ਪਿਆਰੇ ਬੱਚਿਓ! ਕੋਰੋਨਾ ਦੇ ਸੰਕਟ ਕਾਰਨ ਅੱਜ ਵਿਸ਼ਵ ਭਰ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ ਤੇ ਵਿਦਿਆਰਥੀਆਂ ਨੂੰ ਆਨਲਾਈਨ ਵਿਧੀ ਰਾਹੀਂ ਆਪਣੀ ਪੜ੍ਹਾਈ ਨੂੰ ਜਾਰੀ ਰੱਖਣਾ ਪੈ ਰਿਹਾ ਹੈ। ਆਨਲਾਈਨ ਪੜ੍ਹਾਈ ਦਾ ਸੰਕਲਪ ਕੋਈ ਨਵਾਂ ਸੰਕਲਪ ਨਹੀਂ ਹੈ, ਵਿਦੇਸ਼ਾਂ ਵਿਚ ਤਾਂ ਇਹ ਵਿਧੀ ਆਮ ਹੀ ਪ੍ਰਚੱਲਿਤ ਸੀ ਪਰ ਸਾਡੇ ਦੇਸ਼ 'ਚ ਇਸ ਦੀ ਸ਼ੁਰੂਆਤ ਕੋਰੋਨਾ ਦੇ ਕਹਿਰ ਕਾਰਨ ਅਚਾਨਕ ਹੀ ਵੱਡੇ ਪੱਧਰ 'ਤੇ ਕਰਨੀ ਪੈ ਗਈ। ਇਸ ਵਿਧੀ ਦੇ ਅਥਾਹ ਫ਼ਾਇਦੇ ਹਨ ਪਰ ਸਾਧਨਾਂ ਤੇ ਅਗਾਊਂ ਗਿਆਨ ਦੀ ਘਾਟ ਕਾਰਨ ਅਸੀਂ ਸਾਰੇ ਕੁਝ ਦਿੱਕਤਾਂ ਦਾ ਸ਼ਿਕਾਰ ਵੀ ਹੋ ਰਹੇ ਹਾਂ। ਜਿਨ੍ਹਾਂ ਵਿਦਿਆਰਥੀਆਂ ਕੋਲ ਸਮਾਰਟ ਫੋਨ ਨਹੀਂ ਹਨ, ਉਨ੍ਹਾਂ ਲਈ ਇਹ ਵਿਧੀ ਕੋਈ ਮਾਇਨੇ ਨਹੀਂ ਰੱਖਦੀ। ਆਓ ਜਾਣਦੇ ਹਾਂ ਆਨਲਾਈਨ ਪੜ੍ਹਾਈ ਨਾਲ ਕਿਵੇਂ ਜੁੜੀਏ ਤੇ ਇਸ ਨੂੰ ਸੁਚਾਰੂ ਢੰਗ ਨਾਲ ਕਿਵੇਂ ਕਰੀਏ।

ਪਹਿਲੀ ਗੱਲ ਤਾਂ ਇਹ ਕਿ ਜਿਹੜੇ ਵਿਦਿਆਰਥੀਆਂ ਕੋਲ ਸਮਾਰਟ ਫੋਨ ਨਹੀਂ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਨਿਰਾਸ਼ ਨਾ ਹੋਣ ਸਗੋਂ ਭਵਿੱਖ ਲਈ ਆਪਣੇ ਪਰਿਵਾਰਕ ਖ਼ਰਚਿਆਂ ਦੀ ਇਸ ਤਰ੍ਹਾਂ ਵਿਉਂਤਬੰਦੀ ਕਰਨ ਕਿ ਕੋਈ ਘੱਟ ਕੀਮਤ ਵਾਲਾ ਸਮਾਰਟ ਫੋਨ ਆਪਣੇ ਘਰ ਵਿਚ ਖ਼ਰੀਦ ਸਕਣ। ਸ਼ੌਕ ਪੂਰਤੀ ਦੀਆਂ ਮਹਿੰਗੀਆਂ ਦੂਜੀਆਂ ਚੀਜ਼ਾਂ 'ਤੇ ਪੈਸੇ ਖ਼ਰਚ ਕਰਨ ਦੀ ਬਜਾਏ ਪਰਿਵਾਰ ਤੇ ਬੱਚੇ ਪੈਸੇ ਜੋੜ ਕੇ ਮੋਬਾਈਲ ਵਰਗੀ ਅਤੀ ਜ਼ਰੂਰੀ ਚੀਜ਼ ਘਰ ਜ਼ਰੂਰ ਲਿਆਉਣ। ਤਕਨੀਕ ਦਾ ਗਿਆਨ ਤੇ ਤਕਨੀਕ ਨਾਲ ਜੁੜੇ ਸਾਮਾਨ ਦੀ ਹਰੇਕ ਵਿਅਕਤੀ ਲਈ ਅੱਜ ਬਹੁਤ ਜ਼ਰੂਰਤ ਤੇ ਮਹੱਤਤਾ ਹੈ।

ਦੂਜੀ ਗੱਲ ਜਿਨ੍ਹਾਂ ਵਿਦਿਆਰਥੀਆਂ ਕੋਲ ਅਜਿਹੇ ਫੋਨ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਲੋੜਵੰਦ ਸਾਥੀ ਦੀ ਵੀ ਮਦਦ ਕਰਨ। ਰੋਜ਼ ਨਹੀਂ ਤਾਂ, ਦੂਜੇ ਤੀਜੇ ਦਿਨ ਉਨ੍ਹਾਂ ਨੂੰ ਜ਼ਰੂਰੀ ਕੰਮ ਨੋਟ ਕਰਵਾ ਦੇਣ, ਉਨ੍ਹਾਂ ਨੂੰ ਆਪਣੀਆਂ ਕਾਪੀਆਂ ਉਪਰ ਕੀਤਾ ਹੋਇਆ ਕੰਮ ਕਰਨ ਲਈ ਦੇ ਦੇਣ, ਤਾਂ ਜੋ ਉਹ ਵੀ ਬਾਕੀ ਕਲਾਸ ਨਾਲ ਮਿਲ ਕੇ ਚੱਲ ਸਕਣ।

ਹਰ ਵਿਸ਼ੇ ਦਾ ਬਣਾਓ ਗਰੁੱਪ

ਅੱਜ-ਕੱਲ੍ਹ ਸਕੂਲਾਂ ਵੱਲੋਂ ਜੋ ਵੀ ਕੰਮ ਵਿਦਿਆਰਥੀਆਂ ਨੂੰ ਭੇਜਿਆ ਜਾ ਰਿਹਾ ਹੈ, ਉਹ ਆਮ ਕਰਕੇ ਵ੍ਹਟਸਐਪ ਗਰੁੱਪਾਂ ਰਾਹੀਂ ਭੇਜਿਆ ਜਾ ਰਿਹਾ ਹੈ। ਹਰੇਕ ਕਲਾਸ ਦਾ ਸਾਂਝਾ ਗਰੁੱਪ ਬਣਿਆ ਹੋਇਆ ਹੈ ਤੇ ਹਰ ਵਿਸ਼ੇ ਦੇ ਅਧਿਆਪਕ ਵੱਲੋਂ ਉਸ ਗਰੁੱਪ 'ਚ ਕੰਮ ਭੇਜਿਆ ਜਾ ਰਿਹਾ ਹੈ ਅਤੇ ਇਸੇ ਗਰੁੱਪ 'ਚ ਬੱਚੇ ਵੀ ਮਿਲਿਆ ਕੰਮ ਕਾਪੀਆਂ ਉਪਰ ਨੋਟ ਕਰ ਕੇ ਤੇ ਵਾਪਸ ਤਸਵੀਰਾਂ ਪਾਉਂਦੇ ਹਨ। ਇਸ ਤਰ੍ਹਾਂ ਇਹ ਗਰੁੱਪ ਪੋਸਟਾਂ ਨਾਲ ਭਰੇ ਰਹਿੰਦੇ ਹਨ। ਦੋ ਚਾਰ ਦਿਨਾਂ ਬਾਅਦ ਜੇ ਅਸੀਂ ਕੋਈ ਖ਼ਾਸ ਕੰਮ ਜਾਂ ਸਾਨੂੰ ਲੋੜੀਂਦਾ ਪਾਠ ਲੱਭਣਾ ਹੋਵੇ ਤਾਂ ਬਹੁਤ ਔਖਾ ਹੋ ਜਾਂਦੀ ਹੈ। ਇਸ ਸਮੱਸਿਆ ਦੇ ਹੱਲ ਲਈ ਆਪਣੇ ਮੋਬਾਈਲ 'ਚ ਹਰੇਕ ਵਿਸ਼ੇ ਦਾ ਇਕ ਵੱਖਰਾ ਗਰੁੱਪ ਬਣਾ ਲਵੋ, ਇਹ ਗਰੁੱਪ ਤੁਸੀਂ ਆਪਣੇ ਹੀ ਕਿਸੇ ਸਹਿਪਾਠੀ ਨਾਲ ਮਿਲ ਕੇ ਬਣਾਓ। ਜਿਹੜਾ ਵੀ ਕੰਮ ਤੁਹਾਨੂੰ ਕਿਸੇ ਵਿਸ਼ੇ ਦਾ ਕਲਾਸ ਗਰੁੱਪ 'ਚ ਆਉਂਦਾ ਹੈ ਉਸ ਨੂੰ ਤੁਰੰਤ ਆਪਣੇ ਮੋਬਾਈਲ 'ਤੇ ਬਣਾਏ ਉਸ ਵਿਸ਼ੇ ਦੇ ਨਵੇਂ ਗਰੁੱਪ 'ਚ ਭੇਜ ਦਿਉ। ਇਹ ਕੰਮ ਦੋਵੇਂ ਸਾਥੀ ਰਲ-ਮਿਲ ਕੇ ਕਰੋ ਜਾਂ ਜਿਸ ਕੋਲ ਫੋਨ ਹੋਵੇ। ਉਹ ਕਲਾਸ ਗਰੁੱਪ 'ਚੋਂ ਹਰੇਕ ਵਿਸ਼ੇ ਦਾ ਕੰਮ ਵੱਖ-ਵੱਖ ਵਿਸ਼ਾ ਗਰੁੱਪਾਂ 'ਚ ਭੋਜ ਕੇ ਸਾਂਭ ਲਵੇ ਤੇ ਇਨ੍ਹਾਂ ਛੋਟੇ ਤੇ ਵਿਸ਼ਾ ਅਨੁਸਾਰ ਗਰੁੱਪਾਂ 'ਚੋਂ ਤੁਸੀਂ ਆਸਾਨੀ ਨਾਲ ਤਰਤੀਬਵਾਰ ਮਿਲਿਆ ਕੰਮ ਬਾਅਦ ਵਿਚ ਵੇਖ ਸਕਦੇ ਹੋ। ਕਲਾਸ ਗਰੁੱਪ 'ਚ ਜੋ ਵੀ ਵੀਡੀਓਜ, ਡੇਲੀ ਡੋਜ਼, ਹੋਰ ਮਹੱਤਵਪੂਰਨ ਲਿੰਕਸ, ਪੰਜਾਬੀ-ਅੰਗਰੇਜ਼ੀ ਸ਼ਬਦ, ਗੂਗਲ ਫਾਰਮ ਦੇ ਅਭਿਆਸ ਟੈਸਟ ਆਦਿ ਆਉਂਦੇ ਹਨ, ਸਭ ਕੁਝ ਤੁਹਾਨੂੰ ਆਪਣੇ ਗਰੁੱਪਾਂ 'ਚ ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ ਤੇ ਇਨ੍ਹਾਂ ਤੋਂ ਤੁਸੀਂ ਬਾਅਦ 'ਚ ਦੁਹਰਾਈ ਕਰ ਸਕਦੇ ਹੋ ਤੇ ਪੇਪਰਾਂ ਦੇ ਦਿਨਾਂ ਵਿਚ ਮੁੜ ਇਸ ਸਮੱਗਰੀ ਨੂੰ ਆਸਾਨੀ ਨਾਲ ਵੇਖ-ਪੜ੍ਹ ਸਕਦੇ ਹੋ।

ਜ਼ਰੂਰੀ ਗੱਲਾਂ ਕਰੋ ਨੋਟ

ਇਸ ਤੋਂ ਇਲਾਵਾ ਡੀਡੀ ਪੰਜਾਬੀ ਜਾਂ ਸਵਮ ਪ੍ਰਭਾ ਟੀਵੀ ਚੈਨਲਜ਼, ਜਿਸ ਵੀ ਚੈਨਲ ਨੰਬਰ ਉਪਰ ਚੱਲਦੇ ਹਨ ਉਹ ਸਾਰੇ ਚੈਨਲ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਰੇਡੀਓ ਪ੍ਰਸਾਰਨ ਬਾਰੇ ਵੀ ਤੁਹਾਨੂੰ ਪਤਾ ਹੋਵੇ। ਤੁਸੀਂ ਆਪਣੇ ਵਿਸ਼ੇ ਦੇ ਹਫ਼ਤਾਵਾਰੀ ਟੀਵੀ ਤੇ ਰੇਡੀਓ ਪ੍ਰਸਾਰਨ ਦੇ ਟਾਈਮ ਟੇਬਲ ਨੂੰ ਪੇਪਰ ਉਪਰ ਲਿਖ ਕੇ ਆਪਣੇ ਟੀਵੀ ਸੈੱਟ ਦੇ ਕੋਲ ਚਿਪਕਾ ਲਵੋ ਤਾਂ ਕਿ ਤੁਹਾਡੀ ਕਲਾਸ ਨਾਲ ਸਬੰਧਿਤ ਕੋਈ ਵੀ ਪ੍ਰਗਰਾਮ ਬਿਨ ਵੇਖਿਆ/ਸੁਣਿਆ ਨਾ ਲੰਘ ਜਾਵੇ। ਜਦੋਂ ਵੀ ਤੁਸੀਂ ਟੀਵੀ ਜਾਂ ਰੇਡੀਓ ਤੋਂ ਕੋਈ ਪ੍ਰੋਗਰਾਮ ਵੇਖਦੇ-ਸੁਣਦੇ ਹੋ, ਉਸ ਸਮੇਂ ਆਪਣੇ ਕੋਲ ਉਸ ਵਿਸ਼ੇ ਦੀ ਜਾਂ ਰਫ ਕਾਪੀ ਤੇ ਪੈੱਨ ਜ਼ਰੂਰ ਰੱਖੋ ਤੇ ਸੁਣ/ਵੇਖ ਕੇ ਜ਼ਰੂਰੀ ਗੱਲਾਂ ਨੋਟ ਕਰੋ ਤੇ ਬਾਅਦ ਵਿਚ ਯਾਦ ਵੀ ਕਰੋ।

ਅਧਿਆਪਕਾਂ ਨਾਲ ਸਾਂਝੀ ਕਰੋ ਸਮੱਸਿਆ

ਹਰ ਵਿਸ਼ਾ ਅਧਿਆਪਕ ਦਾ ਫੋਨ ਨੰਬਰ ਵੀ ਆਪਣੀ ਕਾਪੀ ਜਾਂ ਡਾਇਰੀ ਉਪਰ ਲਿਖ ਕੇ ਰੱਖੋ। ਆਪਣੀ ਕਿਸੇ ਵੀ ਸਮੱਸਿਆ ਬਾਰੇ ਕੁਝ ਸਮਝਣਾ ਜਾਂ ਪੁੱਛਣਾ ਹੋਵੇ, ਤੁਸੀਂ ਬੇਝਿਜਕ ਆਪਣੇ ਅਧਿਆਪਕਾਂ ਨੂੰ ਫੋਨ ਕਰ ਸਕਦੇ ਹੋ। ਆਪਣੀਆਂ ਕਾਪੀਆਂ ਉਪਰ ਕੰਮ ਕਰ ਕੇ ਤੁਸੀਂ ਕਾਪੀ ਦੇ ਪੇਜ ਦੀ ਫੋਟੋ ਖਿੱਚ ਕੇ ਆਪਣੇ ਵਿਸ਼ਾ ਅਧਿਆਪਕ ਨੂੰ ਜ਼ਰੂਰ ਭੇਜੋ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਤੁਸੀਂ ਰੋਜ਼ਾਨਾ ਆਪਣਾ ਕੰਮ ਕਰ ਰਹੇ ਹੋ। ਸਕੂਲ ਵੱਲੋਂ ਜਿਹੜੇ ਵੀ ਤੁਹਾਡੇ ਟੈਸਟ ਪੇਪਰ ਲਏ ਜਾ ਰਹੇ ਹਨ, ਉਨ੍ਹਾਂ ਵਿਚ ਜ਼ਰੂਰ ਭਾਗ ਲਵੋ ਕਿਉਂਕਿ ਤੁਹਾਡੇ ਵੱਲੋਂ ਲਏ ਗਏ ਟੈਸਟ ਪੇਪਰਾਂ ਦੇ ਅੰਕਾਂ ਨੇ ਹੀ ਤੁਹਾਨੂੰ ਅਗਲੀ ਸ਼੍ਰੇਣੀ 'ਚ ਜਾਣ ਦੇ ਯੋਗ ਬਣਾਉਣਾ ਹੈ। ਸਕੂਲ ਜਦੋਂ ਵੀ ਮਰਜ਼ੀ ਖੁੱਲ੍ਹਣ, ਸਕੂਲ 'ਚ ਲਏ ਜਾਣ ਵਾਲੇ ਪੇਪਰਾਂ ਦੇ ਅੰਕਾਂ ਦੇ ਨਾਲ-ਨਾਲ ਹੁਣ ਲਾਕਡਾਊਨ ਦੇ ਸਮੇਂ 'ਚ ਲਏ ਜਾ ਰਹੇ ਪੇਪਰਾਂ ਦੇ ਅੰਕ ਵੀ ਤੁਹਾਡੇ ਫਾਈਨਲ ਨਤੀਜੇ ਦਾ ਹਿੱਸਾ ਬਣਨਗੇ। ਸੋ ਪਿਆਰੇ ਬੱਚਿਓ! ਜਦੋਂ ਤਕ ਸਕੂਲ ਨਹੀਂ ਖੁੱਲ੍ਹਦੇ, ਉਦੋਂ ਤਕ ਆਪਣੇ ਘਰ 'ਚ ਹੀ ਪੜ੍ਹਾਈ ਦੀ ਸਮਾਂ ਸਾਰਣੀ ਬਣਾ ਕੇ ਹਰੇਕ ਵਿਸ਼ੇ ਨੂੰ ਰੋਜ਼ਾਨਾ ਬਣਦਾ ਸਮਾਂ ਦਿਓ। ਸਾਡੀਆਂ ਨਿੱਕੀਆਂ-ਨਿੱਕੀਆਂ ਕੋਸ਼ਿਸ਼ਾਂ ਹੀ ਸਾਨੂੰ ਪੜ੍ਹਾਈ ਨਾਲ ਜੋੜੀ ਰੱਖਣਗੀਆਂ ਤੇ ਗਿਆਨ 'ਚ ਵਾਧਾ ਕਰਨਗੀਆਂ।

-ਡਾ. ਬਲਵਿੰਦਰ ਸਿੰਘ ਕਾਲੀਆ

99140-09160

Posted By: Harjinder Sodhi