ਕਿਤਾਬਾਂ ਗਿਆਨ ਦਾ ਭੰਡਾਰ ਹੀ ਨਹੀਂ ਹੁੰਦੀਆਂ ਸਗੋਂ ਜੀਵਨ ਨੂੰ ਸਹੀ ਸੇਧ ਦੇਣ ਵਾਲੀਆਂ ਮਾਰਗ ਦਰਸ਼ਕ ਵੀ ਹੁੰਦੀਆਂ ਹਨ। ਦੁਨੀਆ ਦੀ ਸ਼ਾਇਦ ਹੀ ਕੋਈ ਅਜਿਹੀ ਸਮੱਸਿਆ ਹੋਵੇ, ਜਿਸ ਦਾ ਹੱਲ ਕਿਤਾਬਾਂ ਵਿੱਚੋਂ ਨਾ ਲੱਭੇ। ਜੋ ਲੋਕ ਕਿਤਾਬਾਂ ਪੜ੍ਹਦੇ ਤੇ ਵਿਚਾਰਦੇ ਹਨ, ਉਹ ਹਮੇਸ਼ਾ ਮਨੁੱਖੀ ਭਾਵਾਂ ਤੇ ਸੰਵੇਦਨਾਵਾਂ ਨਾਲ ਭਰੇ ਰਹਿੰਦੇ ਹਨ। ਕਿਤਾਬਾਂ ਨਾਲ ਪਿਆਰ ਕਰਨ ਵਾਲੇ ਜ਼ਿੰਦਗੀ ਤੇ ਮਨੁੱਖਤਾ ਨਾਲ ਵੀ ਪਿਆਰ ਕਰਨਾ ਸਿੱਖ ਜਾਂਦੇ ਹਨ।

ਕਿਤਾਬਾਂ ਦੀ ਮਹਾਨਤਾ ਬਾਰੇ ਨਹੀਂ ਹੈ ਜਾਣਕਾਰੀ

ਅੱਜ ਦਾ ਨੌਜਵਾਨ ਕਿਤਾਬ ਦਾ ਅਰਥ ਪਾਠ-ਪੁਸਤਕ ਹੀ ਸਮਝਦਾ ਹੈ। ਸਕੂਲਾਂ-ਕਾਲਜਾਂ ’ਚ ਲਾਇਬ੍ਰੇਰੀਆਂ ਜ਼ਰੂਰ ਹਨ ਪਰ ਉਨ੍ਹਾਂ ’ਚ ਜਾਣ ਲਈ ਵਿਦਿਆਰਥੀਆਂ ਕੋਲ ਸਮਾਂ ਨਹੀਂ ਹੈ। ਕਲਾਸ ’ਚ ਵਿਸ਼ਿਆਂ ਦੇ ਪੀਰੀਅਡ ਜ਼ਰੂਰ ਹੁੰਦੇ ਹਨ ਪਰ ਲਾਇਬ੍ਰੇਰੀ ਦਾ ਪੀਰੀਅਡ ਸਮਾਂ-ਸਾਰਨੀ ’ਚੋਂ ਲੋਪ ਹੁੰਦਾ ਜਾ ਰਿਹਾ ਹੈ। ਅਧਿਆਪਕ ਵੀ ਬੱਚਿਆਂ ਨੂੰ ਕਿਤਾਬਾਂ ਜਾਂ ਸਾਹਿਤ ਪੜ੍ਹਨ ਸਬੰਧੀ ਜਾਣਕਾਰੀ ਨਹੀਂ ਦਿੰਦੇ। ਇਹੀ ਕਾਰਨ ਹੈ ਕਿ ਇੰਟਰਨੈੱਟ ਦੇ ਇਸ ਯੁੱਗ ’ਚ ਅਸੀਂ ਕਿਤਾਬਾਂ ਭੁੱਲ ਗਏ ਹਾਂ। ਇਸ ਸੰਚਾਰ ਕ੍ਰਾਂਤੀ ਦੇ ਯੁੱਗ ’ਚ ਪੜ੍ਹਨ ਦਾ ਮਤਲਬ ਸਿਰਫ਼ ਇੰਟਰਨੈੱਟ ਹੀ ਰਹਿ ਗਿਆ ਹੈ। ਵਿਦਿਆਰਥੀ ਤੇ ਨੌਜਵਾਨ ਚੌਵੀ ਘੰਟੇ ਹੱਥ ’ਚ ਮੋਬਾਈਲ ਫੜ ਕੇ ਚੈਟ ਕਰਦੇ ਮਿਲ ਜਾਣਗੇ। ਉਹ ਕਿਤਾਬਾਂ ਤੋਂ ਪਰਹੇਜ਼ ਕਰਨ ਲੱਗੇ ਹਨ ਪਰ ਮੋਬਾਈਲ ਨੂੰ ਚਾਰਜ ਕਰਨਾ ਬਿਲਕੁਲ ਵੀ ਨਹੀਂ ਭੁੱਲਦੇ। ਉਨ੍ਹਾਂ ਨੂੰ ਘਰ ਜਾਂ ਬਾਹਰ ਦੱਸਣ ਵਾਲਾ ਕੋਈ ਨਹੀਂ ਹੈ ਕਿ ਕਿਤਾਬਾਂ ਦੀ ਵੀ ਆਪਣੀ ਦੁਨੀਆ ਹੈ। ਟੀਵੀ ਦੇ ਪ੍ਰੋਗਰਾਮਾਂ ਬਾਰੇ ਤਾਂ ਲਗਪਗ ਸਾਰੇ ਨੌਜਵਾਨ ਤੇ ਵਿਦਿਆਰਥੀ ਜਾਣਦੇ ਹਨ ਪਰ ਉਨ੍ਹਾਂ ਨੂੰ ਕਿਤਾਬਾਂ ਦੀ ਮਹਾਨਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਬੱਚਿਆਂ ’ਤੇ ਹਾਵੀ ਹੈ ਇੰਟਰਨੈੱਟ

ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਕਿਤਾਬਾਂ ਕੱਲ੍ਹ ਦੀ ਗੱਲ ਹੋ ਗਈਆਂ ਹਨ। ਅੱਜ ਇੰਟਰਨੈੱਟ ਬੱਚਿਆਂ ’ਤੇ ਹਾਵੀ ਹੈ। ਅੱਜ ਦਾ ਨੌਜਵਾਨ ਕਿਸੇ ਪੁਰਾਣੇ ਤੇ ਨਾਮੀ ਲੇਖਕ ਨੂੰ ਨਹੀਂ ਜਾਣਦਾ। ਇਸ ਦਾ ਇੱਕੋ ਇਕ ਕਾਰਨ ਸਾਡੀ ਸਿੱਖਿਆ ਪ੍ਰਣਾਲੀ ਹੈ। ਵਿਦਿਆਰਥੀਆਂ ਲਈ ਪਾਠ-ਪੁਸਤਕਾਂ ਜਾਂ ਕੋਚਿੰਗ ਦੀਆਂ ਕਿਤਾਬਾਂ ਹੀ ਸਭ ਕੁਝ ਹਨ। ਕਿਤਾਬਾਂ ਹੁਣ ਸਿਰਫ਼ ਲਾਇਬ੍ਰੇਰੀਆਂ ਦੀ ਸ਼ੋਭਾ ਵਧਾ ਰਹੀਆਂ ਹਨ। ਚਿੰਤਾ ਦੀ ਗੱਲ ਇਹ ਹੈ ਕਿ ਕਿਵੇਂ ਕਿਤਾਬਾਂ ਲਾਇਬ੍ਰੇਰੀ ’ਚੋਂ ਬਾਹਰ ਨਿਕਲਣ ਤੇ ਨੌਜਵਾਨ ਪੀੜ੍ਹੀ ਦਾ ਇਨ੍ਹਾਂ ਪ੍ਰਤੀ ਲਗਾਅ ਤੇ ਰੁਝਾਨ ਵਧੇ, ਇਹੋ ਵਿਚਾਰ ਕਰਨ ਵਾਲੀ ਗੱਲ ਹੈ।

ਜੇ ਸੱਚੀ ਦੋਸਤੀ ਚਾਹੀਦੀ ਹੈ ਤਾਂ ਕਿਤਾਬਾਂ ਨੂੰ ਦੋਸਤ ਬਣਾਓ ਕਿਉਂਕਿ ਕਿਤਾਬਾਂ ਕਦੇ ਦਗ਼ਾ ਨਹੀਂ ਕਰਦੀਆਂ ਤੇ ਨਾ ਹੀ ਝੂਠ ਦੇ ਰਾਹ ’ਤੇ ਚੱਲਦੀਆਂ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਇੰਟਰਨੈੱਟ ਦੇ ਯੁੱਗ ’ਚ ਮਨੁੱਖ ਕਿਤਾਬਾਂ ਤੋਂ ਬਹੁਤ ਦੂਰ ਹੋ ਗਿਆ ਹੈ। ਇਸੇ ਗੱਲ ’ਤੇ ਚਾਨਣ ਪਾਉਂਦਿਆਂ ਮਨੁੱਖ ਦੇ ਦਿਲ ਅੰਦਰ ਕਿਤਾਬਾਂ ਪ੍ਰਤੀ ਅਲਖ ਜਗਾਉਣ ਦੀ ਲੋੜ ਹੈ ਕਿ ਕਿਤਾਬਾਂ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ’ਚ ਅਹਿਮ ਰੋਲ ਅਦਾ ਕਰਦੀਆਂ ਹਨ ਤੇ ਹਮੇਸ਼ਾ ਸਾਡੇ ਨਾਲ ਸੱਚੇ ਦੋਸਤ ਵਾਂਗ ਰਹਿੰਦੀਆਂ ਹਨ। ਸਿਰਫ਼ ਸ਼ਰਤ ਇਹੋ ਹੈ ਕਿ ਸਾਡੇ ਅੰਦਰ ਪੜ੍ਹਨ ਤੇ ਸਿੱਖਣ ਦਾ ਜਜ਼ਬਾ ਹੋਵੇ।

ਚੰਗੀਆਂ ਦੋਸਤ ਹਨ ਕਿਤਾਬਾਂ

ਕਿਤਾਬਾਂ ਚੰਗੇ ਦੋਸਤ ਵਰਗੀਆਂ ਹੁੰਦੀਆਂ ਹਨ, ਜੋ ਹਮੇਸ਼ਾ ਸਾਡੇ ਮਨੋਬਲ ਨੂੰ ਵਧਾਈ ਰੱਖਦੀਆਂ ਹਨ। ਅੱਜ ਦੁਨੀਆ ਭਰ ’ਚ ਸਾਨੂੰ ਜੀਵਨ ਦੇ ਹਰ ਪਹਿਲੂ ਨਾਲ ਸਬੰਧਤ ਕਿਤਾਬ ਮਿਲ ਜਾਂਦੀ ਹੈ। ਕਿਤਾਬਾਂ ਜਿੱਥੇ ਸਾਡੇ ਗਿਆਨ ’ਚ ਵਾਧਾ ਕਰਦੀਆਂ ਹਨ, ਉੱਥੇ ਹੀ ਸਾਡੀ ਬੌਧਿਕਤਾ ਦਾ ਵੀ ਵਿਕਾਸ ਕਰਦੀਆਂ ਹਨ। ਕਿਤਾਬਾਂ ਸਾਨੂੰ ਮਨੋਰੰਜਨ ਦੇ ਨਾਲ-ਨਾਲ ਆਤਮਿਕ ਸ਼ਾਂਤੀ ਤੇ ਮਨ ਦੀ ਸਥਿਰਤਾ ਵੀ ਪ੍ਰਦਾਨ ਕਰਦੀਆਂ ਹਨ। ਜਿਸ ਵਿਅਕਤੀ ਦਾ ਮਨ ਡਾਵਾਂਡੋਲ ਰਹਿੰਦਾ ਹੈ, ਉਹ ਕਦੇ ਜੀਵਨ ’ਚ ਤਰੱਕੀ ਨਹੀਂ ਕਰ ਸਕਦਾ। ਇਸ ਲਈ ਜਿਵੇਂ-ਜਿਵੇਂ ਅਸੀਂ ਚੰਗੀਆਂ ਤੇ ਪ੍ਰੇਰਨਾ ਭਰਪੂਰ ਕਿਤਾਬਾਂ ਪੜ੍ਹਦੇ ਹਾਂ, ਤਾਂ ਹੌਲੀ-ਹੌਲੀ ਮਨ ਦੀ ਅਡੋਲ ਪ੍ਰਵਿਰਤੀ ਨੂੰ ਹਾਸਿਲ ਕਰ ਲੈਂਦੇ ਹਾਂ।

ਪੜ੍ਹਨ ਲਈ ਕਰੋ ਪ੍ਰੇਰਿਤ

ਕਿਤਾਬਾਂ ਨਾਲ ਜੁੜੇ ਰਹਿਣ ਨਾਲ ਇਨਸਾਨ ’ਚ ਮਾਨਵੀ ਕਦਰਾਂ-ਕੀਮਤਾਂ ਤੇ ਸੰਵੇਦਨਾਵਾਂ ਕਦੇ ਨਹੀਂ ਮਰਦੀਆਂ। ਬੜੇ ਦੁੱਖ ਦੀ ਗੱਲ ਹੈ ਕਿ ਇੰਟਰਨੈੱਟ ਤੇ ਮੋਬਾਈਲਾਂ ਦੇ ਅਜੋਕੇ ਦੌਰ ’ਚ ਪੁਸਤਕ ਪ੍ਰੇਮੀਆਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਗਈ ਹੈ। ਕਿਤਾਬਾਂ ਸਿਰਫ਼ ਸਕੂਲਾਂ-ਕਾਲਜਾਂ ਦੇ ਸਿਲੇਬਸਾਂ ਤਕ ਸੀਮਤ ਰਹਿ ਗਈਆਂ ਹਨ। ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ ’ਚ ਅਲਮਾਰੀਆਂ ਦੀ ਸ਼ਾਨ ਬਣ ਕੇ ਰਹਿ ਗਈਆਂ ਕਿਤਾਬਾਂ ਪਾਠਕਾਂ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ। ਹੁਣ ਕਿਤਾਬਾਂ ਤੋਹਫ਼ੇ ਵਜੋਂ ਦੇਣ ਦੀ ਰਵਾਇਤ ਵੀ ਖ਼ਤਮ ਜਿਹੀ ਹੋ ਗਈ ਹੈ। ਬੱਚਿਆਂ ਨੂੰ ਮਾਪੇ ਮਹਿੰਗੇ-ਮਹਿੰਗੇ ਮੋਬਾਈਲ ਤਾਂ ਲੈ ਦਿੰਦੇ ਨੇ ਪਰ ਸ਼ਾਇਦ ਕੋਈ ਵਿਰਲੇ ਹੀ ਮਾਪੇ ਹਨ, ਜੋ ਆਪਣੇ ਬੱਚਿਆਂ ਨੂੰ ਕਿਤਾਬਾਂ ਦਾ ਅਨਮੋਲ ਤੋਹਫ਼ਾ ਦਿੰਦੇ ਹੀ ਨਹੀਂ ਸਗੋਂ ਪੜ੍ਹਨ ਲਈ ਪ੍ਰੇਰਿਤ ਵੀ ਕਰਦੇ ਹਨ।

- ਪ੍ਰੇਮ ਸਰੂਪ ਛਾਜਲੀ

Posted By: Harjinder Sodhi