ਗਰਮੀਆਂ ਦੀਆਂ ਛੁੱਟੀਆਂ ਆ ਰਹੀਆਂ ਹਨ। ਇਨ੍ਹਾਂ ਵਿਹਲੇ ਦਿਨਾਂ ’ਚ ਅਸੀਂ ਕੀ ਕਰੀਏ? ਸਭ ਤੋਂ ਵੱਡੀ ਸਮੱਸਿਆ ਵਿਹਲੇ ਸਮੇਂ ਦੇ ਸਦਉਪਯੋਗ ਦੀ ਹੁੰਦੀ ਹੈ। ਜੇ ਅਸੀਂ ਸਮੇਂ ਦਾ ਸਹੀ ਵਰਤੋਂ ਕਰਨ ’ਚ ਸਫਲ ਨਾ ਹੋਏ ਤਾਂ ਸਮਝੋ ਆਪਾਂ ਆਪਣੇ ਨਿਸ਼ਾਨੇ ਵੱਲ ਨਹੀਂ ਵੱਧ ਸਕਦੇ। ਇਸ ਲਈ ਸਮੇਂ ਦੀ ਸਹੀ ਵਰਤੋਂ ਬੜੇ ਸੰਜਮ ਤੇ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ,

ਜਿਸ ਦਾ ਸਭ ਤੋਂ ਸੌਖਾ ਤਰੀਕਾ ਸਮਾਂ ਸਾਰਨੀ ਤਿਆਰ ਕਰਨਾ ਹੈ। ਉਸ ਅਨੁਸਾਰ ਆਪਣੀਆਂ ਸਾਰੀਆਂ ਗਤੀਵਿਧੀਆਂ ਕਰਦੇ ਜਾਓ।

ਪੜ੍ਹਾਈ ਨਾਲ ਨਾਤਾ

ਬਹੁਤ ਵਾਰ ਅਸੀਂ ਇਨ੍ਹਾਂ ਦਿਨਾਂ ’ਚ ਭੈੜੀ ਸੰਗਤ ਦਾ ਸ਼ਿਕਾਰ ਹੋ ਕੇ ਆਪਣੇ ਅਸਲੀ ਮਾਰਗ ਤੋਂ ਭਟਕ ਜਾਂਦੇ ਹਾਂ। ਇਸ ਲਈ ਇਨ੍ਹਾਂ ਦਿਨਾਂ ’ਚ ਸੰਗਤ ਦਾ ਖ਼ਾਸ ਧਿਆਨ ਰੱਖਿਆ ਜਾਵੇ। ਟਾਈਮ ਟੇਬਲ ਬਣਾ ਕੇ ਇਸ ਅਨੁਸਾਰ ਆਪਣੇ ਕਾਰਜਾਂ ਨੂੰ ਨਿਪਟਾਉਂਦੇ ਜਾਓ। ਸਭ ਤੋਂ ਜ਼ਰੂਰੀ ਹੈ ਤੁਹਾਡਾ ਘਰ ਦਾ ਕੰਮ।ਸਕੂਲ ਅਧਿਆਪਕ ਵੱਲੋਂ ਜੋ ਵੀ ਤੁਹਾਨੂੰ ਦਿੱਤਾ ਗਿਆ ਹੈ, ਉਸ ਨੂੰ ਸਮੇਂ ਸਿਰ ਨਿਪਟਾਉਂਦੇ ਰਹੋ ਤਾਂ ਜੋ ਤੁਹਾਡਾ ਪੜ੍ਹਾਈ ਨਾਲ ਨਾਤਾ ਜੁੜਿਆ ਰਹੇ। ਇੰਝ ਨਾ ਹੋਵੇ ਕਿ ਛੁੱਟੀਆਂ ਤੋਂ ਬਾਅਦ ਤੁਸੀਂ ਕੋਰੇ ਹੋ ਕੇ ਸਕੂਲ ਜਾਓ। ਛੱੁਟੀਆਂ ਦਾ ਮਿਲਿਆ ਕੰਮ ਖ਼ਤਮ ਕਰ ਕੇ ਇਨ੍ਹਾਂ ਦਿਨਾਂ ਦਾ ਆਨੰਦ ਮਾਣਨ ਲਈ ਕਿਤੇ ਨਾ ਕਿਤੇ ਸੈਰ ਕਰਨ ਲਈ ਵੀ ਜਾਓ। ਸੈਰ ਨਾਲ ਗਿਆਨ ਤੇ ਮਨੋਰੰਜਨ ’ਚ ਇੱਕੋ ਵੇਲੇ ਵਾਧਾ ਹੰੁਦਾ ਹੈ।

ਕਮਜ਼ੋਰ ਵਿਸ਼ੇ ਦੀ ਤਿਆਰੀ

ਦੂਸਰੀ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਦਿਨਾਂ ’ਚ ਅਸੀਂ ਆਪਣੇ ਕਿਸੇ ਵਿਸ਼ੇ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਵਾਧੂ ਮਿਹਨਤ ਕਰ ਸਕਦੇ ਹਾਂ। ਇੰਝ ਸਾਡੀ ਵਿੱਦਿਅਕ ਪ੍ਰਾਪਤੀ ’ਚ ਵਾਧਾ ਹੋ ਜਾਵੇਗਾ। ਅੱਜ-ਕੱਲ੍ਹ ਸਾਡੇ ਵਿੱਚੋਂ ਮਾਪਿਆਂ ਨਾਲ ਕੰਮ ’ਚ ਹੱਥ ਵਟਾਉਣ ਦੀ ਆਦਤ ਵੀ ਖ਼ਤਮ ਹੋ ਰਹੀ ਹੈ। ਉਹ ਸਿਰਫ਼ ਤੇ ਸਿਰਫ਼ ਪੜ੍ਹਾਈ ਨੂੰ ਹੀ ਪਹਿਲ ਦੇ ਰਹੇ ਹਨ, ਜਦੋਂਕਿ ਵਿਦੇਸ਼ਾਂ ਵਿਚ ਸਾਰੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹੱਥੀਂ ਕਿਰਤ ਵੀ ਕਰਦੇ ਹਨ। ਸਾਡੇ ਮਹਾਪੁਰਸ਼ਾਂ ਨੇ ਵੀ ਕਿਰਤ ਦੀ ਮਹਾਨਤਾ ਦਾ ਸੰਦੇਸ਼ ਦਿੱਤਾ ਹੈ। ਇਸ ਲਈ ਕਿਰਤ ਕਰਨ ਦੀ ਆਦਤ ਬਚਪਨ ’ਚ ਹੀ ਪੈਦਾ ਹੋ ਜਾਣੀ ਚਾਹੀਦੀ ਹੈ, ਜਿਸ ਦਾ ਅਰੰਭ ਘਰੇਲੂ ਕੰਮਾ ਤੋਂ ਹੁੰਦਾ ਹੈ।

ਪਿਤਾ ਪੁਰਖੀ ਕੰਮ ਸਿੱਖਣਾ

ਪਿਤਾ ਪੁਰਖੀ ਕੰਮ ਸਿੱਖਣ ਦੀ ਵਿਸ਼ੇਸ਼ ਲੋੜ ਨਹੀਂ ਹੁੰਦੀ। ਉਹ ਸਾਨੂੰ ਵਾਤਾਵਰਨ ਵਿੱਚੋਂ ਹੀ ਪਤਾ ਲੱਗ ਜਾਂਦਾ ਹੈ। ਇਸ ਲਈ ਮਾਪਿਆਂ ਦੇ ਕਾਰਜਾਂ ਦੇ ਨਾਲ-ਨਾਲ ਆਪਣੇ ਸ਼ੌਕ ਦਾ ਵਿਕਾਸ ਵੀ ਕਰੋ। ਤੁਸੀਂ ਸਭ ਜਾਣਦੇ ਹੋ ਕਿ ਅੱਜ-ਕੱਲ੍ਹ ਸਬਜ਼ੀਆਂ, ਫਲਾਂ ਤੇ ਹੋਰ ਫਸਲਾਂ ’ਤੇ ਦਵਾਈਆਂ ਦਾ ਅੰਨ੍ਹੇਵਾਹ ਛਿੜਕਾਅ ਕਰ ਕੇ ਸਾਡੇ ਸਰੀਰ ਨੂੰ ਨੁਕਸਾਨ ਕਰਨ ਵਾਲੀਆ ਵਸਤਾਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਆਪਣੀ ਤੇ ਆਪਣੇ ਪਰਿਵਾਰ ਦੀ ਚੰਗੀ ਸਿਹਤ ਲਈ ਘਰ ਵਿਚ ਕਿਚਨ ਗਾਰਡਨ ਦੀ ਤਿਆਰੀ ਜ਼ਰੂਰ ਕਰੋ। ਇਸ ਨਾਲ ਸਾਨੂੰ ਜਿੱਥੇ ਚੰਗੀ ਸਿਹਤ ਮਿਲੇਗੀ, ਉਥੇ ਆਰਥਿਕ ਲਾਭ ਵੀ ਹੋਵੇਗਾ।

ਗਰਮੀ ਤੋਂ ਬਚਾਅ

ਜਿਹੜੇ ਬੱਚੇ ਕਲਾ ਨੂੰ ਵਿਕਸਤ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਇਹ ਸਮਾਂ ਬੜਾ ਲਾਭਕਾਰੀ ਹੈ। ਹਰ ਪ੍ਰਕਾਰ ਦਾ ਅਭਿਆਸ ਇਨ੍ਹਾਂ ਛੁੱਟੀਆਂ ਵਿਚ ਕੀਤਾ ਜਾ ਸਕਦਾ ਹੈ। ਗੀਤ ਸੰਗੀਤ, ਡਾਂਸ, ਲਿਖਾਈ, ਸਿਲਾਈ-ਕਢਾਈ, ਪੇਂਟਿੰਗ ਅਤੇ ਯੋਗ ਸਾਧਨਾ ਆਦਿ ਕਲਾਵਾਂ ਨੂੰ ਸ਼ਿੰਗਾਰਿਆ ਜਾ ਸਕਦਾ ਹੈ। ਇਨ੍ਹਾਂ ਗੱਲਾਂ ਦੇ ਨਾਲ-ਨਾਲ ਗਰਮੀ ਤੋਂ ਬਚਣ ਲਈ ਪਾਣੀ ਦੀ ਸਹੀ ਮਿਕਦਾਰ ’ਚ ਵਰਤੋਂ ਕਰਨੀ ਲਾਜ਼ਮੀ ਹੈ। ਨਿੰਬੂ ਪਾਣੀ, ਲੱਸੀ, ਤਰਬੂਜ਼, ਪੁਦੀਨਾ, ਖੀਰਾ ਆਦਿ ਵਸਤਾਂ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ।

ਹੁਨਰ ਨੂੰ ਨਿਖਾਰੋ

ਦੋਸਤੋ ਇਨ੍ਹਾਂ ਛੁੱਟੀਆਂ ’ਚ ਅਸੀਂ ਆਪਣੇ ਅੰਦਰ ਛੁਪੇ ਹੋਏ ਹੁਨਰ ਨੂੰ ਜ਼ਰੂਰ ਉਜਾਗਰ ਕਰਨਾ ਹੈ। ਸਮੇਂ ਦਾ ਸਹੀ ਇਸਤੇਮਾਲ ਕਰਨ ਨਾਲ ਹੀ ਅਸੀਂ ਹਰ ਖੇਤਰ ’ਚ ਅੱਗੇ ਵਧ ਸਕਦੇ ਹਾਂ। ਕਲਾਤਮਿਕ ਕੈਂਪਾਂ ’ਚ ਭਾਗ ਲੈ ਕੇ ਆਪਣੇ ਹੁਨਰ ਨੂੰ ਨਿਖਾਰੋ ਤੇ ਸਮੇਂ ਦੇ ਹਾਣ ਦੀਆਂ ਗੱਲਾਂ ਨੂੰ ਵਿਚਾਰੋ। ਉਸਾਰੂ ਸੋਚ ਨਾਲ ਹੀ ਨਰੋਏ ਸਮਾਜ ਦੀ ਸਿਰਜਣਾ ਹੋ ਸਕੇਗੀ। ਆਓ ਇਨ੍ਹਾਂ ਛੁੱਟੀਆਂ ਦਾ ਸਹੀ ਇਸਤੇਮਾਲ ਕਰਦਿਆਂ ਆਪਣੇ ਤਨ-ਮਨ ਤੇ ਬੁੱਧੀ ਦਾ ਵਿਕਾਸ ਕਰੀਏ।

- ਬਲਜਿੰਦਰ ਮਾਨ

Posted By: Harjinder Sodhi