ਸਲੀਕੇ ਦੇ ਗੁਣ ਬਚਪਨ ’ਚ ਹੀ ਸਿੱਖੇ ਜਾਂਦੇ ਹਨ। ਇਸ ਨੀਂਹ ਦੇ ਆਧਾਰ ’ਤੇ ਹੀ ਜ਼ਿੰਦਗੀ ’ਚ ਅਨੁਸ਼ਾਸਨ ਤੇ ਸਦਾਚਾਰਕ ਗੁਣਾਂ ਦਾ ਮਹਿਲ ਉਸਾਰਿਆ ਜਾਂਦਾ ਹੈ। ਇਹ ਗੁਣ ਤਾਂ ਮਾਪੇ ਸਿਖਾਉਂਦੇ ਹਨ। ਬਚਪਨ ਦੇ ਦਿਨਾਂ ’ਚ ਬੱਚੇ ਦਾ ਸੁਭਾਅ ਇਸ ਦੇ ਉਲਟ ਹੁੰਦਾ ਹੈ। ਉਸ ਨੂੰ ਨਹੀਂ ਪਤਾ ਹੁੰਦਾ ਕਿ ਜਿਹੜੀ ਚੀਜ਼ ਨਾਲ ਉਸ ਦਾ ਵਾਹ ਪੈਂਦਾ ਹੈ, ਉਹ ਜ਼ਹਿਰੀਲੀ ਵੀ ਹੋ ਸਕਦੀ ਹੈ। ਬੱਚਿਆਂ ਦੀ ਮਾਨਸਿਕਤਾ ਪੜ੍ਹਨਾ ਅਧਿਐਨ ਦਾ ਅਹਿਮ ਵਿਸ਼ਾ ਬਣ ਚੁੱਕਿਆ ਹੈ। ਜਿਹੜੇ ਮਾਪੇ ਬੱਚੇ ਨੂੰ ਸਦਾ ਝਿੜਕਾਂ ਜਾਂ ਉਪਦੇਸ਼ ਦੇਣ ਦੇ ਆਦੀ ਹੁੰਦੇ ਹਨ, ਉਹ ਆਪਣੇ ਮਕਸਦ ’ਚ ਕਾਮਯਾਬ ਨਹੀਂ ਹੁੰਦੇ।

ਜ਼ਿੱਦੀ ਬਣਾਉਂਦਾ ਹੈ ਗੁੱਸਾ

ਬੱਚਿਆਂ ਨੂੰ ਸਹੀ ਢੰਗ ਨਾਲ ਜੀਵਨ ਦੇ ਨਿਯਮ ਸਿਖਾਉਣੇ ਬੜੀ ਨਿਪੁੰਨਤਾ ਦਾ ਕੰਮ ਹੈ। ਬੱਚੇ ਦੇ ਮਨ ਨੂੰ ਸਹੀ ਢੰਗ ਨਾਲ ਪੜ੍ਹਦਿਆਂ ਤੇ ਸਹੀ ਦਿਸ਼ਾ ਦੇਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਸ ਦੇ ਸਾਹਮਣੇ ਆਪਣੇ ਸਾਰੇ ਕੰਮ ਸਲੀਕੇ ’ਚ ਰਹਿ ਕੇ ਕਰੋ। ਤੁਸੀਂ ਜਦੋਂ ਆਪ ਦਫ਼ਤਰ ਜਾਂ ਕੋਈ ਕੰਮ ਕਰ ਕੇ ਘਰ ਆਉਂਦੇ ਹੋ ਤਾਂ ਬੱਚੇ ਦੇ ਸਾਹਮਣੇ ਆਪਣੇ ਕੱਪੜੇ ਸਹੀ ਥਾਂ ’ਤੇ ਰੱਖੋ, ਬੂਟ ਨਿਸ਼ਚਿਤ ਥਾਂ ’ਤੇ ਟਿਕਾਓ, ਘਰ ਪਾਉਣ ਵਾਲੇ ਕੱਪੜੇ ਸਹੀ ਥਾਂ ਤੋਂ ਪ੍ਰਾਪਤ ਕਰੋ। ਜਦੋਂ ਬੱਚਾ ਤੁਹਾਨੂੰ ਸਹਿਜ ਢੰਗ ਨਾਲ ਇਹ ਕਰਦਾ ਵੇਖੇਗਾ ਤਾਂ ਬਿਨਾਂ ਤੁਹਾਡੇ ਕੁਝ ਕਹਿਣ ’ਤੇ ਅਜਿਹਾ ਆਪ ਕਰਨ ਦਾ ਆਦੀ ਹੋ ਜਾਵੇਗਾ। ਬੱਚਿਆਂ ਨੂੰ ਹਰ ਸਮੇਂ ਨਸੀਹਤਾਂ ਦੇ ਕੇ ਜਾਂ ਗੁੱਸਾ ਦਿਖਾਉਣਾ ਉਨ੍ਹਾਂ ਨੂੰ ਜ਼ਿੱਦੀ ਬਣਾਉਂਦਾ ਹੈ।

ਸਹਿਜ ਢੰਗ ਨਾਲ ਸਿਖਾਓ ਕੰਮ

ਅੱਜ-ਕੱਲ੍ਹ 3 ਸਾਲ ਦੀ ਉਮਰ ਦਾ ਬੱਚਾ ਵੀ ਨਰਸਰੀ ਵਿਚ ਸਕੂਲ ਜਾਂਦਾ ਹੈ। ਜਦੋਂ ਉਹ ਵਾਪਸ ਆਵੇ ਤਾਂ ਉਸ ਨੂੰ ਸਹਿਜ ਢੰਗ ਨਾਲ ਸਿਖਾਉਣਾ ਚਾਹੀਦਾ ਹੈ ਕਿ ਉਸ ਨੇ ਆਪਣੀਆਂ ਸਾਰੀਆਂ ਵਸਤਾਂ, ਬਸਤਾ, ਪੈੱਨ-ਪੈਨਸਿਲ, ਕਾਪੀ ਆਦਿ ਕਿੱਥੇ ਰੱਖਣੀ ਹੈ, ਬੂਟ ਕਿੱਥੇ ਲਾਹੁਣੇ ਹਨ, ਘਰ ਪਾਉਣ ਲਈ ਚੱਪਲਾਂ ਕਿੱਥੋਂ ਲੈਣੀਆਂ ਹਨ। ਆਪਣੇ ਸਕੂਲ ਦੀ ਵਰਦੀ ਕਿੱਥੇ ਰੱਖਣੀ ਹੈ। ਸ਼ੁਰੂ ’ਚ ਉਸ ਦੀ ਮਦਦ ਕਰੋ, ਫਿਰ ਦੇਖੋ ਕਿ ਉਹ ਆਪਣੀਆਂ ਵਸਤਾਂ ਨੂੰ ਕਿਵੇਂ ਸੰਭਾਲਦਾ ਹੈ।

ਬੱਚਿਆਂ ਦੀ ਕਰੋ ਪ੍ਰਸ਼ੰਸਾ

ਹਰ ਸਮੇਂ ਉਸ ਦੀ ਸੰਭਾਲ ਦੀ ਪ੍ਰਸ਼ੰਸਾ ਕਰੋ ਤੇ ਇਹ ਸਾਰੇ ਕਾਰਜ ਕਰਨ ਲਈ ਉਸ ਦੀ ਯੋਗ ਅਗਵਾਈ ਨਾਲ ਮਦਦ ਕਰੋ। ਬੱਚਿਆਂ ਨੂੰ ਸਦਾ ਜੀਵਨ ਜਾਚ ਸਿਖਾਓ। ਇਹ ਗੱਲ ਯਾਦ ਰੱਖੋ ਕਿ ਬੱਚਾ ਕਦੇ ਬੰਧਨ ਜਾਂ ਤਾੜਨਾ ਨੂੰ ਬਰਦਾਸ਼ਤ ਨਹੀਂ ਕਰਦਾ, ਉਹ ਤਾਂ ਸਿਰਫ਼ ਪਿਆਰ ਦੀ ਜ਼ੁਬਾਨ ਹੀ ਸਮਝਦਾ ਹੈ। ਇਕ ਸਿਆਣੇ ਪਿਤਾ ਨੂੰ ਪੂਰਾ ਪਤਾ ਹੁੰਦਾ ਹੈ ਕਿ ਉਸ ਦਾ ਬੱਚਾ ਕਿਸ ਤਰ੍ਹਾਂ ਦਾ ਹੈ। ਬੱਚੇ ਸਾਡੇ ਆਉਣ ਵਾਲੇ ਸਮੇਂ ਦਾ ਭਵਿੱਖ ਹਨ।

ਅਸੀਂ ਸਾਰੇ ਬੱਚਿਆਂ ਦੀ ਅਵਸਥਾ ਤੋਂ ਲੰਘੇ ਹਾਂ। ਸਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਬੱਚਿਆਂ ਦਾ ਮਨ ਕੀ ਬੋਲਦਾ ਹੈ, ਉਸ ਦੀਆਂ ਹਸ਼ਰਤਾਂ ਕੀ ਹਨ, ਉਸ ਦਾ ਮਨ ਕੀ ਬੋਲਦਾ ਹੈ।

- ਰਾਜਿੰਦਰ ਰਾਣੀ

Posted By: Harjinder Sodhi