ਮੋਨੂੰ ਦੀ ਮੰਮੀ ਦੀ ਇੱਛਾ ਸੀ ਕਿ ਉਸ ਦੀ ਹਰ ਭਾਸ਼ਾ ਦੀ ਲਿਖਾਈ ਬਹੁਤ ਸੋਹਣੀ ਹੋਵੇ। ਉਹ ਉਸ ਨੂੰ ਵਾਰ-ਵਾਰ ਲਿਖਣ ਦਾ ਅਭਿਆਸ ਕਰਵਾਉਂਦੀ ਸੀ। ਉਹ ਜਦੋਂ ਵੀ ਉਸ ਨੂੰ ਪੜ੍ਹਾਉਣ ਬੈਠਦੀ ਤਾਂ ਉਹ ਉਸ ਦਾ ਪੈਨਸਿਲ ਨਾਲ ਲਿਖਿਆ ਹੋਇਆ ਕੰਮ ਮਿਟਾ ਦਿੰਦੀ ਤੇ ਉਸ ਨੂੰ ਸੋਹਣਾ-ਸੋਹਣਾ ਆਪ ਲਿਖਵਾਉਂਦੀ। ਉਹ ਉੁਸ ਨੂੰ ਛੋਟੀਆਂ ਜਮਾਤਾਂ ਤੋਂ ਹੀ ਅਭਿਆਸ ਕਰਵਾਉਂਦੀ ਸੀ। ਉਹ ਉਸ ਨੂੰ ਅੱਖ਼ਰਾਂ ਦੀ ਬਣਾਵਟ ਸਿਖਾਉਂਦੀ ਤੇ ਕਦੇ-ਕਦੇ ਇਬਾਰਤ ਵੀ ਲਿਖਾਉਂਦੀ। ਉਹ ਸੱਤਵੀਂ ਜਮਾਤ ਵਿਚ ਹੋ ਗਿਆ ਸੀ। ਉਹ ਕਦੇ-ਕਦੇ ਆਪਣੀ ਮੰਮੀ ਨੂੰ ਖਿਝ ਕੇ ਕਹਿੰਦਾ, 'ਮੰਮੀ, ਤੁਸੀਂ ਮੈਨੂੰ ਬਹੁਤ ਤੰਗ ਕਰਦੇ ਹੋ, ਖੇਡਣ ਵੀ ਨਹੀਂ ਦਿੰਦੇ। ਵਾਰ-ਵਾਰ ਮਿਟਾ ਕੇ ਲਿਖਣ ਲਈ ਕਹਿੰਦੇ ਹੋ। ਸੋਹਣੀ ਲਿਖਾਈ 'ਚ ਕੀ ਰੱਖਿਆ ਹੋਇਐ। ਮੈਂ ਜਮਾਤ 'ਚੋਂ ਪਹਿਲੇ ਨੰਬਰ 'ਤੇ ਤਾਂ ਆਉਂਦਾ ਹਾਂ। ਉਸ ਦੀ ਮੰਮੀ ਅੱਗਿਓਂ ਕਹਿੰਦੀ,'ਪੁੱਤ, ਅਜੇ ਤੂੰ ਛੋਟਾ ਏਂ। ਭਾਸ਼ਾ ਦਾ ਨਿਗਰਾਨ ਤੇ ਸੋਹਣੀ ਲਿਖਾਈ ਬੱਚਿਆਂ ਦਾ ਅਨਮੋਲ ਖ਼ਜ਼ਾਨਾ ਹੁੰਦੀ ਹੈ। ਤੈਨੂੰ ਉਦੋਂ ਪਤਾ ਲੱਗੂ, ਜਦੋਂ ਵੱਡੀਆਂ ਜਮਾਤਾਂ 'ਚ ਤੈਨੂੰ ਇਸ ਦੀ ਲੋੜ ਪਈ।

ਉਹ ਆਪਣੀ ਮੰਮੀ ਦੀਆਂ ਗੱਲਾਂ ਸੁਣ ਲੈਂਦਾ। ਮਨ 'ਚ ਤਾਂ ਉਹ ਉਸ ਨਾਲ ਸਹਿਮਤ ਨਾ ਹੁੰਦਾ ਪਰ ਛੋਟਾ ਹੋਣ ਕਰਕੇ ਉਹ ਕੁਝ ਬੋਲ ਵੀ ਨਾ ਸਕਦਾ। ਇਕ ਦਿਨ ਉਸ ਦੇ ਪਾਪਾ ਦੀ ਬਦਲੀ ਕਿਸੇ ਹੋਰ ਸ਼ਹਿਰ ਹੋ ਗਈ। ਉਸ ਨੂੰ ਨਵੇਂ ਸਕੂਲ 'ਚ ਦਾਖ਼ਲ ਹੋਣਾ ਪਿਆ। ਇਕ ਦਿਨ ਸਵੇਰ ਦੀ ਪ੍ਰਾਰਥਨਾ ਸਭਾ 'ਚ ਸਕੂਲ ਦੇ ਪੰਜਾਬੀ ਅਧਿਆਪਕ ਨੇ ਕਿਹਾ,'ਬੱਚਿਓ, ਸਾਡੇ ਸਕੂਲ 'ਚ ਅੰਤਰ ਸਕੂਲ ਸੋਹਣੀ ਲਿਖਾਈ ਦਾ ਮੁਕਾਬਲਾ ਹੋ ਰਿਹਾ ਹੈ। ਇਹ ਮੁਕਾਬਲਾ ਪੰਜਾਬੀ ਦੇ ਵਿਸ਼ੇ ਦਾ ਹੋਵੇਗਾ। ਜਿਹੜਾ ਬੱਚਾ ਇਸ ਮੁਕਾਬਲੇ 'ਚ ਹਿੱਸਾ ਲੈਣਾ ਚਾਹੁੰਦਾ ਹੋਵੇ, ਉਹ ਆਪਣਾ ਨਾਂ ਆਪਣੇ ਜਮਾਤ ਇੰਚਰਾਜ ਕੋਲ ਲਿਖਵਾ ਸਕਦਾ ਹੈ। ਸਾਰੇ ਸਕੂਲ ਦੇ ਬੱਚਿਆਂ ਵਿਚੋਂ ਬਹੁਤ ਸਾਰੇ ਬੱਚਿਆਂ ਨੇ ਆਪਣਾ ਆਪਣਾ ਨਾਂ ਲਿਖਵਾ ਦਿੱਤਾ ਪਰ ਮੋਨੂੰ ਨੇ ਆਪਣਾ ਨਾਂ ਨਾ ਲਿਖਵਾਇਆ।

ਲਿਖਾਈ ਮੁਕਾਬਲਾ ਹੋਣ 'ਚ ਕੇਵਲ ਦੋ ਦਿਨ ਬਾਕੀ ਸਨ। ਛੁੱਟੀ ਹੋਣ ਵਾਲੀ ਸੀ। ਮੋਨੂੰ ਦੀ ਪੰਜਾਬੀ ਅਧਿਆਪਕਾ ਨੇ ਉਸ ਦੀ ਜਮਾਤ 'ਚ ਆ ਕੇ ਪੁੱਛਿਆ, 'ਮੋਨੂੰ ਬੇਟਾ, ਤੂੰ ਸੋਹਣੀ ਲਿਖਾਈ ਮੁਕਾਬਲੇ ਲਈ ਨਾਂ ਨਹੀਂ ਲਿਖਵਾਇਆ?' ਤੇਰੀ ਤਾਂ ਲਿਖਾਈ ਮੋਤੀਆਂ ਵਰਗੀ ਹੈ। ਮੈਂ ਤੇਰਾ ਨਾਂ ਲਿਖ ਲਿਆ ਹੈ, ਤੂੰ ਸੋਹਣੀ ਲਿਖਾਈ ਮੁਕਾਬਲੇ 'ਚ ਹਿੱਸਾ ਲੈਣਾ ਹੈ। ਉਹ ਮੈਡਮ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ। ਉਸ ਨੂੰ ਆਪਣੀ ਮੰਮੀ ਦੀਆਂ ਗੱਲਾਂ ਯਾਦ ਆਉਣ ਲੱਗੀਆਂ। ਉਸ ਨੇ ਘਰ ਜਾ ਕੇ ਆਪਣੀ ਮੰਮੀ ਨੂੰ ਸੋਹਣੀ ਲਿਖਾਈ ਮੁਕਾਬਲੇ ਦੀ ਗੱਲ ਦੱਸੀ। ਉਸ ਦੀ ਮੰਮੀ ਨੇ ਕਿਹਾ, 'ਬੇਟਾ ਜੇ ਤੂੰ ਮਿਹਨਤ ਕਰ ਕੇ ਇਹ ਮੁਕਾਬਲਾ ਜਿੱਤ ਸਕਦਾ ਹੈਂ।' ਉਸ ਦੀ ਮੰਮੀ ਨੇ ਉਸ ਨੂੰ ਦੋ ਦਿਨਾਂ 'ਚ ਉਹ ਗੁਰ ਸਮਝਾਏ, ਜਿਸ ਨਾਲ ਲਿਖਾਈ ਸੋਹਣੀ ਤੇ ਪ੍ਰਭਾਵਸ਼ਾਲੀ ਬਣਦੀ ਹੈ। ਉਸ ਨੇ ਸੋਹਣੀ ਲਿਖਾਈ ਮੁਕਾਬਲੇ 'ਚ ਹਿੱਸਾ ਲਿਆ। ਉਹ ਲਿਖਾਈ ਮੁਕਾਬਲੇ 'ਚ ਪਹਿਲੇ ਸਥਾਨ 'ਤੇ ਰਿਹਾ।

ਜੱਜ ਨੇ ਮੋਨੂੰ ਨੂੰ ਇਨਾਮ ਦਿੰਦਿਆਂ ਕਿਹਾ, 'ਬੱਚਿਓ! ਇਸ ਬੱਚੇ ਦੀ ਲਿਖਾਈ ਤੋਂ ਹਰ ਬੱਚੇ ਨੂੰ ਸਿੱਖਣਾ ਚਾਹੀਦਾ ਹੈ। ਇਸ ਬੱਚੇ ਨੇ ਅਭਿਆਸ ਨਾਲ ਭਾਸ਼ਾ 'ਤੇ ਆਪਣਾ ਅਧਿਕਾਰ ਬਣਾਇਆ ਹੋਇਆ ਹੈ।' ਮੋਨੂੰ ਦੇ ਸੂਕਲ ਅਤੇ ਦੂਜੇ ਸਕੂਲਾਂ ਦੇ ਬੱਚੇ ਤੇ ਅਧਿਆਪਕ ਬਹੁਤ ਹੈਰਾਨ ਸਨ ਕਿ ਉਸ ਦੀ ਲਿਖਾਈ 'ਚ ਅਜਿਹਾ ਕੀ ਹੈ, ਜੋ ਸਿੱਖਣ ਵਾਲਾ ਹੈ। ਲਿਖਾਈ ਮੁਕਾਬਲੇ 'ਚ ਬੈਠੇ ਪ੍ਰਿੰਸੀਪਲ ਨੇ ਜੱਜ ਨੂੰ ਕਿਹਾ, 'ਜੱਜ ਸਾਬ੍ਹ, ਮੈਂ ਬੱਚਿਆਂ ਦੇ ਚਿਹਰਿਆਂ ਨੂੰ ਵੇਖ ਕੇ ਇਹ ਅੰਦਾਜ਼ਾ ਲਗਾ ਰਿਹਾ ਹਾਂ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਮੋਨੂੰ ਦੀ ਲਿਖਾਈ 'ਚ ਅਜਿਹਾ ਕੀ ਹੈ, ਜੋ ਸਭ ਨੂੰ ਸਿੱਖਣਾ ਚਾਹੀਦਾ ਹੈ।' ਮੁੱਖ ਜੱਜ ਨੇ ਮੋਨੂੰ ਦੀ ਲਿਖਾਈ ਵਾਲਾ ਪਰਚਾ ਦਿਖਾਉਂਦਿਆਂ ਕਿਹਾ, 'ਬੱਚਿਓ, ਸੋਹਣੀ ਲਿਖਾਈ ਕਿਸੇ ਦੀ ਵੀ ਹੋ ਸਕਦੀ ਹੈ ਪਰ ਨਿਯਮਾਂ ਅਨੁਸਾਰ ਸੋਹਣੀ ਲਿਖਾਈ ਹੋਣੀ ਵੱਖਰੀ ਗੱਲ ਹੈ। ਸਭ ਤੋਂ ਪਹਿਲਾਂ ਇਸ ਬੱਚੇ ਦੀ ਇਕ ਵੀ ਗ਼ਲਤੀ ਨਹੀਂ ਹੈ। ਇਸ ਦੀ ਭਾਸ਼ਾ 'ਤੇ ਪੂਰੀ ਪਕੜ ਹੈ। ਦੂਜੀ ਗੱਲ ਇਸ ਦੇ ਲਿਖੇ ਅੱਖ਼ਰਾਂ ਦੀ ਬਣਾਵਟ ਵੇਖੋ। ਮੁਕਾਬਲੇ 'ਚ ਭਾਗ ਲੈਣ ਵਾਲਾ ਹਰ ਬੱਚਾ ਇਸ ਤੋਂ ਪਿੱਛੇ ਹੈ।' ਮੁੱਖ ਜੱਜ ਨੇ ਉਸ ਨੂੰ ਮੰਚ 'ਤੇ ਬੁਲਾ ਕੇ ਪੁੱਛਿਆ, 'ਬੇਟਾ, ਤੈਨੂੰ ਤਿਆਰੀ ਕੌਣ ਕਰਵਾਉਂਦਾ ਹੈ।' ਉਹ ਬੋਲਿਆ, 'ਸਰ, ਮੇਰੇ ਮੰਮੀ।' ਹੁਣ ਉਸ ਨੂੰ ਆਪਣੀ ਮੰਮੀ ਦੇ ਕਹੇ ਹੋਏ ਸ਼ਬਦ ਯਾਦ ਆ ਰਹੇ ਸਨ।

- ਪ੍ਰਿੰਸੀਪਲ ਵਿਜੈ ਕੁਮਾਰ

98726-27136

Posted By: Harjinder Sodhi