ਤੁਹਾਡਾ ਪਸੰਦੀਦਾ ਅਖ਼ਬਾਰ ‘ਪੰਜਾਬੀ ਜਾਗਰਣ’ ਅੱਜ 11 ਵਰ੍ਹੇ ਪੂਰੇ ਕਰ ਕੇ 12ਵੇਂ ਵਰ੍ਹੇ ’ਚ ਪ੍ਰਵੇਸ਼ ਕਰ ਰਿਹਾ ਹੈ। ਇਨ੍ਹਾਂ ਵਰ੍ਹਿਆਂ ਦੌਰਾਨ ‘ਨਿੱਕੀ ਦੁਨੀਆ’ ਵੱਲੋਂ ਮਨੋਰੰਜਨ, ਸਿੱਖਿਆ ਤੇ ਹੋਰ ਜਾਣਕਾਰੀ ਭਰਪੂਰ ਲੇਖ ਪ੍ਰਕਾਸ਼ਿਤ ਜਾਂਦੇ ਰਹੇ, ਜੋ ਬੱਚਿਆਂ ਦਾ ਮਾਨਸਿਕ ਤੇ ਬੌਧਿਕ ਵਿਕਾਸ ਕਰਦੇ ਰਹੇ ਹਨ। ਪੰਜਾਬੀ ਜਾਗਰਣ ਦੇ ਗਿਆਰਾਂ ਵਰ੍ਹੇ ਪੂਰੇ ਹੋਣ ’ਤੇ ਅਸੀਂ ਇਸ ਵਾਰ ਛੋਟੀ ਉਮਰੇ ਵੱਡਾ ਨਾਂ ਕਮਾਉਣ ਵਾਲੇ 11 ਬੱਚਿਆਂ ਬਾਰੇ ਲੇਖ ਪ੍ਰਕਾਸ਼ਿਤ ਕਰ ਰਹੇ ਹਾਂ।

ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਜ਼ਿੰਦਗੀ ’ਚ ਉੱਚਾ ਮੁਕਾਮ ਹਾਸਿਲ ਕਰੇ। ਮਿਹਨਤ ਉਹ ਚਾਬੀ ਹੈ, ਜਿਸ ਨਾਲ ਸਫਲਤਾ ਦੇ ਹਰ ਬੂਹੇ ਨੂੰ ਖੋਲ੍ਹਿਆ ਜਾ ਸਕਦਾ ਹੈ। ਕਿਹਾ ਇਹ ਵੀ ਜਾਂਦਾ ਹੈ ਕਿ ਜੇ ਇਨਸਾਨ ਸੱਚੇ ਦਿਲੋਂ ਚਾਹੇ ਤਾਂ ਕੁਝ ਵੀ ਪ੍ਰਾਪਤ ਕਰਨਾ ਅਸੰਭਵ ਨਹੀਂ ਹੈ। ਅਸੰਭਵ ਨੂੰ ਸੰਭਵ ਬਣਾਉਣ ਲਈ ਇਨਸਾਨ ਨੂੰ ਮਿਹਨਤ, ਲਗਨ ਅਤੇ ਦਿ੍ਰੜਤਾ ਦਾ ਪੱਲਾ ਘੁੱਟ ਕੇ ਫੜਨਾ ਪੈਂਦਾ ਹੈ। ਜ਼ਿੰਦਗੀ ’ਚ ਸਫਲ ਹੋਣ ਲਈ ਉਮਰ ਕਦੇ ਵੀ ਤੁਹਾਡਾ ਰਸਤਾ ਨਹੀਂ ਰੋਕ ਸਕਦੀ, ਜ਼ਰੂਰਤ ਹੰੁਦੀ ਹੈ ਸਿਰਫ਼ ਸਵੈ-ਭਰੋਸਾ, ਸਖ਼ਤ ਮਿਹਨਤ ਤੇ ਦਿ੍ਰੜ ਇਰਾਦੇ ਦੀ। ਜਾਣਦੇ ਹਾਂ ਕੁਝ ਅਜਿਹੇ ਹੀ ਬੱਚਿਆਂ ਬਾਰੇ, ਜਿਨ੍ਹਾਂ ਛੋਟੀ ਉਮਰੇ ਵੱਡਾ ਨਾਂ ਕਮਾਇਆ ਹੈ।

1. ਬੇਹੱਦ ਦੁਸ਼ਵਾਰੀਆਂ ਵਾਲਾ ਰਿਹਾ ਮਨਪ੍ਰੀਤ ਦਾ ਬਚਪਨ

ਬਰਨਾਲਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਗੁੰਮਟੀ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਮਨਪ੍ਰੀਤ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2021-22 ਦੌਰਾਨ ਲਈ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਸੌ ਫ਼ੀਸਦੀ ਅੰਕਾਂ (600/600) ਦੀ ਪ੍ਰਾਪਤੀ ਨਾਲ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਦਿਆਂ ਪਰਿਵਾਰ ਤੇ ਅਧਿਆਪਕਾਂ ਦਾ ਨਾਂ ਰੋਸ਼ਨ ਕੀਤਾ ਹੈ। ਮਨਪ੍ਰੀਤ ਦਾ ਬਚਪਨ ਬੇਹੱਦ ਦੁਸ਼ਵਾਰੀਆਂ ਵਾਲਾ ਰਿਹਾ ਹੈ। ਬਚਪਨ ’ਚ ਹੀ ਪਿਤਾ ਦੇ ਸਾਏ ਤੋਂ ਸੱਖਣਾ ਹੋਣ ਦੇ ਨਾਲ-ਨਾਲ ਸਰੀਰਕ ਬਿਮਾਰੀਆਂ ਨੇ ਵੀ ਘੇਰਾ ਪਾਇਆ। ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਸਹੀ ਇਲਾਜ ਨਾ ਮਿਲਣ ’ਤੇ ਮਨਪ੍ਰੀਤ ਇਕ ਲੱਤ ਤੋਂ ਅਪਾਹਜ ਹੋ ਗਿਆ। ਮਨਪ੍ਰੀਤ ਦੀ ਮਾਤਾ ਸਿਲਾਈ ਦਾ ਕੰਮ ਕਰ ਕੇ ਜਿੱਥੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ, ਉੱਥੇ ਮਨਪ੍ਰੀਤ ਨੂੰ ਪੜ੍ਹਾ ਵੀ ਰਹੀ ਹੈ। ਮਜ਼ਬੂਤ ਇਰਾਦਿਆਂ ਨਾਲ ਦੁਸ਼ਵਾਰੀਆਂ ਨੂੰ ਪਛਾੜ ਕੇ ਅੱਗੇ ਵਧਣ ਲਈ ਦਿ੍ਰੜ ਮਨਪ੍ਰੀਤ ਦੇ ਸੁਪਨੇ ਬਹੁਤ ਵੱਡੇ ਹਨ। ਉਹ ਆਈਏਐੱਸ ਦੀ ਪ੍ਰੀਖਿਆ ਪਾਸ ਕਰ ਕੇ ਡਿਪਟੀ ਕਮਿਸ਼ਨਰ ਬਣਨਾ ਚਾਹੁੰਦਾ ਹੈ।

2. ਗਿੰਨੀਜ਼ ਬੁੱਕ ’ਚ ਨਾਂ ਦਰਜ ਕਰਵਾ ਚੁੱਕੀ ਤਰੁਸ਼ੀ ਗੌੜ

ਚੰਡੀਗੜ੍ਹ ’ਚ ਰਹਿੰਦੀ ਤੇ ਪੰਚਕੂਲਾ ਦੇ ਸਕੂਲ ’ਚ ਪੜ੍ਹਦੀ 12 ਵਰ੍ਹਿਆਂ ਦੀ ਤਰੁਸ਼ੀ ਗੌੜ ਦੀਆਂ ਪ੍ਰਾਪਤੀਆਂ ਵੀ ਹੈਰਾਨ ਕਰਨ ਵਾਲੀਆਂ ਹਨ। ਤਰੁਸ਼ੀ ਛੋਟੀ ਉਮਰੇ ਹੀ ਮੈਡਲਾਂ ਦਾ ਵੱਡਾ ਖ਼ਜ਼ਾਨਾ ਹਾਸਿਲ ਕਰ ਗਿੰਨੀਜ਼ ਬੁੱਕ ’ਚ ਨਾਂ ਦਰਜ ਕਰਵਾ ਚੁੱਕੀ ਹੈ। ਤਰੁਸ਼ੀ ਤਾਈਕਵਾਂਡੋ ’ਚ ਸੋਨੇ ਦੇ 151, ਚਾਂਦੀ ਦੇ 40 ਅਤੇ ਕਾਂਸੇ ਦੇ 34 ਮੈਡਲ ਪ੍ਰਾਪਤ ਕਰ ਚੁੱਕੀ ਹੈ। ਉਲਪਿੰਕ ਖੇਡਾਂ ’ਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਉਸ ਨੇ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ।

3. ਛੋਟੀ ਉਮਰੇ ਵੱਡੇ ਕੰਮ ਕਰਨ ਵਾਲੀ ਪਾਲ ਸਾਕਸ਼ੀ

ਪਾਲ ਸਾਕਸ਼ੀ ਵੱਲੋਂ ਛੋਟੀ ਉਮਰੇ ਕੀਤਾ ਵੱਡਾ ਕਾਰਜ ਵਿਲੱਖਣ ਮਿਸਾਲ ਪੈਦਾ ਕਰਦਾ ਹੈ। ਪਾਲ ਨੇ ਕੋਰੋਨਾ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਰਾਹਤ ਫੰਡ ਲਈ ਰਾਸ਼ੀ ਇਕੱਤਰ ਕਰਨ ਦਾ ਲਾਮਿਸਾਲ ਕਾਰਜ ਕੀਤਾ। ਸਾਕਸ਼ੀ ਨੇ ਕੋਰੋਨਾ ਪਾਬੰਦੀਆਂ ਦੌਰਾਨ ਆਨਲਾਈਨ ਸੰਗੀਤ ਸਮਾਗਮ ਦਾ ਆਯੋਜਨ ਕਰ ਕੇ ਰਾਸ਼ੀ ਇਕੱਤਰ ਕਰਨ ਤੋਂ ਇਲਾਵਾ ਐਪ ਦਾ ਨਿਰਮਾਣ ਕਰਦਿਆਂ ਕੋਰੋਨਾ ਤੋਂ ਬਚਾਅ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ ’ਚ ਵੀ ਵਲੰਟੀਅਰ ਦੇ ਤੌਰ ’ਤੇ ਜ਼ਿਕਰਯੋਗ ਕੰਮ ਕੀਤਾ। ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਬਦਲੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸਾਕਸ਼ੀ ਨੂੰ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।

4. ਮਾਂ-ਭੈਣ ਦੀ ਜਾਨ ਬਚਾਉਣ ਵਾਲੀ ਸ਼ਿਵਾਂਗੀ

ਮਹਾਰਾਸ਼ਟਰ ਦੀ 6 ਵਰ੍ਹਿਆਂ ਦੀ ਬਾਲੜੀ ਦੀ ਸਮਝ ਹੈਰਾਨ ਕਰਨ ਵਾਲੀ ਹੈ। ਬਿਜਲੀ ਯੰਤਰ ਨਾਲ ਬਾਲਟੀ ’ਚ ਪਾਣੀ ਗਰਮ ਕਰ ਰਹੀ ਸ਼ਿਵਾਂਗੀ ਕਾਲੇ ਦੀ ਮਾਂ ਬਿਜਲੀ ਦੀ ਮਾਰ ਹੇਠ ਆ ਜਾਂਦੀ ਹੈ। ਬਚਾਅ ਹਿੱਤ ਫੜਨ ਲਈ ਸ਼ਿਵਾਂਗੀ ਦੀ ਭੈਣ ਮਾਂ ਵੱਲ ਅੱਗੇ ਵੱਧਦੀ ਹੈ। ਸ਼ਿਵਾਂਗੀ ਨੂੰ ਜਦੋਂ ਪਤਾ ਲਗਦਾ ਹੈ ਤਾਂ ਉਹ ਭੈਣ ਨੂੰ ਪਿੱਛੇ ਖਿੱਚ ਕੇ ਤਕਰੀਬਨ ਪੰਜ ਫੁੱਟ ਉੱਚੇ ਪਲੱਗ ਤੋਂ ਆ ਰਹੀ ਬਿਜਲੀ ਨੂੰ ਮੇਜ਼ ’ਤੇ ਚੜ੍ਹ ਕੇ ਬੰਦ ਕਰਦੀ ਹੈ। ਸ਼ਿਵਾਂਗੀ ਦੀ ਮਾਂ ਦਾ ਕਹਿਣਾ ਹੈ ਕਿ ਜੇ ਸ਼ਿਵਾਂਗੀ ਸਮਝ ਨਾ ਵਿਖਾਉਂਦੀ ਤਾਂ ਬਿਜਲੀ ਦੇ ਜ਼ਬਰਦਸਤ ਝਟਕੇ ਨਾਲ ਉਸ ਦੀ ਤੇ ਉਸ ਦੀ ਦੂਜੀ ਬੇਟੀ ਦੀ ਮੌਤ ਯਕੀਨੀ ਸੀ। ਇਹ ਸ਼ਿਵਾਂਗੀ ਹੀ ਸੀ, ਜਿਸ ਨੇ ਸਾਡੀ ਦੋਵਾਂ ਦੀ ਜਾਨ ਬਚਾਈ। ਸਮਝਦਾਰੀ ਵਿਖਾ ਕੇ ਉਨ੍ਹਾਂ ਦੀ ਜਾਨ ਬਚਾਉਣ ਵਾਲੀ ਧੀ ’ਤੇ ਮਾਂ ਨੂੰ ਨਾਜ਼ ਹੈ।

5. ਛੋਟੀ ਉਮਰ ’ਚ ਵੱਡਾ ਨਾਂ ਵਿਸ਼ਾਲਿਨੀ

ਤਾਮਿਲਨਾਡੂ ਦੀ ਰਹਿਣ ਵਾਲੀ 7 ਵਰ੍ਹਿਆਂ ਦੀ ਵਿਸ਼ਾਲਿਨੀ ਨੇ ਦੂਜੀ ਜਮਾਤ ਦੀ ਵਿਦਿਆਰਥਣ ਹੁੰਦਿਆਂ ਸਵੈਚਾਲਿਤ ਹੜ੍ਹ ਬਚਾਅ ਘਰ ਦਾ ਨਿਰਮਾਣ ਕਰ ਕੇ ਤੀਖਣਬੁੱਧੀ ਦਾ ਸਬੂਤ ਦਿੱਤਾ ਹੈ। ਹੜ੍ਹ ਸਥਿਤੀ ਦੌਰਾਨ ਲੋਕਾਂ ਖ਼ਾਸ ਕਰਕੇ ਗਰਭਵਤੀਆਂ, ਸਰੀਰਕ ਤੌਰ ’ਤੇ ਅਪੰਗ, ਪਾਲਤੂ ਜਾਨਵਰਾਂ ਤੇ ਘਰਾਂ ਦੀ ਕੀਮਤੀ ਸਮੱਗਰੀ ਨੂੰ ਹੜ੍ਹਾਂ ਤੋਂ ਬਚਾਉਣ ਲਈ ਸਵੈਚਾਲਿਤ ਘਰ ਵਰਦਾਨ ਹੈ। ਇਸ ’ਚ ਸੀਟ ਬੈਲਟ, ਤਾਪਮਾਨ ਅਤੇ ਹੁੰਮਸ ਦੱਸਣ ਲਈ ਮੀਟਰ, ਬਿਜਲਈ ਯੰਤਰਾਂ ਲਈ ਯੂਪੀਐੱਸ, ਜੀਪੀਐੱਸ, ਸੋਲਰ ਪੈਨਲ ਅਤੇ ਪਾਣੀ, ਮੁੱਢਲੀ ਸਹਾਇਤਾ ਕਿੱਟ ਤੇ ਆਕਸੀਜਨ ਸਿਲੰਡਰ ਆਦਿ ਤਮਾਮ ਸਹੂਲਤਾਂ ਮੁਹੱਈਆ ਕਰਵਾਈਆਂ।

6. ਵਿਰਸੇ ਤੇ ਧਰਮ ਬਾਰੇ ਸਮਝ ਰੱਖਣ ਵਾਲਾ ਅਵੀ ਸ਼ਰਮਾ

ਇੰਦੌਰ ਸ਼ਹਿਰ ਦੇ 12 ਵਰ੍ਹਿਆਂ ਦੇ ਅਵੀ ਸ਼ਰਮਾ ਦੀ ਵਿਰਸੇ ਤੇ ਧਰਮ ਬਾਰੇ ਸਮਝ ਹੈਰਾਨ ਕਰਨ ਵਾਲੀ ਹੈ। ਬਾਲ ਉਮਰੇ ‘ਬਾਲਮੁਖੀ ਰਮਾਇਣ’ ਲਿਖਤ ਦੀ ਰਚਨਾ ਕਰਨ ਦੇ ਨਾਲ-ਨਾਲ ਉਹ ਵੈਦਿਕ ਗਣਿਤ ਵੀ ਪੜ੍ਹਾਉਂਦਾ ਹੈ। ਅਵੀ ਨੂੰ ਕੰਪਿਊਟਰ ਕੋਡਿੰਗ ’ਚ ਵੀ ਮੁਹਾਰਤ ਹਾਸਿਲ ਹੈ। ਉਸ ਦੀ ਮਾਤਾ ਵਿਨਿਤਾ ਸ਼ਰਮਾ ਦਾ ਕਹਿਣਾ ਹੈ ਕਿ ਅਵੀ ਦੋ ਵਰ੍ਹਿਆਂ ਦੀ ਉਮਰ ਤੋਂ ਹੀ ਸਲੋਕ ਗੁਣਗਣਾਉਣ ਲੱਗਿਆ ਸੀ। ਢਾਈ ਵਰ੍ਹਿਆਂ ਦੀ ਉਮਰ ’ਚ ਉਹ 200-300 ਹਿੰਦੀ ਅਤੇ ਅੰਗਰੇਜ਼ੀ ਕਵਿਤਾਵਾਂ ਸੁਣਾ ਦਿੰਦਾ ਸੀ।

7. ਦੇਸ਼ ਦਾ ਨਾਂ ਚਮਕਾਉਣਾ ਚਾਹੁੰਦਾ ਮੀਧਾਂਸ਼ ਗੁਪਤਾ

ਪੰਜਾਬ ਦੇ ਜਲੰਧਰ ਸ਼ਹਿਰ ’ਚ ਰਹਿੰਦਾ 11 ਵਰ੍ਹਿਆਂ ਦਾ ਮੀਧਾਂਸ਼ ਆਪਣੀ ਕੰਪਨੀ ਦਾ ਬਾਲ ਸੀਈਓ ਹੈ। ਉਸ ਵੱਲੋਂ ਵੈੱਬਸਾਈਟ ਤੇ ਕੋਡਿੰਗ ਦੀ ਸਿੱਖਿਆ ਦੇ ਕੇ ਬਾਲ ਉਮਰੇ ਕਮਾਈ ਵੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੀਧਾਂਸ਼ ਨੇ 5 ਵਰ੍ਹਿਆਂ ਦੀ ਉਮਰ ’ਚ ਹੀ ਕੋਡਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਸੀ, ਜਦੋਂਕਿ ਵੈੱਬਸਾਈਟ ਬਣਾਉਣ ਦਾ ਕੰਮ ਉਸ ਨੇ ਤੀਜੀ ਜਮਾਤ ’ਚ ਪੜ੍ਹਦਿਆਂ ਕਰ ਲਿਆ ਸੀ। ਨੌਂ ਵਰ੍ਹਿਆਂ ਦੀ ਉਮਰ ’ਚ ਮੀਧਾਂਸ਼ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਮੁਫ਼ਤ ’ਚ ਵੈੱਬਸਾਈਟ ਬਣਾਈ। ਉਸ ਵੱਲੋਂ ਬਣਾਈ ਵੈੱਬਸਾਈਟ ਦੀ ਸ਼ੁਰੂਆਤ ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕੀਤੀ ਗਈ। ਉਹ ਭਵਿੱਖ ’ਚ ਵੈੱਬਸਾਈਟ ਇੰਜੀਨੀਅਰ ਬਣ ਕੇ ਮਾਪਿਆਂ, ਸੂਬੇ ਤੇ ਮੁਲਕ ਦਾ ਨਾਂ ਵਿਸ਼ਵ ਪੱਧਰ ’ਤੇ ਰੋਸ਼ਨ ਕਰਨਾ ਚਾਹੁੰਦਾ ਹੈ। ਕੋਰੋਨਾ ਮਹਾਮਾਰੀ ਦੌਰਾਨ ਵੈੱਬਸਾਈਟ ਜ਼ਰੀਏ ਸਰਕਾਰੀ ਹਦਾਇਤਾਂ ਅਨੁਸਾਰ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ’ਚ ਸ਼ਲਾਘਾਯੋਗ ਕੰਮ ਕਰਦਿਆਂ ਮੀਧਾਂਸ਼ ਨੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ।

8. ਬਹੁਭਾਸ਼ਾਈ ਗਾਇਕਧਿ੍ਰਤਿਸ਼ਮਾਨ ਚੱਕਰਵਰਤੀ

ਆਸਾਮ ਦਾ ਮਹਿਜ਼ ਪੰਜ ਵਰ੍ਹਿਆਂ ਦਾ ਧਿ੍ਰਤਿਸ਼ਮਾਨ ਚੱਕਰਵਰਤੀ ਬਹੁਭਾਸ਼ਾਈ ਗਾਇਕ ਹੈ। ਉਹ ਆਸਾਮੀ, ਸੰਸਕਿ੍ਰਤ, ਬੰਗਾਲੀ, ਹਿੰਦੀ ਅਤੇ ਅੰਗਰੇਜ਼ੀ ਸਮੇਤ ਅੱਧੀ ਦਰਜਨ ਭਾਸ਼ਾਵਾਂ ’ਚ ਗਾ ਕੇ ਸਭ ਨੂੰ ਹੈਰਾਨ ਕਰ ਦਿੰਦਾ ਹੈ। ਇੰਡੀਆ ਬੁੱਕ ਆਫ ਰਿਕਾਰਡ ਅਨੁਸਾਰ ਚੱਕਰਵਰਤੀ ਮਹਿਜ਼ 3 ਵਰ੍ਹਿਆਂ ਦੀ ਉਮਰ ’ਚ ‘ਬਾਲ ਬਹੁ-ਭਾਸ਼ਾਈ ਗਾਇਕ’ ਦਾ ਖਿਤਾਬ ਹਾਸਿਲ ਕਰ ਚੁੱਕਿਆ ਹੈ। 5 ਵਰ੍ਹਿਆਂ ਦੀ ਉਮਰ ਤਕ ਉਹ ਵੱਖ-ਵੱਖ ਭਾਸ਼ਾਵਾਂ ’ਚ 70 ਦੇ ਕਰੀਬ ਰਿਕਾਰਡ ਕਰਵਾਏ ਉਸ ਦੇ ਗੀਤ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।

9. ਮਾਨਸਿਕ ਚੁਣੌਤੀਆਂ ਨਾ ਰੋਕ ਸਕੀਆਂ ਦਮਨਜੀਤ ਦਾ ਰਸਤਾ

ਦੋਆਬਾ ਖ਼ਾਲਸਾ ਸਕੂਲ, ਜਲੰਧਰ ਦਾ ਵਿਦਿਆਰਥੀ ਦਮਨਜੀਤ ਸਿੰਘ ਭਾਵੇਂ ਬੌਧਿਕ ਰੂਪ ’ਚ ਅਸਮਰੱਥ ਹੈ ਪਰ ਉਸ ਦੀਆਂ ਸਹਿ-ਅਕਾਦਮਿਕ ਗਤੀਵਿਧੀਆਂ ਖ਼ਾਸ ਤੌਰ ’ਤੇ ਖੇਡਾਂ ’ਚ ਉਸ ਦੀਆਂ ਪ੍ਰਾਪਤੀਆਂ ਸ਼ਲਾਘਾਯੋਗ ਹਨ। ਸਾਦੇ ਜਿਹੇ ਪਰਿਵਾਰ ’ਚ ਜਨਮੇ ਦਮਨਜੀਤ ਦੀ ਜ਼ਿੰਦਗੀ ’ਚ ਮਾਨਸਿਕ ਚੁਣੌਤੀਆਂ ਵੀ ਉਸ ਦੇ ਰਾਹਾਂ ’ਚ ਰੋੜਾ ਨਾ ਬਣ ਸਕੀਆਂ। ਉਸ ਨੇ ਜ਼ਿਲ੍ਹਾ, ਸਟੇਟ ਤੇ ਨੈਸ਼ਨਲ ਪੱਧਰ ’ਤੇ ਕਰਾਟੇ, ਸਾਫਟਬਾਲ ਤੇ ਸ਼ਾਟਪੁੱਟ ’ਚ ਕਈ ਮੈਡਲ ਹਾਸਿਲ ਕੀਤੇ ਹਨ ਤੇ ਆਪਣੇ ਮਾਪਿਆਂ ਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਵੰਨ-ਸੁਵੰਨੇ ਪਕਵਾਨ ਬਣਾਉਣ ਦੀ ਵੀ ਉਸ ਨੂੰ ਖ਼ਾਸ ਮੁਹਾਰਤ ਹੈ। ਇਕ ਵੇਲਾ ਉਹ ਸੀ, ਜਦੋਂ ਕੋਈ ਸਕੂਲ ਉਸ ਨੂੰ ਦਾਖ਼ਲਾ ਨਹੀਂ ਦੇ ਰਿਹਾ ਸੀ। ਫਿਰ ਉਸ ਨੂੰ ਸੇਂਟ ਜੌਸਫ ਸਕੂਲ, ਜਲੰਧਰ ’ਚ ਦਾਖ਼ਲਾ ਮਿਲਿਆ ਤੇ ਉਥੋਂ ਦੇ ਅਧਿਆਪਕ ਰੇਖਾ, ਮਮਤਾ ਤੇ ਨਵਜੋਤ ਕੌਰ ਨੇ ਉਸ ਦੀ ਅਗਵਾਈ ਕੀਤੀ। ਹੁਣ ਤਕ ਉਹ ਹਰ ਕੰਮ ਲਗਨ ਨਾਲ ਕਰ ਰਿਹਾ। ਉਸ ਨੇ ਦਿਖਾ ਦਿੱਤਾ ਹੈ ਕਿ ਵਿਕਲਾਂਗਤਾ ਮਨੱੁਖ ਦੇ ਹੌਸਲੇ ਤੇ ਜਜ਼ਬੇ ਨੂੰ ਕਦੇ ਹਰਾ ਨਹੀਂ ਸਕਦੀ।

10. 700 ਤੋਂ ਵੱਧ ਵਿਦਿਆਰਥੀਆਂ ਨੂੰ ਹੁਨਰ ਸਿਖਾ ਚੁੱਕੀ ਗੌਰੀ

ਵਿਦਿਆਰਥੀ ਜੀਵਨ ’ਚ ਸੁੰਦਰ ਲਿਖਾਈ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸੁੰਦਰ ਲਿਖਾਈ ਅਕਾਦਮਿਕ ਪ੍ਰਾਪਤੀਆਂ ਬਿਹਤਰੀਨ ਬਣਾਉਣ ਦੇ ਨਾਲ-ਨਾਲ ਬਹੁਤ ਸਾਰੇ ਮਾਣ-ਸਨਮਾਨਾਂ ਦਾ ਸਬੱਬ ਬਣਦੀ ਹੈ। ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੀ ਵਸਨੀਕ 13 ਵਰ੍ਹਿਆਂ ਦੀ ਬਾਲੜੀ ਨੂੰ ਉਸ ਦੀ ਸੁੰਦਰ ਲਿਖਾਈ ਨੇ ਦੇਸ਼ ਦੇ ਸਰਵੋਤਮ ਬਾਲ ਪੁਰਸਕਾਰ ਦੀ ਪ੍ਰਾਪਤੀ ਦੇ ਯੋਗ ਬਣਾ ਦਿੱਤਾ। ਗੌਰੀ ਮਹੇਸ਼ਵਰੀ 100 ਤੋਂ ਜ਼ਿਆਦਾ ਡਿਜ਼ਾਈਨਾਂ ’ਚ ਕੈਲੀਗ੍ਰਾਫੀ ਕਰਦੀ ਹੈ। ਖ਼ੁਦ ਕੈਲੀਗ੍ਰਾਫੀ ਕਰਨ ਦੇ ਨਾਲ-ਨਾਲ ਉਹ 700 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਇਹ ਹੁਨਰ ਸਿਖਾ ਚੁੱਕੀ ਹੈ। ਇਹ ਹੁਨਰ ਸਿਖਾਉਣ ਤੋਂ ਹੋਣ ਵਾਲੀ ਆਮਦਨ ਨੂੰ ਉਹ ਸਮਾਜ ਸੇਵਾ ਦੇ ਕਾਰਜਾਂ ’ਚ ਲਗਾ ਦਿੰਦੀ ਹੈ।

11. ਸਮਾਜ ਦੀਆਂ ਜ਼ਰੂਰਤਾਂ ਸਮਝਣ ਵਾਲਾ ਆਕਰਸ਼

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦਾ 16 ਸਾਲਾ ਆਕਰਸ਼ ਕੌਸ਼ਲ ਵੀ ਛੋਟੀ ਉਮਰੇ ਹੀ ਸਮਾਜ ਦੀਆਂ ਜ਼ਰੂਰਤਾਂ ਨੂੰ ਸਮਝਣ ਦੀ ਸਮਰੱਥਾ ਰੱਖਦਾ ਹੈ। ਕੋਰੋਨਾ ਮਹਾਮਾਰੀ ਦੌਰਾਨ ਕੋਰੋਨਾ ਟੈਸਟ ਕਰਵਾਉਣ, ਫਿਰ ਰਿਪੋਰਟਾਂ ਪ੍ਰਾਪਤ ਕਰਨ ਸਮੇਤ ਹਸਪਤਾਲਾਂ ’ਚ ਬੈੱਡਾਂ ਦੀ ਉਪਲੱਬਧਤਾ ਅਤੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਆਕਰਸ਼ ਨੇ ਆਨਲਾਈਨ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੋਰਟਲ ਦਾ ਨਿਰਮਾਣ ਕੀਤਾ। ਆਕਰਸ਼ ਭਵਿੱਖ ’ਚ ਕੰਪਿਊਟਰ ਖੇਤਰ ਦੀ ਉੱਚ ਸਿੱਖਿਆ ਪ੍ਰਾਪਤ ਕਰ ਕੇ ਸਮਾਜ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਚਾਹਵਾਨ ਹੈ। ਕੋਰੋਨਾ ਮਹਾਮਾਰੀ ਦੌਰਾਨ ਆਕਰਸ਼ ਦਾ ਇਹ ਕਾਰਜ ਕਾਬਿਲੇ ਤਾਰੀਫ਼ ਹੈ।

- ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi