ਪੰਦਰਵੀਂ ਸਦੀ 'ਚ ਹਿੰਦੁਸਤਾਨ ਦੀ ਧਰਤੀ 'ਤੇ ਅਜਿਹੇ 'ਮਰਦ-ਏ-ਕਾਮਿਲ' ਦਾ ਪ੍ਰਕਾਸ਼ ਹੋਇਆ, ਜਿਸ ਨੇ ਭੁੱਲੀ-ਭਟਕੀ ਮਾਨਵਤਾ ਨੂੰ ਸਿੱਧੇ ਰਸਤੇ ਪਾਉਣ ਲਈ ਕਰੀਬ 39 ਹਜ਼ਾਰ ਮੀਲ ਦੀ ਯਾਤਰਾ ਕੀਤੀ। ਉਸ 'ਜ਼ਾਹਿਰ ਪੀਰ' ਤੇ 'ਜਗਤ ਗੁਰੂ' ਬਾਬਾ ਨਾਨਕ (1469-1539) ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਵਿਚ ਪੂਰੀ ਸ਼ਰਧਾ ਤੇ ਜਲੌਅ ਨਾਲ ਮਨਾਇਆ ਜਾ ਰਿਹਾ ਹੈ।

ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਸਿਧਾਂਤ

ਆਪਣੇ ਜੀਵਨ ਦੇ ਮੁੱਢਲੇ ਵਰ੍ਹਿਆਂ ਤੋਂ ਹੀ ਗੁਰੂ ਸਾਹਿਬ ਨੇ ਨੀਵਿਆਂ ਤੇ ਦੱਬੇ-ਕੁਚਲੇ ਲੋਕਾਂ ਨੂੰ ਆਪਣਾ ਸੰਗੀ-ਸਾਥੀ ਬਣਾ ਕੇ ਪਹਾੜਾਂ, ਨਦੀਆਂ, ਜੰਗਲਾਂ ਤੇ ਬੀਆਬਾਨਾਂ 'ਚ ਰੱਬੀ-ਨਾਦ ਸੁਣਾ ਕੇ ਇਕ ਓਅੰਕਾਰ ਦੀ ਧੁਨੀ ਨੂੰ ਦਿੜ੍ਹ ਕਰਵਾਇਆ। ਸਮੁੱਚੇ ਜੀਵਨਕਾਲ ਦੌਰਾਨ ਉਨ੍ਹਾਂ ਨੇ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਸਿਧਾਂਤ ਨੂੰ ਪ੍ਰਚਾਰਿਆ ਹੀ ਨਹੀਂ, ਸਗੋਂ ਇਸ 'ਤੇ ਅਮਲ ਕਰ ਕੇ ਦੁਨੀਆਂ ਸਾਹਵੇਂ ਅਨੋਖੀ ਮਿਸਾਲ ਕਾਇਮ ਕੀਤੀ। ਧਰਤ ਲੋਕਾਈ ਨੂੰ ਸੋਧਣ ਲਈ ਉਨ੍ਹਾਂ ਦੇ ਸਤਿ-ਮਾਰਗ 'ਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਪਰ ਇਸ ਪ੍ਰੀਤ-ਪੈਗੰਬਰ ਨੇ ਖਿੜੇ ਮੱਥੇ ਇਨ੍ਹਾਂ ਦਾ ਮੁਕਾਬਲਾ ਕੀਤਾ।

ਔਰਤ ਦੇ ਸਨਮਾਨ 'ਚ ਆਵਾਜ਼

ਫੋਕੇ ਕਰਮ-ਕਾਂਡਾਂ ਤੇ ਅਖੌਤੀ ਵਰਣ-ਵੰਡ ਦਾ ਡਟ ਕੇ ਵਿਰੋਧ ਕਰਦਿਆਂ ਉਨ੍ਹਾਂ ਨੇ ਸਦੀਆਂ ਤੋਂ ਲਿਤਾੜੀ ਤੇ ਤ੍ਰਿਸਕਾਰੀ ਜਾ ਰਹੀ ਔਰਤ ਦੇ ਸਨਮਾਨ 'ਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ :

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ

ਗੁਰੂ ਜੀ ਨੇ ਕੇਵਲ ਹਿੰਦੁਸਤਾਨ 'ਚ ਹੀ ਆਪਣੇ ਪ੍ਰਚਾਰ-ਦੌਰੇ ਨਹੀਂ ਕੀਤੇ, ਸਗੋਂ ਵਿਦੇਸ਼ਾਂ 'ਚ ਵੀ ਮਾਨਵ ਏਕਤਾ ਤੇ ਸਦਭਾਵਨਾ ਦੀ ਸਿੱਖਿਆ ਤੇ ਉਪਦੇਸ਼ ਦਿੱਤੇ। ਉਨ੍ਹਾਂ ਦੇ ਪ੍ਰਚਾਰ ਦੀ ਵਿਧੀ ਸੰਵਾਦਾਤਮਕ ਤੇ ਨਾਟਕੀ ਸੀ, ਜਿਸ ਰਾਹੀਂ ਉਨ੍ਹਾਂ ਨੇ ਲੋਕਾਂ ਦੀ ਜਗਿਆਸਾ ਤੇ ਸ਼ੰਕਾਵਾਂ ਦਾ ਸਮਾਧਾਨ ਕੀਤਾ।

ਬਾਣੀ ਦਾ ਪ੍ਰਭਾਵ

ਗੁਰੂ ਜੀ ਪੰਜਾਬੀ, ਹਿੰਦੀ, ਸੰਸਕ੍ਰਿਤ, ਅਰਬੀ, ਫ਼ਾਰਸੀ ਆਦਿ ਭਾਸ਼ਾਵਾਂ ਦੇ ਗਿਆਤਾ ਸਨ। ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ 19 ਰਾਗਾਂ 'ਚ 947 ਸ਼ਬਦਾਂ ਦੇ ਰੂਪ 'ਚ ਸੁਭਾਇਮਾਨ ਹੈ। ਉਨ੍ਹਾਂ ਦੀਆਂ ਪ੍ਰਮੁੱਖ ਬਾਣੀਆਂ 'ਚ ਜਪੁ, ਬਾਰਾਮਾਹ ਤੁਖਾਰੀ, ਆਸਾ ਦੀ ਵਾਰ, ਸਿੱਧ ਗੋਸ਼ਟਿ, ਅਲਾਹੁਣੀਆਂ, ਦੱਖਣੀ ਓਅੰਕਾਰ ਤੇ ਪੱਟੀ ਆਦਿ ਸ਼ਾਮਿਲ ਹਨ। ਗੁਰੂ ਜੀ ਦੇ ਜੀਵਨ 'ਚ ਆਏ ਅਤਿਆਚਾਰੀ, ਕਰੋਧੀ, ਚੋਰ, ਡਾਕੂ (ਸੱਜਣ ਠੱਗ, ਕੌਡਾ ਰਾਖਸ਼, ਵਲੀ ਕੰਧਾਰੀ, ਭੂਮੀਆ ਚੋਰ) ਆਦਿ ਉਨ੍ਹਾਂ ਦੀ ਪਾਰਸ-ਛੋਹ 'ਤੇ ਦਿੱਬ-ਦ੍ਰਿਸ਼ਟੀ ਤੇ ਇਲਾਹੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਚੰਗੇ ਇਨਸਾਨ ਬਣ ਗਏ।

ਦੱਬੇ-ਕੁਚਲੇ ਲੋਕਾਂ ਦਾ ਸਹਿਯੋਗ

ਗੁਰੂ ਜੀ ਦੇ ਸਮੇਂ 'ਚ ਸਮਾਜ ਚਾਰ ਵਰਣਾਂ (ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ) 'ਚ ਵੰਡਿਆ ਹੋਇਆ ਸੀ, ਜਿਸ 'ਚ ਬ੍ਰਾਹਮਣਾਂ ਨੂੰ ਸਭ ਤੋਂ ਉੱਤਮ ਸਥਾਨ ਤੇ ਸ਼ੂਦਰਾਂ ਨੂੰ ਸਭ ਤੋਂ ਨੀਵਾਂ ਸਥਾਨ ਪ੍ਰਾਪਤ ਸੀ ਪਰ ਗੁਰੂ ਜੀ ਨੇ ਆਪਣੇ ਆਪ ਨੂੰ ਨੀਵਿਆਂ ਤੇ ਦੱਬੇ ਕੁਚਲੇ ਲੋਕਾਂ ਦਾ ਸਾਥੀ ਬਣਾਇਆ। ਉਨ੍ਹਾਂ ਦੇ ਪ੍ਰਚਾਰ ਦੌਰਿਆਂ (ਉਦਾਸੀਆਂ) 'ਚ ਉਨ੍ਹਾਂ ਦਾ ਸਾਥ ਦੇਣ ਵਾਲਾ ਮਰਦਾਨਾ ਉਸ ਸਮੇਂ ਦੀ ਅਖੌਤੀ ਨੀਵੀਂ ਜਾਤ (ਮਰਾਸੀ) 'ਚੋਂ ਸੀ। ਇਸ ਦੇ ਨਾਲ-ਨਾਲ ਗੁਰੂ ਜੀ ਨੇ ਭਾਈ ਮਰਦਾਨਾ ਜੀ ਦੇ ਨਾਂ 'ਤੇ ਗੁਰੂ ਗ੍ਰੰਥ ਸਾਹਿਬ 'ਚ ਤਿੰਨ ਸ਼ਲੋਕ ਲਿਖ ਕੇ ਤੇ ਕਿਰਤੀ ਸ਼੍ਰੇਣੀ 'ਚੋਂ ਭਾਈ ਲਾਲੋ ਜੀ ਦਾ ਨਾਂ ਸੱਤ ਵਾਰੀ ਲਿਖ ਕੇ ਇਨ੍ਹਾਂ ਵਿਅਕਤੀਆਂ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ।

ਗੱਦੀ ਦੇ ਵਾਰਿਸ

ਗੁਰੂ ਨਾਨਕ ਦੇਵ ਜੀ ਦੀ ਜੀਵਨੀ ਜਨਮ ਸਾਖੀਆਂ 'ਚ ਅਤੇ ਸੰਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸੰਭਾਲੇ ਹੋਏ ਹਨ। ਉਨ੍ਹਾਂ ਦੀ ਸ਼ਖ਼ਸੀਅਤ ਤੇ ਸਿੱਖਿਆਵਾਂ ਬਾਰੇ ਸਭ ਤੋਂ ਪ੍ਰਮਾਣਿਕ ਤੇ ਸਟੀਕ ਹਵਾਲੇ ਭਾਈ ਗੁਰਦਾਸ ਦੀਆਂ ਵਾਰਾਂ 'ਚ ਮਿਲਦੇ ਹਨ। ਉਨ੍ਹਾਂ ਨੇ ਗੁਰਗੱਦੀ ਦਾ ਵਾਰਿਸ ਆਪਣੇ ਪਰਿਵਾਰਕ ਮੈਂਬਰਾਂ ਜਾਂ ਪੁੱਤਰਾਂ ਦੀ ਥਾਂ 'ਤੇ ਭਾਈ ਲਹਿਣਾ ਜੀ ਨੂੰ ਚੁਣਿਆ, ਜੋ ਸਿੱਖ ਜਗਤ 'ਚ ਗੁਰੂ ਅੰਗਦ ਦੇਵ ਜੀ ਵਜੋਂ ਜਾਣੇ ਜਾਂਦੇ ਹਨ।

ਪੂਰੇ ਸੰਸਾਰ 'ਚ ਇਸ ਸਾਲ ਉਨ੍ਹਾਂ ਦਾ 550ਵਾਂ ਪ੍ਰਕਾਸ਼ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਭਾਰਤ (ਸੁਲਤਾਨਪੁਰ ਲੋਧੀ, ਕਪੂਰਥਲਾ) ਤੇ ਪਾਕਿਸਤਾਨ (ਨਨਕਾਣਾ ਸਾਹਿਬ, ਕਰਤਾਰਪੁਰ) ਤੋਂ ਇਲਾਵਾ ਵਿਦੇਸ਼ਾਂ 'ਚ ਵੀ ਉਨ੍ਹਾਂ ਦੇ ਅਵਤਾਰ ਪੁਰਬ ਸਬੰਧੀ ਸਮਾਗਮ ਕਰਵਾਏ ਜਾ ਰਹੇ ਹਨ। ਸਾਨੂੰ ਚਾਹੀਦਾ ਹੈ ਕਿ ਗੁਰੂ ਜੀ ਦੇ ਉਪਦੇਸ਼ਾਂ ਨੂੰ ਅਮਲੀ ਜਾਮਾ ਪਹਿਨਾ ਕੇ ਉਨ੍ਹਾਂ ਪ੍ਰਤੀ ਸ਼ਰਧਾ ਤੇ ਅਕੀਦਤ ਦੇ ਫੁੱਲ ਭੇਟ ਕਰੀਏ।

- ਪ੍ਰੋ. ਨਵ ਸੰਗੀਤ ਸਿੰਘ

94176-92015

Posted By: Harjinder Sodhi