ਜੰਗਲ 'ਚ ਬਹਾਰ ਨੇ ਦਸਤਕ ਦੇ ਦਿੱਤੀ ਪਰ ਜੰਗਲ ਦੇ ਬਹੁਤ ਸਾਰੇ ਪੰਛੀ ਧੁੱਪ ਸੇਕਣ ਲਈ ਪਿੱਪਲ 'ਤੇ ਉਦਾਸ ਬੈਠੇ ਸਨ। ਉਨ੍ਹਾਂ ਦੇ ਬਹੁਤ ਸਾਰੇ ਮਿੱਤਰ ਵਿੱਛੜ ਚੁੱਕੇ ਸਨ, ਜਿਨ੍ਹਾਂ 'ਚ ਬਾਜ਼, ਤੋਤੇ, ਚਿੜੀਆਂ, ਕੋਇਲਾਂ, ਬੁਲਬੁਲਾਂ, ਘੁੱਗੀਆਂ, ਕਾਂ, ਤਿੱਤਰ, ਹੰਸ, ਬਗਲੇ, ਕਬੂਤਰ, ਗੁਟਾਰਾਂ, ਉੱਲੂ, ਇੱਲਾਂ, ਚੱਕੀ ਰੋਹਣੇ, ਗਰੁੜ, ਪਹਾੜੀ ਕਾਂ ਅਤੇ ਮੋਰ-ਮੋਰਨੀ ਸਨ।

ਕਾਂ, ਕਬੂਤਰ ਤੋਂ ਪੁੱਛਣ ਲੱਗਾ, 'ਇੰਝ ਦੱਸ, ਜਦ ਤੂੰ ਸ਼ਹਿਰ ਵੱਲ ਜਾਂਦਾ ਹੈਂ, ਤੇਰੇ ਕੰਨਾਂ 'ਚ ਸੂੰ-ਸੂੰ ਹੁੰਦੀ ਹੈ? ਸੂੰ-ਸੂੰ ਦੀ ਗੱਲ ਸੁਣ ਕੇ ਸਾਰੇ ਪੰਛੀ ਕਾਂ ਵੱਲ ਦੇਖਣ ਲੱਗੇ। ਕਬੂਤਰ ਨੇ ਕਿਹਾ, 'ਤੂੰ ਤਾਂ ਮੇਰੇ ਦਿਲ ਦੀ ਮਰਜ਼ ਬੁੱਝ ਲਈ, ਇਸ ਸੂੰ-ਸੂੰ ਕਰਕੇ ਮੈਂ ਇਕ ਦਿਨ ਮਰਦਾ-ਮਰਦਾ ਬਚਿਆ। ਦਿਮਾਗ਼ 'ਚ ਬੇਚੈਨੀ ਇੰਨੀ ਵਧ ਗਈ ਕਿ ਮੂਧੇ ਮੂੰਹ ਥੱਲੇ ਡਿੱਗ ਪਿਆ। ਕਿਸੇ ਭਲੇ ਪੁਰਸ਼ ਨੇ ਚੁੱਕ ਕੇ ਪਾਣੀ ਪਿਲਾਇਆ, ਫਿਰ ਸੁਰਤ ਆਈ ਤੇ ਲੜਖੜਾਂਦਾ ਹੋਇਆ ਜੰਗਲ 'ਚ ਪਹੁੰਚਿਆ।

ਦੂਜੇ ਪੰਛੀ ਇਕਦਮ ਬੋਲੇ, 'ਜਦੋਂ ਅਸੀਂ ਸ਼ਹਿਰ ਵੱਲ ਜਾਂਦੇ ਹਾਂ, ਸਾਡੇ ਕੰਨਾਂ 'ਚ ਵੀ ਸੂੰ-ਸੂੰ ਹੁੰਦੀ ਹੈ।' ਸਭ ਦੀਆਂ ਗੱਲਾਂ ਸੁਣ ਕੇ ਬੁੱਢਾ ਬਾਜ਼ ਕਹਿਣ ਲੱਗਾ, 'ਜਦੋਂ ਮੈਂ ਜਵਾਨ ਸੀ, ਇਹ ਪਿੱਪਲ ਪੰਛੀਆਂ ਨਾਲ ਭਰਿਆ ਹੁੰਦਾ ਸੀ, ਅੱਜ ਤਾਂ ਅੱਧਾ ਵੀ ਨਹੀਂ ਹੈ। ਆਹ ਦੇਖ ਲਵੋ, ਆਪਣੇ ਕੋਲ ਮੋਰ-ਮੋਰਨੀ ਦਾ ਇਕ ਜੋੜਾ ਹੀ ਬਚਿਆ ਹੈ। ਇਹ ਸੂੰ-ਸੂੰ ਸਾਨੂੰ ਖ਼ਤਮ ਦਰ ਦੇਵੇਗੀ। ਸਾਰੇ ਪੰਛੀ ਚਿੰਤਾ 'ਚ ਪੈ ਗਏ। ਕਾਂ, ਬੁੱਢੇ ਬਾਜ਼ ਨੂੰ ਪੁੱਛਣ ਲੱਗਾ, ਇਸ ਦਾ ਕੀ ਕਾਰਨ ਹੈ ਕਿ ਧਰਤੀ ਉੱਪਰ ਆਪਾਂ ਮਨੁੱਖ ਤੋਂ ਪਹਿਲਾਂ ਆਏ ਸੀ। ਪੁਰਾਣੇ ਜ਼ਮਾਨੇ 'ਚ ਸਾਡੀ ਗਿਣਤੀ ਵੀ ਮਨੁੱਖ ਤੋਂ ਕਈ ਗੁਣਾਂ ਜ਼ਿਆਦਾ ਸੀ ਪਰ ਹੁਣ ਸਾਡੀ ਗਿਣਤੀ ਮਨੁੱਖ ਤੋਂ ਕਿਤੇ ਘਟ ਗਈ ਹੈ ਜਦਕਿ ਮਨੁੱਖ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਾਡੀਆਂ ਕਈ ਜਾਤੀਆਂ ਖ਼ਤਮ ਹੋ ਚੁੱਕੀਆਂ ਹਨ। ਬੁੱਢਾ ਬਾਜ਼ ਕਹਿਣ ਲੱਗਾ, 'ਮਨੁੱਖ ਕੋਲ ਰੱਬ ਹੈ, ਉਹ ਰੱਬ ਦੀ ਪੂਜਾ ਕਰਦਾ ਹੈ, ਇਸ ਲਈ ਉਸ ਦੀ ਗਿਣਤੀ ਵਧ ਰਹੀ ਹੈ। ਆਪਾਂ ਨੂੰ ਰੱਬ ਬਾਰੇ ਕੋਈ ਗਿਆਨ ਨਹੀਂ ਹੈ। ਇਸ ਲਈ ਲਗਾਤਾਰ ਘਟ ਰਹੇ ਹਾਂ।

ਕਾਂ ਪੁੱਛਣ ਲੱਗਾ, 'ਰੱਬ ਕਿੱਥੇ ਰਹਿੰਦਾ ਹੈ? ਆਪਾਂ ਨੂੰ ਇਸ ਦਾ ਪਤਾ ਕਰਨਾ ਚਾਹੀਦਾ ਹੈ। ਫਿਰ ਰੱਬ ਤੋਂ ਹੀ ਪੁੱਛ ਲਵਾਂਗੇ ਕਿ ਤੁਹਾਡੀ ਪੂਜਾ ਕਿਵੇਂ ਕਰਨੀ ਹੈ? ਬੁੱਢੇ ਬਾਜ਼ ਨੂੰ ਗੱਲ ਜਚ ਗਈ। ਆਦੇਸ਼ ਦੇ ਲਹਿਜ਼ੇ ਨਾਲ ਕਹਿਣ ਲੱਗਾ, 'ਸਾਥੀਓ, ਜ਼ਿੰਦਗੀ ਤੋਂ ਵੱਡੀ ਕੋਈ ਚੀਜ਼ ਨਹੀਂ ਹੈ, ਬਚਣ ਲਈ ਆਪਾਂ ਨੂੰ ਰੱਬ ਲੱਭਣਾ ਹੀ ਪਵੇਗਾ। ਇੰਜ ਕਰੋ, ਕੋਇਲਾਂ ਅਤੇ ਪਹਾੜੀ ਕਾਵਾਂ ਦੀ ਅਗਵਾਈ 'ਚ ਪੱਚੀ-ਪੱਚੀ ਪੰਛੀ ਚਾਰੇ ਦਿਸ਼ਾਵਾਂ 'ਚ ਚਲੇ ਜਾਓ। ਰੱਬ ਨੂੰ ਲੱਭਣ ਦਾ ਇਕੋ ਇਕ ਉਦੇਸ਼ ਮਨ 'ਚ ਰੱਖਣਾ। ਆਪਣੇ ਕੋਲ ਸਾਉਣ ਤਕ ਦਾ ਸਮਾਂ ਹੈ। ਸਾਰਿਆਂ ਨੇ ਪੰਦਰਾਂ ਸਾਉਣ ਤਕ ਇਸੇ ਪਿੱਪਲ 'ਤੇ ਪਹੁੰਚ ਜਾਣਾ ਹੈ। ਆਦੇਸ਼ ਦੀ ਪਾਲਣਾ ਕਰਦੇ ਹੋਏ ਪੰਛੀ ਟੋਲੀਆਂ 'ਚ ਵੰਡ ਕੇ ਚਾਰੇ ਦਿਸ਼ਾਵਾਂ ਵੱਲ ਉੱਡ ਪਏ।

ਸਾਉਣ ਦਾ ਮਹੀਨਾ ਚੜ੍ਹ ਚੁੱਕਾ ਸੀ। ਜੰਗਲ 'ਚ ਪੰਛੀਆਂ ਦੀਆਂ ਸੁਰੀਲੀਆਂ ਧੁਨਾਂ ਗੂੰਜਣ ਲੱਗ ਪਈਆਂ ਸਨ। ਕੋਇਲਾਂ ਅਤੇ ਬੁਲਬੁਲਾਂ ਦੇ ਮਿੱਠੇ ਗੀਤ, ਮੋਰਾਂ ਦੀਆਂ ਪੈਲਾਂ ਜੰਗਲ 'ਚ ਸਵਰਗ ਦਾ ਅਹਿਸਾਸ ਕਰਵਾ ਰਹੀਆਂ ਸਨ। ਚੰਦਰਮਾ ਦੇ ਆਕਾਰ ਨੂੰ ਦੇਖ ਕੇ ਪੰਛੀ ਪੰਦਰਾਂ ਸਾਉਣ ਦੀ ਆਮਦ ਨੂੰ ਉਡੀਕ ਰਹੇ ਸਨ। ਪੰਦਰਾਂ ਸਾਉਣ ਤੋਂ ਪਹਿਲੀ ਰਾਤ ਨੂੰ ਹੀ ਕਾਂ ਨੇ ਉੱਚੀ-ਉੱਚੀ ਕਾਂ-ਕਾਂ ਕਰ ਕੇ ਅਗਲੇ ਦਿਨ ਦੇ ਇਕੱਠ ਦੀ ਸੂਚਨਾ ਦੇ ਦਿੱਤੀ ਸੀ।

ਅਗਲੇ ਦਿਨ ਪਿੱਪਲ ਦੇ ਦਰੱਖਤ 'ਤੇ ਸਵੇਰ ਤੋਂ ਹੀ ਪੰਛੀਆਂ ਦਾ ਮੇਲਾ ਲੱਗਣਾ ਸ਼ੁਰੂ ਹੋ ਗਿਆ। ਪੰਛੀਆਂ 'ਚ ਰੱਬ ਬਾਰੇ ਜਾਣਨ ਦੀ ਉਤਸੁਕਤਾ ਬਣੀ ਹੋਈ ਸੀ। ਜਿਉਂ ਹੀ ਬੁੱਢਾ ਬਾਜ਼ ਪਿੱਪਲ 'ਤੇ ਆਇਆ, ਪੰਛੀਆਂ ਨੇ ਸੰਗੀਤਮਈ ਧੁਨਾਂ ਕੱਢ ਕੇ ਸਵਾਗਤ ਕੀਤਾ। ਬੁੱਢੇ ਬਾਜ਼ ਨੇ ਸਾਰੇ ਪੰਛੀਆਂ ਦਾ ਸਵਾਗਤ ਕਰਦਿਆਂ ਪਹਾੜਾਂ ਵੱਲ ਗਈ ਟੋਲੀ ਨੂੰ ਰੱਬ ਬਾਰੇ ਆਪਣੀ ਪੜਤਾਲ ਪੇਸ਼ ਕਰਨ ਲਈ ਕਿਹਾ। ਪਹਾੜੀ ਕਾਂ, ਜੋ ਪਹਾੜ ਵਾਲੀ ਟੋਲੀ ਦੀ ਅਗਵਾਈ ਕਰ ਰਿਹਾ ਸੀ ਬੋਲਿਆ, 'ਮਹਾਰਾਜ ਅਸੀਂ ਤਾਂ ਸਾਰੇ ਪਹਾੜ, ਮੰਦਰ, ਮਸਜਿਦ, ਗਿਰਜੇ ਤੇ ਗੁਰਦੁਆਰੇ ਛਾਣ ਮਾਰੇ, ਸਾਨੂੰ ਕਿਤੇ ਰੱਬ ਨਹੀਂ ਮਿਲਿਆ। ਬਹੁਤ ਸਾਰੇ ਸਾਧੂ-ਸੰਤਾਂ ਨੂੰ ਮਿਲੇ ਪਰ ਉਹ ਵੀ ਰੱਬ ਨਾਲ ਨਹੀਂ ਮਿਲਾ ਸਕੇ। ਇਹੋ ਪੜਤਾਲ ਬਾਕੀ ਟੋਲੀਆਂ ਦੇ ਮੁਖੀਆਂ ਨੇ ਪੇਸ਼ ਕੀਤੀ। ਬੁੱਢਾ ਬਾਜ਼ ਕਹਿਣ ਲੱਗਾ, 'ਘਬਰਾਓ ਨਾ ਆਪਾਂ ਸ਼ਿਕਾਰੀ ਨਾਲ ਗੱਲ ਕਰਾਂਗੇ, ਉਸ ਦੇ ਹਿੱਤ ਵੀ ਸਾਡੇ ਨਾਲ ਸਾਂਝੇ ਹਨ।

ਮੈਨੂੰ ਆਸ ਹੈ ਉਹ ਆਪਾਂ ਨੂੰ ਜ਼ਰੂਰ ਕੋਈ ਰਸਤਾ ਦਿਖਾਏਗਾ। ਅਗਲੇ ਦਿਨ ਸ਼ਿਕਾਰੀ ਆਇਆ ਤੇ ਉਸ ਨੇ ਜਾਲ ਵਿਛਾਇਆ। ਬੁੱਢਾ ਬਾਜ਼ ਤੇ ਚਾਰ ਹੋਰ ਸਿਆਣੇ ਪੰਛੀ ਸ਼ਿਕਾਰੀ ਨੂੰ ਮਿਲ ਕੇ ਬੇਨਤੀ ਕਰਨ ਲੱਗੇ, 'ਸ਼ਿਕਾਰੀ ਭਰਾਵਾ, ਅੱਜ ਤਕ ਤੂੰ ਸਾਨੂੰ ਫੜਦਾ ਰਿਹਾ ਹੈਂ, ਤੇਰੇ ਫੜਿਆਂ ਸਾਡੀ ਗਿਣਤੀ 'ਚ ਕਮੀ ਨਹੀਂ ਸੀ ਆਈ ਪਰ ਹੁਣ ਸਾਡੀ ਗਿਣਤੀ ਅੱਧ ਤੋਂ ਵੀ ਘਟ ਗਈ ਹੈ। ਇਸ ਤਰ੍ਹਾਂ ਤਾਂ ਅਸੀਂ ਪੂਰੇ ਦੇ ਪੂਰੇ ਖ਼ਤਮ ਹੋ ਜਾਵਾਂਗੇ, ਜਦਕਿ ਮਨੁੱਖ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਕਿਉਂਕਿ ਉਨ੍ਹਾਂ ਕੋਲ ਰੱਬ ਹੈ ਤੇ ਉਹ ਉਸ ਦੀ ਪੂਜਾ ਵੀ ਕਰਦੇ ਹਨ। ਅਸੀਂ ਆਪ ਨੂੰ ਬੇਨਤੀ ਕਰਦੇ ਹਾਂ, ਸਾਨੂੰ ਵੀ ਰੱਬ ਨਾਲ ਮਿਲਾ ਦੇਵੋ, ਤਾਂ ਜੋ ਅਸੀਂ ਬਚ ਸਕੀਏ।

ਪੰਛੀਆਂ ਦੀਆਂ ਸੱਚੀਆਂ ਗੱਲਾਂ ਸੁਣ ਕੇ ਸ਼ਿਕਾਰੀ ਦੀ ਆਤਮਾ ਹਿੱਲ ਗਈ। ਉਹ ਕਹਿਣ ਲੱਗਾ, 'ਪੰਛੀ ਭਰਾਵੋ, ਮੈਂ ਤਾਂ ਇਕ ਸ਼ਿਕਾਰੀ ਹਾਂ। ਤੁਹਾਡੇ ਸਿਰ 'ਤੇ ਹੀ ਮੈਂ ਆਪਣੇ ਬੱਚਿਆਂ ਦਾ ਪੇਟ ਭਰਿਆ ਹੈ। ਰੱਬ ਤਾਂ ਅੱਜ ਤਕ ਮੈਂ ਵੀ ਨਹੀਂ ਦੇਖਿਆ ਪਰ ਫਿਰ ਵੀ ਤੁਹਾਡੇ ਮਸਲੇ ਨੂੰ ਸਮਝਣ ਲਈ ਕੱਲ੍ਹ ਮੈਂ ਆਪਣੇ ਪੁੱਤਰ ਭਾਨੂੰ ਨੂੰ ਲੈ ਕੇ ਆਵਾਂਗਾ। ਛੋਟਾ ਹੁੰਦਾ ਉਹ ਤੁਹਾਡੇ 'ਚ ਹੀ ਰਿਹਾ ਹੈ। ਹੁਣ ਉਹ ਇਕ ਪੜ੍ਹਿਆ-ਲਿਖਿਆ ਨੌਜਵਾਨ ਹੈ। ਜਾਂਦਾ ਹੋਇਆ ਸ਼ਿਕਾਰੀ ਆਪਣਾ ਜਾਲ ਸਮੇਟ ਕੇ ਉੱਥੇ ਹੀ ਛੱਡ ਗਿਆ। ਪੰਛੀ ਜਾਲ ਵੱਲ ਗੁਟਰ-ਗੁਟਰ ਦੇਖ ਰਹੇ ਸਨ।

ਅਗਲੇ ਦਿਨ ਸਵੇਰ ਵੇਲੇ ਪਿੱਪਲ ਉੱਪਰ ਪੰਛੀਆਂ ਦੀ ਸਭਾ ਫੇਰ ਜੁੜ ਗਈ। ਸ਼ਿਕਾਰੀ ਤੇ ਉਸ ਦਾ ਪੁੱਤਰ ਭਾਨੂੰ ਪਿੱਪਲ ਕੋਲ ਦੋ ਥੜਿਆਂ 'ਤੇ ਬੈਠ ਗਏ। ਬੁੱਢੇ ਬਾਜ਼ ਦੀ ਅਗਵਾਈ 'ਚ ਸਾਰੇ ਪੰਛੀ ਸ਼ਿਕਾਰੀ ਸਾਹਮਣੇ ਫੇਰ ਹਾਜ਼ਰ ਹੋਏ। ਬੁੱਢੇ ਬਾਜ਼ ਨੇ ਭਾਨੂੰ ਸਾਹਮਣੇ ਆਪਣਾ ਕੱਲ੍ਹ ਵਾਲਾ ਪ੍ਰਸ਼ਨ ਫੇਰ ਦੁਹਰਾ ਦਿੱਤਾ। ਭਾਨੂੰ ਸੋਗਮਈ ਮੁਦਰਾ 'ਚ ਸਮਝਾਉਣ ਲੱਗਾ, 'ਪੰਛੀ ਭਰਾਵੋ, ਤੁਹਾਡੀ ਚਿੰਤਾ ਬਿਲਕੁਲ ਜਾਇਜ਼ ਹੈ। ਰੱਬ ਇਕ ਸੋਚ ਹੈ, ਅਸਲ 'ਚ ਇਹ ਨਹੀਂ ਹੈ। ਪ੍ਰਾਚੀਨ ਸੱਭਿਅਤਾ ਦੇ ਦੇਵਤਿਆਂ ਨੇ ਪੰਛੀਆਂ ਨੂੰ ਆਪਣੀ ਸਵਾਰੀ ਬਣਾ ਕੇ ਉਨ੍ਹਾਂ ਨੂੰ ਮਾਣ ਬਖ਼ਸ਼ਿਆ ਸੀ। ਉਸ ਵੇਲੇ ਲੋਕ ਕੁਦਰਤ, ਪੇੜ-ਪੌਦੇ ਤੇ ਪਸ਼ੂ-ਪੰਛੀਆਂ ਨਾਲ ਸਾਂਝ ਪਾ ਕੇ ਰਹਿੰਦੇ ਸਨ ਪਰ ਜਦੋਂ ਤੋਂ ਮਨੁੱਖ ਨੇ ਰੱਬ ਦੀ ਖੋਜ ਕੀਤੀ ਹੈ, ਇਹ ਖ਼ੁਦਗਰਜ਼ ਬਣਿਆ ਹੈ ਤੇ ਕੁਦਰਤ ਤੋਂ ਦੂਰ ਹੋਇਆ ਹੈ। ਜਦੋਂ ਮਨੁੱਖ ਦੀ ਸੋਚ 'ਚ ਕੁਦਰਤ ਭਾਰੂ ਹੋਵੇਗੀ, ਜਿਹੜੀ ਸੋਚ ਖ਼ੁਦ ਮਨੁੱਖ ਦੀ ਹੋਂਦ ਲਈ ਵੀ ਜ਼ਰੂਰੀ ਹੈ, ਤਦ ਹੀ ਧਰਤੀ 'ਤੇ ਬਿਰਾਜਮਾਨ ਇਹ ਜੀਵ ਜਗਤ ਦੀ ਹੋਂਦ ਬਚ ਸਕੇਗੀ। ਪੰਛੀ ਭਰਾਵੋਂ, ਤੁਹਾਡੀ ਕੁਦਰਤ ਨਾਲ ਇਕਸੁਰਤਾ ਹੀ ਇੰਨੀ ਬਲਵਾਨ ਤੇ ਪਵਿੱਤਰ ਹੈ, ਤੁਹਾਨੂੰ ਕਿਸੇ ਹੋਰ ਰੱਬ ਦੀ ਜ਼ਰੂਰਤ ਨਹੀਂ। ਬੱਸ ਇਸੇ ਗੱਲ 'ਚ ਸਬਰ ਰੱਖੋ, ਜੇ ਤੁਸੀਂ ਖ਼ਤਮ ਹੋਵੋਗੇ ਤਾਂ ਤੁਹਾਨੂੰ ਖ਼ਤਮ ਕਰਨ ਵਾਲਾ ਮਨੁੱਖ ਵੀ ਨਹੀਂ ਬਚੇਗਾ। ਇਕ ਦਿਨ ਮਨੁੱਖ ਨੂੰ ਇਸ ਸੱਚਾਈ ਦਾ ਅਹਿਸਾਸ ਜ਼ਰੂਰ ਹੋਵੇਗਾ।

- ਅਮਰ ਗਰਗ ਕਲਮਦਾਨ

98143-41746

Posted By: Harjinder Sodhi