ਬੱਚਿਓ! ਬੈਂਕ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਹਨ। ਦੇਸ਼ ਦੇ ਅਰਥਚਾਰੇ ਨੂੰ ਚਲਾਉਣ ਲਈ ਬੈਂਕਾਂ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ। ਸੰਨ 1990 ਤੋਂ ਪਹਿਲਾਂ ਭਾਰਤੀ ਬੈਂਕਾਂ ਦੇ ਕੰਮ ਰਵਾਇਤੀ ਢੰਗ ਨਾਲ ਕੀਤੇ ਜਾਂਦੇ ਸਨ। ਫਿਰ ਈ-ਬੈਂਕਿੰਗ ਦੀ ਸ਼ੁਰੂਆਤ ਹੋਈ। ਈ-ਬੈਂਕਿੰਗ ਤੋਂ ਭਾਵ ਹੈ ਕਿ ਕੰਪਿਊਟਰ ਜਾਂ ਚੁੰਬਕੀ ਟੇਪਾਂ ਦੁਆਰਾ ਫੰਡਾਂ ਜਾਂ ਪੈਸੇ ਨੂੰ ਤਬਦੀਲ ਕਰਨ ਲਈ ਬਿਜਲਈ ਤਕਨਾਲੋਜੀ ਦੀ ਵਰਤੋਂ ਕਰਨਾ। ਇਸ ਨੂੰ ਇੰਟਰਨੈੱਟ ਬੈਂਕਿੰਗ ਵੀ ਕਹਿੰਦੇ ਹਨ।

ਈ-ਬੈਂਕਿੰਗ ਦੇ ਸ਼ੁਰੂ ਹੋਣ ਨਾਲ ਸਾਨੂੰ ਸਾਲ ਦੇ ਪੂਰੇ 365 ਦਿਨਾਂ ਲਈ 24 ਘੰਟੇ ਬੈਂਕਿੰਗ ਸਹੂਲਤ ਉਪਲੱਬਧ ਹੋ ਗਈ ਹੈ। ਅਸੀਂ ਕਿਸੇ ਵੀ ਜਗ੍ਹਾ 'ਤੇ ਬੈਠ ਕੇ ਬੈਂਕ ਨਾਲ ਜੁੜੇ ਰਹਿ ਸਕਦੇ ਹਾਂ। ਇਸ ਲਈ ਬੈਂਕਾਂ ਨੇ ਜਗ੍ਹਾ-ਜਗ੍ਹਾ 'ਤੇ ਏਟੀਐੱਮ ਲਗਾ ਦਿੱਤੇ ਹਨ। ਕੰਪਿਊਟਰ ਜਾਂ ਮੋਬਾਈਲ ਨਾਲ ਵੀ ਅਸੀਂ ਘਰ ਬੈਠ ਕੇ ਬੈਂਕ ਨਾਲ ਲੈਣ-ਦੇਣ ਕਰ ਸਕਦੇ ਹਾਂ। ਇਸ ਤੋਂ ਬਿਨਾਂ ਬੈਂਕ ਦੇ ਖਾਤੇ 'ਚ ਕਿੰਨੀ ਰਕਮ ਜਮ੍ਹਾਂ ਹੈ, ਬਿੱਲਾਂ ਦੀਆਂ ਅਦਾਇਗੀਆਂ, ਇਕ ਥਾਂ ਤੋਂ ਦੂਜੀ ਥਾਂ ਪੈਸੇ ਦੀ ਤਬਦੀਲੀ, ਪਿਛਲੇ ਸਮੇਂ 'ਚ ਬੈਂਕ ਨਾਲ ਕੀਤੇ ਲੈਣ-ਦੇਣ ਨੂੰ ਈ-ਬੈਂਕਿੰਗ ਰਾਹੀਂ ਦੇਖਿਆ ਜਾ ਸਕਦਾ ਹੈ।

ਈ-ਬੈਂਕਿੰਗ ਦੀ ਸਹੂਲਤ ਨਾਲ ਹੁਣ ਬੈਂਕਾਂ 'ਚ ਲੰਮੀਆਂ-ਲੰਮੀਆਂ ਲਾਈਨਾਂ ਨਹੀਂ ਲਗਦੀਆਂ ਤੇ ਗਾਹਕਾਂ ਦਾ ਸਮਾਂ ਵੀ ਬਚ ਜਾਂਦਾ ਹੈ। ਕਾਗਜ਼ੀ ਕੰਮਕਾਜ 'ਚ ਬਹੁਤ ਜ਼ਿਆਦਾ ਕਮੀ ਆਈ ਹੈ। ਲੈਣ-ਦੇਣ 'ਚ ਪਾਰਦਰਸ਼ਤਾ ਆਉਣ ਦੇ ਨਾਲ-ਨਾਲ ਨਕਦੀ ਚੁੱਕਣ ਦਾ ਜ਼ੋਖਮ ਵੀ ਨਹੀਂ ਰਹਿੰਦਾ। ਅੱਜ-ਕੱਲ੍ਹ ਸਾਰੇ ਪ੍ਰਾਈਵੇਟ ਤੇ ਸਰਕਾਰੀ ਬੈਂਕ ਗਾਹਕਾਂ ਨੂੰ ਆਟੋਮੈਟਿਕ ਟੈਲਰ ਮਸ਼ੀਨ (ਏਟੀਐੱਮ), ਡੈਬਿਟ ਕਾਰਡ, ਕ੍ਰੈਡਿਟ ਕਾਰਡ, ਮੋਬਾਈਲ ਬੈਂਕਿੰਗ ਤੇ ਬਿਜਲਈ ਫੰਡ ਤਬਾਦਲਾ (ਈਐੱਫਟੀ) ਦੀ ਸਹੂਲਤ ਪ੍ਰਦਾਨ ਕਰਦੇ ਹਨ।

- ਪ੍ਰਿੰ. ਅਵਤਾਰ ਸਿੰਘ ਕਰੀਰ

Posted By: Harjinder Sodhi