ਭਾਰਤ ਇਕ ਮਹਾਨ ਦੇਸ਼ ਹੈ। ਇਸ ਦੇਸ਼ 'ਚ ਬਹੁਤ ਸਾਰੀਆਂ ਮਹਾਨ ਹਸਤੀਆਂ ਹਨ। ਬਹੁਤ ਸਾਰੇ ਲੋਕਾਂ ਨੇ ਆਪੋ-ਆਪਣੇ ਖੇਤਰ 'ਚ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਦੇ ਸ਼ਾਨਦਾਰ ਕੰਮਾਂ ਲਈ ਉਨ੍ਹਾਂ ਨੂੰ ਸਭ ਤੋਂ ਅਹਿਮ ਨੋਬਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ...

ਨੋਬਲ ਪੁਰਸਕਾਰ ਹਰ ਸਾਲ ਦੁਨੀਆ ਭਰ ਦੇ ਲੋਕਾਂ ਲਈ ਵੱਖ-ਵੱਖ ਸ਼੍ਰੇਣੀਆਂ 'ਚ ਦਿੱਤੇ ਗਏ ਛੇ ਅੰਤਰਰਾਸ਼ਟਰੀ ਐਵਾਰਡਾਂ ਦਾ ਸੈੱਟ ਹੈ। ਸਵੀਡਿਸ਼ ਤੇ ਨਾਰਵੇਈਅਨ ਸੰਸਥਾਨ ਲੋਕਾਂ ਨੂੰ ਅਕਾਦਮਿਕ, ਸੱਭਿਆਚਾਰਕ ਜਾਂ ਵਿਗਿਆਨਕ ਤਰੱਕੀ ਲਈ ਸਨਮਾਨਿਤ ਕਰਦੇ ਹਨ। ਇਹ ਪੁਰਸਕਾਰ ਸਰਬਿਆਈ ਵਿਗਿਆਨੀ ਐਲਫਰੈਡ ਨੋਬਲ ਦੀ ਯਾਦ 'ਚ ਦਿੱਤਾ ਜਾਂਦਾ ਹੈ। ਪਹਿਲੀ ਵਾਰ ਇਸ ਐਵਾਰਡ ਨਾਲ 1901 'ਚ ਕੈਮਿਸਟਰੀ, ਲਿਟਰੇਚਰ, ਪੀਸ, ਫਿਜ਼ਿਕਸ ਤੇ ਫਿਜ਼ੀਓਲੋਜੀ ਜਾਂ ਮੈਡੀਸਨ ਦੇ ਖੇਤਰ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਸੀ।

ਨੋਬਲ ਪੁਰਸਕਾਰ ਦੇ ਭਾਰਤੀ ਜੇਤੂ

ਹੁਣ ਤਕ ਪੰਜ ਭਾਰਤੀ ਨਾਗਰਿਕਾਂ ਨੂੰ ਨੋਬਲ ਪੁਰਸਕਾਰ ਮਿਲਿਆ ਹੈ। ਰਾਬਿੰਦਰਨਾਥ ਟੈਗੋਰ ਪਹਿਲੇ ਭਾਰਤੀ ਸਨ, ਜਿਨ੍ਹਾਂ ਨੂੰ 1913 'ਚ ਨੋਬਲ ਪੁਰਸਕਾਰ ਮਿਲਿਆ।

ਰਾਬਿੰਦਰਨਾਥ ਟੈਗੋਰ - 1913

7 ਮਈ 1861 ਨੂੰ ਜਨਮੇ ਗੁਰਦੇਵ ਰਾਬਿੰਦਰਨਾਥ ਟੈਗੋਰ ਮਹਾਨ ਕਵੀ, ਚਿੱਤਰਕਾਰ ਤੇ ਸੰਗੀਤਕਾਰ ਸਨ। ਉਨ੍ਹਾਂ ਨੇ ਭਾਰਤ ਦੇ ਰਾਸ਼ਟਰੀ ਗੀਤ ਨੂੰ ਰਚਿਆ ਤੇ ਉਹ 'ਗੀਤਾਂਜਲੀ' ਦੇ ਲੇਖਕ ਵੀ ਹਨ। ਉਹ ਭਾਰਤ ਦੇ ਪਹਿਲੇ ਨੋਬਲ ਪੁਰਸਕਾਰ ਜੇਤੂ ਸਨ। ਉਨ੍ਹਾਂ ਨੂੰ ਇਹ ਐਵਾਰਡ ਬਹੁਤ ਸੰਵੇਦਨਸ਼ੀਲ, ਤਾਜ਼ਾ ਤੇ ਸੁੰਦਰ ਕਵਿਤਾ ਲਿਖਣ ਲਈ ਦਿੱਤਾ ਗਿਆ। ਰਾਬਿੰਦਰਨਾਥ ਟੈਗੋਰ ਬੰਗਾਲ ਦੇ ਰਹਿਣ ਵਾਲੇ ਸਨ ਤੇ 'ਗੁਰਦੇਵ' ਦੇ ਨਾਂ ਨਾਲ ਮਸ਼ਹੂਰ ਹੋਏ। ਉਨ੍ਹਾਂ ਨੇ ਬੰਗਲਾਦੇਸ਼ ਦਾ ਰਾਸ਼ਟਰੀ ਗੀਤ ਵੀ ਲਿਖਿਆ।

ਸੀਵੀ ਰਮਨ - 1930

ਭਾਰਤ ਦੇ ਦੂਜੇ ਵਿਅਕਤੀ ਸੀਵੀ ਰਮਨ ਨੇ ਨੋਬਲ ਪੁਰਸਕਾਰ ਜਿੱਤਿਆ। ਉਨ੍ਹਾਂ ਨੇ 1930 'ਚ ਭੌਤਿਕ ਵਿਗਿਆਨ ਵਿਚ 'ਰਮਨ ਪ੍ਰਭਾਵ' ਵਜੋਂ ਜਾਣੀ ਜਾਂਦੀ ਆਪਣੀ ਖੋਜ ਲਈ ਵਿਗਿਆਨ ਦੇ ਖੇਤਰ 'ਚ ਇਹ ਇਨਾਮ ਪ੍ਰਾਪਤ ਕੀਤਾ। ਉਨ੍ਹਾਂ ਦਾ ਜਨਮ 7 ਨਵੰਬਰ 1888 ਨੂੰ ਭਾਰਤ ਦੇ ਸਾਬਕਾ ਮਦਰਾਸ ਸੂਬੇ 'ਚ ਹੋਇਆ, ਜੋ ਹੁਣ ਤਮਿਲਨਾਡੂ ਰਾਜ ਹੈ। 1920 ਵਿਚ ਸੀਵੀ ਰਮਨ ਸਮੁੰਦਰੀ ਰਸਤੇ ਯਾਤਰਾ ਕਰ ਰਹੇ ਸਨ। ਉਸ ਵੇਲੇ ਉਨ੍ਹਾਂ ਦੇ ਮਨ 'ਚ ਸਵਾਲ ਪੈਦਾ ਹੋਇਆ ਕਿ ਅਸਮਾਨ ਦਾ ਰੰਗ ਨੀਲਾ ਕਿਉਂ ਹੈ? ਅਜਿਹਾ ਹੀ ਸਵਾਲ ਸੀ ਕਿ ਸਮੁੰਦਰ ਦਾ ਪਾਣੀ ਨੀਲਾ ਕਿਉਂ ਹੈ? ਇਸ ਤੋ ਬਾਅਦ ਉਨ੍ਹਾਂ ਨੇ ਇਸ ਵਿਸ਼ੇ 'ਤੇ ਖੋਜ ਸ਼ੁਰੂ ਕਰ ਦਿੱਤੀ। ਲਗਪਗ 7 ਸਾਲ ਦੀ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਸਫ਼ਲਤਾ ਮਿਲੀ ਤੇ ਰਮਨ ਪ੍ਰਭਾਵ ਦੀ ਖੋਜ ਹੋਈ ਅਤੇ ਇਸ ਖੋਜ ਬਾਰੇ ਸਭ ਨੂੰ ਪਤਾ ਲੱਗਿਆ। ਰਮਨ ਪ੍ਰਭਾਵ ਮੁਤਾਬਕ ਰੋਸ਼ਨੀ ਦੀਆਂ ਕਿਰਨਾਂ ਇਕ ਥਾਂ ਤੋਂ ਦੂਜੀ ਥਾਂ ਜਾਂਦੀਆਂ ਹਨ। ਇਹ ਕਿਰਨਾਂ ਦੋ ਤਰੀਕੇ ਨਾਲ ਯਾਤਰਾ ਕਰਦੀਆਂ ਹਨ। ਇਕ ਤਾਂ ਇਹ ਕਿਰਣਾਂ ਸਿੱਧੀ ਰੇਖਾ 'ਚ ਜਾਂਦੀਆਂ ਹਨ ਜਾਂ ਫਿਰ ਕਿਸੇ ਚੀਜ਼ ਦੇ ਸੰਪਰਕ ਵਿਚ ਆਉਣ ਕਾਰਨ ਬਿਖਰ ਜਾਂਦੀਆਂ ਹਨ। ਸਿੱਧੀ ਰੇਖਾ ਵਿਚ ਜਾਣ ਨੂੰ 'ਲਾਈਟ ਟ੍ਰਾਂਸਮਿਸ਼ਨ' ਕਿਹਾ ਜਾਂਦਾ ਹੈ ਤੇ ਉਨ੍ਹਾਂ ਦੇ ਬਿਖਰਨ ਨੂੰ 'ਲਾਈਟ ਸਕੈਟਰਿੰਗ' ਕਿਹਾ ਜਾਂਦਾ ਹੈ। ਇਹ ਭੌਤਿਕ ਵਿਗਿਆਨ ਦੀ ਸਮਝ 'ਚ ਇਕ ਮੀਲ ਪੱਥਰ ਸਾਬਤ ਹੋਇਆ ਹੈ। ਇਸ ਨੇ ਦੁਨੀਆ ਭਰ 'ਚ ਸੀਵੀ ਰਮਨ ਨੂੰ ਮਸ਼ਹੂਰ ਕਰ ਦਿੱਤਾ। ਉਨ੍ਹਾਂ ਦੀ ਵਡਿਆਈ ਨੋਬਲ ਪੁਰਸਕਾਰ ਸੰਸਥਾਨ ਤਕ ਪੁੱਜੀ ਤੇ ਵਿਗਿਆਨ ਦੇ ਖੇਤਰ 'ਚ ਮਹਾਨ ਕੰਮ ਕਰਨ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।


ਮਦਰ ਟੈਰੇਸਾ -1979

ਮਦਰ ਟੈਰੇਸਾ ਭਾਰਤ 'ਚ ਨਹੀਂ ਪੈਦਾ ਹੋਈ ਪਰ ਉਹ 19 ਸਾਲਾਂ ਦੀ ਉਮਰ 'ਚ ਭਾਰਤ ਆਈ ਸੀ। ਫਿਰ ਉਹ ਆਪਣੀ ਸਾਰੀ ਜ਼ਿੰਦਗੀ ਭਾਰਤ 'ਚ ਰਹੇ ਤੇ ਭਾਰਤ 'ਚ ਗ਼ਰੀਬ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ। ਸਾਰੀ ਜ਼ਿੰਦਗੀ ਮਦਰ ਟੈਰੇਸਾ ਨੇ ਬਹੁਤ ਸਾਰੇ ਮਨੁੱਖਤਾਵਾਦੀ ਕੰਮ ਗ਼ਰੀਬਾਂ ਲਈ ਕੀਤੇ। ਉਨ੍ਹਾਂ ਨੇ ਮਿਸ਼ਨਰੀ ਆਫ ਚੈਰਿਟੀ ਸਥਾਪਤ ਕੀਤੀ। ਉਹ ਗ਼ਰੀਬਾਂ ਦੇ ਮਸੀਹਾ ਸਨ। ਉਨ੍ਹਾਂ ਨੂੰ 1979 'ਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਅਜੇ ਵੀ ਸਿਰਫ਼ ਭਾਰਤ 'ਚ ਨਹੀਂ, ਬਲਕਿ ਪੂਰੀ ਦੁਨੀਆ 'ਚ ਯਾਦ ਕੀਤਾ ਜਾਂਦਾ ਹੈ।


ਅਮ੍ਰਿਤਯ ਸੇਨ -1998

ਅਮ੍ਰਿਤਯ ਸੇਨ ਭਾਰਤੀ ਨੋਬਲ ਪੁਰਸਕਾਰ ਜੇਤੂ ਸੂਚੀ 'ਚ ਅਗਲੇ ਵਿਅਕਤੀ ਹਨ। ਉਹ 3 ਨਵੰਬਰ 1933 ਨੂੰ ਬੰਗਾਲ 'ਚ ਪੈਦਾ ਹੋਏ। ਸੇਨ ਨੇ ਭਲਾਈ ਅਰਥ-ਸ਼ਾਸਤਰ, ਆਰਥਿਕ ਤੇ ਸਮਾਜਿਕ ਨਿਆਂ, ਦੁਰਘਟਨਾਵਾਂ ਦੇ ਆਰਥਿਕ ਸਿਧਾਂਤ, ਸਮਾਜਿਕ ਚੋਣ ਸਿਧਾਂਤ ਤੇ ਵਿਕਾਸਸ਼ੀਲ ਦੇਸ਼ਾਂ ਦੇ ਨਾਗਰਿਕਾਂ ਦੇ ਉਦੇਸ਼ਾਂ ਦੇ ਸੂਚਕਾਂ 'ਚ ਯੋਗਦਾਨ ਪਾਇਆ ਹੈ। ਉਹ ਭਾਰਤੀ ਅਰਥ-ਸ਼ਾਸਤਰੀ ਨੋਬਲ ਪੁਰਸਕਾਰ ਜੇਤੂ ਹਨ। ਉਨ੍ਹਾਂ ਨੇ ਅਰਥ-ਸ਼ਾਸਤਰ ਦਾ ਅਧਿਐਨ ਕੀਤਾ ਤੇ ਫਿਰ ਅਮਰੀਕਾ ਤੇ ਯੂਨਾਈਟਡ ਕਿੰਗਡਮ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਜਾ ਕੇ ਉਨ੍ਹਾਂ ਦੀਆਂ ਸੰਸਥਾਵਾਂ 'ਚ ਆਰਥਿਕ ਸਿੱਖਿਆ ਲਈ। ਉਨ੍ਹਾਂ ਦੇ ਅਰਥ-ਸ਼ਾਸਤਰ ਦੇ ਸਿਧਾਂਤ ਤੇ ਭਲਾਈ ਅਰਥ-ਸ਼ਾਸਤਰ ਬਾਰੇ ਖੋਜ ਪੱਤਰ ਨੇ ਉਨ੍ਹਾਂ ਨੂੰ ਸੰਸਾਰ ਪ੍ਰਸਿੱਧ ਸ਼ਖ਼ਸੀਅਤ ਬਣਾਇਆ। ਉਹ ਦੁਨੀਆ ਦੇ ਕੁਝ ਅਰਥ-ਸ਼ਾਸਤਰੀਆਂ 'ਚੋਂ ਇਕ ਹਨ। 1998 'ਚ ਉਨ੍ਹਾਂ ਨੂੰ ਨੋਬਲ ਇਨਾਮ ਦਿੱਤਾ ਗਿਆ। ਇਸ ਤਰ੍ਹਾਂ ਉਹ ਅਰਥ-ਸ਼ਾਸਤਰ 'ਚ ਭਾਰਤੀ ਨੋਬਲ ਪੁਰਸਕਾਰ ਜੇਤੂ ਬਣੇ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਰਤਨ (1999) ਤੇ ਜੌਹਨ ਸਕਾਈਟ ਇਨਾਮ (2017) ਵੀ ਪ੍ਰਾਪਤ ਕੀਤੇ ਹਨ।


ਕੈਲਾਸ਼ ਸਤਿਆਰਥੀ -2014

ਬੱਚਿਆਂ ਤੇ ਨੌਜਵਾਨਾਂ ਦੇ ਦਬਾਅ ਵਿਰੁੱਧ ਲੜਨ ਵਾਲੇ ਲੋਕਾਂ 'ਚ ਕੈਲਾਸ਼ ਸਤਿਆਰਥੀ ਦਾ ਨਾਂ ਹਰ ਕਿਸੇ ਦੇ ਮਨ 'ਚ ਪਹਿਲਾਂ ਆਉਂਦਾ ਹੈ। ਉਨ੍ਹਾਂ ਨੂੰ 2014 'ਚ ਇਸ ਸਨਮਾਨਜਨਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਕੈਲਾਸ਼ ਸਤਿਆਰਥੀ ਤੇ ਮਲਾਲਾ ਯੂਸੁਫਜ਼ਈ ਨੂੰ ਸਾਂਝੇ ਤੌਰ 'ਤੇ ਇਹ ਪੁਰਸਕਾਰ ਦਿੱਤਾ ਗਿਆ ਸੀ, ਕਿਉਂਕਿ ਦੋਵਾਂ ਨੇ ਦੱਬੇ-ਕੁਚਲੇ ਬੱਚਿਆਂ ਦੀ ਭਲਾਈ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਤਿਆਰਥੀ ਬਚਪਨ ਬਚਾਓ ਅੰਦੋਲਨ ਦੇ ਸੰਸਥਾਪਕ ਹਨ ਤੇ ਬੱਚਿਆਂ ਦੇ ਅਧਿਕਾਰਾਂ ਲਈ ਲੜ ਰਹੇ ਹਨ। ਉਨ੍ਹਾਂ ਨੇ ਬਹੁਤ ਸਾਰੇ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਬਚਾਇਆ।


- ਅਕਾਸ਼ਦੀਪ ਸਿੰਘ ਢੀਂਡਸਾ, ਫ਼ਰੀਦਕੋਟ।

Posted By: Harjinder Sodhi