ਟੀਵੀ ਐਨੀਮੇਸ਼ਨ ਸੀਰੀਜ਼ ਜੌਨੀ ਕੁਐਸਟ ਬਹੁਤ ਪਾਪੂਲਰ ਰਹੀ ਹੈ। ਇਸ 'ਚ ਜੌਨੀ ਕੁਐਸਟ ਇਕ ਜਿਹਾ ਬੱਚਾ ਹੈ, ਜੋ ਆਪਣੇ ਵਿਗਿਆਨੀ ਪਿਤਾ ਤੇ ਦੋਸਤਾਂ ਨਾਲ ਖ਼ਤਰਨਾਕ ਅਡਵੈਂਚਰਜ਼ ਟ੍ਰਿਪ 'ਤੇ ਜਾਂਦਾ ਹੈ। ਆਓ, ਜਾਣਦੇ ਹਾਂ ਜੌਨੀ ਕੁਐਸਟ ਬਾਰੇ ਮਜ਼ੇਦਾਰ ਗੱਲਾਂ...

ਜੌਨੀ ਕੁਐਸਟ ਕਿਰਦਾਰ ਇਕ ਛੋਟਾ ਜਿਹਾ ਬੱਚਾ ਹੈ, ਜਿਸ ਨੂੰ ਖੋਜਾਂ 'ਤੇ ਜਾਣਾ ਪਸੰਦ ਹੈ। ਆਪਣੇ ਰੋਮਾਂਚਕ ਸਫ਼ਰ ਦੌਰਾਨ ਜੌਨੀ ਜਦੋਂ ਵੀ ਔਖੇ ਹਾਲਾਤ 'ਚ ਘਿਰਦਾ ਹੈ ਤਾਂ ਆਪਣੀ ਸਮਝਦਾਰੀ ਨਾਲ ਉਸ 'ਚੋਂ ਆਸਾਨੀ ਨਾਲ ਨਿਕਲ ਜਾਂਦਾ ਹੈ।

ਸ਼ੁਰੂਆਤ

'ਦਿ ਅਡਵੈਂਚਰ ਆਫ ਜੌਨੀ ਕੁਐਸਟ' ਇਕ ਰੋਮਾਂਚਕ ਅਮਰੀਕਨ ਸਾਇੰਸ ਫਿਕਸ਼ਨ ਐਨੀਮੇਟਿਡ ਟੀਵੀ ਸੀਰੀਜ਼ ਹੈ। ਰਹੱਸ ਤੇ ਰੋਮਾਂਚ ਨਾਲ ਭਰੇ ਜੌਨੀ ਕੁਐਸਟ ਦੇ ਸ਼ੋਅ ਨੂੰ ਹੈਨਾ-ਬਾਰਬਰਾ ਪ੍ਰੋਡਕਸ਼ਨ ਵੱਲੋਂ 1964 'ਚ ਬਣਾਇਆ ਗਿਆ ਸੀ। ਇਹ ਪਹਿਲਾ ਇਨਸਾਨਾਂ ਨਾਲ ਮਿਲਦਾ-ਜੁਲਦਾ ਸ਼ੋਅ ਸੀ। 1964 ਤੋਂ 1965 ਤਕ ਇਸ ਸ਼ੋਅ ਨੂੰ ਹਰ ਸ਼ੁੱਕਰਵਾਰ ਰਾਤ ਏਬੀਸੀ ਨੈੱਟਵਰਕ 'ਤੇ ਦਿਖਾਇਆ ਜਾਂਦਾ ਸੀ। 1990 ਦੇ ਦਹਾਕੇ 'ਚ ਇਸ਼ ਸ਼ੋਅ ਨੂੰ ਕਾਰਟੂਨ ਨੈੱਟਵਰਕ 'ਤੇ ਦਿਖਾਇਆ ਜਾਣ ਲੱਗਾ। ਕਾਮਿਕਸ ਲਈ ਜੌਨੀ ਕੁਐਸਟ ਨੂੰ ਡੱਗ ਵਾਈਲਡੀ ਨੇ ਡਿਜ਼ਾਈਨ ਕੀਤਾ ਸੀ।

ਕੀ ਹੈ ਕਹਾਣੀ?

ਇਹ ਐਨੀਮੇਟਿਡ ਕਾਰਟੂਨ ਸ਼ੋਅ ਜੌਨੀ ਕੁਐਸਟ ਨਾਂ ਦੇ ਬੱਚੇ ਦੇ ਕਿਰਦਾਰ 'ਤੇ ਕੇਂਦਰਿਤ ਹੈ, ਜੋ ਆਪਣੇ ਵਿਗਿਆਨੀ ਪਿਤਾ ਤੇ ਦੋਸਤਾਂ ਨਾਲ ਅਨੋਖੇ ਤੇ ਰੋਮਾਂਚਕਾਰੀ ਸਫ਼ਰ 'ਤੇ ਜਾਂਦਾ ਹੈ। ਜੌਨੀ ਸਿਰਫ਼ 11 ਸਾਲ ਦਾ ਹੈ। ਉਹ ਬਹੁਤ ਇੰਟੈਲੀਜੈਂਟ, ਬਹਾਦਰ ਤੇ ਖੋਜੀ ਹੈ। ਜੌਨੀ ਦੇ ਪਿਤਾ ਯੂਐੱਸ ਦੇ ਚੋਟੀ ਦੇ ਵਿਗਿਆਨੀ ਹਨ। ਰੇਸ ਬੈਨਾਨ, ਹਡਜ਼ੀ ਸਿੰਘ ਤੇ ਜੈਸੀ ਬੈਨਾਨ ਉਸ ਦੇ ਵਧੀਆ ਦੋਸਤ ਹਨ। ਸਫ਼ਰ ਦੌਰਾਨ ਕਈ ਵਾਰ ਜੌਨੀ ਆਪਣੇ ਦੋਸਤਾਂ ਨਾਲ ਔਖੀਆਂ ਪ੍ਰਸਥਿਤੀਆਂ 'ਚ ਫਸ ਜਾਂਦਾ ਹੈ ਪਰ ਆਪਣੀ ਸਮਝਦਾਰੀ ਨਾਲ ਹਰ ਮੁਸ਼ਕਲ ਨੂੰ ਹੱਲ ਕਰ ਲੈਂਦਾ ਹੈ, ਹਾਲਾਂਕਿ ਜਦੋਂ ਉਹ ਕੋਈ ਗ਼ਲਤੀ ਕਰਦਾ ਹੈ ਤਾਂ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਹਾਲਾਤ ਨੂੰ ਕਿਵੇਂ ਠੀਕ ਕੀਤਾ ਜਾਵੇ। ਇਸ ਸ਼ੋਅ 'ਚ ਇਹੀ ਦਿਖਾਇਆ ਜਾਂਦਾ ਹੈ ਕਿ ਅਡਵੈਂਚਰ ਸਫ਼ਰ ਦੌਰਾਨ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਿਵੇਂ ਕੀਤਾ ਜਾਵੇ। ਜੌਨੀ ਬਹਾਦਰ ਹੋਣ ਦੇ ਨਾਲ ਕਾਫ਼ੀ ਦਿਆਲੂ ਵੀ ਹੈ। ਉਸ ਨੂੰ ਉਹ ਲੋਕ ਪਸੰਦ ਨਹੀਂ ਆਉਂਦੇ, ਜੋ ਜਾਨਵਰਾਂ ਨੂੰ ਪਸੰਦ ਨਹੀਂ ਕਰਦੇ। ਕਈ ਵਾਰ ਤਾਂ ਉਹ ਜਾਨਵਰਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਉਸ ਦਾ ਪਿਆਰਾ ਦੋਸਤ ਹੈ ਡੌਗ ਬੈਂਡਿਟ। ਉਹ ਵੀ ਉਸ ਦੀ ਔਖੇ ਸਮੇਂ 'ਚ ਮਦਦ ਕਰਦਾ ਹੈ। ਉਸ ਨੂੰ ਇਹ ਵੀ ਪਤਾ ਹੈ ਕਿ ਦੂਸਰਿਆਂ ਤੋਂ ਆਪਣੀ ਸੁਰੱਖਿਆ ਕਿਵੇਂ ਕਰਨੀ ਹੈ।

ਪ੍ਰਸਿੱਧੀ

ਜੌਨੀ ਕੁਐਸਟ ਦਾ ਸ਼ੋਅ ਕਾਫ਼ੀ ਪਾਪੂਲਰ ਰਿਹਾ ਹੈ। ਇਸ ਨੂੰ ਸਿਰਫ਼ ਟੀਵੀ ਸ਼ੋਅ ਹੀ ਨਹੀਂ, ਬਲਕਿ ਕਾਰਟੂਨਾਂ ਦੀ ਦੁਨੀਆ 'ਚ ਵੀ ਖ਼ੂਬ ਪਸੰਦ ਕੀਤਾ ਜਾਂਦਾ ਹੈ। ਇਸ ਦੀ ਪ੍ਰਸਿੱਧੀ ਨੂੰ ਦੇਖਦਿਆਂ ਇਸ 'ਤੇ ਕਈ ਫੀਚਰ ਫਿਲਮਾਂ ਵੀ ਬਣੀਆਂ, ਜਿਨ੍ਹਾਂ 'ਚ 'ਈਅਰ ਆਫ ਜੌਨੀ ਕੁਐਸਟ', 'ਜੌਨੀ ਗੋਲਡਨ ਕੁਐਸਟ', 'ਜੌਨੀ ਕੁਐਸਟ ਵਰਸਿਜ਼ ਦਿ ਸਾਈਬਰ ਇੰਸਟ੍ਰਕਟਸ' ਆਦਿ ਵੀ ਕਾਫ਼ੀ ਮਸ਼ਹੂਪ ਹੋਈਆਂ। ਇਸ ਤੋਂ ਇਲਾਵਾ ਇਸ 'ਤੇ ਆਧਾਰਤ ਵੀਡੀਓ ਗੇਮਜ਼ ਵੀ ਬਣੀਆਂ, ਜਿਨ੍ਹਾਂ ਨੂੰ ਬੱਚੇ ਖ਼ੂਬ ਪਸੰਦ ਕਰਦੇ ਹਨ।

Posted By: Harjinder Sodhi