ਬਾਬਾ ਸਾਹਿਬ ਨਾਂ ਨਾਲ ਪ੍ਰਸਿੱਧ ਡਾ. ਭੀਮ ਰਾਓ ਅੰਬੇਡਕਰ ਨੂੰ ਸੰਵਿਧਾਨ ਦੇ ਨਿਰਮਾਣ ਲਈ ਸੰਵਿਧਾਨ ਸਭਾ ਵੱਲੋਂ ਬਣਾਈ ਗਈ ਖਰੜਾ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਉਹ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਸਨ। ਸਾਲ 1990 ਵਿਚ ‘ਭਾਰਤ ਰਤਨ’ ਨਾਲ ਸਨਮਾਨਿਤ ਡਾ. ਅੰਬੇਡਕਰ ਨੇ ਸਮਾਜ ’ਚ ਜਾਤੀ ਆਧਾਰਿਤ ਸ਼ੋਸ਼ਣ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਦੇਸ਼ ’ਚੋਂ ਭੇਦਭਾਵ ਮਿਟਾਉਣ ਲਈ ਪਹਿਲ ਕੀਤੀ ਤੇ ਦੇਸ਼ ਦਾ ਸੰਵਿਧਾਨ ਤਿਆਰ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਡਾ. ਅੰਬੇਡਕਰ ਨੂੰ ਬਚਪਨ ਤੋਂ ਹੀ ਜਾਤੀ ਆਧਾਰਿਤ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ ਸੀ। ਇਸ ਦੇ ਬਾਵਜੂਦ ਉਹ ਹਰ ਮੁਸ਼ਕਲ ਨੂੰ ਪਿੱਛੇ ਛੱਡ ਅੱਗੇ ਵੱਧਦੇ ਰਹੇ।

ਪਾਣੀ ਲਈ ਰਹੇ ਤਰਸਦੇ

ਦੋ ਭਰਾ ਜੋ ਸਕੂਲ ’ਚ ਪੜ੍ਹਦੇ ਸਨ ਅਤੇ ਆਪਣੇ ਪਿਤਾ ਨੂੰ ਦੇਖਣ ਲਈ ਜਾ ਰਹੇ ਸਨ। ਉਹ ਮੈਸੂਰ ਰੇਲਵੇ ਸਟੇਸ਼ਨ ’ਤੇ ਉਤਰੇ ਅਤੇ ਬੈਲਗੱਡੀ ’ਤੇ ਆਪਣੀ ਅਗਲੀ ਯਾਤਰਾ ਸ਼ੁਰੂ ਕੀਤੀ। ਅਜੇ ਕੁਝ ਹੀ ਦੂਰੀ ’ਤੇ ਗਏ ਸਨ ਕਿ ਗਾਡੀਵਾਨ ਨੂੰ ਪਤਾ ਲੱਗਿਆ ਕਿ ਉਹ ਨੀਵੀਂ ਜਾਤੀ ’ਚੋਂ ਹਨ। ਉਸ ਨੇ ਦੋਵਾਂ ਭਰਾਵਾਂ ਨੂੰ ਗੱਡੀ ਤੋਂ ਧੱਕਾ ਮਾਰ ਕੇ ਹੇਠਾਂ ਸੱੁਟ ਦਿੱਤਾ। ਦੁਪਹਿਰ ਦਾ ਸਮਾਂ ਸੀ। ਦੋਵਾਂ ਨੂੰ ਪਿਆਸ ਲੱਗੀ। ਉਹ ਲੋਕਾਂ ਤੋਂ ਪਾਣੀ ਮੰਗਣ ਲੱਗੇ ਪਰ ਕਿਸੇ ਨੇ ਵੀ ਇਕ ਬੰੂਦ ਪਾਣੀ ਨਹੀਂ ਦਿੱਤਾ। ਇੱਥੋਂ ਤਕ ਕਿ ਉਨ੍ਹਾਂ ਨੂੰ ਖੂਹ ਦੇ ਨੇੜੇ ਵੀ ਜਾਣ ਨਹੀਂ ਦਿੱਤਾ। ਕਈ ਘੰਟੇ ਬੀਤ ਗਏ ਪਰ ਉਹ ਪਾਣੀ ਲਈ ਤਰਸਦੇ ਰਹੇ। ਉਨ੍ਹਾਂ ’ਚੋਂ ਇਕ ਭਰਾ ਸੀ ਭੀਮ ਰਾਓ ਅੰਬੇਡਕਰ।

ਛੂਤਛਾਤ ਤੋਂ ਪਰੇਸ਼ਾਨ

ਇਕ ਦਿਨ ਇਕ ਬਾਲਕ ਸਕੂਲ ਜਾ ਰਿਹਾ ਸੀ। ਰਸਤੇ ’ਚ ਤੇਜ਼ ਮੀਂਹ ਸ਼ੁਰੂ ਹੋ ਗਿਆ। ਮੀਂਹ ਤੋਂ ਬਚਣ ਲਈ ਉਹ ਕਿਸੇ ਘਰ ਦੀ ਦੀਵਾਰ ਨਾਲ ਲੁਕ ਗਿਆ ਪਰ ਉਥੇ ਉਸ ਨੂੰ ਘਰ ਦੀ ਮਾਲਕਣ ਨੇ ਦੇਖ ਲਿਆ। ਉਹ ਬਹੁਤ ਗੱੁਸੇ ’ਚ ਸੀ। ਉਸ ਨੇ ਉਸ ਬਾਲਕ ਨੂੰ ਮੀਂਹ ’ਚ ਧੱਕਾ ਦੇ ਦਿੱਤਾ। ਬਾਲਕ ਚਿੱਕੜ ’ਚ ਡਿੱਗ ਗਿਆ ਅਤੇ ਉਸ ਦੀਆਂ ਕਿਤਾਬਾਂ ਵੀ ਪਾਣੀ ’ਚ ਭਿੱਜ ਗਈਆਂ। ਉਹ ਬਾਲਕ ਕੋਈ ਹੋਰ ਨਹੀਂ ਸਗੋਂ ਭੀਮ ਰਾਓ ਅੰਬੇਡਕਰ ਹੀ ਸੀ। ਉਹ ਹਮੇਸ਼ਾ ਇਹੀ ਸੋਚਦੇ ਸਨ ਕਿ ਕਿਉਂ ਲੋਕ ਇਸ ਤਰ੍ਹਾਂ ਦਾ ਵਿਹਾਰ ਕਰਦੇ ਹਨ?

ਸਿੱਖਿਆ ਨੂੰ ਬਣਾਇਆ ਸ਼ਕਤੀ

ਇਸ ਦੌਰਾਨ ਉਨ੍ਹਾਂ ਨੂੰ ਇਕ ਗੱਲ ਸਮਝ ਆਈ ਕਿ ਸਿੱਖਿਆ ਤੋਂ ਬਿਨਾਂ ਇਸ ਭੇਦਭਾਵ ਖ਼ਿਲਾਫ਼ ਲੜਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਰਾਜਨੀਤੀ ਅਤੇ ਅਰਥ-ਸ਼ਾਸਤਰ ’ਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਬੜੌਦਾ ਰਿਆਸਤ ਵੱਲੋਂ ਮਿਲੇ ਵਜ਼ੀਫੇ ਨਾਲ ਉਨ੍ਹਾਂ ਨੂੰ ਵਿਦੇਸ਼ ਵਿਚ ਪੜ੍ਹਨ ਦਾ ਮੌਕਾ ਮਿਲਿਆ। ਇਸ ਦੌਰਾਨ ਡਾ. ਅੰਬੇਡਕਰ ਨੇ ਹਰ ਵਿਸ਼ੇ ਦਾ ਅਧਿਐਨ ਕੀਤਾ। ਕਾਨੂੰਨ, ਅਰਥ-ਸ਼ਾਸਤਰ, ਸਮਾਜ ਸ਼ਾਸਤਰ, ਇਤਿਹਾਸ, ਦਰਸ਼ਨ ਸ਼ਾਸਤਰ ਤੇ ਰਾਜਨੀਤੀ ਸ਼ਾਸਤਰ ਜਿਹੇ ਵਿਸ਼ਿਆਂ ’ਚ ਉਨ੍ਹਾਂ ਨੇ ਸਿੱਖਿਆ ਹਾਸਿਲ ਕੀਤੀ। ਭਾਰਤ ਵਾਪਸੀ ’ਤੇ ਬੀਆਰ ਅੰਬੇਡਕਰ ਨੇ ਕਈ ਮੋਰਚਿਆਂ ’ਤੇ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਇਕ ਪਾਸੇ ਉਨ੍ਹਾਂ ਕਾਲਜ ’ਚ ਵਕਾਲਤ ਦੀ ਪੜ੍ਹਾਈ ਸ਼ੁਰੂ ਕੀਤੀ ਤੇ ਨਾਲ ਹੀ ‘ਨਾਇਕ’ ਨਾਂ ਦੀ ਅਖ਼ਬਾਰ ਕੱਢਣੀ ਸ਼ੁਰੂ ਕਰ ਦਿੱਤੀ।

ਭੇਦਭਾਵ ਖ਼ਤਮ ਕਰਨ ਦਾ ਸੰਕਲਪ

ਜਿਸ ਭੇਦਭਾਵ ਤੇ ਛੂਆਛਾਤ ਦਾ ਸਾਹਮਣਾ ਡਾ. ਅੰਬੇਡਕਰ ਨੂੰ ਕਦਮ-ਕਦਮ ’ਤੇ ਕਰਨਾ ਪਿਆ, ਉਨ੍ਹਾਂ ਨੇ ਇਸ ਨੂੰ ਖ਼ਤਮ ਕਰਨ ਲਈ ਲੜਾਈ ਲੜਨ ਦਾ ਮਨ ਬਣਾਇਆ। ਇਕ ਪਾਸੇ ਗਾਂਧੀ ਜੀ ਛੂਆਛਾਤ ਤੇ ਭੇਦਭਾਵ ਨੂੰ ਖ਼ਤਮ ਕਰਨ ਦੀ ਗੱਲ ਤਾਂ ਕਰਦੇ ਸਨ ਪਰ ਵਰਣ ਵਿਵਸਥਾ ਦੇ ਪੱਖ ’ਚ ਸਨ, ਉਥੇ ਡਾ. ਅੰਬੇਡਕਰ ਵਰਣ ਵਿਵਸਥਾ ਨੂੰ ਭੇਦਭਾਵ ਦੀ ਬੁਨਿਆਦ ਮੰਨਦੇ ਸਨ। ਬਹੁਤ ਸਾਰੇ ਵਿਰੋਧ ਤੇ ਮੁਸ਼ਕਲਾਂ ਦਰਮਿਆਨ ਡਾ. ਅੰਬੇਡਕਰ ਨੇ ਲੋਕਾਂ ਤਕ ਪਹੰੁਚਣ ਦਾ ਰਸਤਾ ਕੱਢਿਆ ਤੇ ਉਨ੍ਹਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਡਾ. ਅੰਬੇਡਕਰ ਨੇ ਲਤਾੜੇ ਹੋਏ ਲੋਕਾਂ ਨੂੰ ਉੱਪਰ ਚੱੁਕਣ ਲਈ ਤਿੰਨ ਬਿੰਦੂਆਂ ਵਾਲਾ ਮੂਲ ਮੰਤਰ ‘ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ’ ਦਿੱਤਾ। ਉਨ੍ਹਾਂ ਅਨੁਸਾਰ ਅਧਿਕਾਰ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਜ਼ਰੀਆ ਰਾਜਨੀਤਕ ਤਾਕਤ ਹੈ।

ਉਨ੍ਹਾਂ ਨੇ 1936 ਵਿਚ ਇੰਡੀਪੈਂਡੈਂਟ ਲੇਬਰ ਪਾਰਟੀ ਨਾਂ ਦਾ ਰਾਜਨੀਤਕ ਦਲ ਵੀ ਬਣਾਇਆ ਅਤੇ ਗਵਰਨਮੈਂਟ ਆਫ਼ ਇੰਡੀਆ ਐਕਟ 1935 ਤਹਿਤ ਸੂਬਾ ਪੱਧਰੀ ਚੋਣਾਂ ’ਚ ਹਿੱਸਾ ਲਿਆ ਤੇ ਉਹ ਬੰਬੇ ਵਿਧਾਨ ਸਭਾ ਲਈ ਚੁਣੇ ਗਏ। ਉਨ੍ਹਾਂ ਨੇ ਬੰਧੂਆ ਮਜ਼ਦੂਰੀ ਖ਼ਤਮ ਕਰਨ, ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਤੇ ਜਨਮ ਦਰ ਕੰਟਰੋਲ ਕਰਨ ’ਤੇ ਜ਼ੋਰ ਦਿੱਤਾ।

Posted By: Harjinder Sodhi