ਬੱਚਿਓ! ਭਾਵੇਂ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ 72 ਵਰ੍ਹੇ ਹੋ ਗਏ ਹਨ ਪਰ ਸਾਨੂੰ ਗ਼ਰੀਬੀ, ਅਨਪੜ੍ਹਤਾ ਤੇ ਬੇਕਾਰੀ ਤੋਂ ਆਜ਼ਾਦੀ ਨਹੀਂ ਮਿਲੀ ਤੇ ਨਾ ਹੀ ਆਜ਼ਾਦੀ ਮਿਲਣ 'ਚ ਕੋਈ ਆਸ ਦੀ ਕਿਰਨ ਨਜ਼ਰੀਂ ਪੈਂਦੀ ਹੈ। ਚੰਦ 'ਤੇ ਪਾਣੀ ਲੱਭਣ ਦੇ ਦੌਰ 'ਚ ਵੀ ਦੇਸ਼ ਵਾਸੀ ਗਹਿਰੀ ਨੀਂਦੇ ਸੁੱਤੇ ਪਏ ਮਹਿਸੂਸ ਹੁੰਦੇ ਹਨ। ਬਾਬੇ ਦੀ ਬਾਣੀ ਅੱਜ ਵੀ ਇਹੀ ਸਬਕ ਪੜ੍ਹਾ ਰਹੀ ਹੈ ਕਿ ਪਵਨ ਗੁਰੁ ਹੈ, ਪਾਣੀ ਪਿਤਾ ਤੇ ਮਾਤਾ ਧਰਤਿ ਮਹਤੁ ਹੁੰਦੀ ਹੈ।ਪਰ ਬੰਦਾ ਸਮਝਣ ਲਈ ਤਿਆਰ ਹੋਵੇ ਤਾਂ ਗੱਲ ਬਣੇ। ਅਕਲ ਦੀ ਗੱਲ ਸੁਣਨਾ ਸਾਨੂੰ ਗਵਾਰਾ ਨਹੀਂ, ਸੁਣੀਏ ਵੀ ਕਿਉਂ, ਅਸੀਂ ਸਭ ਸਰਬ ਗਿਆਨੀ ਹੋਣ ਦਾ ਟੈਗ ਤਾਂ ਕਾਲਰ ਨਾਲ ਲਟਕਾਈ ਫਿਰਦੇ ਹਾਂ।

ਮਨੁੱਖ ਧਰਤੀ ਮਾਂ ਦੀ ਕੁੱਖ ਨਾਲ ਜੋ ਵਿਹਾਰ ਕਰ ਰਿਹਾ ਹੈ, ਅਜਿਹਾ ਪੁੱਤ ਤਾਂ ਕੀ ਕਪੁੱਤ ਵੀ ਨਹੀਂ ਕਰ ਸਕਦਾ। ਧਰਤੀ ਮਾਂ ਦੀ ਕੁੱਖ ਤੋਂ ਫ਼ਸਲਾਂ ਤੇ ਹੋਰ ਬਨਸਪਤੀ ਇਸ ਤਰ੍ਹਾਂ ਲੈ ਰਿਹਾ ਹੈ, ਅਸੀਂ ਲਾਲਚ-ਗ੍ਰਸਤ ਹੋ ਕੇ ਕੀਟਨਾਸ਼ਕਾਂ ਤੇ ਹੋਰ ਦਵਾਈਆਂ ਦੀ ਵਰਤੋਂ ਨਾਲ ਧਰਤੀ ਨੂੰ ਬੰਜਰ ਤਾਂ ਬਣਾ ਹੀ ਰਹੇ ਹਾਂ, ਸਗੋਂ ਇਸ ਮਾਂ ਦੀ ਔਲਾਦ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਦੇ ਹਵਾਲੇ ਵੀ ਕਰ ਰਹੇ ਹਾਂ।

ਪਾਣੀ, ਜਿਸ ਨੂੰ ਅਸੀਂ ਸਭ ਅੰਮ੍ਰਿਤ ਦਾ ਦਰਜਾ ਵੀ ਦਿੰਦੇ ਹਾਂ। ਫਿਰ ਵੀ ਦੁਨੀਆ ਭਰ ਦੀ ਗੰਦਗੀ ਅਸੀਂ ਵੱਗਦੇ ਪਾਣੀ 'ਚ ਸੁੱਟ ਕੇ ਆਪਣੇ ਆਪ ਨੂੰ ਸਾਫ਼-ਸੁਥਰੇ ਐਲਾਨਦੇ ਹਾਂ। ਪਹਿਲਾਂ ਮਨੁੱਖ ਖ਼ੁਦ ਹੀ ਮੱਛੀ ਵਰਗੇ ਜਲ ਜੀਵਾਂ ਦੇ ਸਾਹਾਂ 'ਚ ਜ਼ਹਿਰ ਘੋਲਦਾ ਹੈ ਤੇ ਖ਼ੁਦ ਇਨ੍ਹਾਂ ਦੀ ਖਾਣ ਲਈ ਵਰਤੋਂ ਕਰਦਾ ਹੈ। ਹੋਰ ਤਾਂ ਹੋਰ ਪਾਣੀ ਦੀ ਵਰਤੋਂ ਤਾਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਜਿਵੇਂ ਕੁਬੇਰ ਦਾ ਖ਼ਜ਼ਾਨਾ ਕਮਲਿਆਂ ਦੇ ਟੱਬਰ ਦੇ ਹੱਥ ਲੱਗ ਗਿਆ ਹੋਵੇ।

ਹਵਾ ਦਾ ਹਾਲ ਕਿਹੜਾ ਕਿਸੇ ਤੋਂ ਲੁਕਿਆ ਹੈ। ਫੈਕਟਰੀਆਂ ਤੇ ਗੱਡੀਆਂ ਦੇ ਧੂੰਏਂ 'ਤੇ ਤਾਂ ਅਸੀਂ ਕਾਬੂ ਕੀ ਪਾਉਣਾ ਹੈ, ਅਸੀਂ ਤਾਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਕੁਦਰਤ ਨੂੰ ਵੰਗਾਰਾਂ ਪਾ ਦਿੱਤੀਆਂ ਹਨ ਕਿ ਜੇ ਜਾਨ ਬਚਾ ਸਕਦੀ ਏ ਤਾਂ ਬਚਾ ਲੈ। ਦੀਵਾਲੀ ਤੇ ਹੋਰ ਤਿਉਹਾਰਾਂ 'ਤੇ ਪਟਾਕੇ ਤੇ ਆਤਿਸ਼ਬਾਜ਼ੀਆਂ ਚਲਾ ਕੇ ਅਸੀਂ ਕੀ ਸਿੱਧ ਕਰਨਾ ਚਾਹੁੰਦੇ ਹਾਂ, ਅਜੇ ਤਕ ਕੋਈ ਸਮਝ ਨਹੀਂ ਸਕਿਆ।

ਸਮੇਂ ਦੀਆਂ ਸਰਕਾਰਾਂ ਨੂੰ ਕਰੋੜਾਂ ਰੁਪਏ ਸਾਨੂੰ ਇਹ ਗੱਲ ਸਮਝਾਉਣ ਲਈ ਖ਼ਰਚਣੇ ਪੈ ਰਹੇ ਹਨ ਕਿ ਪਲਾਸਟਿਕ ਦੇ ਲਿਫਾਫੇ ਤੇ ਪਲਾਸਟਿਕ ਦਾ ਹੋਰ ਸਾਮਾਨ ਸਾਡੀ ਸਿਹਤ ਲਈ ਕਿੰਨਾ ਖ਼ਤਰਨਾਕ ਹੈ, ਜਦੋਂਕਿ ਅਸੀਂ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਸਭ ਵੇਖ ਰਹੇ ਹਾਂ ਕਿ ਸਾਡੇ ਪਾਲਤੂ ਪਸ਼ੂ ਕਿਵੇਂ ਢੇਰਾਂ ਤੋਂ ਇਹ ਲਿਫਾਫੇ ਨਿਗਲਣ ਉਪਰੰਤ ਤੜਪ-ਤੜਪ ਕੇ ਆਪਣੇ ਪ੍ਰਾਣ ਤਿਆਗ ਰਹੇ ਹਨ ਪਰ ਆਪਾਂ ਲਿਫਾਫੇ ਤੇ ਹੋਰ ਪਲਾਸਟਿਕ ਸੁੱਟਦੇ ਤਾਂ ਖੁੱਲ੍ਹੇ ਢੇਰਾਂ 'ਤੇ ਹੀ ਹਾਂ। ।

ਗੱਲਾਂ ਤਾਂ ਬਹੁਤ ਹੋ ਗਈਆਂ, ਖੂਹ ਤਾਂ ਅਮਲਾਂ ਬਿਨਾਂ ਖ਼ਾਲੀ ਹਨ, ਅਮਲ ਆਪਾਂ ਨੂੰ ਹੀ ਕਰਨਾ ਪੈਣਾ ਹੈ। ਬਾਬੇ ਦੀ ਬਾਣੀ ਸੁਣ ਸੁਣ ਕੇ ਹੀ ਗੱਲ ਨਹੀਂ ਬਣਨੀ, ਬਾਣੀ ਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਪੈਣਾ ਹੈ।

- ਮਾ. ਰਾਜ ਹੀਉਂ

98154-61875

Posted By: Harjinder Sodhi