ਸਾਡੇ ਮੁਲਕ ਦੇ ਲੋਕਤੰਤਰੀ ਢਾਂਚੇ ਨੂੰ ਵਿਸ਼ਵ ਦਾ ਵੱਡਾ ਲੋਕਤੰਤਰੀ ਢਾਂਚਾ ਹੋਣ ਦਾ ਮਾਣ ਹਾਸਿਲ ਹੈ। ਸਾਡੇ ਮੁਲਕ ’ਚ ਸਮਾਜ ਦੀ ਮੁੱਢਲੀ ਇਕਾਈ ਪੰਚਾਇਤ ਤੋਂ ਲੈ ਕੇ ਸਿਖ਼ਰਲੀ ਇਕਾਈ ਰਾਸ਼ਟਰਪਤੀ ਤਕ ਦੀ ਚੋਣ ਲੋਕਤੰਤਰੀ ਤਰੀਕੇ ਨਾਲ ਕੀਤੀ ਜਾਂਦੀ ਹੈ। ਸਾਡੇ ਮੁਲਕ ਦਾ ਸੰਵਿਧਾਨ ਦੇਸ਼ ਦੇ ਹਰ ਬਾਲਗ ਨਾਗਰਿਕ ਨੂੰ ਲੋਕਤੰਤਰੀ ਪ੍ਰਕਿਰਿਆ ’ਚ ਸ਼ਮੂਲੀਅਤ ਕਰਨ ਦਾ ਅਧਿਕਾਰ ਦੇਣ ਸਮੇਤ ਜ਼ਿੰਦਗੀ ’ਚ ਤਰੱਕੀ ਤੇ ਖ਼ੁਸ਼ਹਾਲੀ ਦੀ ਪ੍ਰਾਪਤੀ ਲਈ ਹੋਰ ਵੀ ਬਹੁਤ ਸਾਰੇ ਅਧਿਕਾਰ ਪ੍ਰਦਾਨ ਕਰਦਾ ਹੈ। ਇਨ੍ਹਾਂ ਅਧਿਕਾਰਾਂ ਦੀ ਸੁਰੱਖਿਆ ਲਈ ਵੀ ਬਹੁਤ ਸਾਰੀਆਂ ਕਾਨੂੰਨੀ ਵਿਵਸਥਾਵਾਂ ਕਾਇਮ ਕੀਤੀਆਂ ਗਈਆਂ ਹਨ। ਹਰ ਨਾਗਰਿਕ ਆਪਣੇ ਅਧਿਕਾਰਾਂ ਦੀ ਰਖਵਾਲੀ ਲਈ ਇਨ੍ਹਾਂ ਵਿਵਸਥਾਵਾਂ ਦਾ ਸਹਾਰਾ ਲੈ ਸਕਦਾ ਹੈ।

ਅਧਿਕਾਰਾਂ ਦੀ ਪ੍ਰਾਪਤੀ

ਸਾਡੇ ਲਈ ਇਨ੍ਹਾਂ ਅਧਿਕਾਰਾਂ ਦੀ ਪ੍ਰਾਪਤੀ ਸੁਤੰਤਰਤਾ ਸੰਗਰਾਮੀਆਂ ਵੱਲੋਂ ਜਾਨਾਂ ਵਾਰ ਕੇ ਪ੍ਰਾਪਤ ਕੀਤੀ ਆਜ਼ਾਦੀ ਨਾਲ ਹੀ ਸੰਭਵ ਹੋਈ ਹੈ। ਗ਼ੁਲਾਮ ਸਮਾਜਾਂ ਵਿਚ ਇਸ ਤਰ੍ਹਾਂ ਦੇ ਅਧਿਕਾਰਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਗ਼ੁਲਾਮ ਸਮਾਜਾਂ ਦੇ ਨਾਗਰਿਕਾਂ ਨੂੰ ਸ਼ਾਸਕ ਵਰਗ ਵੱਲੋਂ ਬਹੁਤ ਸਾਰੇ ਸਮਾਜਿਕ, ਆਰਥਿਕ ਤੇ ਰਾਜਸੀ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ। ਗ਼ੁਲਾਮ ਸਮਾਜਾਂ ’ਚ ਵਿਤਕਰੇ ਪੂਰਨ ਵਿਹਾਰ ਆਮ ਜਿਹੀ ਗੱਲ ਹੈ। ਆਜ਼ਾਦ ਮੁਲਕ ਦੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਭ ਨੂੰ ਸਮਾਜਿਕ, ਰਾਜਨੀਤਿਕ ਤੇ ਆਰਥਿਕ ਅਧਿਕਾਰਾਂ ਸਮੇਤ ਤਾਮਾਮ ਹੋਰ ਤਰ੍ਹਾਂ ਦੇ ਅਧਿਕਾਰ ਵਿਚਾਰਾਂ ਦੀ ਆਜ਼ਾਦੀ, ਬਿਨਾਂ ਵਿਤਕਰੇ ਸਿੱਖਿਆ ਤੇ ਨਿਆਂ ਦੀ ਪ੍ਰਾਪਤੀ ਆਦਿ ਹਾਸਿਲ ਹਨ।

ਵਿਅਕਤੀ ਦੇ ਫ਼ਰਜ਼

ਵਿਅਕਤੀ ਵਿਸ਼ੇਸ਼ ਦੀ ਨਿੱਜੀ ਤਰੱਕੀ ਤੇ ਖ਼ੁਸ਼ਹਾਲੀ ਲਈ ਮੁਹੱਈਆ ਅਧਿਕਾਰਾਂ ਦੇ ਨਾਲ-ਨਾਲ ਸਮੁੱਚੇ ਸਮਾਜ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਹਰ ਵਿਅਕਤੀ ਲਈ ਕੁਝ ਫਰਜ਼ ਵੀ ਨਿਰਧਾਰਤ ਕੀਤੇ ਗਏ ਹਨ। ਇਕ ਵਿਅਕਤੀ ਦਾ ਫ਼ਰਜ਼ ਹੀ ਦੂਜੇ ਵਿਅਕਤੀ ਦਾ ਅਧਿਕਾਰ ਬਣਦਾ ਹੈ। ਸਾਡੇ ਵੱਲੋਂ ਕੀਤੀ ਫ਼ਰਜ਼ਾਂ ਦੀ ਪੂਰਤੀ ਹੀ ਦੂਜਿਆਂ ਲਈ ਅਧਿਕਾਰ ਪ੍ਰਾਪਤੀ ਦਾ ਸਬੱਬ ਬਣਦੀ ਹੈ।

ਅਧਿਕਾਰਾਂ ਤੇ ਫਰਜ਼ਾਂ ਨੂੰ ਇਕ-ਦੂਜੇ ਤੋਂ ਵੱਖ ਕਰ ਕੇ ਵੇਖਣਾ ਔਖਾ ਹੀ ਨਹੀਂ, ਨਾਮੁਮਕਿਨ ਹੈ। ਖ਼ੁਸ਼ਹਾਲ ਸਮਾਜ ਦੀ ਉਸਾਰੀ ਲਈ ਅਧਿਕਾਰਾਂ ਤੇ ਫ਼ਰਜ਼ਾਂ ਨੂੰ ਇਕ ਸਿੱਕੇ ਦੇ ਦੋ ਪਾਸਿਆਂ ਵਾਂਗ ਨਾਲੋਂ-ਨਾਲ ਰੱਖਣਾ ਪੈਂਦਾ ਹੈ। ਕਈ ਵਾਰ ਸਾਡੇ ਵੱਲੋਂ ਫ਼ਰਜ਼ਾਂ ਦੀ ਪੂਰਤੀ ’ਚ ਕੀਤੀ ਕੁਤਾਹੀ ਦੂਜਿਆਂ ਲਈ ਪਰੇਸ਼ਾਨੀ ਦਾ ਸਬੱਬ ਹੋ ਨਿੱਬੜਦੀ ਹੈ। ਜੇ ਸੜਕ ’ਤੇ ਚੱਲਣਾ ਸਭ ਦਾ ਅਧਿਕਾਰ ਹੈ ਤਾਂ ਸੜਕੀ ਨਿਯਮਾਂ ਦੀ ਪਾਲਣਾ ਸਾਡਾ ਸਭ ਦਾ ਫ਼ਰਜ਼ ਵੀ। ਕਿਸੇ ਇਕ ਵੱਲੋਂ ਕੀਤੀ ਸੜਕੀ ਨਿਯਮਾਂ ਦੀ ੳੇੁਲੰਘਣਾ ਦੂਜਿਆਂ ਦੇ ਅਧਿਕਾਰਾਂ ਦੇ ਰਸਤੇ ਦੀ ਰੁਕਾਵਟ ਬਣਨ ਦੇ ਨਾਲ-ਨਾਲ ਬਹੁਤ ਸਾਰੇ ਹਾਦਸਿਆਂ ਦਾ ਵੀ ਸਬੱਬ ਬਣ ਜਾਂਦੀ ਹੈ।

ਬਿਨਾਂ ਰੰਗ, ਨਸਲ, ਧਰਮ ਤੇ ਜਾਤ-ਪਾਤ ਵਿਤਕਰੇ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਹੋਰ ਵਿੱਦਿਅਕ ਸੰਸਥਾਵਾਂ ’ਚ ਸਿੱਖਿਆ ਪ੍ਰਾਪਤੀ ਦਾ ਅਧਿਕਾਰ ਸਾਰਿਆਂ ਨੂੰ ਹਾਸਿਲ ਹੈ ਤਾਂ ਇਨ੍ਹਾਂ ਸੰਸਥਾਵਾਂ ਦੇ ਅਨੁਸ਼ਾਸਨ ਨੂੰ ਬਣਾਈ ਰੱਖਣਾ ਸਭ ਦਾ ਫ਼ਰਜ਼ ਵੀ ਹੈ।

ਅਧਿਕਾਰਾਂ ਬਾਰੇ ਜਾਗਰੂਕਤਾ

ਵੇਖਣ ’ਚ ਇਹ ਆਉਂਦਾ ਹੈ ਕਿ ਇਨਸਾਨ ਆਪਣੇ ਅਧਿਕਾਰਾਂ ਬਾਰੇ ਬਾਖ਼ੂਬੀ ਜਾਗਰੂਕ ਹੋਣ ਦੇ ਨਾਲ-ਨਾਲ ਇਨ੍ਹਾਂ ਦੀ ਪ੍ਰਾਪਤੀ ਲਈ ਤੱਤਪਰ ਵੀ ਰਹਿੰਦਾ ਹੈ, ਜਦੋਂਕਿ ਫ਼ਰਜ਼ਾਂ ਦੀ ਪੂਰਤੀ ਬਹੁਗਿਣਤੀ ਲੋਕਾਂ ਨੂੰ ਵਿਸਰ ਜਾਂਦੀ ਹੈ। ਸ਼ਾਇਦ ਇਸੇ ਲਈ ਸਾਨੂੰ ਅਧਿਕਾਰ ਪ੍ਰਾਪਤ ਕਰਨ ’ਚ ਸਮੱਸਿਆ ਆਉਂਦੀ ਹੈ ਕਿਉਂਕਿ ਸਾਡੇ ਵੱਲੋਂ ਕੀਤੀ ਫ਼ਰਜ਼ਾਂ ਦੀ ਪੂਰਤੀ ਹੀ ਦੂਜਿਆਂ ਲਈ ਅਧਿਕਾਰ ਪ੍ਰਾਪਤੀ ਦਾ ਸਬੱਬ ਬਣਦੀ ਹੈ।

ਇਕ ਸੂਝਵਾਨ ਅਤੇ ਸੁਹਿਰਦ ਇਨਸਾਨ ਸਦਾ ਹੀ ਅਧਿਕਾਰਾਂ ਦੀ ਪ੍ਰਾਪਤੀ ਨਾਲੋਂ ਫ਼ਰਜ਼ਾਂ ਦੀ ਪੂਰਤੀ ਨੂੰ ਤਰਜੀਹ ਦਿੰਦਾ ਹੈ। ਹਕੀਕਤ ਤਾਂ ਇਹ ਹੈ ਕਿ ਅਧਿਕਾਰ ਵਿਅਕਤੀ ਦੀ ਸੋਚ ਨੂੰ ਨਿੱਜ ਤਕ ਸੀਮਤ ਕਰਦੇ ਹਨ, ਜਦੋਂਕਿ ਫ਼ਰਜ਼ ਇਨਸਾਨ ਦੀ ਸੋਚ ਨੂੰ ਵਿਸ਼ਾਲ ਬਣਾਉਂਦੇ ਹਨ। ਫ਼ਰਜ਼ਾਂ ਦੀ ਪੂਰਤੀ ਨਾਲ ਪ੍ਰਾਪਤ ਹੋਣ ਵਾਲੀ ਖ਼ੁਸ਼ੀ ਅਧਿਕਾਰਾਂ ਦੀ ਪ੍ਰਾਪਤੀ ਨਾਲੋਂ ਵੀ ਵੱਧ ਸਕੂਨ ਦਿੰਦੀ ਹੈ।

ਫ਼ਰਜ਼ਾਂ ਦੀ ਪੂਰਤੀ ਦੀ ਭਾਵਨਾ ਇਨਸਾਨ ਦੇ ਆਤਮ-ਵਿਸ਼ਵਾਸ ਵਿਚ ਇਜ਼ਾਫਾ ਕਰਦੀ ਹੈ। ਸਾਡੇ ਸਭ ਲਈ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਅਧਿਕਾਰਾਂ ਅਤੇ ਫ਼ਰਜ਼ਾਂ ਦਾ ਇੱਕੋ ਗੱਡੀ ਦੇ ਦੋ ਪਹੀਆਂ ਵਾਂਗ ਨਾਲੋ ਨਾਲ ਚੱਲਣਾ ਬੇਹੱਦ ਜ਼ਰੂਰੀ ਹੈ। ਅਧਿਕਾਰਾਂ ਦੀ ਪ੍ਰਾਪਤੀ ਲਈ ਮਾਣਯੋਗ ਅਦਾਲਤਾਂ ਦਾ ਦਰਵਾਜ਼ਾ ਖੜਕਾਉਣ ਦੇ ਨਾਲ-ਨਾਲ ਸਾਨੂੰ ਸਭ ਨੂੰ ਫ਼ਰਜ਼ਾਂ ਦੀ ਪੂਰਤੀ ਲਈ ਅੰਤਰ-ਆਤਮਾ ਦਾ ਦਰਵਾਜ਼ਾ ਖੜਕਾਉਣ ਦੇ ਆਦੀ ਬਣਨਾ ਚਾਹੀਦਾ ਹੈ। ਸਾਡੇ ਸਭ ਵੱਲੋਂ ਆਪੋ-ਆਪਣੇ ਫ਼ਰਜ਼ਾਂ ਦੀ ਪੂਰਤੀ ਦੀ ਆਦਤ ਨਾਲ ਅਧਿਕਾਰਾਂ ਦੇ ਘਾਣ ਦੀ ਸਮੱਸਿਆ ਖ਼ੁਦ-ਬ-ਖ਼ੁਦ ਹੀ ਖ਼ਤਮ ਹੋ ਜਾਵੇਗੀ।

ਤਰੱਕੀ ਤੇ ਖ਼ੁਸ਼ਹਾਲੀ ਦਾ ਰਾਜ਼

ਅਸੀਂ ਸਾਰੇ ਖ਼ੁਸ਼ਕਿਸਮਤ ਹਾਂ ਕਿ ਆਜ਼ਾਦ ਮੁਲਕ ’ਚ ਰਹਿੰਦਿਆਂ ਸਾਡੀ ਨਿੱਜੀ, ਪਰਿਵਾਰਕ ਤਰੱਕੀ ਤੇ ਖ਼ੁਸ਼ਹਾਲੀ ਲਈ ਲੋੜੀਂਦੇ ਸਾਰੇ ਅਧਿਕਾਰ ਸੰਵਿਧਾਨ ਵਿਚ ਦਰਜ ਕੀਤੇ ਗਏ ਹਨ। ਇਨ੍ਹਾਂ ਅਧਿਕਾਰਾਂ ਦੇ ਚੱਲਦਿਆਂ ਸਾਨੂੰ ਕਿਸੇ ਵੀ ਖੇਤਰ ’ਚ ਉੱਚੇ ਤੋਂ ਉੱਚੇ ਅਹੁਦੇ ’ਤੇ ਪਹੁੰਚਣ ਦੇ ਮੌਕੇ ਹਾਸਿਲ ਹੋਏ ਹਨ। ਇਕ ਜ਼ਿੰਮੇਵਾਰ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਬਾਰੇ ਪੂਰੀ ਜਾਣਕਾਰੀ ਰੱਖਣ ਦੇ ਨਾਲ-ਨਾਲ ਫ਼ਰਜ਼ਾਂ ਪ੍ਰਤੀ ਵੀ ਪੂਰੀ ਸਮਝ ਰੱਖੇ। ਸੂਝਵਾਨ ਨਾਗਰਿਕ ਵਜੋਂ ਖ਼ੁਦ ਅਧਿਕਾਰਾਂ ਦੀ ਪ੍ਰਾਪਤੀ ਦੇ ਨਾਲ-ਨਾਲ ਫ਼ਰਜ਼ਾਂ ਦੀ ਪੂਰਤੀ ਕਰਦਿਆਂ ਹੋਰਨਾਂ ਨੂੰ ਵੀ ਫ਼ਰਜ਼ਾਂ ਦੀ ਪੂਰਤੀ ਲਈ ਪ੍ਰੇਰਿਤ ਕਰੇ। ਸਾਡੇ ਸਾਰਿਆਂ ਵੱਲੋਂ ਕੀਤੀ ਜਾਣ ਵਾਲੀ ਫ਼ਰਜ਼ਾਂ ਦੀ ਪੂਰਤੀ ’ਚ ਹੀ ਮੁਲਕ ਦੀ ਤਰੱਕੀ ਤੇ ਖ਼ੁਸ਼ਹਾਲੀ ਦਾ ਰਾਜ਼ ਛੁਪਿਆ ਹੋਇਆ ਹੈ।

Posted By: Harjinder Sodhi