ਇਸ ਸੰਸਾਰ 'ਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ, ਜੋ ਕਿਸੇ ਪ੍ਰੀਖਿਆ ਵਿਚ ਫੇਲ੍ਹ ਹੋਣ ਦੀ ਇੱਛਾ ਰੱਖਦਾ ਹੋਵੇ ਪਰ ਫੇਲ੍ਹ ਹੋਣਾ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਅਸਲ 'ਚ ਪਾਸ ਦੀ ਕਹਾਣੀ ਫੇਲ੍ਹ ਤੋਂ ਹੀ ਸ਼ੁਰੂ ਹੁੰਦੀ ਹੈ, ਜਿਵੇਂ ਹਾਰਾਂ ਵਿਚ ਜਿੱਤਾਂ ਛੁਪੀਆਂ ਹੁੰਦੀਆਂ ਹਨ। ਪ੍ਰੀਖਿਆ ਚਾਹੇ ਛੋਟੀ ਹੋਵੇ ਜਾਂ ਵੱਡੀ, ਉਸ ਦੀ ਤਿਆਰੀ ਦਾ ਤਰੀਕਾ ਲਗਾਤਾਰ ਮਿਹਨਤ 'ਚ ਹੀ ਛੁਪਿਆ ਹੁੰਦਾ ਹੈ। ਹਾਰ ਦਾ ਸਭ ਤੋਂ ਪਹਿਲਾ ਵਿਸ਼ਲੇਸ਼ਣ ਇਹ ਹੈ ਕਿ ਅਸੀਂ ਤਿਆਰੀ 'ਚ ਕੋਈ ਕਮੀ ਛੱਡੀ, ਕੀ ਪੂਰਾ ਸਮਾਂ ਦਿੱਤਾ, ਕੀ ਆਧੁਨਿਕ ਯੰਤਰਾਂ ਦੀ ਵਰਤੋਂ ਕੀਤੀ, ਕੀ ਅਸੀ ਭੈਅ-ਮੁਕਤ ਤੇ ਭਾਰ-ਮੁਕਤ ਰਹੇ? ਸੋ ਸਾਨੂੰ ਹਾਰਾਂ ਤੋਂ ਕਦੇ ਘਬਰਾਉਣਾ ਨਹੀਂ ਚਾਹੀਦਾ, ਸਗੋਂ ਕੁਝ ਨੁਕਤਿਆਂ ਨੂੰ ਵਿਚਾਰ ਕੇ ਪ੍ਰੀਖਿਆ ਦੀ ਤਿਆਰੀ ਮੁੜ ਆਰੰਭ ਕਰ ਦੇਣੀ ਚਾਹੀਦੀ ਹੈ।

ਤਿਆਰੀ ਲਈ ਸਮਾਂ

ਪ੍ਰੀਖਿਆ ਦੀ ਤਿਆਰੀ ਲਈ ਸਭ ਤੋਂ ਅਹਿਮ ਚੀਜ਼ ਸਮਾਂ ਹੀ ਹੁੰਦਾ ਹੈ। ਇਹ ਗੱਲ ਹਰ ਕੋਈ ਅਕਸਰ ਕਹਿ ਦਿੰਦਾ ਹੈ ਕਿ ਸਮਾਂ ਨਹੀਂ ਮਿਲਿਆ ਪਰ ਸਮਾਂ ਤਾਂ ਹਰ ਕਿਸੇ ਕੋਲ ਚੌਵੀ ਘੰਟੇ ਹੀ ਹੁੰਦਾ ਹੈ। ਸਿਰਫ਼ ਇਸ ਸਮੇਂ ਦੀ ਸਹੀ ਵੰਡ ਦੀ ਕਲਾ ਆਪੋ-ਆਪਣੀ ਹੁੰਦੀ ਹੈ। ਪ੍ਰੀਖਿਆ ਅਨੁਸਾਰ ਸਭ ਤੋਂ ਪਹਿਲਾਂ ਤਿਆਰੀ ਨੂੰ ਪੂਰਾ ਸਮਾਂ ਦੇਵੋ। ਫਿਰ ਉਸ ਸਮੇਂ 'ਚ ਸਵੇਰ ਦਾ ਤੜਕੇ ਵਾਲਾ ਸਮਾਂ ਜ਼ਰੂਰ ਸ਼ਾਮਲ ਕਰੋ।

ਵਿਚਾਰ-ਵਟਾਂਦਰਾ

ਜਿਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ, ਉਸ ਬਾਰੇ ਸਾਥੀਆਂ ਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਨਾ ਵੀ ਲਾਜ਼ਮੀ ਹੁੰਦਾ ਹੈ। ਇਸ ਬਹਿਸ 'ਚੋਂ ਸਾਨੂੰ ਬਹੁਤ ਸਾਰੀਆਂ ਕੀਮਤੀ ਗੱਲਾਂ ਦਾ ਗਿਆਨ ਹੁੰਦਾ ਹੈ। ਇਹ ਗੱਲਾਂ ਪ੍ਰੀਖਿਆ ਵਿਚ ਸਫਲ ਹੋਣ ਲਈ ਸਹਾਈ ਹੁੰਦੀਆਂ ਹਨ। ਚੰਗੇ ਸਾਥੀਆਂ ਦਾ ਸੰਗ ਕਾਫ਼ੀ ਲਾਹੇਵੰਦ ਹੁੰਦਾ ਹੈ।

ਪੁਸਤਕਾਂ

ਪ੍ਰੀਖਿਆ ਦਾ ਸਿੱਧਾ ਸਬੰਧ ਪੁਸਤਕਾਂ ਨਾਲ ਹੈ। ਇਕ ਪ੍ਰੀਖਿਆ ਵਾਸਤੇ ਇਕ ਹੀ ਕੰਪਨੀ ਜਾਂ ਲੇਖਕ ਦੀ ਪੁਸਤਕ ਨਾ ਪੜ੍ਹੋ, ਸਗੋਂ ਤੁਲਨਾਤਮਿਕ ਅਧਿਐਨ ਲਈ ਵੱਖ-ਵੱਖ ਪੁਸਤਕਾਂ ਪੜ੍ਹੋ। ਇੰਜ ਤੁਹਾਡੇ ਗਿਆਨ ਦਾ ਪੱਧਰ ਉਚੇਰਾ ਹੋਵੇਗਾ। ਕਈ ਵਾਰ ਅਸੀਂ ਇਕ ਪੁਸਤਕ ਦੇ ਆਸਰੇ ਰਹਿ ਕੇ ਆਪਣੇ ਨਿਸ਼ਾਨੇ ਤੋਂ ਖੁੰਝ ਜਾਂਦੇ ਹਨ। ਲਾਇਬ੍ਰੇਰੀ ਤੇ ਹੋਰ ਸੰਗੀ ਸਾਥੀਆਂ ਕੋਲੋਂ ਵੀ ਪੁਸਤਕਾਂ ਦਾ ਅਦਾਨ-ਪ੍ਰਦਾਨ ਕੀਤਾ ਜਾ ਸਕਦਾ ਹੈ। ਅਖ਼ਬਾਰਾਂ, ਰਸਾਲਿਆਂ, ਰੇਡੀਓ, ਟੀਵੀ ਦਾ ਲਾਭ ਵੀ ਲੈਣਾ ਚਾਹੀਦਾ ਹੈ।

ਇੰਟਰਨੈੱਟ ਦੀ ਵਰਤੋਂ

ਅਜੋਕੇ ਜੀਵਨ ਦੀ ਇਹ ਸੱਚਾਈ ਹੈ ਕੇ ਜੇ ਸਾਨੂੰ ਕੋਈ ਰਾਹ ਨਹੀਂ ਲੱਭਦਾ ਤਾਂ ਅਸੀਂ ਨੈੱਟ ਦਾ ਸਹਾਰਾ ਜ਼ਰੂਰ ਲਈਏ। ਇਸ ਰਾਹੀਂ ਅਸੀਂ ਆਧੁਨਿਕ ਤਕਨੀਕ ਦੀ ਵਰਤੋਂ ਨਾਲ ਆਪਣੇ ਗਿਆਨ ਦਾ ਨਵੀਨੀਕਰਨ ਅਤੇ ਆਧੁਨਿਕੀਕਰਨ ਕਰ ਲੈਂਦੇ ਹਾਂ। ਜਿਸ ਨੂੰ ਤੁਸੀਂ 'ਨਾਲੇਜ ਅਪਡੇਟ' ਕਰਨਾ ਵੀ ਕਹਿ ਦਿੰਦੇ ਹੋ। ਇਸ ਲਈ ਇੰਟਰਨੈੱਟ ਦੀ ਵਰਤੋਂ ਨਾਲ ਸਾਨੂੰ ਆਪਣਾ ਗਿਆਨ ਸਮੇਂ-ਸਮੇਂ 'ਤੇ ਅਤੇ ਸਮੇਂ ਦਾ ਹਾਣੀ ਬਣਾਉਂਦੇ ਰਹਿਣਾ ਚਾਹੀਦਾ ਹੈ।

ਸੋਚ ਬਦਲੋ

ਅਸੀਂ ਕਈ ਵਾਰ ਪ੍ਰੀਖਿਆ ਤੋਂ ਪਹਿਲਾਂ ਇਹ ਆਖਦੇ ਹਾਂ ਕਿ ਇਸ ਵਾਰ ਕੋਸ਼ਿਸ਼ ਕਰਨੀ ਹੈ ਪਰ ਕਹਿਣਾ ਇਹ ਚਾਹੀਦਾ ਹੈ ਕਿ ਮੈਂ ਇਹ ਪ੍ਰੀਖਿਆ ਪਾਸ ਕਰਨੀ ਹੈ। ਫਿਰ ਤੁਹਾਡੇ ਅੰਦਰ ਜਿੱਤ ਦੀ ਜਾਂ ਪਾਸ ਹੋਣ ਦੀ ਸਮਰਥਾ ਉਜਾਗਰ ਹੋਣ ਲੱਗੇਗੀ। ਇਹ ਵੀ ਸੱਚ ਹੈ ਕਿ ਮਨ ਦੇ ਹਾਰੇ ਹਾਰ ਤੇ ਮਨ ਦੇ ਜਿੱਤੇ ਜਿੱਤ ਹੁੰਦੀ ਹੈ। ਇਸ ਲਈ ਸਫਲਤਾ ਹਾਸਿਲ ਕਰਨ ਲਈ ਮਾਨਸਿਕਤਾ ਨੂੰ ਸਕਾਰਾਤਮਿਕ ਕਰਨਾ ਲਾਜ਼ਮੀ ਹੈ।

ਵੱਡਿਆਂ ਦਾ ਸੰਗ

ਆਪ ਤੋਂ ਸਿਆਣੇ ਲੋਕਾਂ ਦੀ ਸੰਗਤ 'ਚੋਂ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ। ਉਹਨਾਂ ਕੋਲ ਜ਼ਿੰਦਗੀ ਦੇ ਡੂੰਘੇ ਤਜਰਬੇ ਹੁੰਦੇ ਹਨ। ਇਨ੍ਹਾਂ ਤਜਰਬਿਆਂ ਦਾ ਅਸੀਂ ਲਾਭ ਉਠਾ ਸਕਦੇ ਹਾਂ। ਇਸ ਲਈ ਵੀ ਸਾਨੂੰ ਸਮਾਂ ਕੱਢਣਾ ਚਾਹੀਦਾ ਹੈ। ਸੂਝਵਾਨ ਤੇ ਤਜਰਬੇਕਾਰ ਲੋਕਾਂ ਕੋਲ ਬੈਠ ਕੇ ਉਨ੍ਹਾਂ ਦੀ ਸੰਗਤ 'ਚੋਂ ਆਪਣੇ ਗਿਆਨ ਦੀ ਪਟਾਰੀ ਭਰੋ। ਕਿਸੇ ਨੇ ਸੱਚ ਹੀ ਕਿਹਾ ਹੈ ਕਿ 'ਜੈਸੀ ਸੰਗਤ ਬੈਠੀਏ, ਤੈਸੀ ਫਲਦੀਨ।' ਇਸ ਲਈ ਵਿਦਵਾਨਾਂ ਦੀ ਸੰਗਤ 'ਚੋਂ ਵਿਦਵਤਾ ਹੀ ਮਿਲੇਗੀ, ਜਿਸ ਦੀ ਚੰਗੇਰਾ ਜੀਵਨ ਜਿਊਂਣ ਲਈ ਹਰ ਪੈਰ 'ਤੇ ਲੋੜ ਪੈਂਦੀ ਹੈ।

ਕਮੀਆਂ ਦੂਰ ਕਰੋ

ਪਿਛਲੀ ਵਾਰ ਪ੍ਰੀਖਿਆ ਦੀ ਤਿਆਰੀ ਮੌਕੇ ਸਾਡੇ ਕੋਲੋਂ ਜੋ ਕਮੀਆਂ ਰਹਿ ਗਈਆਂ ਸਨ, ਉਨ੍ਹਾਂ ਦਾ ਇਸ ਵਾਰ ਤਿਆਗ ਕਰ ਦੇਣਾ ਚਾਹੀਦਾ ਹੈ। ਇਕ ਗੱਲ ਹਮੇਸ਼ਾ ਯਾਦ ਰੱਖੋ ਕਿ ਇਥੇ ਅਸੰਭਵ ਕੁਝ ਵੀ ਨਹੀਂ ਹੈ। ਸਿਰਫ਼ ਉਸ ਨੂੰ ਸੁਭਾਵਿਕ ਕਰਨ ਵਾਲੇ ਯੰਤਰਾਂ ਦੀ ਵਰਤੋਂ ਕਰਨ ਦੀ ਕਮੀ ਰਹਿ ਗਈ ਹੁੰਦੀ ਹੈ। ਦੁਬਾਰਾ ਪ੍ਰੀਖਿਆ 'ਚੋਂ ਅਸੀਂ ਬਹੁਤ ਵਧੀਆ ਗ੍ਰੇਡ ਜਾਂ ਅੰਕਾਂ ਨਾਲ ਪਾਸ ਹੋ ਸਕਦੇ ਹਾਂ। ਤਿਆਰੀ ਵਿਚ ਕੋਈ ਕਸਰ ਬਾਕੀ ਨਾ ਛੱਡੋ। ਮਿਹਨਤ ਨਾਲ ਫਲ ਪ੍ਰਾਪਤ ਕਰਨ ਲਈ ਹੌਸਲਾ ਤੇ ਦ੍ਰਿੜਤਾ ਨਾਲ 'ਨਿਸ਼ਚੈ ਕਰ ਆਪਣੀ ਜੀਤ ਕਰੂੰ' ਦੇ ਸਿਧਾਂਤ 'ਤੇ ਪਹਿਰਾ ਦੇਣਾ ਚਾਹੀਦਾ ਹੈ। ਆਓ, ਹੁਣ ਫੇਲ੍ਹ ਹੋਣ ਦਾ ਰਾਹ ਛੱਡ ਕੇ ਮੁੜ ਇਨ੍ਹਾਂ ਨੁਕਤਿਆਂ ਨੂੰ ਵਿਚਾਰਦੇ ਹੋਏ ਤਿਆਰੀ ਆਰੰਭ ਕਰੀਏ। ਫਿਰ ਸਾਨੂੰ ਸਾਡੀ ਮੰਜ਼ਿਲ 'ਤੇ ਪੁੱਜਣ ਤੋਂ ਕੋਈ ਨਹੀਂ ਰੋਕ ਸਕਦਾ।

- ਬਲਜਿੰਦਰ ਮਾਨ

98150-18947

Posted By: Harjinder Sodhi