ਪਿਆਰੇ ਵਿਦਿਆਰਥੀਓ! ਕਿਸੇ ਵੀ ਸੰਸਥਾ ਦੀ ਰੌਣਕ ਤੁਹਾਡੇ ਨਾਲ ਹੀ ਹੁੰਦੀ ਹੈ, ਚਾਹੇ ਉਹ ਸਕੂਲ ਹੋਵੇ ਜਾਂ ਕਾਲਜ। ਵਿਦਿਆਰਥੀਆਂ ਤੋਂ ਸੱਖਣੇ ਸਕੂਲ-ਕਾਲਜ ਇਸ ਤਰ੍ਹਾਂ ਹੁੰਦੇ, ਜਿਵੇਂ ਖੰਭਾਂ ਤੋਂ ਬਿਨਾਂ ਪੰਛੀ। ਜਿਵੇਂ ਖੰਭਾਂ ਤੋਂ ਬਿਨਾਂ ਪੰਛੀ ਉਡਾਰੀ ਨਹੀਂ ਭਰ ਸਕਦੇ, ਉਸੇ ਤਰ੍ਹਾਂ ਤੁਹਾਡੇ ਤੋਂ ਬਿਨਾਂ ਵਿੱਦਿਅਕ ਸੰਸਥਾਵਾਂ ਉਡਾਰੀ ਨਹੀਂ ਭਰ ਸਕਦੀਆਂ। ਤੁਸੀਂ ਸਕੂਲਾਂ-ਕਾਲਜਾਂ ਦੀਆਂ ਨੀਂਹਾਂ ਹੋ, ਜਿਨ੍ਹਾਂ ’ਤੇ ਸਮਾਜ ਨੇ ਆਪਣੇ ਮਹਿਲ ਉਸਾਰਨੇ ਹੁੰਦੇ ਹਨ। ਜਿੰਨੀ ਮਜ਼ਬੂਤ ਨੀਂਹ ਹੋਵੇਗੀ, ਓਨੀ ਹੀ ਵੱਡੀ ਸੁੰਦਰ ਇਮਾਰਤ ਉਸ ’ਤੇ ਤਿਆਰ ਹੋ ਸਕੇਗੀ। ਸਕੂਲ-ਕਾਲਜ ਉਹ ਪਵਿੱਤਰ ਸਥਾਨ ਹਨ, ਜਿੱਥੇ ਅਧਿਆਪਕ ਤੁਹਾਨੂੰ ਵਿੱਦਿਆਂ ਦਾ ਗਿਆਨ ਦੇ ਕੇ ਸੁਰਖਰੂ ਹੁੰਦੇ ਹਨ।

ਅਧਿਆਪਕ ਤੁਹਾਨੂੰ ਗਿਆਨ ਦਾ ਪ੍ਰਸਾਦ ਦਿੰਦਾ ਹੈ ਪਰ ਇਹ ਪ੍ਰਸਾਦ ਤੁਸੀਂ ਕਿਵੇਂ ਖਾਣਾ ਹੈ, ਇਹ ਤੁਹਾਡੇ ਆਪਣੇ ’ਤੇ ਨਿਰਭਰ ਕਰਦਾ ਹੈ। ਜਿਸ ਦੀ ਜਿੰਨੀ ਪੜ੍ਹਾਈ ’ਚ ਸ਼ਰਧਾ ਹੁੰਦੀ, ਉਹ ਓਨਾ ਪ੍ਰਸਾਦ ਲੈ ਜਾਂਦਾ। ਇਹ ਉਹ ਪ੍ਰਸਾਦ ਹੁੰਦਾ, ਜਿਸ ਨੇ ਸਾਰੀ ਉਮਰ ਤੁਹਾਡੀ ਜ਼ਿੰਦਗੀ ਨੂੰ ਸੁਆਦੀ ਬਣਾਉਣਾ ਹੁੰਦਾ ਹੈ। ਵਿੱਦਿਆ ਦਾ ਪ੍ਰਸਾਦ ਕਦੇ ਖ਼ਤਮ ਨਹੀਂ ਹੁੰਦਾ, ਇਹ ਸਾਰੀ ਉਮਰ ਤੁਹਾਡੇ ਕੰਮ ਆਉਂਦਾ ਹੈ। ਪੜ੍ਹਾਈ ਤੋਂ ਬਿਨਾਂ ਜੀਵਨ ਕੋਰਾ ਕਾਗਜ਼ ਹੁੰਦਾ ਹੈ ਤੇ ਕੋਰੇ ਕਾਗਜ਼ ’ਤੇ ਵਕਤ ਝਰੀਟਾਂ ਵੀ ਮਾਰ ਸਕਦਾ। ਉਸ ਨੂੰ ਦਾਗ਼ੀ ਵੀ ਕਰ ਸਕਦਾ ਕਿਉਂਕਿ ਕੋਰੇ ਕਾਗਜ਼ ਦਾ ਆਪਣਾ ਕੋਈ ਵਜ਼ੂਦ ਨਹੀਂ ਹੁੰਦਾ। ਜੇ ਕਾਗਜ਼ ’ਤੇ ਕੁਝ ਲਿਖਿਆ ਹੋਵੇ, ਕੋਈ ਅੱਖ਼ਰ ਵਾਹਿਆ ਹੋਵੇ ਤਾਂ ਉਹੀ ਕਾਗਜ਼ ਸਾਂਭ-ਸਾਂਭ ਕੇ ਰੱਖਦੇ ਹਾਂ। ਲਿਖੇ ਹੋਏ ਕਾਗਜ਼ ਸਾਡੇ ਵਹੀ ਖਾਤਿਆਂ, ਫਾਈਲਾਂ ਦੇ ਨਾਲ-ਨਾਲ ਚੇਤਿਆਂ ’ਚ ਵੀ ਸੇਵ ਕੀਤੇ ਹੁੰਦੇ ਹਨ। ਇਸੇ ਤਰ੍ਹਾਂ ਤੁਹਾਡਾ ਪੜ੍ਹਿਆ-ਲਿਖਿਆ ਹੋਣਾ ਹੀ ਤੁਹਾਨੂੰ ਸੰਭਾਲ ਸਕਦਾ, ਨਹੀਂ ਤਾਂ ਜਿਵੇਂ ਕੋਰੇ ਕਾਗਜ਼ ਦਾ ਕੋਈ ਵਜ਼ੂਦ ਨਹੀਂ, ਉਸੇ ਤਰ੍ਹਾਂ ਅਨਪੜ੍ਹਤਾ ਦਾ ਵੀ ਕੋਈ ਵਜ਼ੂਦ ਨਹੀਂ ਬਚਦਾ, ਖ਼ਾਸ ਕਰਕੇ ਹੁਣ ਦੇ ਜ਼ਮਾਨੇ ’ਚ। ਪੜ੍ਹ ਕੇ, ਵਿਚਾਰ ਕੇ ਨਾ ਸਿਰਫ਼ ਤੁਹਾਡਾ ਜੀਵਨ ਸੁਖਾਲਾ ਹੁੰਦਾ ਸਗੋਂ ਤੁਹਾਡੇ ਪਰਿਵਾਰ ਦਾ ਭਵਿੱਖ ਵੀ ਸੰਵਰ ਜਾਂਦਾ ਹੈ।

ਕੇਰਲਾ ਨਿਵਾਸੀਆਂ ਦੀ ਇਕ ਇੰਟਰਵਿਊ ਸੁਣੀ, ਜਿਸ ’ਚ ਉਥੋਂ ਦਾ ਵਸਨੀਕ ਦੱਸਦਾ ਕਿ ਇੱਥੇ ਹਰ ਘਰ ’ਚ ਹਰ ਮੈਂਬਰ ਦੀ ਲਾਇਬੇ੍ਰਰੀ ਹੈ। ਉਨ੍ਹਾਂ ਦੇ ਘਰ ਕਿਤਾਬਾਂ ਨਾਲ ਭਰੇ ਪਏ ਹਨ। ਵਿਸ਼ਵ ਦਾ ਸਾਰਾ ਸਾਹਿਤ ਉਨ੍ਹਾਂ ਦੇ ਘਰ-ਘਰ ਪਿਆ। ਪੜ੍ਹਨ ਦੀ ਲਗਨ ਕਰਕੇ ਉਹ ਸਾਡੇ ਤੋਂ ਹਰ ਖੇਤਰ ’ਚ ਅੱਗੇ ਹਨ। ਪਿਆਰੇ ਵਿਦਿਆਰਥੀਓ! ਤੁਸੀਂ ਜਿੰਨਾ ਪੜੋ੍ਹਗੇ, ਓਨਾ ਹੀ ਸੁਲਝੋਗੇ। ਇਹ ਕਦੇ ਨਾ ਸੋਚੋ ਕਿ ਨੌਕਰੀ ਤਾਂ ਮਿਲਦੀ ਨਹੀਂ, ਫਿਰ ਪੜ੍ਹ ਕੇ ਕੀ ਲੈਣਾ। ਨੌਕਰੀ ਲਈ ਨਹੀਂ, ਅਸੀਂ ਆਪਣੇ ਮਨ ਦੀ ਧਰਤੀ ’ਤੇ ਗਿਆਨ ਦੀਆਂ ਫ਼ਸਲਾਂ ਬੀਜਣ ਲਈ ਪੜ੍ਹਨਾ ਹੈ। ਪੜ੍ਹਾਈ ਤੋਂ ਬਿਨਾਂ ਰੂਹ ਦੀ ਧਰਤੀ ਬੰਜਰ ਰਹਿ ਜਾਵੇਗੀ। ਅਸੀਂ ਤਾਂ ਮਨ-ਮਸਤਕ ’ਚ ਗਿਆਨ ਦੇ ਦੀਵੇ ਬਾਲਣੇ ਹਨ। ਇਨ੍ਹਾਂ ਦੀ ਰੋਸ਼ਨੀ ਨਾਲ ਖ਼ੁਦ ਨੂੰ ਰੁਸ਼ਨਾਉਣਾ ਹੈ। ਆਓ ਫਿਰ ਕਿਤਾਬਾਂ ਚੁੱਕੀਏ, ਵਿਦਿਆਰਥੀਆਂ ਦੇ ਹੱਥਾਂ ’ਚ ਕਿਤਾਬਾਂ ਹੀ ਸੋਹਣੀਆਂ ਲਗਦੀਆਂ।

- ਰਮਨਪ੍ਰੀਤ ਢੁੱਡੀਕੇ

Posted By: Harjinder Sodhi