ਕਿਰਤ ਕਰੋ, ਨਾਮ ਜਪੋ, ਵੰਡ ਛਕੋ”ਇਹ ਤਿੰਨ ਮੁੱਖ ਸਿਧਾਂਤ ਅਸੀਂ ਆਪਣੇ ਜੀਵਨ ਦੌਰਾਨ ਬਹੁਤ ਵਾਰ ਉਚਾਰੇ ਹੋਣਗੇ ਤੇ ਉਸ ਤੋਂ ਵੀ ਵੱਧ ਗ੍ਰਹਿਣ ਕੀਤੇ ਹੋਣਗੇ ਪਰ ਅਸੀਂ ਇਨ੍ਹਾਂ 'ਤੇ ਕਿੰਨਾ ਕੁ ਪਹਿਰਾ ਦਿੱਤਾ ਹੈ, ਦਿੰਦੇ ਹਾਂ ਜਾਂ ਦੇਣ ਦੀ ਲੋੜ ਹੈ? ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਅਮੁੱਲੇ ਗਿਆਨ ਤੋਂ ਅਸੀਂ ਬਹੁਤ ਹੱਦ ਤਕ ਬਾਗ਼ੀ ਹੋ ਚੁੱਕੇ ਹਾਂ। ਇਹ ਸਿਧਾਂਤ ਗੁਰੂ ਨਾਨਕ ਦੇਵ ਜੀ ਨੇ ਸਾਰੀ ਜ਼ਿੰਦਗੀ ਆਪਣੇ ਲੜ ਲਾ ਕੇ ਅਣਗਿਣਤ ਲੋਕਾਂ ਨੂੰ ਵਹਿਮਾਂ-ਭਰਮਾਂ, ਕਰਾਮਾਤ, ਖੋਖਲੇ ਰਿਵਾਜ਼ਾਂ ਤੇ ਆਲਸ ਵਰਗੀਆਂ ਬਿਮਾਰੀਆਂ ਤੋਂ ਮੁਕਤ ਕੀਤਾ।

ਅੱਜ ਇਹ ਸਿਧਾਂਤ ਸੁਣਨ-ਪੜ੍ਹਨ ਨੂੰ ਤਾਂ ਕਈ ਥਾਈਂ ਮਿਲ ਜਾਣਗੇ ਪਰ ਇਨ੍ਹਾਂ 'ਤੇ ਪਹਿਰਾ ਦੇਣ ਵਾਲਾ ਇਨਸਾਨ ਕੋਈ ਟਾਵਾਂ ਹੀ ਮਿਲਦਾ ਹੈ। 'ਕਿਰਤ ਕਰੋ'”ਰਾਹੀਂ ਗੁਰੂ ਨਾਨਕ ਦੇਵ ਜੀ ਨੇ ਇਸ ਸਿਧਾਂਤ 'ਚ ਆਪਣੇ ਖ਼ੂਨ ਪਸੀਨੇ ਦੀ ਕਮਾਈ ਕਰਨ ਲਈ ਉਪਦੇਸ਼ ਦਿੱਤਾ ਹੈ। ਇਨਸਾਨ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਲਈ ਆਖਿਆ ਹੈ ਤੇ ਭਗੌੜੇ ਹੋਣ ਤੋਂ ਵਰਜਿਆ ਹੈ। ਕਿਰਤ ਦਾ ਮਤਲਬ ਇਹ ਨਹੀਂ ਕਿ ਅਸੀਂ ਸਿਰਫ਼ ਖ਼ੁਦ ਦੇ ਸੁਆਰਥ ਲਈ ਦੂਜਿਆਂ ਦੇ ਖ਼ੂਨ ਨਾਲ ਲੱਥਪੱਥ ਹੱਥ ਉੱਪਰ ਬਨਾਵਟੀ ਦਾਨ ਪੁੰਨ ਦਾ ਰੰਗ ਚਾੜ੍ਹ ਲਈਏ ਤੇ ਜ਼ਮਾਨੇ 'ਚ ਖ਼ੁਦ ਨੂੰ ਗੁਰੂ ਮਤ ਨਾਲ ਜੁੜਿਆ ਹੋਇਆ ਪੇਸ਼ ਕਰੀਏ। ਇਨ੍ਹਾਂ ਸਿਆਣਪਾਂ ਨਾਲ ਅਸੀਂ ਦੁਨੀਆ ਅੱਗੇ ਚਾਹੇ ਲੱਖ ਚੰਗੇ ਬਣ ਜਾਈਏ ਪਰ ਅਕਾਲ ਪੁਰਖ ਦੀ ਨਿਗ੍ਹਾ 'ਚ ਸਾਨੂੰ ਸ਼ਰਮਿੰਦਾ ਹੋਣਾ ਪਵੇਗਾ। ਆਪਣੇ ਟੱਬਰ, ਭਾਈਚਾਰੇ ਤੇ ਸਮਾਜ ਦੇ ਕੰਮ ਆਉਣਾ ਹੀ ਅਸਲੀ ਕਿਰਤ ਹੈ।

'ਨਾਮ ਜਪੋ' ਰਾਹੀਂ” ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰਬਾਣੀ ਦੇ ਗਿਆਨ ਨਾਲ ਜੜਨ ਤੇ ਆਪਣੇ ਜੀਵਨ 'ਚ ਅਪਨਾਉਣ ਦਾ ਉਪਦੇਸ਼ ਦਿੱਤਾ ਹੈ। ਅਸੀਂ ਗੁਰਬਾਣੀ ਦੇ ਗਿਆਨ ਨਾਲ ਜੁੜਾਂਗੇ ਤਾਂ ਹੀ ਅਸੀਂ ਭੀੜ 'ਚੋਂ ਅਲੱਗ ਹੋ ਸਕਾਂਗੇ ਤੇ ਆਪਣਾ ਜੀਵਨ ਸੁਖੀ ਹੋ ਕੇ ਬਤੀਤ ਕਰ ਸਕਦੇ ਹਾਂ। ਸਾਨੂੰ ਸਿਰਫ਼ ਇਕ ਅਕਾਲ ਪੁਰਖ ਨੂੰ ਮੰਨਣ ਦਾ ਉਪਦੇਸ਼ ਦਿੱਤਾ ਹੈ, ਨਾ ਕਿ ਕਿਸੇ ਵੀ ਦੇਹਧਾਰੀ ਨੂੰ।ਪਰ ਅੱਜ ਅਸੀਂ ਗੁਰਬਾਣੀ ਤੋਂ ਕੋਹਾਂ ਦੂਰ ਹੋ ਚੁੱਕੇ ਹਾਂ ਤੇ ਜਿਸ ਦਲਦਲ ਵਿਚੋਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੱਢਿਆ ਸੀ, ਅਸੀਂ ਫਿਰ ਉਸ 'ਚ ਇੰਨੇ ਬੁਰੇ ਫਸ ਗਏ ਹਾਂ, ਜਿਸ 'ਚੋਂ ਸਿਰਫ਼ ਗੁਰਬਾਣੀ ਦੀ ਵਿਚਾਰਧਾਰਾ ਨਾਲ ਹੀ ਬਾਹਰ ਨਿਕਲਿਆ ਜਾ ਸਕਦਾ ਹੈ। ਗਿਆਨ ਗੁਰਬਾਣੀ 'ਚ ਹੈ ਤੇ ਗਿਆਨ ਬਿਨਾਂ ਜੀਵਨ ਦੀ ਹੋਂਦ ਹੀ ਨਹੀਂ।ਹੈ। ਸਾਨੂੰ ਲੋੜ ਹੈ ਗੁਰਬਾਣੀ ਨਾਲ ਜੁੜਨ ਦੀ ਤੇ ਆਪਣੇ ਵਿਕਾਰਾਂ ਦੀ ਕੈਦ ਤੋਂ ਆਜ਼ਾਦ ਹੋਣ ਦੀ।

'ਵੰਡ ਛਕੋ', ਵੰਡ ਛਕਣ ਦਾ ਮਤਲਬ ਇਹ ਨਹੀਂ ਕਿ ਅਸੀਂ ਗੁਰਦੁਆਰਿਆਂ 'ਚ ਲੰਗਰ ਲਾ ਕੇ ਲੋਕ ਦਿਖਾਵਾ ਕਰਨਾ ਤੇ ਰੱਜਿਆਂ ਨੂੰ ਰਜਾਉਣ 'ਚ ਰੁੱਝੇ ਰਹਿਣਾ। ਇਸ ਦਾ ਮਤਲਬ ਹੈ ਹਰ ਲੋੜਵੰਦ ਨੂੰ ਅੰਨ ਦੀ ਪ੍ਰਸਤੁਤੀ ਕੀਤੀ ਜਾਵੇ। ਸਾਨੂੰ ਵੀ ਲੋੜ ਹੈ ਆਪਣੀ ਜ਼ਰੂਰਤ ਅਨੁਸਾਰ ਅੰਨ ਨੂੰ ਗ੍ਰਹਿਣ ਕਰੀਏ, ਨਾ ਕਿ ਉਸ ਨੂੰ ਅਜ਼ਾਈਂ ਗਵਾਇਆ ਜਾਵੇ। ਆਪਣੀ ਕਿਰਤ ਤੇ ਮਿਹਨਤ ਦੀ ਕਮਾਈ ਨਾਲ ਕਿਸੇ ਗ਼ਰੀਬ ਦੀ ਮਦਦ ਕਰਨਾ ਹੀ ਅਸਲੀ ਵੰਡ ਹੈ, ਨਾ ਕਿ ਮੂਰਤੀਆਂ ਦੇ ਮੂੰਹ 'ਚ ਅੰਨ ਰੱਖ ਕੇ ਅੰਨ ਦਾ ਅਪਮਾਨ ਕੀਤਾ ਜਾਵੇ। ਸਾਨੂੰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਪੜ੍ਹਨ ਨਾਲ ਸਮਝਣ ਤੇ ਅਪਨਾਉਣ ਦੀ ਵੀ ਲੋੜ ਹੈ, ਤਾਂ ਜੋ ਅਸੀਂ ਆਪਣੀ ਜ਼ਿੰਦਗੀ ਦੇ ਅਸਲ ਮਕਸਦ ਤੋਂ ਜਾਣੂ ਹੋ ਸਕੀਏ।

- ਬਬਲੂ, 12ਵੀਂ

ਲਾਇਲਪੁਰ ਖ਼ਾਲਸਾ ਸਕੂਲ, ਜਲੰਧਰ।

Posted By: Harjinder Sodhi