਗਾਰ

ਅਸੀਂ ਆਪਣੇ ਰਹਿਣ ਲਈ ਲੱਖਾਂ-ਕਰੋੜਾ ਰੁਪਏ ਖ਼ਰਚ ਕੇ ਮਨਭਾਉਂਦੇ ਆਲੀਸ਼ਾਨ ਘਰ ਬਣਾਉਂਦੇ ਹਾਂ। ਤਰ੍ਹਾਂ-ਤਰ੍ਹਾਂ ਦੇ ਰੰਗਾਂ ਦੇ ਡਿਜ਼ਾਈਨ ਬਣਾਉਂਦੇ ਹਾਂ। ਕੁਰਸੀਆਂ, ਸੋਫ਼ੇ, ਅਲਮਾਰੀਆਂ, ਸੁੰਦਰ ਕੱਪੜੇ, ਆਧੁਨਿਕ ਰਸੋਈਆਂ ਅਤੇ ਸੰਚਾਰ ਦੇ ਸਾਧਨ ਵੀ ਉਪਯੋਗ ’ਚ ਲਿਆਉਂਦੇ ਹਾਂ ਪਰ ਘਰੇਲੂ ਲਾਇਬ੍ਰੇਰੀ ਲਈ ਥੋੜ੍ਹੀ ਜਿਹੀ ਜਗ੍ਹਾ ਰੱਖਣੀ ਭੁੱਲ ਜਾਂਦੇ ਹਾਂ। ਰੋਮਨ ਵਿਦਵਾਨ ਸਿਸਰੋ ਅਨੁਸਾਰ ‘ਕਿਤਾਬਾਂ ਤੋਂ ਬਗ਼ੈਰ ਕਮਰਾ ਇਵੇਂ ਲੱਗਦਾ ਹੈ ਜਿਵੇਂ ਸਰੀਰ ਆਤਮਾ ਤੋਂ ਬਗ਼ੈਰ ਹੋਵੇ।’ ਬੱਚਿਆਂ ਨੂੰ ਕੀਮਤੀ ਖਿਡੌਣੇ ਤੇ ਮੋਬਾਈਲ ਉਨ੍ਹਾਂ ਦੀ ਇਕ ਜ਼ਿੱਦ ’ਤੇ ਝੱਟ ਲੈ ਕੇ ਦੇ ਦਿੰਦੇ ਹਾਂ ਪਰ ਜੀਵਨ ਦੇ ਸਬਕ ਸਿਖਾਉਂਦੀ ਗਹਿਣਿਆਂ ਵਰਗੀ ਕਿਤਾਬ ਅਸੀਂ ਇਕ ਵੀ ਨਹੀਂ ਲੈ ਕੇ ਦਿੰਦੇ। ਬੱਚਿਆਂ ’ਚ ਪੜ੍ਹਨ ਰੁਚੀਆਂ ਵਿਕਸਤ ਕਰਨ ਤੇ ਉਨ੍ਹਾਂ ਨੂੰ ਸਿਆਣੇ ਮਨੱੁਖ ਬਣਾਉਣ ਲਈ ਕਿਤਾਬਾਂ ਨੂੰ ਘਰਾਂ ਦਾ ਸ਼ਿੰਗਾਰ ਜ਼ਰੂਰ ਬਣਾਉਣਾ ਪਵੇਗਾ, ਨਹੀਂ ਤਾਂ ਅਜੋਕੇ ਦੌਰ ਦਾ ਮੋਬਾਈਲ ਨੈੱਟਵਰਕ ਉਨ੍ਹਾਂ ਅੰਦਰਲੀਆਂ ਕੋਮਲ ਭਾਵਨਾਵਾਂ ਨੂੰ ਨਿਗਲ ਜਾਵੇਗਾ।

ਗਿਆਨ ਦਾ ਅਨਮੋਲ ਖ਼ਜ਼ਾਨਾ

ਕਿਤਾਬਾਂ ਨੂੰ ਗਿਆਨ ਦਾ ਅਨਮੋਲ ਖ਼ਜ਼ਾਨਾ ਕਿਹਾ ਜਾਂਦਾ ਹੈ। ਕਿਤਾਬਾਂ ਅੰਦਰ ਗਿਆਨ ਦਾ ਅਥਾਹ ਸਮੁੰਦਰ ਹੁੰਦਾ ਹੈ, ਜਿਸ ਨੂੰ ਅਸੀਂ ਆਪਣੀ ਜਗਿਆਸਾ ਦੀ ਮਧਾਣੀ ਨਾਲ ਰਿੜਕ ਕੇ ਗਿਆਨ ਰੂਪੀ ਕੀਮਤੀ ਰਤਨ ਪ੍ਰਾਪਤ ਕਰ ਸਕਦੇ ਹਾਂ। ਸੁਹਜ ਸੁਆਦ ਨਾਲ ਲੱਦੀਆਂ ਕਿਤਾਬਾਂ ਪੜ੍ਹਨ ਸਮੇਂ ਪਾਠਕ ਆਪਣੇ ਆਪ ਨੂੰ ਸ਼ਬਦਾਂ ਦੇ ਸਮੁੰਦਰ ’ਚ ਤੈਰਦਾ ਹੋਇਆ ਅਨੁਭਵ ਕਰਦੇ ਹਨ। ਫ਼ਰਾਂਸੀਸੀ ਦਾਰਸ਼ਨਿਕ ਵਾਲਟੇਅਰ ਦਾ ਕਥਨ ਹੈ ਕਿ ਕਿਤਾਬਾਂ ਦਾ ਮੁੱਲ ਰਤਨਾਂ ਤੋਂ ਵੀ ਜ਼ਿਆਦਾ ਹੈ ਕਿਉਂਕਿ ਰਤਨ ਤਾਂ ਬਾਹਰੀ ਸੁੰਦਰਤਾ ਜਾਂ ਖ਼ੂਬਸੂਰਤੀ ਨੂੰ ਦਿਖਉਂਦੇ ਹਨ, ਜਦੋਂਕਿ ਕਿਤਾਬਾਂ ਸਾਡੇ ਅੰਦਰੂਨੀ ਜਗਤ ਨੂੰ ਰੋਸ਼ਨ ਕਰਦੀਆਂ ਹਨ।

ਰਾਹ ਦਸੇਰਾ

ਕਿਤਾਬਾਂ ਸਦੀਆਂ ਤੋਂ ਮਨੁੱਖ ਦਾ ਰਾਹ ਦਸੇਰਾ ਬਣਦੀਆਂ ਆ ਰਹੀਆਂ ਹਨ। ਕਿਤਾਬਾਂ ’ਚ ਜਗਦੇ ਜੁਗਨੂੰ, ਮਘਦੇ ਸੂਰਜ, ਲਿਛ-ਲਿਛ ਕਰਦੇ ਤਾਰੇ, ਰਾਤ ਦੀ ਹਿੱਕ ’ਤੇ ਝਰਦਾ ਚਾਨਣ ਨੂਰ, ਰਵਾਨਗੀ ਵਿਚ ਤੁਰਦੇ ਪਾਣੀ ਸਾਨੂੰ ਔਖਿਆਈਆਂ ’ਚ ਸਬਰ ਦੇ ਬੰਨ੍ਹ ਮਾਰ ਲੈਣ ਦੀ ਜਾਚ ਦੱਸਦਿਆਂ ਸਾਡਾ ਰਾਹ ਰੁਸ਼ਨਾਉਂਦੇ ਹਨ। ਕਿਤਾਬਾਂ ਸਾਡੀ ਤਰੱਕੀ ਦੇ ਰਾਹ ਖੋਲ੍ਹਦੀਆਂ ਹਨ। ਸਫ਼ਿਆਂ ’ਚ ਬੱਝੀਆਂ ਕਿਤਾਬਾਂ ਸਾਡੇ ਜੀਵਨ ਨੂੰ ਨਵੀਂ ਤੋਰ ਬਖ਼ਸ਼ਦੀਆਂ ਹਨ। ਸੋਚ ਦੀ ਖੜੋਤ ਨੂੰ ਚਾਲੇ ਪਾਉਂਦੀਆਂ ਕਿਤਾਬਾਂ ਮਨੁੱਖ ਨੂੰ ਮੰਜ਼ਿਲਾਂ ਦੇ ਨਵੇਂ ਦਿਸਹੱਦੇ ਖੋਜਣ ਦੀ ਦਿਸ਼ਾ ਪ੍ਰਦਾਨ ਕਰਦੀਆ ਹਨ। ਮੈਕਸਿਮ ਗੋਰਕੀ ਲਿਖਦਾ ਹੈ,‘ਕਿਤਾਬਾਂ ਜ਼ਿੰਦਗੀ ’ਚ ਮੇਰੀ ਰਹਿਨੁਮਾਈ ਕਰਦੀਆਂ ਹਨ ਅਤੇ ਇਹ ਗੱਲ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਇਕ ਪੂਰੀ ਕਿਤਾਬ ਵਿੱਚੋਂ ਹੋ ਸਕਦਾ ਹੈ ਕਿ ਤੁਹਾਨੂੰ ਇਕ ਦਿਲਟੁੰਭਵੇਂ ਫਿਕਰੇ ਤੋਂ ਬਿਨਾਂ ਹੋਰ ਕੁਝ ਵੀ ਨਾ ਮਿਲੇ, ਇਹੀ ਉਹ ਫਿਕਰਾ ਹੁੰਦਾ ਹੈ, ਜੋ ਤੁਹਾਨੂੰ ਮਨੁੱਖ ਦੇ ਹੋਰ ਨਜ਼ਦੀਕ ਲੈ ਜਾਂਦਾ ਹੈ ਤੇ ਇਕ ਨਵੀਂ ਮੁਸਕਾਨ ਜਾਂ ਦਰਦ ਦਾ ਭੇਦ ਖੋਲ੍ਹ ਦਿੰਦਾ ਹੈ।’

ਵਿਦਿਆਰਥੀਆਂ ਦਾ ਬੌਧਿਕ ਵਿਕਾਸ

ਵਿਦਿਆਰਥੀਆਂ ਦੀ ਤੀਖਣਬੁੱਧੀ ਲਈ ਕਿਤਾਬਾਂ ਵਰਦਾਨ ਹਨ। ਕਿਤਾਬਾਂ ਸਾਡੀ ਪੜ੍ਹਨ ਰੁਚੀ ਨੂੰ ਵਿਕਸਤ ਕਰਨ ਦੇ ਨਾਲ-ਨਾਲ ਸਾਡੀ ਬੁੱਧੀ ਦਾ ਵਿਕਾਸ ਵੀ ਕਰਦੀਆਂ ਹਨ। ਵਿਸ਼ਿਆਂ, ਵਿਚਾਰਾਂ, ਘਟਨਾਵਾਂ ਨੂੰ ਸਮਝਣ ਲਈ ਸਾਡੀ ਦਿਮਾਗ਼ੀ ਪਿਛਲਝਾਤ ’ਚ ਚੱਲਦਾ ਕਿਤਾਬੀ ਸੰਚਾਰ ਸਾਡੀ ਬੁੱਧੀ ਨੂੰ ਤੇਜ਼ ਕਰਦਾ ਹੈ। ਵੱਧ ਤੋਂ ਵੱਧ ਕਿਤਾਬਾਂ ਪੜ੍ਹ ਕੇ ਸਾਡੇ ਸ਼ਬਦ ਭੰਡਾਰ ’ਚ ਵਾਧਾ ਹੁੰਦਾ ਹੈ ਅਤੇ ਸਾਡੀ ਬੋਲਚਾਲ ਤੇ ਲਿਖਤ ਦੀ ਸ਼ਬਦਾਵਲੀ ਹੋਰ ਅਮੀਰ ਹੁੰਦੀ ਹੈ। ਇਹ ਸ਼ਬਦਾਵਲੀ ਵਿਦਿਆਰਥੀਆਂ ਦੀ ਲਿਖਣ ਯੋਗਤਾ ਨੂੰ ਤਰਾਸ਼ਣ ’ਚ ਸਹਾਈ ਹੁੰਦੀ ਹੈ।

ਤੋਹਫ਼ੇ ਵਜੋਂ ਦਿਓ

ਅੱਜ ਦੀ ਦੌੜ-ਭੱਜ ਤੇ ਚਕਾਚੌਂਧ ਵਾਲੀ ਜ਼ਿੰਦਗੀ ’ਚ ਮਨੁੱਖ ਬਹੁਤ ਉਲਝ ਗਿਆ ਹੈ। ਛੋਟੇ-ਮੋਟੇ ਸਮਾਗਮਾਂ, ਵਿਆਹ-ਸ਼ਾਦੀਆਂ, ਜਨਮ ਦਿਨਾਂ ਤੇ ਹੋਰ ਤਿੱਥ-ਤਿਉਹਾਰਾਂ ਮੌਕੇ ਅਸੀਂ ਆਪਣੀ ਅਮੀਰੀ ਦਿਖਉਂਦੇ ਹੋਏ ਕੀਮਤੀ ਬਾਜ਼ਾਰੂ ਤੋਹਫ਼ੇ ਲੋਕਾਂ ਨੂੰ ਭੇਟ ਕਰਦੇ ਹਾਂ। ਕੁਝ ਸਮਾਂ ਪਾ ਕੇ ਇਹ ਟੁੱਟ-ਭੱਜ ਵੀ ਜਾਂਦੇ ਹਨ ਜਾਂ ਫਿਰ ਵਕਤ ਪਾ ਕੇ ਵਰਤਣਯੋਗ ਨਹੀ ਰਹਿੰਦੇ। ਇਸ ਲਈ ਸਾਨੂੰ ਇਨ੍ਹਾਂ ਮੌਕਿਆਂ ’ਤੇ ਕੋਈ ਚੰਗੀ ਕਿਤਾਬ ਤੋਹਫ਼ੇ ਵਜੋਂ ਦੇਣੀ ਚਾਹੀਦੀ ਹੈ, ਜਿਸ ਨੂੰ ਲੋਕ ਪੜ੍ਹਨਗੇ ਵੀ ਅਤੇ ਸੰਭਾਲ ਕੇ ਵੀ ਰੱਖਣਗੇ। ਸਕੂਲੀ ਬੱਚਿਆਂ ਦਾ ਸਨਮਾਨ ਕਰਨ ਸਮੇਂ ਵੀ ਸਾਨੂੰ ਉਨ੍ਹਾਂ ਨੂੰ ਸੇਧ ਦੇਣ ਵਾਲੀਆਂ ਕਿਤਾਬਾਂ, ਬੱਚਿਆਂ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਖ਼ੂਬਸੂਰਤ ਚਿੱਤਰਾਂ ਵਾਲੀ ਬਾਲ ਸਾਹਿਤ ਦੀ ਕੋਈ ਚੰਗੀ ਕਿਤਾਬ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਅਸੀਂ ਬੱਚੇ ਨੂੰ ਬੁੱਧੀਮਾਨ ਤੇ ਚੰਗੇਰੀ ਜ਼ਿੰਦਗੀ ਦੇ ਸਫਲ ਪਾਂਧੀ ਬਣਾ ਸਕਦੇ ਹਾਂ।

- ਡਾ. ਅਰਮਨਪ੍ਰੀਤ

Posted By: Harjinder Sodhi