ਬੱਚਾ ਕੁਦਰਤ ਦੀ ਸਭ ਤੋਂ ਵੱਡੀ ਕਰਾਮਾਤ ਹੈ। ਇਸ ਕਰਾਮਾਤ 'ਚ ਹੀ ਸਾਰੇ ਸੰਸਾਰ ਦਾ ਭਵਿੱਖ ਛੁਪਿਆ ਹੋਇਐ। ਇਸ ਲਈ ਸਭ ਤੋਂ ਮਹੱਤਵਪੂਰਨ ਬੱਚਾ ਹੈ, ਜਿਸ ਪ੍ਰਤੀ ਸਾਨੂੰ ਬਹੁਤ ਚੇਤੰਨ ਹੋਣ ਦੀ ਲੋੜ ਹੈ। ਮਨੋਵਿਗਿਆਨੀਆਂ ਅਨੁਸਾਰ ਬੱਚੇ ਦੀ ਸ਼ਖ਼ਸੀਅਤ ਦੇ ਨਿਰਮਾਣ 'ਚ ਜੱਦ ਅਤੇ ਵਾਤਾਵਰਨ ਹਿੱਸਾ ਪਾਉਂਦੇ ਹਨ। ਜੱਦੀ ਪ੍ਰਭਾਵ ਨੂੰ ਚੰਗੇ ਵਾਤਾਵਰਨ ਨਾਲ ਬਦਲਿਆ ਜਾ ਸਕਦਾ ਹੈ।

ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ 'ਚ ਅਸੀਂ ਬੱਚਿਆਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੇ। ਕੰਮਕਾਜੀ ਮਾਪੇ ਰੋਟੀ-ਰੋਜ਼ੀ ਦੇ ਚੱਕਰ 'ਚ ਬੱਚਿਆਂ ਨੂੰ ਇਕੱਲੇ ਛੱਡ ਕੇ ਨੈੱਟ ਜਾਂ ਟੀਵੀ ਦੇ ਹਵਾਲੇ ਕਰ ਰਹੇ ਹਨ, ਜਦਕਿ ਇਨ੍ਹਾਂ ਸਾਧਨਾਂ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਦੀ ਲੋੜ ਹੈ। ਬੱਚਾ ਤਾਂ ਮਾਸੂਮ ਹੈ, ਉਸ ਦੀ ਮਾਸੂਮੀਅਤ ਦਾ ਲਾਭ ਉਠਾ ਕੇ ਵਪਾਰੀ ਲੋਕ ਉਸ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਹ ਉਸ ਨੂੰ ਉਸ ਪਾਸੇ ਲਈ ਜਾ ਰਹੇ ਹਨ, ਜਿਸ ਪਾਸੇ ਨਹੀਂ ਜਾਣਾ ਚਾਹੀਦਾ। ਨੈੱਟ ਦੇ ਨਕਾਰਾਤਮਕ ਪ੍ਰਭਾਵ ਇੰਨੇ ਡੂੰਘੇ ਹੋ ਗਏ ਹਨ ਕਿ ਬਹੁਤ ਸਾਰੇ ਬੱਚੇ ਵਿਕਾਸ ਦੀ ਥਾਂ ਪਤਨ ਵੱਲ ਜਾ ਰਹੇ ਹਨ।

ਸਿੰਗਲ ਪਰਿਵਾਰਕ ਸਿਸਟਮ 'ਚ ਬੱਚੇ ਨੂੰ ਦਾਦੀ-ਨਾਨੀ ਦਾ ਲਾਡ ਨਹੀਂ ਮਿਲ ਰਿਹਾ ਤੇ ਨਾ ਉਹ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਨਾਲ ਉਸ ਦੇ ਜੀਵਨ 'ਚ ਨਿਖ਼ਾਰ ਆਉਣਾ ਹੁੰਦਾ ਹੈ। ਸਿਰਫ਼ ਨੌਕਰਾਂ ਤੇ ਨੌਕਰਾਣੀਆਂ ਦੇ ਹੱਥਾਂ 'ਚ ਉਨ੍ਹਾਂ ਦਾ ਪਾਲਣ ਪੋਸ਼ਣ ਹੋ ਰਿਹਾ ਹੈ। ਹਾਈ-ਫਾਈ ਸੁਸਾਇਟੀ 'ਚ ਤਾਂ ਬੱਚਿਆਂ ਦੀ ਕਈ-ਕਈ ਦਿਨ ਮਾਪਿਆਂ ਨਾਲ ਮੁਲਾਕਾਤ ਨਹੀਂ ਹੁੰਦੀ। ਉਹ ਨੌਕਰੀ ਤੇ ਬਿਜ਼ਨਸ ਦੇ ਚੱਕਰ 'ਚ ਆਪਣਾ ਨਿੱਜੀ ਸੰਸਾਰ ਭੁੱਲੀ ਫਿਰਦੇ ਹਨ। ਮਾਡਰਨ ਜ਼ਮਾਨੇ ਦੀ ਖੁੱਲ੍ਹੀ ਖੇਡ ਨੇ ਵੀ ਬਾਲ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਹੈ। ਅੱਜ-ਕੱਲ੍ਹ ਸਾਡਾ ਬੱਚਿਆਂ ਨਾਲੋਂ ਨਾਤਾ ਟੁੱਟ ਰਿਹਾ ਹੈ। ਆਪਸੀ ਸੰਵਾਦ ਦੀ ਕਮੀ ਕਾਰਨ ਬੱਚੇ ਕੁਰਾਹੇ ਪੈ ਰਹੇ ਹਨ। ਪਿੰਡਾਂ 'ਚ ਵੀ ਹੁਣ ਬੱਚਿਆਂ ਨੂੰ ਬੋਹੜਾਂ ਹੇਠ ਜਾਂ ਹੋਰ ਸਾਂਝੀਆਂ ਥਾਵਾਂ 'ਤੇ ਵੱਡਿਆਂ ਦੀ ਸੰਗਤ ਨਸੀਬ ਨਹੀਂ ਹੋ ਰਹੀ। ਇਸੇ ਕਰਕੇ ਉਹ ਵੱਡਿਆਂ ਦਾ ਆਦਰ ਭੁੱਲ ਰਹੇ ਹਨ। ਬੱਚਿਆਂ ਦਾ ਭਵਿੱਖ ਸ਼ਿੰਗਾਰਨ 'ਚ ਪੁਸਤਕਾਂ ਦੀ ਭੂਮਿਕਾ ਬੜੀ ਅਹਿਮ ਹੈ। ਲੋੜ ਹੈ ਉਨ੍ਹਾਂ ਦੇ ਹੱਥਾਂ 'ਚ ਰੋਚਕ ਤੇ ਉਮਰ ਅਨੁਸਾਰ ਪੁਸਤਕਾਂ ਫੜਾਉਣ ਦੀ, ਜਿਨ੍ਹਾਂ ਨਾਲ ਉਨ੍ਹਾਂ ਅੰਦਰ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਹੋ ਸਕੇ।

ਬੱਚਿਆਂ ਦੀ ਸੰਗਤ ਵੱਲ ਹਰ ਮਾਪੇ ਨੂੰ ਖ਼ਾਸ ਧਿਆਨ ਦੇਣ ਦੀ ਲੋੜ ਹੈ। ਬੱਚਿਆਂ ਪ੍ਰਤੀ ਸਰਕਾਰਾਂ ਨੇ ਕਦੀ ਸੁਹਿਰਦਤਾ ਨਾਲ ਕਾਰਜ ਨਹੀਂ ਕੀਤੇ, ਕਿਉਂਕਿ ਉਹ ਵੋਟਰ ਨਹੀਂ ਹਨ। ਅੱਜ ਦੇ ਬੱਚਿਆਂ ਕੋਲ ਕਿਸੇ ਦੀ ਗੱਲ ਸੁਣਨ ਦੀ ਹਿੰਮਤ ਨਹੀਂ ਰਹੀ। ਸ਼ਾਇਦ ਸਾਡੇ ਘਰਾਂ 'ਚ ਅਜਿਹਾ ਮਾਹੌਲ ਨਹੀਂ ਰਿਹਾ। ਸਭ ਆਪੋ-ਆਪਣੀ ਕਹਿਣ ਤੇ ਮਰਜ਼ੀ ਕਰਨ 'ਚ ਮਾਣ ਮਹਿਸੂਸ ਕਰਦੇ ਹਨ। ਜੇ ਅਸੀਂ ਖ਼ੁਦ ਵੱਡਿਆਂ ਦੀ ਗੱਲ ਗੌਰ ਨਾਲ ਸੁਣੀਏ ਤਾਂ ਬੱਚਿਆਂ 'ਚ ਵੀ ਅਜਿਹੇ ਗੁਣ ਪੈਦਾ ਹੋ ਸਕਦੇ ਹਨ। ਕਾਰਨ ਸਪਸ਼ਟ ਹੈ ਕਿ ਮਾਪੇ ਉਨ੍ਹਾਂ ਦੀ ਹਰ ਖਾਹਿਸ਼ ਬਿਨਾਂ ਲੋੜ ਪੂਰੀ ਕਰੀ ਜਾ ਰਹੇ ਹਨ। ਜਦੋਂ ਉਨ੍ਹਾਂ ਦੀ ਹਰ ਗੱਲ ਘਰ 'ਚ ਮੰਨੀ ਜਾਂਦੀ ਹੈ ਤਾਂ ਉਹ ਮਨ-ਮਰਜ਼ੀ ਦੇ ਆਦੀ ਹੋ ਜਾਂਦੇ ਹਨ, ਜਿਸ ਕਰਕੇ ਕਿਸੇ ਦੀ ਕਹੀ ਗੱਲ ਉਨ੍ਹਾਂ ਨੂੰ ਝੱਟ ਚੁੱਭਦੀ ਹੈ ਤੇ ਉਹ ਗੁੱਸੇ 'ਚ ਆ ਕੇ ਮਾੜਾ ਚੰਗਾ ਕਰ ਬੈਠਦੇ ਹਨ। ਅਜਿਹੀਆਂ ਮਾੜੀਆਂ ਸਥਿਤੀਆਂ ਤੋਂ ਬਚਣ ਲਈ ਮਾਪਿਆਂ ਨੂੰ ਇਹ ਗੱਲ ਹਰ ਹਾਲ ਘਰ ਦੇ ਮਾਹੌਲ 'ਚ ਪੈਦਾ ਕਰਨੀ ਪਵੇਗੀ ਕਿ ਉਹ ਵੱਡਿਆਂ ਦੀ ਗੱਲ ਨੂੰ ਸੁਣਨ ਦਾ ਆਦੀ ਬਣਨ।

ਅੱਜ ਮਾਪਿਆਂ ਅੱਗੇ ਸਭ ਤੋਂ ਵੱਡੀ ਸਮੱਸਿਆ ਹੈ ਬੱਚੇ ਨੂੰ ਸਹਿਣਸ਼ੀਲ ਬਣਾਉਣ ਦੀ। ਇਹ ਤਦ ਹੀ ਸੰਭਵ ਹੈ, ਜੇ ਮਾਪਿਆਂ ਨੇ ਉਸ ਨੂੰ ਸੁਣਨ ਦੀ ਆਦਤ ਸਿਖਾਈ ਹੋਵੇਗੀ। ਜੇ ਘਰ 'ਚ ਬੱਚੇ ਦੀ ਮਰਜ਼ੀ ਚੱਲਦੀ ਹੈ, ਫਿਰ ਤਾਂ ਕੋਈ ਗੱਲ ਕਹਿਣ ਤੋਂ ਪਹਿਲਾਂ ਸੌ ਵਾਰ ਵਿਚਾਰਨਾ ਹੋਵੇਗਾ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਬੱਚਾ ਤੇ ਰੰਬਾ ਚੰਡੇ ਹੋਏ ਹੀ ਠੀਕ ਰਹਿੰਦੇ ਹਨ। ਇਹ ਤੱਥ ਸਦੀਆਂ ਪੁਰਾਣਾ ਹੋ ਕੇ ਅੱਜ ਵੀ ਸੱਚਾ ਹੈ।

ਅਜੋਕੀ ਪੀੜ੍ਹੀ ਦੇ ਬੱਚਿਆਂ ਨੂੰ ਨੈੱਟ ਦੇ ਮਾਇਆ ਜਾਲ ਤੋਂ ਬਚਾਉਣ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਸੁਚੇਤ ਹੋ ਕੇ ਕਾਰਜ ਕਰਨ ਦੀ ਲੋੜ ਹੈ। ਇਸ ਲਈ ਸਭ ਤੋਂ ਪਹਿਲਾ ਕਦਮ ਉਨ੍ਹਾਂ ਦੇ ਮਨ 'ਚ ਬਾਲ ਉਮਰੇ ਰਚਨਾਤਮਕ ਕਾਰਜਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਨਰੋਈਆਂ ਬਾਲ ਪੁਸਤਕਾਂ ਦੇਣੀਆਂ ਹੋਣਗੀਆਂ। ਨੈਤਿਕਤਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ 'ਚ ਪੁਸਤਕ ਲੰਗਰ ਸ਼ੁਰੂ ਕਰਕੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਆਓ, ਆਪਾਂ ਸਾਰੇ ਨਰੋਈਆਂ ਤੇ ਰੋਚਕ ਪੁਸਤਕਾਂ ਨੂੰ ਸਾਥੀ ਬਣਾ ਕੇ ਬਾਲ ਮਨਾਂ ਅੰਦਰ ਉੱਚੇ ਵਿਚਾਰ ਤੇ ਸਹਿਣਸ਼ੀਲਤਾ ਵਰਗੇ ਗੁਣ ਭਰੀਏ। ਸਾਡੇ ਘਰਾਂ 'ਚ ਵੱਡਿਆਂ ਦਾ ਆਦਰ ਹੋਣਾ ਬਹੁਤ ਜ਼ਰੂਰੀ ਹੈ, ਜਿੱਥੋਂ ਬੱਚਿਆਂ ਨੇ ਸੰਸਕਾਰੀ ਬਣਨਾ ਹੈ।

- ਬਲਜਿੰਦਰ ਮਾਨ

98150-18947

Posted By: Harjinder Sodhi