ਦਰਅਸਲ ਪੰਜਾਬ ਹੈ ਹੀ ਤਿਉਹਾਰਾਂ ਤੇ ਮੇਲਿਆ ਦੀ ਧਰਤੀ, ਜਿੱਥੇ ਹਰ ਸੰਗਰਾਂਦ, ਪੂਰਨਮਾਸ਼ੀ ਤੇ ਤਿੱਥਾਂ ਨੂੰ ਕੋਈ ਨਾ ਕੋਈ ਤਿਉਹਾਰ ਜਾਂ ਮੇਲਾ ਪੰਜਾਬੀ ਲੋਕ ਮਨਾਂ 'ਤੇ ਖ਼ੁਸ਼ੀਆਂ ਦੀ ਦਸਤਕ ਦਿੰਦਾ ਹੀ ਰਹਿੰਦਾ ਹੈ। ਪੰਜਾਬ ਨੂੰ ਤਿਉਹਾਰਾਂ ਤੇ ਮੇਲਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਜਿੱਥੇ ਦੀਵਾਲੀ ਨੂੰ ਕੌਮੀ ਤਿਉਹਾਰ ਵਜੋਂ ਸਮੁੱਚੇ ਭਾਰਤ 'ਚ ਮਨਾਇਆ ਜਾਂਦਾ ਹੈ, ਉਥੇ ਪੰਜਾਬ ਦੀ ਰੂਹਾਨੀ ਤੇ ਜਰਖੇਜ਼ ਧਰਤੀ 'ਤੇ ਵੀ ਪੰਜਾਬੀਆਂ ਵੱਲੋਂ ਉਤਸ਼ਾਹ ਨਾਲ ਮਨਾਈ ਜਾਂਦੀ ਹੈ।

ਦੀਵਾਲੀ ਰੁੱਤ ਪਰਿਵਰਤਨ ਦਾ ਮੌਸਮੀ ਤਿਉਹਾਰ ਹੈ। ਇਹ ਤਿਉਹਾਰ ਕੱਤਕ ਮਹੀਨੇ ਦੀ ਮੱਸਿਆ ਵਾਲੇ ਦਿਨ ਮਨਾਇਆ ਜਾਂਦਾ ਹੈ। ਚਾਨਣ ਦੀ ਹਨੇਰੇ 'ਤੇ, ਭਲੇ ਦੀ ਬੁਰਾਈ 'ਤੇ, ਗਿਆਨਤਾ ਦੀ ਅਗਿਆਨਤਾ 'ਤੇ ਫ਼ਤਹਿ ਦਾ ਪ੍ਰਤੀਕ ਇਹ ਤਿਉਹਾਰ ਸਮਾਜ ਵਿਚ ਖ਼ੁਸ਼ੀਆਂ, ਭਾਈਚਾਰੇ ਤੇ ਪਿਆਰ ਦਾ ਸੰਦੇਸ਼ ਫ਼ੈਲਾਉਂਦਾ ਹੈ।

ਦੀਵਾਲੀ ਦਾ ਪਿਛੋਕੜ

ਦੀਵਾਲੀ ਦਾ ਤਿਉਹਾਰ ਦੁਸਹਿਰੇ ਤੋਂ ਵੀਹ ਦਿਨ ਬਾਅਦ ਮਨਾਇਆ ਜਾਂਦਾ ਹੈ। ਹਿੰਦੂ ਧਰਮ 'ਚ ਦੀਵਾਲੀ ਦਾ ਪਿਛੋਕੜ ਅਯੁੱਧਿਆ ਦੇ ਰਾਜਾ ਸ਼੍ਰੀ ਰਾਮ ਚੰਦਰ ਜੀ ਨਾਲ ਜੋੜਿਆ ਜਾਂਦਾ ਹੈ, ਜਦੋਂ ਉਹ 14 ਸਾਲਾਂ ਦਾ ਬਨਵਾਸ ਕੱਟ ਤੇ ਲੰਕਾਂ ਦੇ ਰਾਜੇ ਰਾਵਣ ਦਾ ਨਾਸ਼ ਕਰ ਕੇ ਉਸ ਦੀ ਕੈਦ 'ਚੋਂ ਸੀਤਾ ਮਾਤਾ ਨੂੰ ਰਿਹਾਅ ਕਰਵਾ ਕੇ ਅਯੁੱਧਿਆ ਵਾਪਸ ਆਏ ਸਨ ਤਾਂ ਉਨ੍ਹਾਂ ਦੀ ਜਿੱਤ ਦੀ ਖ਼ੁਸ਼ੀ ਵਿਚ ਅਯੁੱਧਿਆ ਵਾਸੀਆਂ ਨੇ ਘਿਓ ਦੇ ਦੀਵੇ ਜਗਾਏ ਸਨ ਤੇ ਮਠਿਆਈਆਂ ਵੰਡੀਆਂ ਸਨ। ਜੈਨ ਤੀਰਥਕਰ ਭਗਵਾਨ ਮਹਾਂਵੀਰ ਦਾ ਮਹਾਂਨਿਰਵਾਣ ਤੇ ਸਵਾਮੀ ਦਇਆਨੰਦ ਜੀ ਦਾ ਨਿਰਵਾਣ ਦਿਵਸ ਵੀ ਇਸ ਤਿਉਹਾਰ ਨਾਲ ਜੋੜਿਆ ਜਾਂਦਾ ਹੈ।

ਸਿੱਖ ਧਰਮ 'ਚ ਮਹੱਤਵ

ਦੀਵਾਲੀ ਦਾ ਸਿੱਖ ਧਰਮ 'ਚ ਵੀ ਵਿਸ਼ੇਸ਼ ਮਹੱਤਵ ਹੈ। ਸਿੱਖ ਧਰਮ ਦੇ ਛੇਵੇਂ ਪਾਤਸ਼ਾਹ, ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਲੀ ਵਾਲੇ ਦਿਨ ਹੀ ਗਵਾਲੀਅਰ ਦੇ ਕਿਲ੍ਹੇ ਤੋਂ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਕੈਦ 'ਚੋਂ 52 ਰਾਜਿਆਂ ਨੂੰ ਛੁਡਵਾ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ। ਉਨ੍ਹਾਂ ਦੇ ਅੰਮ੍ਰਿਤਸਰ ਪੁੱਜਣ 'ਤੇ ਲੋਕਾਂ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਰੋਸ਼ਨੀਆਂ ਕੀਤੀਆਂ, ਉਦੋਂ ਤੋਂ ਦੀਵਾਲੀ ਦੇ ਤਿਉਹਾਰ ਨੂੰ 'ਬੰਦੀਛੋੜ ਦਿਵਸ' ਵਜੋਂ ਮਨਾਇਆ ਜਾਣ ਲੱਗਾ। ਇਸ ਬਾਰੇ ਕਿਹਾ ਜਾਂਦਾ ਹੈ 'ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ'। ਅਜੋਕੇ ਸਮੇਂ 'ਚ ਦੀਵਾਲੀ ਹਰ ਵਰਗ ਦੇ ਲੋਕਾਂ ਦਾ ਹਰਮਨ ਪਿਆਰਾ ਤਿਉਹਾਰ ਬਣ ਗਿਆ ਹੈ।

ਕੋਰੋਨਾ 'ਚ ਤਿਉਹਾਰਾਂ ਦੇ ਫ਼ਿੱਕੇ ਰੰਗ

ਇਸ ਵਰ੍ਹੇ ਕੋਵਿਡ-19 ਦੇ ਕਹਿਰ ਨੇ ਜੀਵਨ ਦੀ ਸਧਾਰਨ ਤੋਰ ਨੂੰ ਡਗਮਗਾ ਰੱਖਿਆ ਹੈ। ਘਰਾਂ ਵਿਚ ਕੈਦ ਹੋਏ ਲੋਕਾਂ ਦੇ ਤਿਉਹਾਰਾਂ ਤੇ ਮੇਲਿਆਂ ਦੇ ਰੰਗ ਵੀ ਫ਼ਿੱਕੇ ਹੀ ਰਹੇ ਹਨ। ਪੰਜਾਬੀਆਂ ਨੂੰ ਵੀ ਇਸ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ। ਵਿਸਾਖੀ, ਰੱਖੜੀ, ਈਦ, ਜਨਮ ਅਸ਼ਟਮੀ, ਦੁਸਹਿਰਾ ਤੇ ਹੋਰ ਅਨੇਕਾਂ ਸਥਾਨਕ ਮੇਲਿਆਂ/ਸਮਾਗਮਾਂ ਨੂੰ ਵੀ ਲਾਕਡਾਊਨ ਲੱਗਾ ਰਿਹਾ ਹੈ। ਮਾਰਚ ਮਹੀਨੇ ਤੋਂ ਲੈ ਕੇ ਅਕਤੂਬਰ ਤਕ ਦੇ ਤਿਉਹਾਰਾਂ/ਮੇਲਿਆਂ ਨੂੰ ਲੋਕ ਚਾਹ ਕੇ ਵੀ ਮਨਾਉਣ ਤੋਂ ਡਰਦੇ ਰਹੇ। ਠੀਕ ਵੀ ਸੀ, ਤਿਉਹਾਰ ਮੇਲੇ ਤਾ ਆਉਂਦੇ-ਜਾਂਦੇ ਰਹਿਣਗੇ ਪਰ ਕੀਮਤੀ ਮਨੁੱਖੀ ਜਿੰਦਾਂ ਇਕ ਵਾਰ ਗਈਆਂ ਮੁੜ ਕੇ ਕਦੇ ਨਹੀਂ ਪਰਤਦੀਆਂ।

ਪ੍ਰਦੂਸ਼ਣ ਰਹਿਤ ਹੋਵੇ ਦੀਵਾਲੀ

ਤਿਉਹਾਰ ਸਾਡੇ ਜੀਵਨ ਦਾ ਅਤੁੱਟ ਅੰਗ ਹਨ। ਤਿਉਹਾਰਾਂ ਨਾਲ ਹੀ ਲੋਕ ਜੀਵਨ ਦੀ ਰਹੁ ਰੁਮਕਦੀ ਹੈ। ਤਿਉਹਾਰ ਮਨੁੱਖੀ ਜੀਵਨ ਨੂੰ ਊਰਜਾ ਪ੍ਰਦਾਨ ਕਰਨ ਦੇ ਨਾਲ-ਨਾਲ ਚੰਗੇਰੇ ਤੇ ਸਿਹਤਮੰਦ ਜੀਵਨ ਜਿਊਣ ਦੀ ਦਿਸ਼ਾ ਵੀ ਪ੍ਰਦਾਨ ਕਰਦੇ ਹਨ। ਦੀਵਾਲੀ ਸਾਡਾ ਖ਼ੁਸ਼ੀਆਂ ਤੇ ਧਾਰਮਿਕ ਸ਼ਰਧਾ ਭਾਵਨਾ ਵਾਲਾ ਤਿਉਹਾਰ ਹੈ। ਇਸ ਲਈ ਬੱਚਿਆਂ ਤੇ ਵੱਡਿਆਂ ਨੂੰ ਸ਼ੋਰ ਪ੍ਰਦੂਸ਼ਣ ਤੇ ਵਾਤਾਵਰਨ ਪ੍ਰਦੂਸ਼ਣ ਵਾਲੇ ਪਟਾਕੇ ਬਿਲਕੁਲ ਵੀ ਨਹੀਂ ਚਲਾਉਣੇ ਚਾਹੀਦੇ। ਇਸ ਨਾਲ ਸਧਾਰਨ ਜੀਵਨ ਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ। ਪੈਸੈ ਦੀ ਬਰਬਾਦੀ ਦੇ ਨਾਲ-ਨਾਲ ਆਂਢ-ਗੁਆਂਢ, ਗਲੀ-ਮੁਹੱਲੇ 'ਚ ਸਾਹ-ਦਮੇ, ਦਿਲ ਦੇ ਰੋਗੀਆਂ ਜਾਂ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਵੀ ਪਟਾਕਿਆਂ ਦੀ ਉੱਚੀ ਆਵਾਜ਼ ਖ਼ਤਰਨਾਕ ਹੈ। ਵੱਡੇ ਪਟਾਕੇ ਚਲਾਉਣ ਨਾਲ ਵੱਡੇ ਹਾਦਸੇ ਵੀ ਦੀਵਾਲੀ ਮੌਕੇ ਵਾਪਰ ਸਕਦੇ ਹਨ।

ਹਰੀ ਦੀਵਾਲੀ

ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ। ਰੋਸ਼ਨੀ ਖ਼ੁਸ਼ੀ, ਖੇੜੇ, ਜਿੱਤ ਤੇ ਉਤਸ਼ਾਹ ਦਾ ਪ੍ਰਤੀਕ ਹੈ। ਕਿਹਾ ਜਾਂਦਾ ਹੈ ਕਿ ਲੋਕਾਂ ਨੇ ਅਯੁੱਧਿਆ 'ਚ ਰਾਮ ਚੰਦਰ ਜੀ ਦੀ ਆਮਦ ਵਿਚ ਦੇਸੀ ਘਿਓ ਦੇ ਦੀਵੇ ਬਾਲ ਕੇ ਰੋਸ਼ਨੀ ਕੀਤੀ ਸੀ। ਦੇਸੀ ਘਿਓ ਦੇ ਬਲਦੇ ਦੀਵੇ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ। ਇਸੇ ਤਰ੍ਹਾਂ ਸਰ੍ਹੋਂ ਦੇ ਤੇਲ ਨਾਲ ਬਲਦੇ ਦੀਵੇ ਵੀ ਸਾਡੇ ਚੌਗਿਰਦੇ ਨੂੰ ਸ਼ੁੱਧਤਾ ਪ੍ਰਦਾਨ ਕਰਦੇ ਹਨ। ਇਸ ਨਾਲ ਰੁੱਖ, ਪੌਦੇ ਤੇ ਅੰਬਰ ਪ੍ਰਦੂਸ਼ਣ ਰਹਿਤ ਰਹਿੰਦੇ ਹਨ, ਹਵਾ ਸ਼ੁੱਧ ਰਹਿੰਦੀ ਹੈ, ਹਰਿਆਵਲ ਬਣੀ ਰਹਿੰਦੀ ਹੈ ਅਤੇ ਜੀਵ-ਜੰਤੂ ਵੀ ਤੰਦਰੁਸਤ ਰਹਿੰਦੇ ਹਨ। ਹਰੀ ਦੀਵਾਲੀ ਮਨਾਉਣ ਨਾਲ ਪਟਾਕਿਆਂ ਦਾ ਜ਼ਹਿਰੀਲਾ ਧੂੰਆਂ ਹਵਾ ਵਿਚ ਨਹੀਂ ਫ਼ੈਲਦਾ। ਇਸ ਮੌਕੇ ਸਾਨੂੰ ਰੁੱਖ, ਫੁੱਲ ਅਤੇ ਫਲਦਾਰ ਪੌਦੇ ਲਗਾਉਣੇ ਚਾਹੀਦੇ ਹਨ। ਸਕੂਲ, ਘਰਾਂ, ਖ਼ਾਲੀ ਥਾਵਾਂ 'ਚ ਵੱਧ ਤੋਂ ਵੱਧ ਰੁੱਖ ਪੌਦੇ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ 'ਚ ਯੋਗਦਾਨ ਪਾਉਣਾ ਚਾਹੀਦਾ ਹੈ।

ਬੁਰਾਈਆਂ ਦਾ ਹਨੇਰਾ

ਦੀਵਾਲੀ ਸਾਡੇ ਲਈ ਜੀਵਨ ਜਾਚ ਦੀ ਸਿੱਖਿਆ ਦਾ ਪ੍ਰਤੀਕ ਵੀ ਹੈ। ਦੀਵਾਲੀ ਮੌਕੇ ਕਾਲੇ ਹਨੇਰੇ ਵਿਚ ਟਿਮਟਿਮਾਉਂਦੇ ਤੇ ਜਗਦੇ ਦੀਵੇ ਰੋਸ਼ਨੀ ਬਿਖੇਰ ਰਹੇ ਹੁੰਦੇ ਹਨ। ਇਹ ਅਲੌਕਿਕ ਦ੍ਰਿਸ਼ ਮਨ ਨੂੰ ਖ਼ੁਸ਼ੀ ਤੇ ਸੰਤੁਸ਼ਟੀ ਪ੍ਰਦਾਨ ਕਰਦਾ ਹੈ। ਸਾਨੂੰ ਆਪਣੇ ਮਨ ਵਿੱਚੋਂ ਵੀ ਬੁਰਾਈਆਂ ਤੇ ਅਗਿਆਨਤਾ ਦੇ ਹਨੇਰੇ ਨੂੰ ਇਸ ਪਾਵਨ ਤਿਉਹਾਰ ਮੌਕੇ ਦੂਰ ਕਰਨ ਦਾ ਅਹਿਦ ਕਰਨਾ ਚਾਹੀਦਾ ਹੈ। ਸਦਾਚਾਰ ਤੇ ਨਿਆਂ ਦੇ ਮਾਰਗ 'ਤੇ ਚੱਲਣ ਦਾ ਪ੍ਰਣ ਵੀ ਕਰਨਾ ਚਾਹੀਦਾ ਹੈ।

ਪੜ੍ਹਾਈ ਹੀ ਅਸਲ ਦੀਵਾਲੀ

ਕੋਵਿਡ-19 ਕਾਰਨ ਸਕੂਲ ਅਜੇ ਵੀ ਛੋਟੇ ਬੱਚਿਆਂ ਲਈ ਬੰਦ ਪਏ ਹਨ। ਸਿਰਫ਼ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਤਕ ਦੇ ਵਿਦਿਆਰਥੀ ਹੀ ਥੋੜ੍ਹੀ-ਬਹੁਤੀ ਗਿਣਤੀ ਵਿਚ ਸਕੂਲਾਂ ਵਿਚ ਪੜ੍ਹਨ ਜਾ ਰਹੇ ਹਨ। ਨਰਸਰੀ ਤੋਂ ਅੱਠਵੀਂ ਜਮਾਤਾਂ ਦੇ ਬੱਚੇ ਅਜੇ ਵੀ ਘਰਾਂ ਵਿਚ ਆਨਲਾਈਨ ਸਿੱਖਿਆ ਪ੍ਰਾਪਤ ਕਰ ਰਹੇ ਹਨ। ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਸਿੱਿਖਆ ਵਿਭਾਗ ਨੇ ਆਨਲਾਈਨ ਸਿੱਖਿਆ ਦੇ ਮਾਧਿਅਮ ਨਾਲ ਪੂਰਿਆਂ ਕਰਨ ਦਾ ਯਤਨ ਕੀਤਾ ਹੈ ਪਰ ਵਿਦਿਆਰਥੀਆਂ ਦਾ ਵੀ ਨੈਤਿਕ ਫ਼ਰਜ਼ ਬਣਦਾ ਹੈ ਕਿ ਘਰ ਬੈਠਿਆਂ ਆਨਲਾਈਨ ਸਿੱਖਿਆ ਦਾ ਪੂਰਾ ਲਾਭ ਲੈਣ ਦੇ ਨਾਲ-ਨਾਲ ਰਹਿੰਦੇ ਵਿਸ਼ਿਆਂ ਦੀ ਖ਼ੂਬ ਪੜ੍ਹਾਈ ਕਰਨ ਤਾਂ ਜੋ ਮਾਰਚ-ਅਪ੍ਰੈਲ ਵਿਚ ਹੋਣ ਵਾਲੀ ਬੋਰਡ ਪ੍ਰੀਖਿਆ ਵਿੱਚੋਂ ਉਹ ਚੰਗੇ ਅੰਕ ਲੈ ਕੇ ਪਾਸ ਹੋ ਸਕਣ। ਸਿੱਖਿਆ ਵਿਭਾਗ ਵੱਲੋਂ ਲਏ ਜਾ ਰਹੇ ਪੈਸ-ਨਵੰਬਰ 2020 ਦੇ ਇਮਤਿਹਾਨ ਦੇਣੇ ਵੀ ਬੱਚਿਆਂ ਲਈ ਜ਼ਰੂਰੀ ਹਨ। ਇਸ ਲਈ ਲਾਕਡਾਊਨ ਵਿਚ ਬੱਚਿਆਂ ਦੀ ਪੜ੍ਹਾਈ ਹੀ ਉਨ੍ਹਾਂ ਦੀ ਅਸਲ ਦੀਵਾਲੀ ਹੈ।

ਮਿਲਾਵਟੀ ਮਠਿਆਈਆਂ ਦਾ ਜ਼ਹਿਰ

ਤਿਉਹਾਰਾਂ ਮੌਕੇ ਦੁਕਾਨਦਾਰ ਮੁਨਾਫ਼ਾਖੋਰੀ ਦੇ ਚੱਕਰ 'ਚ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਵੀ ਕਰਦੇ ਹਨ। ਦੀਵਾਲੀ ਦੇ ਤਿਉਹਾਰ ਮੌਕੇ ਸਾਨੂੰ ਮਠਿਆਈਆਂ ਦੀ ਚਕਾਚੌਂਧ ਤੇ ਸੁਆਦ ਦੇ ਜੰਜਾਲ ਤੋਂ ਬਚਣਾ ਚਾਹੀਦਾ ਹੈ। ਨਕਲੀ ਮਠਿਆਈਆਂ, ਨਕਲੀ ਪਨੀਰ, ਨਕਲੀ ਦੁੱਧ ਆਦਿ ਪਦਾਰਥ ਇਸ ਮੌਕੇ ਧੜੱਲੇ ਨਾਲ ਵਿਕਦੇ ਹਨ, ਪ੍ਰੰਤੂ ਸਮਝਦਾਰੀ ਤੋਂ ਕੰਮ ਲੈ ਕੇ ਅਸੀਂ ਇਸ ਮਿੱਠੇ ਜ਼ਹਿਰ ਤੋਂ ਬਚ ਸਕਦੇ ਹਾਂ। ਮਿਲਾਵਟਖੋਰੀ ਵਿਰੁੱਧ ਸਾਨੂੰ ਆਵਾਜ਼ ਵੀ ਉਠਾਉਣੀ ਚਾਹੀਦੀ ਹੈ।

ਇਤਿਹਾਸ ਪ੍ਰਤੀ ਹੋਈਏ ਜਾਗਰੂਕ

ਦੀਵਾਲੀ ਮੌਕੇ ਬੱਚਿਆਂ ਨੂੰ ਅਪਣੇ ਗੌਰਵਸ਼ਾਲੀ ਇਤਿਹਾਸ ਤੇ ਧਰਮ ਪ੍ਰਤੀ ਜਾਗਰੂਕ ਕਰਨਾ ਵੀ ਸਾਡਾ ਫ਼ਰਜ਼ ਬਣਦਾ ਹੈ। ਬੁਰਿਆਈਆਂ ਦਾ ਤਿਆਗ, ਸੱਚ ਬੋਲਣਾ, ਸਵੈਮਾਣ ਦੀ ਸੁਰੱਖਿਆ ਕਰਨ ਦੇ ਗੁਣ ਉਨ੍ਹਾਂ ਨੂੰ ਅਮੀਰ ਧਾਰਮਿਕ-ਇਤਿਹਾਸਕ ਵਿਰਸੇ ਨਾਲ ਜੋੜ ਕੇ ਸਹਿਜੇ ਹੀ ਸਿਖਾਏ ਜਾ ਸਕਦੇ ਹਨ। ਦੀਵਾਲੀ ਦੇ ਤਿਉਹਾਰ ਵਿੱਚੋਂ ਉਜਾਗਰ ਹੁੰਦੇ ਹਿੰਦੂ ਤੇ ਸਿੱਖ ਧਰਮ ਦੇ ਉਪਦੇਸ਼ਾਂ ਰਾਹੀਂ ਅਸੀਂ ਮਾਨਵਵਾਦੀ ਸੰਕਲਪ ਨੂੰ ਲੋਕ ਭਲੇ ਨਾਲ ਜੋੜ ਕੇ ਚੰਗੇ ਆਚਰਣ ਦੇ ਧਾਰਨੀ ਬਣ ਸਕਦੇ ਹਾਂ।

ਬੱਚਿਆਂ ਦੀ ਸੁਰੱਖਿਆ

ਹਰ ਕਿਸੇ ਨੂੰ ਤਿਉਹਾਰਾਂ ਦੀ ਉਡੀਕ ਰਹਿੰਦੀ ਹੈ। ਬੱਚਿਆਂ ਲਈ ਤਿਉਹਾਰ ਸੌਗਾਤਾਂ ਵਰਗੇ ਹੁੰਦੇ ਹਨ। ਬਾਲ ਮਨ ਹਰ ਪਲ ਖ਼ੁਸ਼ੀਆਂ ਨੂੰ ਬਟੋਰਨਾ ਲੋਚਦਾ ਹੈ। ਉਨ੍ਹਾਂ ਦੀ ਜ਼ਿੱਦ ਅੱਗੇ ਸਾਨੂੰ ਕਈ ਵਾਰ ਝੁਕਣਾ ਵੀ ਪੈਂਦਾ ਹੈ ਪਰ ਉਨ੍ਹਾਂ ਦੀ ਜ਼ਿੱਦ ਨੂੰ ਸੀਮਾ ਤੋਂ ਬਾਹਰ ਨਹੀਂ ਜਾਣ ਦੇਣਾ ਚਾਹੀਦਾ। ਦੀਵਾਲੀ ਮੌਕੇ ਬੱਚਿਆ ਦੀ ਸਿਹਤ ਤੇ ਸੁਰੱਖਿਆ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੂੰ ਘਰਾਂ 'ਚ ਵੱਡਿਆਂ ਦੀ ਹਾਜ਼ਰੀ ਵਿਚ ਹੀ ਦੀਵਾਲੀ ਮਨਾਉਣੀ ਚਾਹੀਦੀ ਹੈ। ਬੱਚਿਆਂ ਨੂੰ ਆਂਢ-ਗੁਆਂਢ, ਗਲੀ-ਮੁਹੱਲੇ ਜਾਂ ਘਰਾਂ ਦੀਆਂ ਛੱਤਾਂ 'ਤੇ ਪਟਾਕੇ ਚਲਾਉਣ ਤੋਂ ਸਖਤ ਮਨ੍ਹਾ ਕਰਨਾ ਚਾਹੀਦਾ ਹੈ। ਪਟਾਕਿਆਂ ਤੋਂ ਡਰ ਕੇ ਦੌੜਦੇ-ਭੱਜਦੇ ਬੱਚੇ ਅਕਸਰ ਗੰਭੀਰ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਇਸ ਨਾਲ ਤਿਉਹਾਰਾਂ ਦਾ ਆਨੰਦ ਕਿਰਕਿਰਾ ਹੁੰਦਾ ਹੈ ਤੇ ਮੂਲ ਭਾਵਨਾ ਨੂੰ ਸੱਟ ਵੱਜਦੀ ਹੈ।

ਬੱਚਿਆਂ ਦਾ ਵਿਸ਼ੇਸ਼ ਤਿਉਹਾਰ

ਉਂਜ ਤਾਂ ਹਰ ਤਿਉਹਾਰ ਬੱਚਿਆਂ ਲਈ ਖ਼ੁਸ਼ੀਆਂ ਤੇ ਚਾਵਾਂ ਦੀ ਚੰਗੇਰ ਭਰ ਕੇ ਲਿਆਉਂਦਾ ਹੈ ਪਰ ਲੋਹੜੀ ਤੇ ਦੀਵਾਲੀ ਦੇ ਤਿਉਹਾਰਾਂ ਵੇਲੇ ਬੱਚਿਆਂ ਦੇ ਪੱਬ ਧਰਤੀ 'ਤੇ ਨਹੀਂ ਟਿਕਦੇ। ਦੀਵਾਲੀ ਮੌਕੇ ਤਾਂ ਜਿਵੇਂ ਤਾਰੇ ਉਨ੍ਹਾਂ ਦੀ ਮੁੱਠੀ ਵਿਚ ਆ ਜਾਂਦੇ ਹਨ। ਉਨ੍ਹਾਂ ਦੀਆਂ ਅੱਖਾਂ 'ਚ ਜਗਦੇ ਦੀਵਿਆਂ ਵਰਗੀ ਸੁੱਚੀ ਲੋਅ ਹੁੰਦੀ ਹੈ। ਭੋਲੇ-ਭਾਲੇ ਚਿਹਰਿਆਂ 'ਤੇ ਚੰਗਿਆਈਆਂ ਦਾ ਨੂਰ ਚਮਕਦਾ ਦਿਖਾਈ ਦਿੰਦਾ ਹੈ। ਬੱਚੇ ਅਨਭੋਲ ਹੀ ਪਟਾਕੇ, ਫੁਲਝੜੀਆਂ ਤੇ ਅਨਾਰ ਚਲਾ ਕੇ ਬੁਰਾਈ ਤੇ ਜ਼ੁਲਮ ਦੇ ਕਾਲਖ਼ੀ ਹਨੇਰੇ ਨੂੰ ਦੂਰ ਕਰਨ ਦੀ ਸੱਚੀ ਜ਼ਿੱਦ ਕਰ ਰਹੇ ਪ੍ਰਤੀਤ ਹੁੰਦੇ ਹਨ। ਫ਼ਾਲਤੂ ਦੇ ਖ਼ਰਚ, ਵਹਿਮ-ਭਰਮ ਤੇ ਤਰਕਹੀਣ ਵਰਤਾਰੇ ਤੋਂ ਦੂਰ ਰੱਖ ਕੇ ਸਾਨੂੰ ਬੱਚਿਆਂ ਨੂੰ ਇਤਿਹਾਸਕ ਸੱਚ ਦੇ ਤੱਥ ਨਾਲ ਜੋੜਨਾ ਚਾਹੀਦਾ ਹੈ।

- ਅਰਮਨਪ੍ਰੀਤ ਸਿੰਘ

Posted By: Harjinder Sodhi