ਸਾਡੇ ਵਿੱਦਿਅਕ ਪ੍ਰਬੰਧਾਂ ਵਿਚ ਇਕ ਘਾਟ ਹੈ, ਜੋ ਹਰੇਕ ਸੁਹਿਰਦ ਤੇ ਮਾਨਵਤਾ ਪ੍ਰੇਮੀ ਨੂੰ ਵੀ ਰੜਕਦੀ ਹੋਵੇਗੀ, ਉਹ ਹੈ ਵਿੱਦਿਅਕ ਸਿਲੇਬਸ ਵਿਚ ਨੈਤਿਕ ਸਿੱਖਿਆ ਦੀ ਘਾਟ। ਪੁਰਾਣੇ ਸਮੇਂ ਵਿਚ ਸਿੱਖਿਆ ਕੇਵਲ ਮੰਦਿਰਾਂ, ਮਸਜਿਦਾਂ ਜਾਂ ਗੁਰਦੁਆਰਿਆਂ ਵਿਚ ਹੀ ਦਿੱਤੀ ਜਾਂਦੀ ਸੀ, ਜਿੱਥੇ ਆਮ ਸਿੱਖਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਦਾ ਵੀ ਪਾਠ ਪੜ੍ਹਾਇਆ ਜਾਂਦਾ ਸੀ। ਅੱਜ-ਕੱਲ੍ਹ ਦੇ ਵਿਦਿਆਰਥੀ ਪੜ੍ਹ-ਲਿਖ ਕੇ ਵੱਡੀਆਂ-ਵੱਡੀਆਂ ਡਿਗਰੀਆਂ ਤਾਂ ਪ੍ਰਾਪਤ ਕਰ ਲੈਂਦੇ ਹਨ ਪਰ ਉਨ੍ਹਾਂ ਵਿਚ ਨੈਤਿਕਤਾ ਦੀ ਘਾਟ ਰਹਿ ਜਾਂਦੀ ਹੈ, ਜਿਸ ਦੀ ਪ੍ਰਤੱਖ ਉਦਹਾਰਣ ਉਸ ਸਮੇਂ ਮਿਲ ਜਾਂਦੀ ਹੈ, ਜਦੋਂ ਪੜ੍ਹ-ਲਿਖ ਕੇ ਡਾਕਟਰ ਬਣਿਆ ਵਿਅਕਤੀ ਕਿਸੇ ਗ਼ਰੀਬ ਮਰੀਜ਼ ਦਾ ਇਲਾਜ ਕਰਨ ਤੋਂ ਇਸ ਲਈ ਮਨ੍ਹਾ ਕਰ ਦਿੰਦਾ ਹੈ ਕਿਉਂਕਿ ਮਰੀਜ਼ ਕੋਲ ਇਲਾਜ ਦੇ ਪੈਸੇ ਨਹੀਂ ਹੁੰਦੇ। ਜੇ ਸਾਡੇ ਵਿੱਦਿਅਕ ਢਾਂਚੇ ਵਿਚ ਨੈਤਿਕ ਸਿੱਖਿਆ ਇਕ ਅਹਿਮ ਹਿੱਸੇ ਵਜੋਂ ਪ੍ਰਮਾਣਿਤ ਕੀਤੀ ਜਾਵੇ ਤਾਂ ਇਕ ਚੰਗੇ ਡਾਕਟਰ, ਅਧਿਆਪਕ, ਇਮਾਨਦਾਰ ਵਕੀਲ ਤੇ ਦੇਸ਼ ਦੇ ਹਾਲਾਤ ਨੂੰ ਸੁਧਾਰਨ ਵਾਲੇ ਰਾਜਨੇਤਾ ਪੈਦਾ ਹੋਣਗੇ।

ਕਮਜ਼ੋਰ ਹੋ ਰਹੇ ਰਿਸ਼ਤੇ

ਇਸ ਤੋਂ ਇਲਾਵਾ ਅੱਜ-ਕੱਲ੍ਹ ਸਮਾਜ ਵਿਚ ਕਮਜ਼ੋਰ ਹੋ ਰਹੇ ਰਿਸ਼ਤੇ ਅਤੇ ਸਬਰ-ਸੰਤੋਖ ਦੀ ਘਾਟ ਦੇਖੀ ਜਾ ਸਕਦੀ ਹੈ। ਇਸ ਲਈ ਅੱਜ ਸਮਾਜ ਵਿਚ ਨੈਤਿਕਤਾ ਦਾ ਪਤਨ ਹੋ ਰਿਹਾ ਹੈ। ਲੋੜ ਹੈ ਸਮਾਜ ਨੂੰ ਆਦਰਸ਼ ਬਣਾਉਣ ਲਈ ਅਜਿਹੀ ਵਿੱਦਿਆ ਵੀ ਆਪਣੇ ਵਿਦਿਆਰਥੀਆਂ ਨੂੰ ਦੇਈਏ, ਜਿਸ ਨਾਲ ਉਨ੍ਹਾਂ ਦੇ ਦਿਲਾਂ ਵਿਚ ਮਾਨਵਤਾ ਪ੍ਰਤੀ ਪ੍ਰੇਮ ਪਿਆਰ, ਰਹਿਮ ਅਤੇ ਹਮਦਰਦੀ ਵਰਗੇ ਗੁਣ ਵੀ ਪੈਦਾ ਹੋਣ, ਤਾਂ ਹੀ ਸਾਡੀ ਸਿੱਖਿਆ ਦਾ ਉਦੇਸ਼ ਸਾਰਥਕ ਹੋ ਸਕਦਾ ਹੈ ਅਤੇ ਇਸੇ ਵਿਚ ਹੀ ਮਾਨਵਤਾ ਦੀ ਭਲਾਈ ਹੈ।

ਸਵਾਗਤ ਜ਼ਿੰਦਗੀ

ਨੈਤਿਕ ਸਿੱਖਿਆ ਬਗ਼ੈਰ ਮਨੁੱਖੀ ਜੀਵਨ ਅਧੂਰਾ ਹੈ। ਵਿਦਿਆਰਥੀ ਜੀਵਨ ਤੋਂ ਹੀ ਇਸ ਦੀ ਪੱਕੀ ਲੀਹ ਪੈ ਜਾਣ ਕਰਕੇ ਇਹ ਤੋੜ ਨਿਭ ਸਕਦੀ ਹੈ। ਉਨ੍ਹਾਂ ਦੀ ਸ਼ਖ਼ਸੀਅਤ ਨੂੰ ਤਰਾਸ਼ ਤੇ ਸੰਵਾਰ ਕੇ ਜੀਵਨ ਨੂੰ ਸੁਹਜ ਭਰਪੂਰ ਬਣਾਇਆ ਜਾ ਸਕਦਾ ਹੈ।

ਖ਼ੂਬਸੂਰਤ ਜ਼ਿੰਦਗੀ ਨੂੰ ਹਰ ਕੋਈ ਲੋਚਦਾ ਹੈ। ਇਸ ਨਜ਼ਰੀਏ ਤੋਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦਾ ਖ਼ੂਬਸੂਰਤ ਜੀਵਨ ਸਿਰਜਣ ਲਈ ਤਿਆਰ ਕੀਤੇ ਇਸ ਨੈਤਿਕ ਸਿੱਖਿਆ ਦੇ ਨਵੇਂ ਵਿਸ਼ੇ ‘ਸਵਾਗਤ ਜ਼ਿੰਦਗੀ’ ਦੀ ਪ੍ਰਸ਼ੰਸਾ ਕਰਨ ਦੇ ਨਾਲ-ਨਾਲ ਸਵਾਗਤ ਵਜੋਂ ਜੀ ਆਇਆਂ ਆਖਣਾ ਸਾਡਾ ਫ਼ਰਜ਼ ਬਣਦਾ ਹੈ।

- ਹਰਕੀਰਤ ਕੌਰ

Posted By: Harjinder Sodhi