ਯੂਰਪੀ ਦੇਸ਼ ਇਟਲੀ 'ਚ ਸਥਿਤ ਝੁਕੀ ਹੋਈ ਮੀਨਾਰ ਜਾਣੀਂ ਲੀਨਿੰਗ ਟਾਵਰ ਆਫ ਪੀਸਾ ਆਪਣੇ ਅਨੋਖੇ ਨਿਰਮਾਣ ਕਰਕੇ ਪੂਰੀ ਦੁਨੀਆ 'ਚ ਮਸ਼ਹੂਰ ਹੈ। ਆਓ, ਜਾਣਦੇ ਹਾਂ ਵਿਸ਼ਵ ਵਿਰਾਸਤ 'ਚ ਸ਼ਾਮਿਲ ਝੁਕੀ ਹੋਈ ਮੀਨਾਰ ਦੀਆਂ ਵਿਸ਼ੇਸ਼ਤਾਵਾਂ ਬਾਰੇ :

ਬੱਚਿਓ! ਤੁਸੀਂ ਇਹ ਤਾਂ ਦੇਖਿਆ ਹੋਵੇਗਾ ਕਿ ਸਾਰੇ ਮਕਾਨ ਤੇ ਮੀਨਾਰਾਂ ਜ਼ਮੀਨ ਤੋਂ ਅਸਮਾਨ ਵੱਲ ਸਿੱਧੀਆਂ ਖੜ੍ਹੀਆਂ ਹੁੰਦੀਆਂ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਯੂਰਪ ਮਹਾਦੀਪ ਦੇ ਇਟਲੀ ਦੇਸ਼ 'ਚ ਸਥਿਤ ਪੀਸਾ ਦੀ ਮੀਨਾਰ ਕਰੀਬ ਛੇ ਸੌ ਸਾਲਾਂ ਤੋਂ ਝੁਕੀ ਹੋਈ ਹੈ। ਯੂਨੈਸਕੋ ਵਿਸ਼ਵ ਵਿਰਾਸਤ 'ਚ ਵੀ 'ਲੀਨਿੰਗ ਟਾਵਰ ਆਫ ਪੀਸਾ' ਸ਼ਾਮਲ ਹੈ। ਇਸ ਦੇ ਇਕ ਪਾਸੇ ਝੁਕੇ ਹੋਣ ਕਾਰਨ ਹੀ ਇਸ ਨੂੰ ਇਹ ਨਾਂ ਮਿਲਿਆ ਹੈ। ਇਹ ਮੀਨਾਰ ਨਿਰਮਾਣ ਦੌਰਾਨ ਹੀ ਝੁਕਣ ਲੱਗੀ ਤੇ ਇਸੇ ਕਰਕੇ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਈ।

ਟਾਵਰ ਦੀਆਂ ਵਿਸ਼ੇਸ਼ਤਾਵਾਂ

ਲੀਨਿੰਗ ਟਾਵਰ ਆਫ ਪੀਸਾ ਇਟਲੀ ਦੇ ਸਿਟੀ ਆਫ ਪੀਸਾ 'ਚ ਸਥਿਤ ਹੈ। ਜਿਥੇ ਇਹ ਮੀਨਾਰ ਸਥਿਤ ਹੈ, ਉਸ ਨੂੰ ਕੈਥੇਡ੍ਰਲ ਸਕੁਆਇਰ ਕਿਹਾ ਜਾਂਦਾ ਹੈ। ਪੀਸਾ ਟਾਵਰ ਦਾ ਨਿਰਮਾਣ ਸੰਨ 1173 'ਚ ਸ਼ੁਰੂ ਹੋਇਆ ਤੇ 1399 'ਚ ਪੂਰਾ ਹੋਇਆ ਸੀ। ਇਹ ਟਾਵਰ ਅੱਠ ਮੰਜ਼ਿਲਾ ਹੈ। ਪੀਸਾ ਦੇ ਆਧਾਰ ਦਾ ਬਾਹਰੀ ਵਿਆਸ 15.484 ਮੀਟਰ ਹੈ ਤੇ ਇਸ ਦਾ ਕੁੱਲ ਭਾਰ 14,500 ਟਨ ਹੈ। ਪੀਸਾ ਟਾਵਰ ਜ਼ਮੀਨ ਤੋਂ ਪੰਜ ਮੀਟਰ ਦੇ ਕੋਣ 'ਚ ਇਕ ਪਾਸੇ ਝੁਕਿਆ ਹੋਇਆ ਹੈ। ਇਸ ਨੂੰ ਦੇਖ ਕੇ ਅਜਿਹਾ ਲਗਦਾ ਹੈ ਕਿ ਇਹ ਟਾਵਰ ਕਦੇ ਵੀ ਡਿੱਗ ਸਕਦਾ ਹੈ ਪਰ ਨਿਰਮਾਣ ਤੋਂ ਛੇ ਸਦੀਆਂ ਬਾਅਦ ਵੀ ਇਹ ਉਸੇ ਤਰ੍ਹਾਂ ਹੀ ਖੜ੍ਹਾ ਹੈ। ਪੀਸਾ ਟਾਵਰ ਦੇ ਨਿਰਮਾਣ ਸਮੇਂ ਇਸ ਦੀ ਉਚਾਈ 60 ਮੀਟਰ ਸੀ। ਸਮੇਂ ਦੇ ਨਾਲ ਪੀਸਾ ਇਕ ਪਾਸੇ ਝੁਕਦਾ ਗਿਆ। ਹੁਣ ਝੁਕੀ ਹੋਈ ਮੀਨਾਰ ਦੀ ਸਭ ਤੋਂ ਉੱਚੀ ਦੀਵਾਰ ਦੀ ਲੰਬਾਈ 56.67 ਮੀਟਰ ਤੇ ਦੂਸਰੇ ਪਾਸੇ ਦੀ ਦੀਵਾਰ ਦੀ ਉਚਾਈ 55.86 ਮੀਟਰ ਰਹਿ ਗਈ ਹੈ। ਇਸ ਨੂੰ 1987 'ਚ ਵਿਸ਼ਵ ਵਿਰਾਸਤ ਐਲਾਨਿਆ ਗਿਆ ਸੀ। ਪੀਸਾ ਟਾਵਰ ਸਦੀਆਂ ਤਕ ਏਦਾਂ ਹੀ ਖੜ੍ਹਾ ਰਹੇ, ਇਸ ਲਈ ਇਸ ਦੀ ਧਰਾਤਲ ਦੀ ਦੀਵਾਰ 2.4384 ਮੀਟਰ ਚੌੜੀ ਬਣਾਈ ਗਈ ਹੈ। ਪੀਸਾ ਟਾਵਰ ਨੂੰ ਦੁਨੀਆ 'ਚ ਸਭ ਤੋਂ ਖ਼ੂਬਸੂਰਤ ਬਣਾਉਣ ਲਈ ਇਸ ਦਾ ਨਿਰਮਾਣ ਸਫ਼ੈਦ ਮਾਰਬਲ ਨਾਲ ਕੀਤਾ ਗਿਆ ਹੈ। ਪੀਸਾ ਟਾਵਰ 'ਚ ਪੌੜੀਆਂ ਦੀ ਮਦਦ ਨਾਲ ਸਭ ਤੋਂ ਉਪਰਲੀ ਮੰਜ਼ਿਲ ਤਕ ਪਹੁੰਚਿਆ ਜਾ ਸਕਦਾ ਹੈ। ਜ਼ਮੀਨ ਤੋਂ ਸਿਖ਼ਰ ਤਕ ਕੁੱਲ 251 ਪੌੜੀਆਂ ਹਨ। ਟਾਵਰ ਦੇ ਉੱਪਰ ਪਹੁੰਚਣ 'ਤੇ ਇਟਲੀ ਸ਼ਹਿਰ ਤੇ ਸਮੁੰਦਰ ਦਾ ਸ਼ਾਨਦਾਰ ਨਜ਼ਾਰਾ ਹੁੰਦਾ ਹੈ।

ਝੁਕਣ ਦਾ ਕਾਰਨ

ਹਾਲਾਂਕਿ ਇਹ ਟਾਵਰ ਕਿਉਂ ਝੁਕਿਆ ਹੈ, ਇਸ ਦਾ ਸਹੀ ਜਵਾਬ ਕਿਸੇ ਨੂੰ ਪਤਾ ਨਹੀਂ ਹੈ। ਜਦੋਂ ਇਸ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਤਾਂ ਉਮੀਦ ਇਹੀ ਸੀ ਕਿ ਇਹ ਹਮੇਸ਼ਾ ਸਿੱਧਾ ਖੜ੍ਹਾ ਰਹੇਗਾ। ਇਸ ਨੂੰ ਕੈਥੇਡ੍ਰਲ ਲਈ ਬੇਲ ਟਾਵਰ ਦੇ ਰੂਪ 'ਚ ਬਣਾਇਆ ਗਿਆ ਸੀ। ਜਦੋਂ ਇਸ ਦੀਆਂ ਤਿੰਨ ਮੰਜ਼ਿਲਾਂ ਤੇ ਗੈਲਰੀ ਬਣ ਚੁੱਕੀ ਸੀ ਤਾਂ ਇਹ ਟਾਵਰ ਥੋੜ੍ਹਾ ਜਿਹਾ ਝੁਕਣ ਲੱਗਾ। ਉਦੋਂ ਇਸ ਦੇ ਨਿਰਮਾਣ ਯੋਜਨਾ 'ਚ ਤਬਦੀਲੀ ਕੀਤੀ ਗਈ ਪਰ ਨਿਰਮਾਣ ਜਾਰੀ ਰਿਹਾ।

11 ਸਾਲ ਬੰਦ ਰਿਹਾ ਪੀਸਾ ਟਾਵਰ

ਪੀਸਾ ਟਾਵਰ ਸਾਲ 1990 'ਚ 15 ਫੁੱਟ ਤਕ ਝੁਕ ਗਿਆ ਸੀ। ਇਸ ਤੋਂ ਬਾਅਦ ਇਟਲੀ ਦੀ ਸਰਕਾਰ ਨੇ ਪੀਸਾ ਟਾਵਰ ਨੂੰ 1990 ਤੋਂ 2011 ਤਕ 11 ਸਾਲ ਲਈ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਪੀਸਾ ਟਾਵਰ ਨੂੰ ਸਿੱਧਾ ਕਰਨ ਲਈ ਉੱਤਰ ਦਿਸ਼ਾ 'ਚ ਜ਼ਮੀਨ ਤੋਂ 70 ਟਨ ਮਿੱਟੀ ਪੁੱਟੀ ਗਈ। ਸਾਲ 2001 ਤਕ ਮੀਨਾਰ ਨੂੰ 41 ਸੈਂਟੀਮੀਟਰ ਤਕ ਸਿੱਧਾ ਕੀਤਾ ਗਿਆ। ਬਾਅਦ 'ਚ ਇਸ ਨੂੰ ਫਿਰ ਤੋਂ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ।

ਪ੍ਰਸਿੱਧੀ

ਆਪਣੀ ਵਿਸ਼ਾਲ ਬਨਾਵਟ ਨਾਲ ਇਕ ਪਾਸੇ ਝੁਕਿਆ ਹੋਣ ਕਰਕੇ ਪੂਰੀ ਦੁਨੀਆ ਦੀਆਂ ਟੂਰਿਜ਼ਮ ਥਾਵਾਂ 'ਚ ਲੀਨਿੰਗ ਟਾਵਰ ਆਫ ਪੀਸਾ ਪ੍ਰਸਿੱਧ ਹੈ। ਇਥੇ ਆ ਕੇ ਸੈਲਾਨੀ ਫੋਟੋਸ਼ੂਟ ਜ਼ਰੂਰ ਕਰਦੇ ਹਨ।

Posted By: Harjinder Sodhi