ਪਿਆਰੇ ਬੱਚਿਓ! ਸੋਸ਼ਲ ਮੀਡੀਆ ਤੋਂ ਭਾਵ ਉਹ ਇਲੈਕਟ੍ਰਾਨਿਕ ਮਾਧਿਅਮ ਹੈ, ਜਿਸ ਰਾਹੀ ਅਸੀਂ ਆਪਣੇ ਸਮਾਜਿਕ ਜੀਵਨ 'ਚ ਇਕ-ਦੂਜੇ ਨਾਲ ਜੁੜੇ ਹੋਏ ਹਾਂ। ਸੋਸ਼ਲ ਮੀਡੀਆ ਪ੍ਰਤੀ ਅਪਣਾਈ ਉਸਾਰੂ ਸੋਚ ਸਾਡੇ ਲਈ ਨਵੇਂ ਰਾਹ ਖੋਲ੍ਹਦੀ ਹੈ। ਮਾਊਸ ਜਾਂ ਉਗਲਾਂ ਦੇ ਇਕ ਟੱਚ ਨਾਲ ਟੈਕਸਟ ਸੁਨੇਹਾ, ਤਸਵੀਰਾਂ, ਦਸਤਾਵੇਜ਼, ਆਡੀਓ, ਵੀਡੀਓ ਫਾਈਲਾਂ ਮਿੰਟਾਂ-ਸਕਿੰਟਾਂ 'ਚ ਦੁਨੀਆ ਦੇ ਇਕ ਕੋਨੇ ਤੋਂ ਦੁਨੀਆ ਦੇ ਦੂਜੇ ਕੋਨੇ ਤਕ ਝੱਟ ਪਹੁੰਚ ਜਾਂਦੀਆਂ ਹਨ।

ਸੋਸ਼ਲ ਮੀਡੀਆ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਹ ਇਕ ਮੁਫ਼ਤ ਸੰਚਾਰ ਮਾਧਿਅਮ ਹੈ, ਜਿਸ ਦੁਆਰਾ ਕੋਈ ਵੀ ਇਨਸਾਨ ਆਪਣੀ ਨਿੱਜੀ ਆਵਾਜ਼ ਬਹੁਗਿਣਤੀ ਅਵਾਮ ਤਕ ਪਹੁੰਚਾ ਸਕਦਾ ਹੈ। 20ਵੀਂ ਸਦੀ ਦੇ ਆਖ਼ਰੀ ਦਹਾਕੇ ਦੌਰਾਨ 'ਜਿਊਸੀਟੀਜ਼' (1994), 'ਦੀ ਗਲੋਬ' (1995), 'ਟਰਾਈਪੋਡ', 'ਬੋਲਟ' (1996) ਵਰਗੀਆਂ ਵੈੱਬਸਾਈਟਾਂ ਨੇ ਆਮ ਲੋਕਾਂ ਨੂੰ ਚੈਟਰੂਮ ਜ਼ਰੀਏ ਆਪਸ 'ਚ ਵਾਰਤਾਲਾਪ ਕਰਨ ਦਾ ਬਦਲ ਦਿੱਤਾ। 'ਕਲਾਸਮੈਟ' (1995) ਅਤੇ 'ਪਲੈਨਟਆਲ' (1996) ਨੇ ਵੀ ਹੋਰ ਸੁਧਰੇ ਰੂਪ 'ਚ ਸੋਸ਼ਲ ਮੀਡੀਆ ਦੇ ਸੰਸਾਰ ਵਿਚ ਆਪਣੀ ਹਾਜ਼ਰੀ ਲਗਵਾਈ। ਸਭ ਤੋਂ ਜ਼ਿਆਦਾ ਪ੍ਰਪੱਕ ਸੋਸ਼ਲ ਮੀਡੀਆ ਵੈੱਬਸਾਈਟ 'ਸਿਕਸ ਡਿਗਰੀ' (1997) ਨੂੰ ਮੰਨਿਆ ਜਾਂਦਾ ਹੈ ਕਿਉਂਕਿ ਇਸ ਐਪਲੀਕੇਸ਼ਨ ਨੇ ਬਹੁਤ ਵਿਸ਼ੇਸ਼ਤਾ ਵਾਲੀ ਪ੍ਰੋਫਾਈਲ ਬਣਾਉਣ ਦੀ ਸੁਵਿਧਾ ਆਪਣੇ ਵਰਤੋਂਕਾਰਾਂ ਨੂੰ ਦਿੱਤੀ। ਇਸ ਤੋਂ ਬਾਅਦ 'ਓਪਨ ਡੇਅਰੀ' (1998), 'ਮਿਕਸਇਨ'(1999), 'ਮੇਕਆਟ ਆਫ ਕਲੱਬ' (2000), 'ਫਰੈਂਡਸਟਰ' (2002), 'ਮਾਈ ਸਪੇਸ' (2003), 'ਓਰਕੁਟ' (2004) ਨੇ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਵਜੋਂ ਪੂਰੀ ਦੁਨੀਆ 'ਚ ਛਾਪ ਛੱਡੀ। ਇਨ੍ਹਾਂ ਵਿੱਚੋਂ ਇਕ-ਦੋ ਨੂੰ ਛੱਡ ਕੇ ਬਾਕੀ ਵੈੱਬਸਾਈਟਾਂ ਬੰਦ ਹੋ ਚੁੱਕੀਆਂ ਹਨ।

ਪਹਿਲੀ ਸੋਸ਼ਲ ਮੀਡੀਆ ਵੈੱਬਸਾਈਟ

ਸਭ ਤੋਂ ਪਹਿਲੀ ਸੋਸ਼ਲ ਮੀਡੀਆ ਵੈੱਬਸਾਈਟ 'ਸਿਕਸ ਡਿਗਰੀ' ਨੂੰ ਕਿਹਾ ਜਾ ਸਕਦਾ ਹੈ, ਜਿਸ ਨੇ ਆਪਣੇ ਵਰਤੋਂਕਾਰਾਂ ਨੂੰ ਸੁਚੱਜੇ ਰੂਪ 'ਚ ਪ੍ਰੋਫਾਈਲ ਬਣਾਉਣ ਦੀ ਸਹੂਲਤ ਦਿੱਤੀ। ਸਿਕਸ ਡਿਗਰੀ 1997 ਤੋਂ 2001 ਤਕ ਚੱਲ ਸਕੀ ਕਿਉਂਕਿ ਉਸ ਸਮੇਂ ਇੰਟਰਨੈੱਟ ਨੂੰ ਵਰਤਣ ਵਾਲੇ ਲੋਕਾਂ ਦੀ ਗਿਣਤੀ ਮਹਿਜ਼ 2 ਫ਼ੀਸਦੀ ਸੀ। ਇਸ ਤੋਂ ਬਾਅਦ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ ਦੀ ਸਹੂਲਤ ਪ੍ਰਦਾਨ ਕਰਨ ਵਾਲੀਆਂ ਕਈ ਐਪਲੀਕੇਸ਼ਨਾਂ ਆਈਆਂ ਤੇ ਪਤਾ ਨਹੀਂ ਕਦੋਂ ਅਲੋਪ ਹੋ ਗਈਆਂ। ਕਈ ਐਪਲੀਕੇਸ਼ਨਾਂ ਆਪਣੇ ਵਿਸ਼ੇਸ਼ ਗੁਣਾਂ ਕਾਰਨ ਆਮ ਲੋਕਾਂ 'ਚ ਕਾਫ਼ੀ ਹਰਮਨ ਪਿਆਰੀ ਹੋਈਆਂ ਤੇ ਪੂਰੀ ਦੁਨੀਆ ਵੱਡੀ ਗਿਣਤੀ 'ਚ ਅੱਜ ਇਨ੍ਹਾਂ ਦੀ ਵਰਤੋਂ ਕਰ ਰਹੀ ਹੈ। ਮੌਜੂਦਾ ਸਮੇਂ ਦੀਆਂ ਕੁਝ ਪ੍ਰਚਲਿਤ ਸੋਸ਼ਲ ਮੀਡੀਆ ਐਪਲੀਕੇਸ਼ਨ :

ਫੇਸਬੁੱਕ

ਫਰਵਰੀ 4, 2004 ਵਿਚ 'ਦੀ ਫੇਸਬੁੱਕ' ਦੀ ਖੋਜ ਮਾਰਕ ਜੁਕਰਬਰਗ ਵੱਲੋਂ ਕੀਤੀ ਗਈ। ਫੇਸਬੁੱਕ ਦੇ ਨਾਂ ਦਾ ਵਿਚਾਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭਰਵਾਈਆਂ ਜਾਂਦੀਆਂ ਪੇਪਰ ਸ਼ੀਟਾਂ ਤੋਂ ਲਿਆ ਗਿਆ। 2005 ਵਿਚ ਮਾਰਕ ਨੇ 'ਦੀ ਫੇਸਬੁੱਕ' ਨੂੰ ਫੇਸਬੁੱਕ 'ਚ ਤਬਦੀਲ ਕਰ ਦਿੱਤਾ।

ਟਵਿੱਟਰ

ਟਵਿੱਟਰ ਇਕ ਪ੍ਰਸਿੱਧ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਹੈ, ਜਿਸ ਦੀ ਖੋਜ ਸੰਯੁਕਤ ਰੂਪ ਵਿਚ ਜੈੱਕ ਡੋਰਸੀ, ਇਵਾਨ ਵਿਲੀਅਮਜ਼, ਬਿਜ਼ ਸਟੋਨ ਤੇ ਨੋਹ ਗਾਲਜ਼ ਨੇ 2006 ਵਿਚ ਕੀਤੀ। ਪਹਿਲਾਂ ਇਸ ਦਾ ਨਾਂ 'ਫਰੈਂਡਸ ਟਾਕਰ' ਰੱਖਣਾ ਸੀ ਪਰ ਫਿਰ ਟਵਿੱਟਰ ਰੱਖਿਆ ਗਿਆ। ਇਸ ਦੇ ਲੋਗੋ ਵਿਚ ਵਿਖਾਈ ਦੇਣ ਵਾਲੇ ਪੰਛੀ ਦਾ ਨਾਂ ਲੈਰੀ ਬਰਡ ਹੈ, ਜੋ ਪ੍ਰਸਿੱਧ ਬਾਸਕਟਬਾਲ ਖਿਡਾਰੀ ਲੈਰੀ ਬਰਡ ਦੇ ਨਾਂ ਤੋਂ ਰੱਖਿਆ ਗਿਆ ਹੈ।

ਵ੍ਹਟਸਐਪ

ਵ੍ਹਟਸਐਪ ਦੀ ਖੋਜ ਯਾਹੂ 'ਚ ਕੰਮ ਕਰ ਚੁੱਕੇ ਕਰਮਚਾਰੀ ਜੈਨ ਕੌਮ ਤੇ ਬਰੈਨ ਐਕਟਨ ਨੇ ਸਾਂਝੇ ਰੂਪ 'ਚ 2009 ਵਿਚ ਕੀਤੀ। ਵ੍ਹਟਸਐਪ ਦੇ ਨਾਂ ਤੋਂ ਭਾਵ ਹੈ ਕਿ ਹੋਰ ਕੀ ਹੋ ਰਿਹਾ ਹੈ ਜਾਂ ਹੋਰ ਕੀ ਕਰ ਰਹੇ ਹੋ? ਵ੍ਹਟਸਐਪ ਦੇ ਇਹ ਦੋਵੇਂ ਮਾਲਕ ਪਹਿਲਾਂ ਪਹਿਲ ਆਪਣਾ ਇਹ ਵਿਚਾਰ ਲੈ ਕੇ ਫੇਸਬੁੱਕ ਤੇ ਟਵਿੱਟਰ ਕੋਲ ਗਏ ਪਰ ਦੋਵਾਂ ਨੇ ਇਸ ਪ੍ਰਾਜੈਕਟ 'ਚ ਰੁਚੀ ਨਹੀਂ ਵਿਖਾਈ। ਫਿਰ ਜਦੋਂ ਵ੍ਹਟਸਐਪ ਵਿਸ਼ਵ ਪ੍ਰਸਿੱਧ ਹੋ ਗਿਆ ਤਾਂ ਫੇਸਬੁੱਕ ਨੇ ਇਸ ਨੂੰ 2014 'ਚ 19 ਅਰਬ ਅਮਰੀਕੀ ਡਾਲਰ ਵਿਚ ਖ਼ਰੀਦਿਆ।

ਇੰਸਟਾਗ੍ਰਾਮ

ਇੰਸਟਾਗ੍ਰਾਮ ਦੀ ਖੋਜ ਕੇਵਿਨ ਸਿਸਟਰੋਮ ਤੇ ਮਾਈਕ ਕਰੀਗਰ ਨੇ ਸੰਯੁਕਤ ਰੂਪ ਵਿਚ 2010 'ਚ ਕੀਤੀ। ਪਹਿਲਾਂ ਇਸ ਨੂੰ ਸਿਰਫ਼ ਐਪਲ ਸਟੋਰ 'ਤੇ ਮੁਹੱਈਆ ਕਰਵਾਇਆ ਗਿਆ ਪਰ ਇਕ ਸਾਲ ਬਾਅਦ ਐਂਡਰਾਇਡ ਪਲੈਟਫਾਰਮ 'ਤੇ ਵੀ ਇਹ ਮੁਹੱਈਆ ਹੋ ਗਿਆ। 2012 'ਚ ਇਸ ਦੀ ਵੈੱਬਸਾਈਟ ਜਾਰੀ ਕੀਤੀ ਗਈ। ਇੰਸਟਾਗ੍ਰਾਮ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਸ਼ਬਦ ਹੈ- ਇੰਸਟਾ ਤੇ ਗ੍ਰਾਮ, ਜਿਸ 'ਚ ਇੰਸਟਾ ਇੰਸਟੈਂਟ ਕੈਮਰਾ ਸ਼ਬਦ ਤੋਂ ਲਿਆ ਗਿਆ ਹੈ ਤੇ ਗ੍ਰਾਮ ਟੈਲੀਗ੍ਰਾਮ ਤੋਂ ਲਿਆ ਗਿਆ ਸ਼ਬਦ ਹੈ।

ਸਨੈਪਚੈਟ

ਸਨੈਪਚੈਟ ਇਕ ਮਲਟੀਮੀਡੀਆ ਮੈਸੇਜਿੰਗ ਐਪਲੀਕੇਸ਼ਨ ਹੈ, ਜੋ ਵਿਸ਼ਵ-ਵਿਆਪੀ ਤੌਰ 'ਤੇ ਵਰਤੀ ਜਾਂਦੀ ਹੈ, ਜਿਸ ਨੂੰ ਸਟੈਨਫੋਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਇਵਾਨ ਸਪੀਗਲ, ਬੌਬੀ ਮਰਫੀ ਤੇ ਰੇਜੀ ਬ੍ਰਾਊਨ ਵੱਲੋਂ ਬਣਾਇਆ ਗਿਆ ਹੈ। ਇਨ੍ਹਾਂ ਤਿੰਨਾਂ ਨੇ ਕਈ ਮਹੀਨਿਆਂ ਇਕੱਠਿਆਂ ਮਿਲ ਕੇ ਕੰਮ ਕੀਤਾ ਤੇ 8 ਜੁਲਾਈ, 2011 ਨੂੰ ਆਈਓਐੱਸ ਅਪਰੇਟਿੰਗ ਸਿਸਟਮ ਤੇ ਸਨੈਪਚੈਟ ਨੂੰ 'ਪਿਕਾਬੂ' ਵਜੋਂ ਲਾਂਚ ਕੀਤਾ। ਪਿਕਾਬੂ ਦਾ ਨਾਂ ਸਤੰਬਰ 2011 'ਚ ਸਨੈਪਚੈਟ ਰੱਖਿਆ ਗਿਆ ਸੀ।

ਅਜੋਕੇ ਦੌਰ 'ਚ ਇਨ੍ਹਾਂ ਸੋਸ਼ਲ ਮੀਡੀਆ ਸਾਧਨਾਂ ਦੀ ਵਰਤੋਂ ਸਮਾਜ ਨੂੰ ਚੰਗੀ ਸੇਧ ਦੇਣ ਲਈ ਵਰਤਣੀ ਚਾਹੀਦੀ ਹੈ। ਸੋਸ਼ਲ ਮੀਡੀਆ ਦੀ ਉਸਾਰੂ ਉਦੇਸ਼ ਲਈ ਕੀਤੀ ਗਈ ਵਰਤੋਂ ਸਮਾਜ ਲਈ ਲਾਹੇਵੰਦ ਸਿੱਧ ਹੋ ਸਕਦੀ ਹੈ। ਵਿਦਿਆਰਥੀ ਤੇ ਅਧਿਆਪਕਾਂ ਨੂੰ ਵੀ ਇਸ ਦੇ ਸਾਰਥਿਕ ਨਤੀਜੇ ਲਿਆਉਣ ਲਈ ਇਸ ਦੀ ਸਕਾਰਾਤਮਕ ਵਰਤੋਂ 'ਤੇ ਜ਼ੋਰ ਦੇਣਾ ਚਾਹੀਦਾ ਹੈ। ਪਿਛਲੇ ਕੁਝ ਸਮੇਂ ਤੋਂ ਆਮ ਵਰਤੋਂਕਾਰ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਜਾਣਕਾਰੀ ਦੀ ਨਿੱਜਤਾ ਨੂੰ ਲੈ ਕੇ ਕਾਫ਼ੀ ਫ਼ਿਕਰਮੰਦ ਹੋਏ ਹਨ। ਕਾਨੂੰਨੀ ਮਾਹਿਰਾਂ ਨੂੰ ਵੀ ਇਸ ਦੇ ਸੰਸਥਾਪਕਾਂ ਨਾਲ ਮਿਲ ਕੇ ਇਸ 'ਤੇ ਹੁੰਦੀ ਧੋਖਾਧੜੀ, ਅਫ਼ਵਾਹਾਂ, ਫ਼ਰਜ਼ੀ ਅਕਾਊਂਟਾਂ 'ਤੇ ਨਕੇਲ ਪਾਉਣ ਦੇ ਨਾਲ-ਨਾਲ ਇਸ ਦੇ ਵਰਤੋਂਕਾਰਾਂ ਦੀ ਨਿੱਜਤਾ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ।

ਯੂਟਿਊਬ

ਇਹ ਇਕ ਵੀਡੀਓ ਸ਼ੇਅਰਿੰਗ ਵੈੱਬਸਾਈਟ ਹੈ। ਇਸ ਦੀ ਖੋਜ ਸੰਯੁਕਤ ਰੂਪ ਵਿਚ 'ਪੇਅਪਾਲ' ਕੰਪਨੀ ਵਿਚ ਕੰਮ ਕਰ ਚੁੱਕੇ ਤਿੰਨ ਦੋਸਤਾਂ ਚਾਰਡ ਹਾਰਲੀ, ਜਾਵੇਦ ਕਾਰੀਮ ਅਤੇ ਸਟੀਵ ਚੈਨ ਨੇ 2005 ਵਿਚ ਕੀਤੀ। ਯੂਟਿਊਬ ਸ਼ਬਦ ਦੇ ਅਰਥਾਂ ਦੀ ਗੱਲ ਕਰੀਏ ਤਾਂ ਇਸ ਦਾ ਭਾਵ 'ਤੁਹਾਡਾ ਟੀਵੀ' ਹੈ।

ਲਿੰਕਡਇਨ

ਲਿੰਕਡਇਨ ਇਕ ਸੋਸ਼ਲ ਮੀਡੀਆ ਪਲੈਟਫਾਰਮ ਹੈ, ਜੋ ਵੈੱਬਸਾਈਟਾਂ ਤੇ ਮੋਬਾਈਲ ਐਪਸ 'ਤੇ ਕੰਮ ਕਰਦਾ ਹੈ। 28 ਦਸੰਬਰ, 2002 ਨੂੰ ਇਸ ਦੀ ਖੋਜ ਹੋਈ ਤੇ 5 ਮਈ, 2003 ਨੂੰ ਇਸ ਨੂੰ ਅਧਿਕਾਰਤ ਰੂਪ 'ਚ ਲਾਂਚ ਕੀਤਾ ਗਿਆ। ਇਹ ਮੁੱਖ ਤੌਰ 'ਤੇ ਪੇਸ਼ੇਵਰ ਨੈੱਟਵਰਕਿੰਗ ਲਈ ਵਰਤੀ ਜਾਂਦੀ ਹੈ, ਜਿਸ 'ਚ ਰੁਜ਼ਗਾਰ ਮਾਲਕ ਨੌਕਰੀਆਂ ਦੀਆਂ ਪੋਸਟਾਂ ਤੇ ਨੌਕਰੀ ਲੱਭਣ ਵਾਲੇ ਆਪਣੇ ਰਜ਼ਿਊਮ ਪੋਸਟ ਕਰਦੇ ਹਨ। ਕੰਪਨੀ ਦੀ ਸਥਾਪਨਾ ਦਸੰਬਰ 2002 'ਚ ਰੀਡ ਹਾਫ਼ ਮੈਨ ਤੇ ਉਸ ਦੇ ਸਾਥੀ ਜੋ ਪੇਪਾਲ ਅਤੇ ਸੋਸ਼ਲਲੈੱਟ ਡਾਟਕਾਮ ਨਾਮਕ ਕੰਪਨੀਆਂ ਦੇ ਕਰਮਚਾਰੀ ਸਨ, ਨੇ ਸਾਂਝੇ ਰੂਪ ਵਿਚ ਕੀਤੀ।

- ਜਗਜੀਤ ਸਿੰਘ ਗਣੇਸ਼ਪੁਰ

94655-76022

Posted By: Harjinder Sodhi