ਬੱਚਿਓ, ਜ਼ਿਦਗੀ ’ਚ ਅਸਫਲਤਾ ਤੋਂ ਕਦੇ ਵੀ ਡਰਨਾ ਨਹੀਂ ਚਾਹੀਦਾ। ਸਿਰਫ਼ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਠੀਕ ਹੈ, ਮੈਂ ਅੱਜ ਅਸਫਲ ਹਾਂ ਤਾਂ ਕੀ ਹੋਇਆ, ਕੱਲ੍ਹ ਨੂੰ ਮੈਂ ਸਫਲ ਵੀ ਜ਼ਰੂਰ ਹੋਵਾਗਾਂ। ਜ਼ਿੰਦਗੀ ਦੀਆਂ ਖੇਡਾਂ ’ਚ ਕਿਸੇ ਦੀ ਜਿੱਤ ਤੇ ਕਿਸੇ ਦੀ ਹਾਰ ਹੋਣਾ ਲਾਜ਼ਮੀ ਹੈ। ਭਾਵੇਂ ਅਸੀਂ ਜਿੱਤੀਏ ਜਾ ਹਾਰੀਏ ਪਰ ਆਪਣਾ ਹੌਸਲਾ ਨਾ ਛੱਡੀਏ। ਇਸ ਲਈ ਭਾਵੇਂ ਤੁਸੀਂ ਅਸਫਲ ਹੋਵੋ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਪਰ ਮਿਹਨਤ ਕਰਦੇ ਰਹੋ। ਜ਼ਿੰਦਗੀ ਸਫਲਤਾ ਤੇ ਅਸਫਲਤਾ ਦੋਵਾਂ ਦਾ ਮਿਸ਼ਰਨ ਹੈ। ਜੋ ਅਸਫਲ ਹੁੰਦਾ ਹੈ, ਉਹ ਸਫਲਤਾ ਦੀ ਕੀਮਤ ਜਾਣਦਾ ਹੈ। ਹਮੇਸ਼ਾ ਅੱਗੇ ਵਧੋ ਅਤੇ ਖ਼ੁਦ ਨੂੰ ਪੁੱਛੋ ਕਿ ਮੈਂ ਕੱਲ੍ਹ ਤੋਂ ਕੀ ਸਿੱਖਿਆ ਹੈ। ਆਓ ਜਾਣਦੇ ਹਾਂ ਅਜਿਹੇ ਸ਼ਖ਼ਸ ਬਾਰੇ, ਜਿਸ ਨੇ ਜ਼ਿੰਦਗੀ ’ਚ ਹਾਰ ਸਵੀਕਾਰ ਨਾ ਕਰਦਿਆਂ ਕਿਵੇਂ ਦੁਨੀਆ ’ਚ ਆਪਣਾ ਨਾਂ ਰੋਸ਼ਨ ਕੀਤਾ।
ਹਰ ਵਾਰ ਮਿਲੀ ਨਿਰਾਸ਼ਾ
ਵਾਲਟ ਡਿਜ਼ਨੀ ਜਿਸ ਦਾ ਜਨਮ 1901 ’ਚ ਅਮਰੀਕਾ ਵਿਚ ਹੋਇਆ। ਵਾਲਟ ਡਿਜ਼ਨੀ ਨੂੰ ਬਚਪਨ ਤੋਂ ਹੀ ਕਾਰਟੂਨ ਬਣਾਉਣ ਦਾ ਬਹੁਤ ਸ਼ੌਕ ਸੀ। ਉਹ ਵੱਖ-ਵੱਖ ਤਰ੍ਹਾਂ ਦੇ ਕਾਰਟੂਨ ਬਣਾਉਂਦਾ ਅਤੇ ਅਖ਼ਬਾਰਾਂ ਵਿਚ ਛਪਣ ਲਈ ਭੇਜਦਾ ਰਹਿੰਦਾ ਪਰ ਕਿਸੇ ਵੀ ਅਖ਼ਬਾਰ ਨੇ ਉਸ ਵੱਲੋਂ ਬਣਾਏ ਕਾਰਟੂਨ ਨਹੀਂ ਛਾਪੇ। ਉਹ ਆਪਣੇ ਇਸ ਸ਼ੌਕ ਤੋਂ ਪਿੱਛੇ ਨਹੀਂ ਹਟਿਆ। ਉਹ ਵਾਰ-ਵਾਰ ਆਪਣੇ ਵੱਲੋਂ ਬਣਾਏ ਕਾਰਟੂਨ ਅਖ਼ਬਾਰਾਂ ਨੂੰ ਭੇਜਦਾ ਰਹਿੰਦਾ ਪਰ ਅਖ਼ਬਾਰਾਂ ਵੱਲੋਂ ਉਸ ਨੂੰ ਹਰ ਵਾਰ ਨਿਰਾਸ਼ਾ ਹੀ ਮਿਲਦੀ। ਆਖ਼ਰ ਉਸ ਨੂੰ ਆਪਣੇ ਇਸ ਸ਼ੌਕ ਦੀ ਖ਼ਾਤਰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਕਾਰਟੂਨ ਬਣਾਉਂਦਿਆਂ ਡਿਜ਼ਨੀ ਦੀ ਸਾਰੀ ਜਾਇਦਾਦ ਤੇ ਪੈਸਾ ਖ਼ਤਮ ਹੋ ਗਿਆ, ਘਰ ਵੇਚ ਦਿੱਤਾ ਗਿਆ। ਮਜਬੂਰਨ ਡਿਜ਼ਨੀ ਨੂੰ ਫੁੱਟਪਾਥ ’ਤੇ ਰਾਤਾਂ ਕੱਟਣੀਆਂ ਪਈਆਂ।
ਦੋਸਤ ਦੀ ਸਲਾਹ ’ਤੇ ਬਣਾਏ ਮਿੱਕੀ-ਮਾਊਸ ਕਾਰਟੂਨ
ਇਕ ਸ਼ਾਮ ਮੀਂਹ ਪੈ ਰਿਹਾ ਸੀ ਤੇ ਉਸ ਨੇ ਠੰਢ ਦੇ ਮੌਸਮ ਤੇ ਭਾਰੀ ਮੀਂਹ ਤੋਂ ਬਚਣ ਲਈ ਇਕ ਗੋਦਾਮ ਵਿਚ ਰਾਤ ਕੱਟੀ। ਉਸੇ ਸਮੇਂ ਗੋਦਾਮ ਵਿਚ ਇਕ ਚੂਹਾ ਆ ਗਿਆ, ਜਿਸ ਨੇ ਵਾਲਟ ਡਿਜ਼ਨੀ ਨੂੰ ਸੌਣ ਨਹੀਂ ਦਿੱਤਾ। ਉਸ ਚੂਹੇ ਨੇ ਅਜਿਹੇ ਕਰਤੱਬ ਕੀਤੇ ਕਿ ਹੱਸਦੇ-ਹੱਸਦੇ ਵਾਲਟ ਡਿਜ਼ਨੀ ਦੇ ਢਿੱਡ ’ਚ ਪੀੜ ਹੋਣ ਲੱਗ ਪਈ।
ਸਵੇਰ ਹੁੰਦਿਆਂ ਸਾਰ ਉਸ ਨੇ ਇਹ ਸਾਰੀ ਘਟਨਾ ਆਪਣੇ ਦੋਸਤ ਨੂੰ ਦੱਸੀ। ਦੋਸਤ ਦੀ ਸਲਾਹ ’ਤੇ ਡਿਜ਼ਨੀ ਨੇ ਚੂਹੇ ਦੀਆਂ ਚਾਲਾਂ ’ਤੇ ਕਾਰਟੂਨ ਬਣਾ ਲਏ ਤੇ ਕਾਰਟੂਨ ਦਾ ਨਾਂ ਰੱਖਿਆ ਮਿੱਕੀ ਮਾਊਸ। ਜਦੋਂ ਡਿਜ਼ਨੀ ਮਿੱਕੀ-ਮਾਊਸ ਕਾਰਟੂਨ ਲੈ ਕੇ ਇਕ ਅਖ਼ਬਾਰ ਕੋਲ ਗਿਆ, ਤਾਂ ਉਹ ਤੁਰੰਤ ਉਨ੍ਹਾਂ ਨੂੰ ਛਾਪਣ ਲਈ ਸਹਿਮਤ ਹੋ ਗਏ।
‘ਮਿੱਕੀ ਮਾਊਸ’ ਦੇ ਕਾਰਨਾਮੇ ਕਾਰਟੂਨਾਂ ਰਾਹੀਂ ਪ੍ਰਕਾਸ਼ਿਤ ਹੁੰਦਿਆਂ ਹੀ ਪੂਰੇ ਅਮਰੀਕਾ ’ਚ ਇਸ ਨੂੰ ਪਸੰਦ ਕੀਤਾ ਗਿਆ। ਫਿਰ ਸਾਰੀਆਂ ਅਖ਼ਬਾਰਾਂ ਨੇ ਵਾਲਟ ਡਿਜ਼ਨੀ ਤੋ ਇਨ੍ਹਾਂ ਕਾਰਟੂਨਾਂ ਦੀ ਮੰਗ ਕੀਤੀ। ਹਰ ਕੋਈ ਬਹੁਤ ਜ਼ਿਆਦਾ ਕੀਮਤ ਦੇ ਕੇ ‘ਮਿੱਕੀ ਮਾਊਸ’ ਦੇ ਕਾਰਨਾਮੇ ਨਾਲ ਭਰਪੂਰ ਕਾਰਟੂਨ ਛਾਪਣਾ ਚਾਹੁੰਦਾ ਸੀ। ‘ਮਿੱਕੀ ਮਾਊਸ’ ਦੀਆਂ ਕਾਪੀਆਂ ਛਪਦੇ ਸਾਰ ਹੀ ਹੱਥੋ-ਹੱਥ ਵਿਕਣ ਲੱਗ ਪਈਆਂ।
ਪੂਰੀ ਲਗਨ ਨਾਲ ਕਰੋ ਕੰਮ
ਡਿਜ਼ਨੀ ਵਾਲਟ ਆਪਣੀ ਅਸਫਲਤਾ ਤੋਂ ਨਾ ਘਬਰਾਉਂਦਿਆਂ ਇਕ ਦਿਨ ਸਫਲਤਾ ਦੀ ਐਸੀ ਪੌੜੀ ਚੜ੍ਹਿਆ ਕਿ ਬੱਚੇ, ਜਵਾਨ ਅਤੇ ਬੁੱਢੇ ਸਭ ਮਿੱਕੀ-ਮਾਊਸ ਦੇ ਦੀਵਾਨੇ ਹੋ ਗਏ। ਸਾਨੂੰ ਵੀ ਡਿਜ਼ਨੀ ਵਾਲਟ ਵਾਂਗ ਅਸਫਲਤਾ ਤੋਂ ਡਰਨਾ ਨਹੀਂ ਚਾਹੀਦਾ, ਸਫਲ ਹੋਣ ਲਈ ਹਰ ਛੋਟਾ-ਮੋਟਾ ਕੰਮ ਪੂਰੀ ਲਗਨ ਨਾਲ ਕਰਦੇ ਰਹਿਣਾ ਚਾਹੀਦਾ ਹੈ। ਇਸ ਲਈ ਡਿਜ਼ਨੀ ਵਾਲਟ ਦਾ ਜੀਵਨ ਅਤੇ ਮਿੱਕੀ-ਮਾਊਸ ਦਾ ਜਨਮ ਸਾਡੇ ਸਾਰਿਆਂ ਲਈ ਪ੍ਰੇਰਨਾਸਰੋਤ ਹੈ।
- ਬਲਦੇਵ ਸਿੰਘ ਬੇਦੀ
Posted By: Harjinder Sodhi