ਲਾਈ-ਫਾਈ (ਲਾਈਟ ਫੀਡਿਲਟੀ) ਦਾ ਉਦੇਸ਼ ਰੇਡਿਓ ਤਰੰਗਾਂ ਰਾਹੀਂ ਹੁੰਦੇ ਸੰਚਾਰ ਨੂੰ ਰੋਸ਼ਨੀ ਨਾਲ ਹੁੰਦੇ ਸੰਚਾਰ 'ਚ ਬਦਲਣਾ ਹੈ। ਲਾਈ-ਫਾਈ 'ਚ ਸੰਚਾਰ ਐੱਲਈਡੀ ਬਲਬ ਨਾਲ ਕੀਤਾ ਜਾਂਦਾ ਹੈ। ਐੱਲਈਡੀ ਬਲਬ 'ਚ ਇਕ ਚਿੱਪ ਲੱਗੀ ਹੁੰਦੀ ਹੈ, ਜੋ ਆਪਟੀਕਲ ਡਾਟਾ ਦਾ ਸੰਚਾਰ ਕਰਨ ਲਈ ਰੋਸ਼ਨੀ ਨੂੰ ਅਤਿਅੰਤ ਸੰਚਿਤ ਕਰਦੀ ਹੈ। ਲਾਈ-ਫਾਈ 'ਚ ਡਾਟਾ ਐੱਲਈਡੀ ਬਲਬ ਦੁਆਰਾ ਪ੍ਰਸਾਰਿਤ ਅਤੇ ਫੋਟੋਰਿਸੀਪਟਰਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਲਾਈ-ਫਾਈ ਵਾਈ-ਫਾਈ ਦੇ ਮੁਕਾਬਲੇ 100 ਗੁਣਾ ਤੇਜ਼ ਹੈ। ਵਿਜੀਬਲ ਲਾਈਟ ਸਪੈਕਟ੍ਰਮ ਰੇਡਿਓ ਤਰੰਗ ਸਪੈਕਟ੍ਰਮ ਤੋਂ 10,000 ਗੁਣਾ ਜ਼ਿਆਦਾ ਵਿਆਪਕ ਹੁੰਦਾ ਹੈ।

ਲਾਈ-ਫਾਈ ਜਹਾਜ਼ਾਂ ਦੇ ਕੈਬਿਨ, ਹਸਪਤਾਲ ਤੇ ਫ਼ੌਜੀ ਸਟੇਸ਼ਨ ਜਿੱਥੇ ਹਮੇਸ਼ਾ ਇਲੈਕਟ੍ਰੋਮੈਗਨੈਟਿਕ ਦਖ਼ਲਅੰਦਾਜ਼ੀ ਦਾ ਖ਼ਤਰਾ ਬਣਿਆ ਰਹਿੰਦਾ ਹੈ, 'ਚ ਵੀ ਸੁਰੱਖਿਅਤ ਸੰਚਾਰ ਕਰਨ ਦੇ ਯੋਗ ਹੈ। ਇਸ ਕਰਕੇ ਹੀ ਲਾਈ-ਫਾਈ ਨੂੰ ਵਿਸ਼ਵ ਦੀਆਂ ਵੱਡੀਆਂ ਕੰਪਨੀਆਂ ਵੱਲੋਂ ਅਪਣਾਇਆ ਜਾ ਰਿਹਾ ਹੈ। ਲਾਈ-ਫਾਈ ਸ਼ਬਦ ਦੀ ਸਭ ਤਂੋ ਪਹਿਲਾਂ ਵਰਤੋ ਜਰਮਨ

ਭੌਤਿਕ ਵਿਗਿਆਨੀ ਹਰਲਡ ਹਾਸ ਨੇ 2011 'ਚ ਟੈਡ (ਤਕਨਾਲੋਜੀ ਇੰਟਰਟੇਨਮੈਂਟ ਤੇ ਡਿਜ਼ਾਈਨ) ਟਾਕ ਗਲੋਬਲ ਵਿਚ ਕੀਤੀ ਸੀ।

ਮਹੱਤਤਾ

ਵਾਇਰਲੈਸ ਡਾਟਾ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ ਪਰ ਵਾਈ-ਫਾਈ ਦਾ ਸਪੈਕਟ੍ਰਮ ਯੂਜ਼ਰਾਂ ਦੀਆਂ ਇੰਟਰਨੈੱਟ ਲੋੜਾਂ ਨੂੰ ਪੂਰਾ ਕਰਨ 'ਚ ਅਸਮਰੱਥ ਰਿਹਾ ਹੈ। ਇਸ ਨੇ ਲਾਈ-ਫਾਈ ਦੀ ਖੋਜ ਕਰਨ ਲਈ ਪ੍ਰੇਰਣਾ ਦਿੱਤੀ। ਲਾਈ-ਫਾਈ ਨੇ ਵਾਈ-ਫਾਈ ਦੇ ਮੁਕਾਬਲੇ ਕਈ ਐਕਸੈਸ ਪੁਆਂਇੰਟ ਪ੍ਰਦਾਨ ਕੀਤੇ। ਉੱਚ ਡਾਟਾ ਰੇਟ ਸਮਾਰਟ ਸੈੱਲਾਂ ਨੂੰ ਪੈਦਾ ਕਰਨ ਲਈ ਜ਼ਰੂਰੀ ਹੈ ਤਾਂ ਜੋ ਤੇਜ਼ ਕੁਨੈਕਟੀਵਿਟੀ ਹੋ ਸਕੇ। ਲਾਈ-ਫਾਈ ਫ਼ੌਜ 'ਚ ਵਰਤਿਆ ਜਾਂਦਾ ਹੈ ਕਿਉਂਕਿ ਇਹ ਸੁਰੱਖਿਅਤ ਹੈ ਤੇ ਹੈਕਰਾਂ ਵੱਲੋਂ ਡਾਟੇ ਨੂੰ ਹੈਕ ਨਹੀਂ ਕੀਤਾ ਜਾ ਸਕਦਾ। ਲਾਈ-ਫਾਈ ਦੀ ਦੂਰ-ਦੁਰਾਡੇ ਥਾਵਾਂ 'ਤੇ ਵਰਤੋਂ ਕੀਤੀ ਜਾਂਦੀ ਹੈ, ਜਿਥੇ ਗੁੰਝਲਦਾਰ ਤਾਰਾਂ ਦੀ ਲੋੜ ਨਹੀਂ। ਵਾਈ-ਫਾਈ ਦੀ ਪਾਣੀ ਅੰਦਰ ਵਰਤੋਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਾਣੀ ਰੇਡਿਓ ਤਰੰਗਾਂ ਨੂੰ ਸੋਖ ਲੈਂਦਾ ਹੈ ਪਰ ਲਾਈ-ਫਾਈ ਦੀ ਵਰਤਂੋ ਪਾਣੀ ਅੰਦਰ ਕੀਤੀ ਜਾ ਸਕਦੀ ਹੈ ਕਿਉਂਕਿ ਰੋਸ਼ਨੀ ਪਾਣੀ ਦੇ ਆਰ-ਪਾਰ ਜਾ ਸਕਦੀ ਹੈ।

ਗੁਣ

- ਲਾਈ-ਫਾਈ, ਵਾਈ-ਫਾਈ ਨਾਲੋਂ 100 ਗੁਣਾ ਜ਼ਿਆਦਾ ਤੇਜ਼ ਹੈ। ਲਾਈ-ਫਾਈ ਕੁਨੈਕਸ਼ਨ ਇਕ ਸਕਿੰਟ ਵਿਚ 224 ਜੀਬੀ ਡਾਟਾ ਪ੍ਰਸਾਰਿਤ ਕਰਨ ਦੇ ਸਮਰੱਥ ਹੈ।

- ਲਾਈ-ਫਾਈ ਵਿਚ ਐੱਲਈਡੀ ਬਲਬ ਵਰਤੇ ਜਾਂਦੇ ਹਨ, ਜੋ ਪਹਿਲਾਂ ਤੋਂ ਹੀ ਊਰਜਾ ਬਚਾਉਣ ਦੇ ਸਮਰੱਥ ਹੈ। ਇਸ ਕਾਰਨ ਲਾਈ-ਫਾਈ ਊਰਜਾ ਬਚਾਉਣ ਵਾਲਾ ਤੇ ਸਸਤਾ ਹੈ।

- ਲਾਈ-ਫਾਈ 'ਚ ਇਲੈਕਟ੍ਰਾਨਿਕ ਉਪਕਰਣ ਜਿਵੇਂ ਰਾਊਟਰ, ਮੋਡਮ, ਸਿਗਨਲ ਰਿਪੀਟਰ ਆਦਿ ਦੀ ਜ਼ਰੂਰਤ ਨਹੀਂ ਪੈਂਦੀ। ਇਸ ਲਈ ਇਹ ਵਾਈ-ਫਾਈ ਦੇ ਮੁਕਾਬਲੇ ਸਸਤਾ ਹੈ। ਸ਼ੁੱਧ ਲਾਈ-ਫਾਈ ਸੂਰਜੀ ਸੈੱਲਾਂ ਨੂੰ ਫੋਟੋਡੈਕਟਰਾਂ ਵਜੋਂ ਵਿਕਸਤ ਕਰਦਾ ਹੈ, ਜਿਸ ਨਾਲ ਵਾਇਰਲੈਸ ਬੈਟਰੀ ਚਾਰਜਿੰਗ ਤੇ ਵਾਇਰਲੈਸ ਇੰਟਰਨੈੱਟ ਕੁਨੈਕਟੀਵਿਟੀ ਇੱਕੋ ਸਮੇਂ ਸੰਭਵ ਹੋ ਸਕਿਆ ਹੈ।

- ਰੇਡਿਉ ਤਰੰਗਾਂ ਨੂੰ ਨੈਟਵਰਕ ਤੋਂ ਬਾਹਰ ਦੇ ਲੋਕ ਆਸਾਨੀ ਨਾਲ ਰੋਕ ਤੇ ਡਾਟੇ ਦੀ ਸੁਰੱਖਿਆ ਨਾਲ ਸਮਝੌਤਾ ਕਰ ਸਕਦੇ ਹਨ ਪਰ ਰੋਸ਼ਨੀ ਠੋਸ ਤੇ ਗ਼ੈਰ-ਪਾਰਦਰਸ਼ੀ ਬਣਤਰ ਵਿੱਚੋਂ ਨਹੀਂ ਲੰਘ ਸਕਦੀ, ਇਸ ਲਈ ਲਾਈ-ਫਾਈ ਇੰਟਰਨੈੱਟ ਸਿਰਫ਼ ਨੈਟਵਰਕ ਦੇ ਅੰਦਰ ਵਾਲੇ ਲੋਕ ਹੀ ਵਰਤ ਸਕਦੇ ਹਨ, ਨੈਟਵਰਕ ਦੇ ਬਾਹਰ ਵਾਲੇ ਲੋਕ ਨਹੀਂ। ਇਸ ਕਰਕੇ ਲਾਈ-ਫਾਈ ਨੈਟਵਰਕ ਰੇਡਿਓ ਤਰੰਗ ਨੈਟਵਰਕ ਦੇ ਮੁਕਾਬਲੇ ਸੁਰੱਖਿਅਤ ਹੈ।

- ਲਾਈ-ਫਾਈ ਰੋਸ਼ਨੀ ਨਾਲ ਕੰਮ ਕਰਦਾ ਹੈ। ਇਸ ਕਰਕੇ ਰੋਸ਼ਨੀ ਦਾ ਕੋਈ ਸਰੋਤ ਯੂਜ਼ਰ ਨੂੰ ਇੰਟਰਨੈਟ ਨਾਲ ਕੁਨੈਕਟ ਕਰਵਾ ਸਕਦਾ ਹੈ। ਇਸ ਤਰ੍ਹਾਂ ਯੂਜ਼ਰ ਸਟਰੀਟ ਲਾਈਟਾਂ, ਇਮਾਰਤ ਦੀਆਂ ਲਾਈਟਾਂ, ਆਵਾਜਾਈ ਦੇ ਸਾਧਨਾਂ ਦੀਆਂ ਲਾਈਟਾਂ ਰਾਹੀਂ ਇੰਟਰਨੈਟ ਲੋੜ ਪੈਣ 'ਤੇ ਕੁਨੈਕਟ ਕਰ

ਸਕਦਾ ਹੈ।

- ਲਾਈ-ਫਾਈ ਆਪਟੀਕਲ ਬੈਂਡ 'ਤੇ ਕੰਮ ਕਰਦਾ ਹੈ, ਇਸ ਲਈ ਰੇਡਿਓ ਤਰੰਗਾਂ ਦੀ ਤਰ੍ਹਾਂ ਸਿਹਤ ਲਈ ਹਾਨੀਕਾਰਕ ਨਹੀਂ ਹੈ।

ਲਾਈ-ਫਾਈ ਦੇ ਔਗੁਣ

- ਲਾਈ-ਫਾਈ ਦੀ ਡਾਟਾ ਪ੍ਰਸਾਰਣ ਦੀ ਸੀਮਾ ਵਾਈ-ਫਾਈ ਦੇ ਮੁਕਾਬਲੇ ਘੱਟ ਹੈ। ਜਿੱਥੇ ਵਾਈ-ਫਾਈ ਦੀ ਡਾਟਾ ਪ੍ਰਸਾਰਣ ਦੀ ਸੀਮਾ 32 ਮੀਟਰ ਹੈ ਪਰ ਲਾਈ-ਫਾਈ ਦੀ ਡਾਟਾ ਪ੍ਰਸਾਰਣ ਸੀਮਾ 10 ਮੀਟਰ ਹੈ।

- ਜ਼ਿਆਦਾਤਰ ਉਪਕਰਣਾਂ ਵਿਚ ਜੋ ਹਾਰਡਵੇਅਰ ਹੈ, ਉਹ ਵਾਈ-ਫਾਈ ਦੇ ਅਨੁਕੂਲ ਹੈ। ਲਾਈ-ਫਾਈ ਨਵੀਂ ਤਕਨੀਕ ਹੈ, ਇਸ ਕਾਰਨ ਇਹ ਬਹੁਤ ਸਾਰੇ ਉਪਕਰਣਾਂ ਦੇ ਅਨੁਕੂਲ ਨਹੀਂ ਹੈ।

- ਲਾਈ-ਫਾਈ ਰੋਸ਼ਨੀ ਦੇ ਉਪਰ ਕੰਮ ਕਰਦੀ ਹੈ ਪਰ ਲਾਈ-ਫਾਈ ਰਾਹੀਂ ਇੰਟਰਨੈਟ ਦੀ ਵਰਤੋਂ ਕਰਨ ਲਈ ਲਾਈਟਾਂ ਨੂੰ ਆਨ ਰੱਖਣਾ ਪੈਂਦਾ ਹੈ, ਜਿਸ ਨਾਲ ਊਰਜਾ ਦੀ ਬਰਬਾਦੀ ਹੁੰਦੀ ਹੈ।

- ਲਾਈ-ਫਾਈ ਨੂੰ ਲਗਾਉਣਾ ਸੌਖਾ ਹੈ ਪਰ ਇਸ ਲਈ ਨਵੇਂ ਬੁਨਿਆਦੀ ਢਾਂਚੇ ਦੀ ਲੋੜ ਪੈਂਦੀ ਹੈ ਜੋ ਖ਼ਰਚੇ ਵਿਚ ਵਾਧਾ ਕਰਦਾ ਹੈ।

- ਲਾਈ-ਫਾਈ ਨੂੰ ਘਰ ਜਾਂ ਦਫ਼ਤਰ ਤੋ ਬਾਹਰ ਬਾਹਰੀ ਵਾਤਾਵਰਨ 'ਚ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਸੂਰਜ ਦੀ ਰੋਸ਼ਨੀ ਤੇ ਹੋਰ ਆਪਟੀਕਲ ਸਰੋਤ ਜੋ ਨੇੜੇ ਮੌਜੂਦ ਹੁੰਦੇ ਹਨ, ਦਖ਼ਲ-ਅੰਦਾਜ਼ੀ ਕਰਦੇ ਹਨ।

ਕਿਵੇਂ ਕੰਮ ਕਰਦਾ ਹੈ ਲਾਈ-ਫਾਈ

ਐੱਲਈਡੀ ਬਲਬ ਇਨਪੁੱਟ ਡਾਟਾ ਸੰਕੇਤਾਂ ਦੇ ਆਧਾਰ 'ਤੇ ਬਹੁਤ ਤੇਜ਼ ਰਫ਼ਤਾਰ ਨਾਲ ਰੋਸ਼ਨੀ ਦੀ ਝਿਲਮਿਲਾਹਟ ਪੈਦਾ ਕਰਦੇ ਹਨ ਤੇ ਫੋਟੋਡੈਕਟਰਾਂ (ਫੋਟੋਰਿਸੀਪਟਰਾਂ) ਵੱਲੋਂ ਤੇਜ਼ੀ ਨਾਲ ਇਸ ਘਟਦੀ-ਵੱਧਦੀ ਰੋਸ਼ਨੀ ਨੂੰ ਘਟਦੇ-ਵੱਧਦੇ ਬਿਜਲੀ ਸੰਕੇਤਾਂ ਵਿੱਚ ਬਦਲਦੇ ਹਨ, ਜੋ ਪ੍ਰਾਪਤ ਕੀਤੇ ਡਾਟੇ ਨੂੰ ਦਰਸਾਉਂਦੇ ਹਨ। ਰੋਸ਼ਨੀ ਦਾ ਇਹ ਉਤਰਾਅ-ਚੜਾਅ ਇੰਨਾ ਤੇਜ਼ ਹੁੰਦਾ ਹੈ ਕਿ ਮਨੁੱਖੀ ਅੱਖ ਇਸ 'ਤੇ ਧਿਆਨ ਨਹੀਂ ਦੇ ਸਕਦੀ।

- ਅੰਮ੍ਰਿਤਬੀਰ ਸਿੰਘ

Posted By: Harjinder Sodhi