ਇਹ ਆਮ ਹੀ ਕਿਹਾ ਜਾਂਦਾ ਹੈ ਕਿ ਕਿਤਾਬਾਂ ਸਾਡੀਆਂ ਉੱਤਮ ਸਾਥੀ ਹਨ। ਮਨੁੱਖੀ ਜੀਵਨ ਨੂੰ ਉੱਤਮ ਤੇ ਉਸਾਰੂ ਬਣਾਉਣ 'ਚ ਚੰਗੀਆਂ ਕਿਤਾਬਾਂ ਦਾ ਅਹਿਮ ਰੋਲ ਹੁੰਦਾ ਹੈ। ਅਕਾਦਮਿਕ ਕਿਤਾਬਾਂ ਦਾ ਗਿਆਨ ਸਾਡੇ ਰੁਜ਼ਗਾਰ ਦਾ ਆਧਾਰ ਬਣਦਾ ਹੈ ਤੇ ਸਾਹਿਤਕ ਅਤੇ ਜਾਣਕਾਰੀ ਭਰਪੂਰ ਕਿਤਾਬਾਂ ਦਾ ਗਿਆਨ ਸਹੀ ਦਿਸ਼ਾ ਦੇਣ ਦੇ ਨਾਲ-ਨਾਲ ਸਾਡਾ ਅੰਤਰਮੁਖੀ ਵਿਕਾਸ ਕਰਨ 'ਚ ਸਹਾਈ ਹੁੰਦਾ ਹੈ। ਚੰਗੀਆਂ ਕਿਤਾਬਾਂ ਸਾਡੇ ਜੀਵਨ ਢੰਗ ਨੂੰ ਸੁਧਾਰਦੀਆਂ ਹਨ। ਉਹ ਸਾਡੀ ਬੌਧਿਕਤਾ, ਦ੍ਰਿਸ਼ਟੀਕੋਣ ਨੂੰ ਵਿਸ਼ਾਲ ਕਰਦੀਆਂ ਹਨ। ਕਿਤਾਬੀ ਗਿਆਨ ਮਾਨਸਿਕ ਵਿਕਾਸ ਦੇ ਨਾਲ-ਨਾਲ ਸਾਡੇ ਵਿਚਾਰਾਂ 'ਚ ਵੀ ਨਵੀਨਤਾ ਲਿਆਉਂਦਾ ਹੈ।

ਉਤਸ਼ਾਹਿਤ ਕਰਦੀਆਂ ਹਨ ਕਿਤਾਬਾਂ

ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ ਤਾਂ ਕਿਤਾਬਾਂ ਸਾਨੂੰ ਉਤਸ਼ਾਹ ਦਿੰਦੀਆਂ ਹਨ। ਉਹ ਸਾਨੂੰ ਉਮੀਦ ਤੇ ਹਿੰਮਤ ਨਾਲ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਸਾਡੀ ਅਗਿਆਨਤਾ ਨੂੰ ਦੂਰ ਕਰਦੀਆਂ ਹਨ ਤੇ ਗਿਆਨ 'ਚ ਵਾਧਾ ਕਰਦੀਆਂ ਹਨ। ਕਿਤਾਬਾਂ ਸਾਡੇ ਤਜਰਬੇ ਨੂੰ ਨਿਖ਼ਾਰਦੀਆਂ ਹਨ ਤੇ ਸਾਡੀ ਬੁੱਧੀ ਨੂੰ ਤਿੱਖਾ ਕਰਦੀਆਂ ਹਨ। ਇਸ ਤਰ੍ਹਾਂ ਇਕ ਚੰਗੀ ਕਿਤਾਬ ਸਾਡੀ ਸੱਚੀ ਮਿੱਤਰ ਹੈ ।

ਸਿਹਤਮੰਦ ਆਦਤ ਦਾ ਵਿਕਾਸ

ਸਾਨੂੰ ਕਿਤਾਬਾਂ ਪੜ੍ਹਨ ਦੀ ਇਕ ਸਿਹਤਮੰਦ ਆਦਤ ਦਾ ਵਿਕਾਸ ਕਰਨਾ ਚਾਹੀਦਾ ਹੈ। ਸਾਨੂੰ ਸਿਰਫ਼ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਚੰਗੀ ਕਿਤਾਬਾਂ ਪੜ੍ਹਨ ਦੇ ਬਹੁਤ ਸਾਰੇ ਫ਼ਾਇਦੇ ਹਨ। ਚੰਗੀ ਕਿਤਾਬ ਸਾਡੀ ਦੋਸਤ, ਦਾਰਸ਼ਨਿਕ ਤੇ ਮਾਰਗ-ਦਰਸ਼ਕ ਹੈ। ਸਾਨੂੰ ਅਜਿਹੀਆਂ ਮਾੜੀਆਂ ਕਿਤਾਬਾਂ ਪੜ੍ਹਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਸਾਡਾ ਸਮਾਂ ਤੇ ਤਾਕਤ ਦੋਵੇਂ ਬਰਬਾਦ ਹੁੰਦੇ ਹਨ। ਅਜੋਕੇ ਯੁੱਗ 'ਚ ਆਦਮੀ ਹਰ ਥਾਂ ਖ਼ੁਸ਼ੀਆਂ ਭਾਲਦਾ ਹੈ। ਵਿਗਿਆਨ ਦੀਆਂ ਸਾਰੀਆਂ ਖੋਜਾਂ ਤੇ ਕਾਢਾਂ ਮਨੁੱਖ ਦੀ ਖ਼ੁਸ਼ਹਾਲੀ ਲਈ ਬਣੀਆਂ ਹਨ। ਜਦੋਂ ਅਸੀਂ ਚੰਗੀ ਕਿਤਾਬ ਪੜ੍ਹਦੇ ਹਾਂ ਤਾਂ ਅਸੀਂ ਖ਼ੁਦ ਨੂੰ ਵੀ ਭੁੱਲ ਜਾਂਦੇ ਹਾਂ । ਸਾਨੂੰ ਦੁਨੀਆ ਦੀ ਦੇਖਭਾਲ ਤੇ ਚਿੰਤਾਵਾਂ ਯਾਦ ਨਹੀਂ ਰਹਿੰਦੀਆਂ। ਇਸ ਲਈ ਕਿਤਾਬਾਂ ਜ਼ਿੰਦਗੀ 'ਚ ਸਭ ਤੋਂ ਵੱਧ ਅਨੰਦ ਦਾ ਸਰੋਤ ਹਨ।

ਸਹੀ ਦਿਸ਼ਾ ਦਿੰਦੀਆਂ ਹਨ ਕਿਤਾਬਾਂ

ਅਜੋਕੀ ਪੜ੍ਹੀ-ਲਿਖੀ ਪੀੜ੍ਹੀ ਲਈ ਕਿਤਾਬਾਂ ਬਹੁਤ ਮਹੱਤਤਾ ਰੱਖਦੀਆਂ ਹਨ। ਸੋ ਵਿਦਿਆਰਥੀ ਵਰਗ ਨੂੰ ਸਮੇਂ ਦੇ ਹਾਣ ਦਾ ਹੋਣ ਲਈ ਲਾਇਬ੍ਰੇਰੀਆਂ 'ਚ ਜਾ ਕੇ ਢੁੱਕਵੀਆਂ ਕਿਤਾਬਾਂ ਨੂੰ ਪੜ੍ਹਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਿਗਿਆਨਕ ਨਜ਼ਰੀਆ ਸਥਾਪਿਤ ਹੋ ਸਕਦਾ ਹੈ ਤੇ ਸਮਾਜ ਨੂੰ ਅਖੌਤੀ ਵਹਿਮਾਂ-ਭਰਮਾਂ 'ਚੋਂ ਕੱਢਣ ਲਈ ਯਤਨ ਕੀਤੇ ਜਾ ਸਕਦੇ ਹਨ। ਜੇ ਅਜੋਕੀ ਪੀੜ੍ਹੀ ਨੂੰ ਚੰਗੀਆਂ ਕਿਤਾਬਾਂ ਦੀ ਚੇਟਕ ਲੱਗ ਜਾਵੇ ਤਾਂ ਉਹ ਮਾਰੂ ਨਸ਼ਿਆਂ ਤੋਂ ਆਪ ਹੀ ਬਚ ਜਾਣਗੇ ਕਿਉਂਕਿ ਕਿਤਾਬਾਂ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਸਗੋਂ ਮਾਨਸਿਕ ਭਟਕਣਾ ਨੂੰ ਦੂਰ ਕਰਨ ਦੇ ਨਾਲ ਸਹੀ ਦਿਸ਼ਾ ਵੀ ਦਿੰਦੀਆਂ ਹਨ। ਅਜੋਕੇ ਸਮੇਂ 'ਚ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਹੀ ਯਤਨ ਕਰਨੇ ਪੈਣਗੇ ਕਿ ਕਿਵੇਂ ਵਿਦਿਆਰਥੀ ਆਪਣਾ ਵਾਧੂ ਸਮਾਂ ਕਿਤਾਬਾਂ ਪੜ੍ਹਨ 'ਚ ਗੁਜ਼ਾਰਨ, ਨਹੀਂ ਤਾਂ ਫੋਨਾਂ ਰਾਹੀਂ ਸੋਸ਼ਲ ਮੀਡੀਆ 'ਤੇ ਹੁੰਦੀ ਅਫ਼ਵਾਹਾਂ ਦੀ ਬੰਬਾਰੀ 'ਚ ਘਿਰ ਜਾਣਗੇ। ਇਸ ਨਾਲ ਉਹ ਸਹੀ ਗਿਆਨ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਸਕਦੇ ਹਨ।

ਚੰਗੀਆਂ ਕਿਤਾਬਾਂ ਹਮੇਸ਼ਾ ਸਾਡੀਆਂ ਮਿੱਤਰ ਤੇ ਮਾਰਗ-ਦਰਸ਼ਕ ਰਹੀਆਂ ਹਨ। ਸਾਨੂੰ ਬੱਚਿਆਂ ਨੂੰ ਮੋਬਾਈਲ ਫੋਨਾਂ ਦੀ ਨਕਲੀ ਦੁਨੀਆ 'ਚੋਂ ਕੱਢ ਕੇ ਕਿਤਾਬਾਂ ਦੀ ਗਿਆਨਮਈ ਦੁਨੀਆ ਨਾਲ ਜੋੜਨਾ ਹੀ ਪਵੇਗਾ, ਨਹੀਂ ਤਾਂ ਪਾਠ-ਪੁਸਤਕਾਂ ਤੋਂ ਇਲਾਵਾ ਬਾਕੀ ਕਿਤਾਬਾਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਜਾਣਗੀਆਂ।

- ਡਾ. ਜਸਪ੍ਰੀਤ ਕੌਰ

Posted By: Harjinder Sodhi