ਇਨ੍ਹੀਂ ਦਿਨੀਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਸਾਲ ਭਰ ਜੋ ਵਿਦਿਆਰਥੀ ਨਹੀਂ ਪੜ੍ਹਦੇ, ਉਹ ਇਸ ਸਮੇਂ ਗਾਇਬ ਹੋਣਾ ਸ਼ੁਰੂ ਹੋ ਜਾਂਦੇ ਹਨ, ਜਦੋਂਕਿ ਬਹੁਤ ਸਾਰੇ ਪ੍ਰੀਖਿਆ ਫੋਬੀਆ ਦੇ ਸ਼ਿਕਾਰ ਹੋ ਜਾਂਦੇ ਹਨ।

ਪ੍ਰੀਖਿਆ ਫੋਬੀਆ

ਇਹ ਇਕ ਇਹੋ ਜਿਹੀ ਮਾਨਸਿਕ ਦਸ਼ਾ ਹੈ, ਜਿਸ 'ਚ ਪ੍ਰੀਖਿਆ ਦੇ ਡਰ ਤੇ ਘਬਰਾਹਟ ਕਾਰਨ ਵਿਦਿਆਰਥੀ ਦਾ ਮਨੋਬਲ ਡਿੱਗਣ ਲਗਦਾ ਹੈ। ਮਾਨਸਿਕ ਤੇ ਸਰੀਰਕ ਤਣਾਅ ਨਾਲ ਉਸ ਦੀ ਯਾਦਦਾਸ਼ਤ ਵੀ ਘੱਟ ਹੋਣ ਲੱਗਦੀ ਹੈ। ਵਿਦਿਆਰਥੀ ਨੂੰ ਆਸਾਨ ਵਿਸ਼ੇ ਵੀ ਔਖੇ ਲੱਗਣ ਲਗਦੇ ਹਨ। ਅਜਿਹੇ 'ਚ ਵਿਦਿਆਰਥੀ ਨਿਰਾਸ਼ਾ ਤੇ ਹਤਾਸ਼ਾ ਵਰਗੇ ਹਾਲਾਤ ਵਿਚ ਪਹੁੰਚ ਜਾਂਦਾ ਹੈ। ਇਸ ਡਰ ਨਾਲ ਕਈ ਵਾਰ ਵਿਦਿਆਰਥੀ ਉਲਟੀ, ਦਸਤ, ਘਬਰਾਹਟ ਆਦਿ ਦਾ ਸ਼ਿਕਾਰ ਹੋ ਜਾਂਦਾ ਹੈ, ਜਿਸ ਦੇ ਭਿਆਨਕ ਨਤੀਜੇ ਨਿਕਲਦੇ ਹਨ।

ਪ੍ਰੀਖਿਆ ਫੋਬੀਆ ਤੋਂ ਬਚਾਅ ਦੇ ਤਰੀਕੇ

ਸਹੀ ਕਾਰਨਾਂ ਦਾ ਪਤਾ ਲਗਾਉਣਾ : ਸਭ ਤੋਂ ਪਹਿਲਾਂ ਮਾਤਾ-ਪਿਤਾ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਬੱਚਾ ਪ੍ਰੀਖਿਆ ਤੋਂ ਕਿਉਂ ਡਰ ਰਿਹਾ ਹੈ। ਕੀ ਉਸ ਦੀ ਤਿਆਰੀ ਸਹੀ ਢੰਗ ਨਾਲ ਨਹੀਂ ਹੋਈ, ਉਸ ਨੂੰ ਫੇਲ੍ਹ ਹੋਣ ਦਾ ਡਰ ਸਤਾ ਰਿਹਾ ਹੈ ਜਾਂ ਸਿਰਫ਼ ਉਹ ਪੂਰਵ ਅਨੁਮਾਨ ਤੋਂ ਗ੍ਰਸਤ ਹੈ।

ਨਕਾਰਾਤਮਕ ਵਿਅਕਤੀਆਂ ਤੋਂ ਬਚਾਅ : ਪ੍ਰੀਖਿਆ ਦੌਰਾਨ ਸਾਨੂੰ ਖ਼ੁਦ ਨੂੰ ਬੱਚਿਆਂ ਸਾਹਮਣੇ ਨਕਾਰਾਤਮਕ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਨ੍ਹਾਂ ਨੂੰ ਨਕਾਰਾਤਮਕ ਵਿਅਕਤੀਆਂ ਤੇ ਦੋਸਤਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਇਹੋ ਜਿਹੇ ਵਿਅਕਤੀ ਜਾਂ ਦੋਸਤ ਨਕਾਰਾਤਮਕ ਸੁਝਾਅ ਦੇ ਕੇ ਬੱਚੇ ਦਾ ਆਤਮ-ਵਿਸ਼ਵਾਸ ਘਟਾ ਦਿੰਦੇ ਹਨ, ਜਿਸ ਨਾਲ ਬੱਚਾ ਪ੍ਰੀਖਿਆ ਫੋਬੀਆ ਦਾ ਸ਼ਿਕਾਰ ਹੋ ਜਾਂਦਾ ਹੈ।

ਪਰਿਵਾਰਕ ਵਾਤਾਵਰਨ 'ਚ ਤਬਦੀਲੀ : ਜੇ ਬੱਚਾ ਪ੍ਰੀਖਿਆ ਫੋਬੀਆ ਤੋਂ ਗ੍ਰਸਤ ਹੈ ਤਾਂ ਉਸ ਦਾ ਪਰਿਵਾਰਕ ਵਾਤਾਵਰਨ ਬਦਲਣਾ ਜ਼ਰੂਰੀ ਹੈ। ਸਵੇਰੇ ਜਲਦੀ ਉੱਠ ਕੇ ਬੱਚੇ ਨੂੰ ਸੈਰ 'ਤੇ ਲਿਜਾਣਾ, ਉਸ ਨਾਲ ਸਕਾਰਾਤਮਕ ਗੱਲਾਂ ਕਰਨੀਆਂ, ਗਿਆਨਵਰਧਕ ਟੀਵੀ ਪ੍ਰੋਗਰਾਮ ਤੇ ਪ੍ਰੇਰਣਾਦਾਇਕ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਜ਼ਰੂਰੀ ਹੈ।

ਪੂਰੀ ਨੀਂਦ : ਪ੍ਰੀਖਿਆ ਦੇ ਦਿਨਾਂ 'ਚ ਅਕਸਰ ਵਿਦਿਆਰਥੀ ਆਪਣੀ ਨੀਂਦ ਪੂਰੀ ਨਹੀਂ ਕਰਦੇ, ਜਦੋਂਕਿ ਨੀਂਦ ਮਾਨਸਿਕ ਤਣਾਅ ਨੂੰ ਦੂਰ ਕਰਨ ਦਾ ਸਫਲ ਇਲਾਜ ਹੈ। ਬੱਚੇ ਨੂੰ ਘੱਟੋ-ਘੱਟ 6 ਤੋਂ 8 ਘੰਟੇ ਦੀ ਨੀਂਦ ਜ਼ਰੂਰੀ ਹੈ। ਪੂਰੀ ਨੀਂਦ ਨਾਲ ਨਾ ਕੇਵਲ ਸਰੀਰਕ ਤੇ ਮਾਨਸਿਕ ਥਕਾਵਟ ਦੂਰ ਹੁੰਦੀ ਹੈ, ਬਲਕਿ ਮਨ ਦੀ ਇਕਾਗਰਤਾ ਵੀ ਵੱਧਦੀ ਹੈ।

ਦੁਹਰਾਈ : ਜੋ ਵਿਦਿਆਰਥੀ ਆਪਣੇ ਸਿਲੇਬਸ ਦੀ ਦੁਹਰਾਈ ਜਲਦੀ ਸ਼ੁਰੂ ਕਰ ਦਿੰਦੇ ਹਨ, ਉਹ ਪ੍ਰੀਖਿਆ ਬਿਨਾਂ ਕਿਸੇ ਤਣਾਅ ਅਤੇ ਘਬਰਾਹਟ ਦੇ ਦਿੰਦੇ ਹਨ ਤੇ ਉਨ੍ਹਾਂ ਨੂੰ ਉੱਤਰ ਲਿਖਣ 'ਚ ਸੌਖ ਰਹਿੰਦੀ ਹੈ। ਵਾਰ-ਵਾਰ ਅਭਿਆਸ ਕਰਨ ਨਾਲ ਵਿਦਿਆਰਥੀ ਦਾ ਪੇਪਰ ਦੌਰਾਨ ਜੋ ਕੁਝ ਵੀ ਪੜ੍ਹਿਆ ਹੈ, ਉਹ ਆਪਣੇ ਆਪ ਯਾਦ ਆ ਜਾਂਦਾ ਹੈ।

ਵੱਖ-ਵੱਖ ਵਿਸ਼ਿਆਂ ਨੂੰ ਪੜ੍ਹਨਾ : ਆਮ ਤੌਰ 'ਤੇ ਦੇਖਣ 'ਚ ਆਉਂਦਾ ਹੈ ਕਿ ਵਿਦਿਆਰਥੀ ਇਕ ਹੀ ਵਿਸ਼ੇ ਦੀ ਦੁਹਰਾਈ ਕਰਦੇ ਰਹਿੰਦੇ ਹਨ, ਜਿਸ ਨਾਲ ਮਾਨਸਿਕ ਥਕਾਵਟ ਜ਼ਿਆਦਾ ਹੋ ਜਾਂਦੀ ਹੈ। ਇਸ ਲਈ ਸਾਨੂੰ ਇਕ ਦਿਨ 'ਚ ਘੱਟੋ-ਘੱਟ ਦੋ ਜਾਂ ਤਿੰਨ ਵਿਸ਼ਿਆਂ ਨੂੰ ਪੜ੍ਹਨਾ ਚਾਹੀਦਾ ਹੈ। ਇਸ ਨਾਲ ਜਿੱਥੇ ਔਖੇ ਵਿਸ਼ੇ ਨੂੰ ਸਮਝਣ 'ਚ ਆਸਾਨੀ ਰਹਿੰਦੀ ਹੈ ਤੇ ਮਨ ਵੀ ਨਹੀਂ ਅੱਕਦਾ।

ਸਮਾਂ ਸਾਰਨੀ : ਰੋਜ਼ਾਨਾ ਦੀ ਦੁਹਰਾਈ ਲਈ ਇਕ ਨਿਸ਼ਚਿਤ ਸਮਾਂ ਸਾਰਨੀ ਬਣਾਉਣੀ ਲਾਭਦਾਇਕ ਹੈ। ਅਜਿਹਾ ਕਰਨ ਨਾਲ ਵਿਦਿਆਰਥੀਆਂ ਦਾ ਸਮਾਂ ਬਰਬਾਦ ਨਹੀਂ ਹੁੰਦਾ। ਸਮਾਂ ਸਾਰਣੀ ਬਣਾਉਂਦਿਆਂ ਵਿਚਾਕਰ ਕੁਝ ਸਮੇਂ ਲਈ ਬ੍ਰੇਕ ਜ਼ਰੂਰ ਲੈ ਲੈਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਵਿਦਿਆਰਥੀ 'ਚ ਉਤਸ਼ਾਹ ਤੇ ਨਵੀਂ ਫੁਰਤੀ ਪੈਦਾ ਹੁੰਦੀ ਹੈ, ਜਿਸ ਨਾਲ ਉਹ ਪੂਰੀ ਲਗਨ ਨਾਲ ਦੁਬਾਰਾ ਦੁਹਰਾਈ ਕਰ ਸਕਦਾ ਹੈ।

ਅਧਿਆਪਕਾਂ ਦਾ ਮਾਰਗ-ਦਰਸ਼ਨ : ਜਦੋਂ ਬੱਚਾ ਪ੍ਰੀਖਿਆ ਫੋਬੀਆ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਦੇ ਅਧਿਆਪਕ ਦੀ ਸਲਾਹ ਤੇ ਮਾਰਗ ਦਰਸ਼ਨ ਜ਼ਰੂਰ ਲੈਣਾ ਚਾਹੀਦਾ ਹੈ। ਸਿਲੇਬਸ ਦੇ ਜਿਹੜਾ ਹਿੱਸਾ ਅਧਿਆਪਕ ਦੱਸੇ, ਉਸ ਭਾਗ ਦੀ ਤਿਆਰੀ ਬੱਚੇ ਨੂੰ ਚੰਗੀ ਤਰ੍ਹਾਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਬੱਚੇ ਦਾ ਆਤਮ-ਵਿਸ਼ਵਾਸ ਵਧੇ। ਅਜਿਹਾ ਕਰਨ ਨਾਲ ਬੱਚੇ ਦੇ ਮਨ 'ਚੋਂ ਫੇਲ੍ਹ ਹੋਣ ਦਾ ਡਰ ਨਿਕਲ ਜਾਵੇਗਾ।

- ਡਾ. ਹਰੀਭਜਨ ਪ੍ਰਿਯਦਰਸ਼ੀ

98761–86791

Posted By: Harjinder Sodhi