ਬੱਚੇ ਦੀ ਸ਼ਖ਼ਸੀਅਤ ’ਤੇ ਸਭ ਤੋਂ ਪਹਿਲਾ ਪ੍ਰਭਾਵ ਘਰ ਦਾ ਪੈਂਦਾ ਹੈ। ਘਰ ਤੋਂ ਬਾਅਦ ਬੱਚਾ ਆਪਣੇ ਆਲੇ-ਦੁਆਲੇ ਦਾ ਪ੍ਰਭਾਵ ਗ੍ਰਹਿਣ ਕਰਦਾ ਹੈ ਜਾਂ ਇੰਜ ਕਹਿ ਲਵੋ ਕਿ ਬੱਚੇ ਦਾ ਮੁੱਢਲਾ ਸਕੂਲ ਘਰ-ਪਰਿਵਾਰ ਹੀ ਹੈ। ਹਰ ਬੱਚਾ ਕੁਝ ਚੰਗੀਆਂ-ਮਾੜੀਆਂ ਆਦਤਾਂ ਵੀ ਜ਼ਰੂਰ ਸਿੱਖਦਾ ਹੈ ਪਰ ਕੁਝ ਮਾਪੇ ਵੀ ਅਜਿਹੇ ਹੰੁਦੇ ਹਨ, ਜੋ ਬੱਚਿਆਂ ਨੂੰ ਖ਼ੁਦ ਬੁਰੀਆਂ ਆਦਤਾਂ ਸਿਖਾਉਂਦੇ ਹਨ। ਅਜਿਹੇ ਮਾਪੇ ਆਪ ਤਾਂ ਬਾਅਦ ’ਚ ਸੰਤਾਪ ਭੋਗਦੇ ਹੀ ਹਨ, ਨਾਲ ਹੀ ਸਮੁੱਚੇ ਸਮਾਜ ਨੂੰ ਵੀ ਪਰੇਸ਼ਾਨ ਕਰਦੇ ਹਨ।

ਲਾਡ-ਲਾਡ ’ਚ ਸਿੱਖਦੇ ਹਨ ਆਦਤਾਂ

ਮਾਪਿਆਂ ਵੱਲੋਂ ਬੱਚਿਆਂ ਨੂੰ ਇਹ ਆਦਤਾਂ ਜਾਂ ਤਾਂ ਲਾਡ-ਲਾਡ ਵਿਚ ਸਿਖਾਈਆਂ ਜਾਂਦੀਆਂ ਹਨ ਜਾਂ ਫਿਰ ਬੱਚੇ ਵੱਲੋਂ ਸਿੱਖੀ ਬੁਰੀ ਆਦਤ ਨੂੰ ਰੋਕਣ ਦੀ ਬਜਾਏ ਨਜ਼ਰ-ਅੰਦਾਜ਼ ਕਰ ਕੇ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਕਈ ਵਾਰ ਮਾਪੇ ਆਪਣੇ ਕਿਸੇ ਕਾਰਜ ਦੀ ਪੂਰਤੀ ਲਈ ਬੱਚੇ ਨੂੰ ਅਜਿਹੀ ਗੱਲ ਸਿਖਾਉਂਦੇ ਹਨ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਪ੍ਰਤੀ ਉਹ ਅਣਜਾਣ ਹੁੰਦੇ ਹਨ।

ਝੂਠ ਬੋਲਣ ਦੀ ਆਦਤ

ਅੱਜ-ਕੱਲ੍ਹ ਜ਼ਿੰਦਗੀ ਏਨੀ ਰੁਝੇਵਿਆਂ ਭਰੀ ਹੋ ਗਈ ਹੈ ਕਿ ਹਰ ਬੰਦਾ ਸਮੇਂ ਦੀ ਘਾਟ ਮਹਿਸੂਸ ਕਰਦਾ ਹੈ। ਕਈਆਂ ਕੋਲ ਤਾਂ ਕਿਸੇ ਨੂੰ ਮਿਲਣ ਦੀ ਫੁਰਸਤ ਵੀ ਨਹੀਂ ਹੁੰਦੀ। ਅਜਿਹੇ ਘਰਾਂ ਵਿਚ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਜੇ ਕੋਈ ਮਿਲਣ ਲਈ ਆਵੇ ਤਾਂ ਉਸ ਨੂੰ ਕਹਿ ਦੇਣਾ ਕਿ ਪਾਪ ਘਰ ਨਹੀਂ ਹਨ। ਬੱਚਾ ਘਰ ਆਏ ਨੂੰ ਇਸ ਤਰ੍ਹਾਂ ਹੀ ਕਹਿੰਦਾ ਹੈ। ਕਈ ਵਾਰ ਘਰ ਵਿਚ ਜੇ ਔਰਤ ਕੋਲੋਂ ਕੋਈ ਨੁਕਸਾਨ ਆਦਿ ਹੋ ਜਾਵੇ ਤਾਂ ਬੱਚੇ ਨੂੰ ਕਿਹਾ ਜਾਂਦਾ ਹੈ ਕਿ ਡੈਡੀ ਨੂੰ ਨਾ ਦੱਸੇ ਜਾਂ ਕਿਸੇ ਹੋਰ ਨੂੰ ਪਤਾ ਨਾ ਲੱਗੇ। ਇਸ ਤਰ੍ਹਾਂ ਬੱਚੇ ਨੂੰ ਝੂਠ ਬੋਲਣ ਦੀ ਆਦਤ ਪੈ ਜਾਂਦੀ ਹੈ।

ਰੋਕਣ ਦੀ ਬਜਾਏ ਮਾਪੇ ਦਿੰਦੇ ਹੱਲਾਸ਼ੇਰੀ

ਕਈ ਵਾਰ ਬੱਚਾ ਕੁਝ ਅਜਿਹੀਆਂ ਆਦਤਾਂ ਸਿੱਖਦਾ ਹੈ, ਜਿਨ੍ਹਾਂ ਨੂੰ ਰੋਕਣ ਦੀ ਬਜਾਏ ਸਗੋਂ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਜਿਵੇਂ ਬੱਚਾ ਸਕੂਲ ਵਿੱਚੋਂ ਪੈੱਨ, ਪੈਨਸਿਲ ਜਾਂ ਕਿਤਾਬ ਬਗ਼ੈਰਾ ਚੁੱਕ ਲਿਆਉਂਦਾ ਹੈ। ਮਾਂ-ਬਾਪ ਦਾ ਫ਼ਰਜ਼ ਬਣਦਾ ਹੈ ਕਿ ਬੱਚੇ ਨੂੰ ਕਹਿਣ ਕਿ ਜਿੱਥੋਂ ਇਹ ਚੁੱਕ ਕੇ ਲਿਆਇਆ ਹੈ, ਉੱਥੇ ਰੱਖ ਕੇ ਆ ਪਰ ਕਈ ਵਾਰ ਮਾਪੇ ਅਜਿਹਾ ਨਹੀਂ ਕਹਿੰਦੇ।

ਇਸੇ ਤਰ੍ਹਾਂ ਮੇਲਿਆਂ ’ਚ ਆਮ ਵੇਖਿਆ ਜਾਂਦਾ ਹੈ ਕਿ ਕੁਝ ਔਰਤਾਂ ਬੱਚਿਆਂ ਨੂੰ ਜਾਂ ਤਾਂ ਆਪ ਖਿਡੌਣੇ ਆਦਿ ਚੋਰੀ ਚੁੱਕ ਕੇ ਦਿੰਦੀਆਂ ਹਨ ਜਾਂ ਉਨ੍ਹਾਂ ਨੂੰ ਚੁੱਕਣ ਲਈ ਕਹਿੰਦੀਆਂ ਹਨ। ਜੇ ਬੱਚਾ ਖ਼ੁਦ ਕੋਈ ਚੀਜ਼ ਚੁੱਕ ਲੈਂਦਾ ਹੈ ਤਾਂ ਉਸ ਨੂੰ ਅਣਦੇਖਿਆ ਕਰ ਦਿੰਦੀਆਂ ਹਨ। ਇਸ ਤਰ੍ਹਾਂ ਬੱਚੇ ਨੂੰ ਚੋਰੀ ਕਰਨ ਦੀ ਆਦਤ ਪੈ ਜਾਂਦੀ ਹੈ।

ਲੋੜ ਤੋਂ ਵੱਧ ਲਾਡ ਨੁਕਸਾਨਦੇਹ

ਬੱਚੇ ਨੂੰ ਲਾਡ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਲੋੜ ਤੋਂ ਵੱਧ ਦਿੱਤਾ ਲਾਡ ਵੀ ਨੁਕਸਾਨਦੇਹ ਹੋ ਸਕਦਾ ਹੈ। ਕਈ ਵਾਰ ਮਾਂ-ਬਾਪ ਬੱਚਿਆਂ ਦੇ ਸਾਹਮਣੇ ਹੀ ਗਾਲ੍ਹਾਂ ਦੀ ਵਰਤੋਂ ਕਰਦੇ ਹਨ। ਉਸ ਵੇਲੇ ਬੱਚਾ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਵੇਖ ਕੇ ਖ਼ੁਦ ਵੀ ਅਭੋਲ ਹੀ ਗਾਲ੍ਹਾਂ ਕੱਢਣੀਆਂ ਸਿੱਖ ਜਾਂਦਾ ਹੈ। ਭਾਵੇਂ ਮਾਂ-ਪਿਉ ਉਸ ਨੂੰ ਰੋਕਣ ਵੀ ਪਰ ਉਹ ਇਹ ਨਹੀਂ ਸਮਝਦੇ ਕਿ ਇਹ ਗਾਲ੍ਹਾਂ ਤਾਂ ਖ਼ੁਦ ਉਨ੍ਹਾਂ ਨੇ ਹੀ ਸਿਖਾਈਆਂ ਹਨ।

ਬੱਚੇ ਦਾ ਪੂਰਦੇ ਹਨ ਪੱਖ

ਜੇ ਘਰ ਵਿਚ ਬੱਚਾ ਕਿਸੇ ਦੂਸਰੇ ਦੇ ਬੱਚੇ ਨੂੰ ਧੱਕਾ ਦੇ ਕੇ ਸੱੁਟ ਦਿੰਦਾ ਹੈ ਜਾਂ ਮਾਰਦਾ ਹੈ ਤਾਂ ਮਾਂ-ਪਿਉ ਬਹੁਤ ਖ਼ੁਸ਼ ਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਉਸ ਬੱਚੇ ਨਾਲੋਂ ਤਕੜਾ ਹੈ। ਬੱਚੇ ਨੂੰ ਰੋਕਣ ਦੀ ਬਜਾਏ ਉਸ ਨੂੰ ਕਹਿਣਗੇ ਕਿ ਇਸ ਨੂੰ ਫੜ ਕੇ ਢਾਹ ਲੈ। ਜੇ ਉਸ ਬੱਚੇ ਦੇ ਮਾਪੇ ਉਲਾਂਭਾ ਲੈ ਕੇ ਆਉਣਗੇ ਤਾਂ ਉਹ ਆਪਣੇ ਬੱਚੇ ਦਾ ਹੀ ਪੱਖ ਪੂਰਨਗੇ। ਇਸ ਤਰ੍ਹਾਂ ਬੱਚਾ ਝਗੜਾਲੂ ਸੁਭਾਅ ਵਾਲਾ ਬਣ ਜਾਂਦਾ ਹੈ।

ਮਾਪਿਆਂ ਦਾ ਫ਼ਰਜ਼

ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਅਜਿਹੀ ਕੋਈ ਆਦਤ ਨਾ ਸਿਖਾਉਣ, ਜੋ ਬੱਚੇ ਦੇ ਭਵਿੱਖ ਨੂੰ ਧੁੰਦਲਾ ਕਰਦੀ ਹੋਵੇ। ਉਨ੍ਹਾਂ ਨੂੰ ਬੱਚਿਆਂ ਸਾਹਮਣੇ ਨਮੂਨਾ ਬਣ ਕੇ ਪੇਸ਼ ਆਉਣਾ ਚਾਹੀਦਾ ਹੈ। ਬੱਚੇ ਦੀ ਠੀਕ ਅਗਵਾਈ ਕਰਨੀ ਚਾਹੀਦੀ ਹੈ ਅਤੇ ਮਾੜੀ ਆਦਤ ਨੂੰ ਰੋਕਣਾ ਚਾਹੀਦਾ ਹੈ। ਛੋਟੀ ਉਮਰੇ ਗ਼ਲਤ ਆਦਤਾਂ ਸਿੱਖਣ ਵਾਲੇ ਬੱਚੇ ਵੱਡੇ ਹੋ ਕੇ ਮਾਪਿਆਂ, ਗੁਆਂਢੀਆਂ ਲਈ ਤਾਂ ਪਰੇਸ਼ਾਨੀ ਦਾ ਕਾਰਨ ਬਣਦੇ ਹੀ ਹਨ, ਸਮਾਜ ਅਤੇ ਦੇਸ਼ ਦਾ ਨੁਕਸਾਨ ਵੀ ਕਰਦੇ ਹਨ।

- ਬਾਜ ਸਿੰਘ ਮਹਿਲੀਆ

Posted By: Harjinder Sodhi