ਪ੍ਰੀਖਿਆ ਵਿਦਿਆਰਥੀ ਜੀਵਨ ਦਾ ਅਹਿਮ ਅੰਗ ਹੈ। ਪੇਪਰਾਂ ਦੇ ਦਿਨਾਂ 'ਚ ਅਕਸਰ ਵਿਦਿਆਰਥੀ ਤਣਾਅ ਮਹਿਸੂਸ ਕਰਨ ਲੱਗ ਜਾਂਦੇ ਹਨ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਆਪਣਾ ਸਵੈ-ਭਰੋਸਾ ਗੁਆ ਬੈਠਦੇ ਹਨ। ਇਸ ਲਈ ਪੇਪਰਾਂ ਦੇ ਦਿਨਾਂ 'ਚ ਬੱਚਿਆਂ ਦਾ ਮਾਰਗ ਦਰਸ਼ਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਨਿੱਕੀਆਂ-ਨਿੱਕੀਆਂ ਜ਼ਰੂਰਤਾਂ ਦਾ ਖ਼ਿਆਲ ਰੱਖਣਾ ਵੀ ਅਤਿ-ਜ਼ਰੂਰੀ ਹੁੰਦਾ ਹੈ। ਪੱਕੇ ਪੇਪਰਾਂ ਖ਼ਾਸ ਕਰਕੇ ਬੋਰਡ ਜਮਾਤਾਂ ਦੀ ਤਿਆਰੀ ਕਰਨ ਵਾਲੇ ਬੱਚਿਆਂ ਦਾ ਵਿਹਾਰ ਉਸਾਰੂ ਹੋਣਾ ਬਹੁਤ ਜ਼ਰੂਰੀ ਹੈ।

ਸਮਾਂ ਸਾਰਣੀ

ਪ੍ਰੀਖਿਆ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਸਮਾਂ ਸਾਰਣੀ ਦਾ ਹੋਣਾ ਜ਼ਰੂਰੀ ਹੈ। ਬੱਚੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਵਿਸ਼ਿਆਂ ਦੀ ਕਿਸ ਸਮੇਂ ਤਿਆਰੀ ਕਰਨੀ ਹੈ, ਉਨ੍ਹਾਂ ਨੂੰ ਕਿੰਨਾ ਸਮਾਂ ਦੇਣਾ ਹੈ, ਔਖੇ ਵਿਸ਼ਿਆਂ ਨੂੰ ਹਮੇਸ਼ਾਂ ਵੱਧ ਸਮਾਂ ਦੇ ਕੇ ਧਿਆਨ ਨਾਲ ਪੜ੍ਹਨਾ ਪੈਂਦਾ ਹੈ। ਚੁਣੌਤੀ ਵਾਲੇ ਵਿਸ਼ਿਆਂ ਨੂੰ ਸ਼ੁਰੂਆਤੀ ਸਮੇਂ 'ਚ ਹੀ ਪੜ੍ਹਨਾ ਚਾਹੀਦਾ ਹੈ, ਕਿਉਂਕਿ ਉਸ ਸਮੇਂ ਊਰਜਾ ਤੇ ਸਿੱਖਣ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ। ਪੜ੍ਹਨ ਲਈ ਸ਼ਾਂਤ ਮਾਹੌਲ ਹੋਣਾ ਬਹੁਤ ਜ਼ਰੂਰੀ ਹੈ। ਪੜ੍ਹਨ ਲਈ ਲੋੜੀਂਦੀ ਸਹਾਇਕ ਸਮੱਗਰੀ ਜਿਵੇਂ ਪੈਨਸਿਲ, ਪੈੱਨ, ਕਾਪੀਆਂ, ਕਿਤਾਬਾਂ ਆਦਿ ਤਰਤੀਬ 'ਚ ਰੱਖੇ ਹੋਣੇ ਜ਼ਰੂਰੀ ਹਨ ਤਾਂ ਜੋ ਲੋੜ ਪੈਣ 'ਤੇ ਆਸਾਨੀ ਨਾਲ ਮਿਲ ਸਕਣ।

ਨੋਟਸ ਤਿਆਰ ਕਰੋ

ਸਹੀ ਸਿੱਖਣ ਪ੍ਰਕਿਰਿਆ ਲਈ ਪੜ੍ਹਨ ਸਮੇਂ ਬੱਚੇ ਦਾ ਸਿੱਧਾ ਬੈਠਣਾ ਬਹੁਤ ਜ਼ਰੂਰੀ ਹੈ। ਲੇਟ ਕੇ ਜਾਂ ਝੁਕ ਕੇ ਪੜ੍ਹਨਾ ਨੁਕਸਾਨਦੇਹ ਹੁੰਦਾ ਹੈ। ਸਹੀ ਸਮੇਂ ਪਾਠਕ੍ਰਮ ਪੂਰਾ ਕਰਨ ਨਾਲ ਬੱਚੇ ਪੇਪਰਾਂ ਨੇੜੇ ਖ਼ੁਦ ਨੂੰ ਹਲਕਾ-ਫੁਲਕਾ ਮਹਿਸੂਸ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਦੁਹਰਾਈ ਕਰਨ ਲਈ ਕਾਫ਼ੀ ਸਮਾਂ ਮਿਲ ਜਾਂਦਾ ਹੈ। ਔਖੇ ਵਿਸ਼ਿਆਂ ਦੇ ਸੌਖੇ ਨੋਟਸ ਤਿਆਰ ਕਰਨੇ ਜ਼ਰੂਰੀ ਹਨ। ਬੱਚੇ ਆਪਣੀ ਲਿਖਾਈ 'ਚ ਤਿਆਰ ਕੀਤੇ ਮਟੀਰੀਅਲ ਤੋਂ ਕਿਤਾਬਾਂ ਦੀ ਬਜਾਏ ਜ਼ਿਆਦਾ ਸਿੱਖਦੇ ਹਨ।

ਖ਼ਾਸ ਤੌਰ 'ਤੇ ਵਿਗਿਆਨ ਤੇ ਹਿਸਾਬ ਜਿਹੇ ਔਖੇ ਵਿਸ਼ਿਆਂ ਦੇ ਫਾਰਮੂਲਿਆਂ ਨੂੰ ਫਲੈਸ਼ ਕਾਰਡਾਂ 'ਤੇ ਲਿਖ ਕੇ ਸੌਖਿਆਂ ਯਾਦ ਕੀਤਾ ਜਾ ਸਕਦਾ ਹੈ। ਰੋਜ਼ਾਨਾ ਲਗਾਤਾਰ ਪੜ੍ਹਨ ਦੀ ਆਦਤ ਬੱਚੇ ਨੂੰ ਬਹੁਤ ਕੁਝ ਸਿਖਾ ਦਿੰਦੀ ਹੈ। ਇਸ ਲਈ ਸਾਰੇ ਵਿਸ਼ਿਆਂ ਦੀ ਤਿਆਰੀ ਲਈ ਨਿਯਮਿਤ ਪੜ੍ਹਾਈ ਜ਼ਰੂਰੀ ਹੈ। ਰੱਟਾ ਵਿਧੀ ਰਾਹੀਂ ਮੂੰਹ ਜ਼ੁਬਾਨੀ ਯਾਦ ਕਰਨ ਦੀ ਬਜਾਏ ਬੱਚੇ ਨੂੰ ਤੱਥ ਦੀ ਸਮਝ ਹੋਣੀ ਜ਼ਰੂਰੀ ਹੈ। ਇਸ ਨਾਲ ਉਸ ਨੂੰ ਪ੍ਰੀਖਿਆ 'ਚ ਲਿਖਣ 'ਚ ਮਦਦ ਮਿਲਦੀ ਹੈ ਤੇ ਉਹ ਮੁੱਖ ਤੱਥਾਂ ਦਾ ਲਿਖਤੀ ਵਿਸਥਾਰ ਦੇਣਾ ਸਿੱਖ ਜਾਂਦਾ ਹੈ। ਬਿਨਾਂ ਧਿਆਨ ਕੇਂਦਰਤ ਕੀਤੀ ਘੰਟਿਆਂਬੱਧੀ ਪੜ੍ਹਨ ਦਾ ਕੋਈ ਫ਼ਾਇਦਾ ਨਹੀਂ, ਜਦੋਂਕਿ ਇਕਾਗਰ ਚਿੱਤ ਨਾਲ ਕੁਝ ਮਿੰਟ ਪੜ੍ਹੇ ਦਾ ਹੀ ਜ਼ਿਆਦਾ ਫ਼ਾਇਦਾ ਹੋ ਜਾਂਦਾ ਹੈ। ਇਸ ਲਈ ਛੇ ਤੋਂ ਅੱਠ ਘੰਟੇ ਦੀ ਨੀਂਦ, ਚੰਗੀ ਖ਼ੁਰਾਕ ਤੇ ਕੁਝ ਮਿੰਟਾਂ ਲਈ ਯੋਗਾ, ਹਲਕੀ ਸਰੀਰਕ ਕਸਰਤ ਸਹਾਇਕ ਸਿੱਧ ਹੁੰਦੇ ਹਨ। ਸਹਿਜ ਹੋਣ ਨਾਲ ਸਿਰਫ਼ ਇਕਾਗਰਤਾ ਹੀ ਨਹੀਂ ਬਣਦੀ, ਸਗੋਂ ਬੱਚਿਆਂ ਦੀ ਸਿੱਖਣ ਸ਼ਕਤੀ 'ਚ ਵਾਧਾ ਹੁੰਦਾ ਹੈ। ਇਸ ਲਈ ਪੜ੍ਹਦੇ ਸਮੇਂ 40-50 ਮਿੰਟਾਂ ਦੀ ਬੈਠਕ ਤੋਂ ਬਾਅਦ ਛੋਟੀ ਜਿਹੀ ਬਰੇਕ ਲੈਣੀ ਜ਼ਰੂਰੀ ਹੈ।

ਸਹਿਪਾਠੀਆਂ ਨਾਲ ਵਿਚਾਰ-ਚਰਚਾ

ਮਨ ਨੂੰ ਤਰੋਤਾਜ਼ਾ ਰੱਖਣ ਲਈ ਬਰੇਕ ਸਮੇਂ ਟਹਿਲਣ ਲਈ ਬਾਹਰ ਜਾਇਆ ਜਾ ਸਕਦਾ ਹੈ, ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਹਲਕਾ ਸੰਗੀਤ ਵੀ ਸੁਣਿਆ ਜਾ ਸਕਦਾ ਹੈ ਤੇ ਔਖੇ ਤੱਥਾਂ ਨੂੰ ਸਮਝਣ ਲਈ ਸਹਿਪਾਠੀਆਂ ਨਾਲ ਵਿਚਾਰ-ਚਰਚਾ ਵੀ ਕੀਤੀ ਜਾ ਸਕਦੀ ਹੈ। ਸਮੇਂ ਦਾ ਸਹੀ ਪ੍ਰਬੰਧਨ ਵੀ ਪ੍ਰੀਖਿਆ ਦੀ ਸਫਲਤਾ ਲਈ ਜ਼ਰੂਰੀ ਹੈ। ਇਸ ਲਈ ਪ੍ਰੀਖਿਆ ਦੀ ਤਿਆਰੀ ਕਰਦਿਆਂ ਪ੍ਰੀਖਿਆ ਹਾਲ ਵਿਚ ਘੜੀ ਦੀਆਂ ਸੂਈਆਂ ਦੇ ਅਨੁਸ਼ਾਸਨ ਦੀ ਪਾਲਣਾ ਕਰਨੀ ਜ਼ਰੂਰੀ ਹੈ।

ਗਿਆਨ 'ਚ ਵਾਧਾ

ਪਾਠਕ੍ਰਮ ਤੋਂ ਬਿਨਾਂ ਵਿਸ਼ੇ ਨਾਲ ਸਬੰਧਤ ਆਸੇ-ਪਾਸਿਓਂ ਅਖ਼ਬਾਰਾਂ, ਰਸਾਲਿਆਂ, ਟੀਵੀ ਤੇ ਇੰਟਰਨੈੱਟ ਰਾਹੀਂ ਪ੍ਰਾਪਤ ਕੀਤਾ ਗਿਆਨ ਵੀ ਬੱਚੇ ਦੇ ਮਨ ਨੂੰ ਵਿਸ਼ਾਲ ਕਰ ਦਿੰਦਾ ਹੈ, ਜਿਸ ਨਾਲ ਉਸ ਦੀ ਸਬੰਧਤ ਵਿਸ਼ੇ ਬਾਰੇ ਪੇਸ਼ਕਾਰੀ ਸਾਫ਼ ਤੇ ਸਪਸ਼ਟ ਹੋ ਜਾਂਦੀ ਹੈ। ਪੇਪਰਾਂ ਦੇ ਦਿਨਾਂ ਦੌਰਾਨ ਪੜ੍ਹਾਈ ਕਰਨਾ ਜਿੱਥੇ ਬੱਚੇ ਦੀ ਨਿੱਜੀ ਜ਼ਿੰਮੇਵਾਰੀ ਹੁੰਦੀ ਹੈ, ਉੱਥੇ ਅਧਿਆਪਕਾਂ ਤੇ ਮਾਪਿਆਂ ਦੇ ਰੋਲ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਪ੍ਰੀਖਿਆ ਦੇ ਬੋਝ ਨੂੰ ਦੂਰ ਕਰਨ ਲਈ ਬੱਚਿਆਂ ਨੂੰ ਭਾਵਨਾਤਮਕ ਮਦਦ ਦੀ ਬਹੁਤ ਲੋੜ ਹੁੰਦੀ ਹੈ। ਇਸ ਲਈ ਮਾਪਿਆਂ ਤੇ ਅਧਿਆਪਕਾਂ ਦਾ ਬੱਚੇ ਨਾਲ ਦੋਸਤਾਨਾ ਰਵੱਈਆ ਹੋਣਾ ਬਹੁਤ ਜ਼ਰੂਰੀ ਹੈ। ਬੱਚੇ ਨੂੰ ਕਦੇ ਵੀ ਵੱਧ ਅੰਕ ਲੈਣ ਲਈ ਨਾ ਕਹੋ, ਬਲਕਿ ਉਸ ਨੂੰ ਜੋ ਆਉਂਦਾ ਹੈ, ਉਸ ਦਾ 100 ਫ਼ੀਸਦੀ ਪ੍ਰਦਰਸ਼ਿਤ ਕਰਨ ਲਈ ਉਤਸ਼ਾਹਿਤ ਕਰੋ। ਮਾਪਿਆਂ ਤੇ ਅਧਿਆਪਕਾਂ ਦੀਆਂ ਅਜਿਹੀਆਂ ਟਿੱਪਣੀਆਂ ਨਾਲ ਬੱਚੇ ਨੂੰ ਪ੍ਰੀਖਿਆ ਦੇ ਡਰ ਤੋਂ ਮੁਕਤੀ ਮਿਲਦੀ ਹੈ।

ਕਾਮਯਾਬ ਲੋਕਾਂ ਦੀਆਂ ਸੁਣਾਓ ਕਹਾਣੀਆਂ

ਬੱਚੇ ਨੂੰ ਪ੍ਰੀਖਿਆ ਤੋਂ ਬਾਅਦ ਕਿਸੇ ਟੂਰ ਬਗ਼ੈਰਾ ਦੀ ਯੋਜਨਾ ਬਣਾ ਕੇ ਦਿਓ, ਜਿਸ ਨਾਲ ਉਹ ਹੋਰ ਉਤਸ਼ਾਹ ਨਾਲ ਪੜ੍ਹਾਈ ਕਰਨ ਲੱਗ ਜਾਂਦਾ ਹੈ। ਬੱਚੇ ਨੂੰ ਪ੍ਰੇਰਿਤ ਕਰਨ ਲਈ ਉਸ ਨੂੰ ਕਾਮਯਾਬ ਲੋਕਾਂ ਦੀਆਂ ਕਹਾਣੀਆਂ ਸੁਣਾਈਆਂ ਜਾਣ, ਜਿਨ੍ਹਾਂ ਨੇ ਅਨੇਕਾਂ ਮੁਸੀਬਤਾਂ ਝੱਲ ਕੇ ਸਫਲਤਾ ਦੇ ਝੰਡੇ ਗੱਡੇ ਹੋਣ। ਬੱਚੇ ਨੂੰ ਕੁਝ ਵੀ ਬੋਲਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਇਸ ਨਾਲ ਉਸ ਵਿਚ ਸਵੈ-ਭਰੋਸਾ ਪੈਦਾ ਹੁੰਦਾ ਹੈ, ਜਿਸ ਨਾਲ ਉਹ ਕੇਵਲ ਪ੍ਰੀਖਿਆ ਤਾਂ ਕੀ, ਸਗੋਂ ਜ਼ਿੰਦਗੀ ਦੇ ਔਖੇ ਟੈਸਟ ਪਾਸ ਕਰਨ ਦੇ ਕਾਬਿਲ ਬਣ ਜਾਂਦਾ ਹੈ। ਬੱਚੇ ਨੂੰ ਇਸ ਤਰ੍ਹਾਂ ਦਾ ਮਾਹੌਲ ਅਤੇ ਸਹਾਇਤਾ ਦਿਓ ਕਿ ਉਹ ਪੇਪਰਾਂ ਦਾ ਨਾਂ ਸੁਣ ਕੇ ਘਬਰਾਵੇ ਨਾ, ਬਲਕਿ ਉਸ ਨੂੰ ਪੇਪਰ ਦੇਣ ਦਾ ਚਾਅ ਹੋਵੇ।

ਪ੍ਰਸ਼ਨ ਪੱਤਰ ਨੂੰ ਧਿਆਨ ਨਾਲ ਪੜ੍ਹੋ

ਪ੍ਰਸ਼ਨ ਪੱਤਰ ਨੂੰ ਧਿਆਨ ਨਾਲ ਪੜ੍ਹਨਾ ਬੱਚੇ ਲਈ ਬੜਾ ਮਦਦਗਾਰ ਸਾਬਿਤ ਹੁੰਦਾ ਹੈ, ਕਿਉਂਕਿ ਬਹੁਤੇ ਸਵਾਲਾਂ ਦੇ ਉੱਤਰ ਪ੍ਰਸ਼ਨ ਪੱਤਰ 'ਚੋਂ ਹੀ ਮਿਲ ਜਾਂਦੇ ਹਨ। ਪ੍ਰੀਖਿਆ ਦੇਣ ਸਮੇਂ ਬੱਚੇ ਦਾ ਸੌ ਫ਼ੀਸਦੀ ਪ੍ਰੀਖਿਆ ਕੇਂਦਰ 'ਚ ਹਾਜ਼ਰ ਹੋਣਾ ਜ਼ਰੂਰੀ ਹੈ। ਸੌਖੇ ਪ੍ਰਸ਼ਨਾਂ ਦੇ ਉੱਤਰ ਪਹਿਲਾਂ ਦੇਣ ਨਾਲ ਬੱਚੇ ਅੰਦਰ ਸਵੈ-ਵਿਸ਼ਵਾਸ ਵੱਧ ਜਾਂਦਾ ਹੈ ਜਿਸ ਨਾਲ ਉਹ ਔਖੇ ਪ੍ਰਸ਼ਨ ਵੀ ਹੱਲ ਕਰ ਦਿੰਦਾ ਹੈ।

ਪ੍ਰੀਖਿਆ 'ਚੋਂ ਪਾਸ ਜਾਂ ਫੇਲ੍ਹ ਹੋਣਾ ਜ਼ਿੰਦਗੀ ਦਾ ਨਿਰਧਾਰਨ ਨਹੀਂ ਹੁੰਦਾ, ਬਲਕਿ ਗਿਆਨ ਦੇ ਰਾਹ ਦਾ ਪਾਂਧੀ ਬਣਨਾ ਹੀ ਅਸਲ ਜੀਵਨ ਮਾਰਗ ਹੈ। ਪਾਸ ਹੋਣਾ ਸਫਲਤਾ ਤੇ ਫੇਲ੍ਹ ਹੋਣਾ ਅਸਫਲਤਾ ਨਹੀਂ ਹੁੰਦੀ। ਸਾਲਾਨਾ ਪੇਪਰਾਂ 'ਚੋਂ ਚੰਗੇ ਅੰਕ ਹਾਸਿਲ ਕਰਨੇ ਔਖੇ ਹੋ ਸਕਦੇ ਹਨ ਪਰ ਅਸੰਭਵ ਨਹੀਂ। ਬੋਝ-ਮੁਕਤ ਵਿੱਦਿਅਕ ਢਾਂਚਾ ਹੀ ਖ਼ੁਸ਼ਹਾਲ ਸਮਾਜ ਦਾ ਸੂਤਰਧਾਰ ਹੈ ਤੇ ਇਸ ਦੀ ਸਿਰਜਣਾ ਲਈ ਮਾਪਿਆਂ, ਅਧਿਆਪਕਾਂ ਤੇ ਸਰਕਾਰ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

- ਬਲਜਿੰਦਰ ਜੌੜਕੀਆਂ

94630-24575

Posted By: Harjinder Sodhi