ਰੰਗਾਂ ਦਾ ਤਿਉਹਾਰ 'ਹੋਲੀ' ਬਸੰਤ ਰੁੱਤ 'ਚ ਮਨਾਇਆ ਜਾਣ ਵਾਲਾ ਮਹੱਤਵਪੂਰਨ ਭਾਰਤੀ ਤਿਉਹਾਰ ਹੈ। ਇਹ ਤਿਉਹਾਰ ਹਿੰਦੂ ਧਰਮ ਅਨੁਸਾਰ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇਕ-ਦੂਜੇ 'ਤੇ ਰੰਗ ਜਾਂ ਗੁਲਾਲ ਸੁੱਟਦੇ ਹਨ, ਢੋਲ ਵਜਾ ਕੇ ਹੋਲੀ ਦੇ ਗੀਤ ਗਾਏ ਜਾਂਦੇ ਹਨ ਤੇ ਘਰ-ਘਰ ਜਾ ਕੇ ਲੋਕਾਂ ਨੂੰ ਰੰਗ ਲਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਪੁਰਾਣੇ ਗਿਲੇ-ਸ਼ਿਕਵੇ ਭੁੱਲ ਕੇ ਗਲੇ ਮਿਲਦੇ ਹਨ ਤੇ ਮੁੜ ਦੋਸਤ ਬਣ ਜਾਂਦੇ ਹਨ। ਬੱਚੇ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ, ਤਾਂ ਜੋ ਉਹ ਆਪਣੇ ਦੋਸਤਾਂ ਨਾਲ ਮੌਜ-ਮਸਤੀ ਕਰ ਸਕਣ। ਜੇ ਹੋਲੀ ਖੇਡਦੇ ਸਮੇਂ ਕੁਝ ਕੁ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ।

ਕੁਦਰਤੀ ਰੰਗ ਹੀ ਵਰਤੋ

ਹਰਬਲ ਜਾਂ ਕੁਦਰਤੀ ਰੰਗਾਂ ਦਾ ਇਸਤੇਮਾਲ ਕਰ ਕੇ ਹੋਲੀ ਦੇ ਤਿਉਹਾਰ ਦਾ ਮਜ਼ਾ ਪੂਰੇ ਜੋਸ਼ ਨਾਲ ਲਿਆ ਜਾ ਸਕਦਾ ਹੈ। ਬਾਜ਼ਾਰ 'ਚ ਕਈ ਕਿਸਮ ਦੇ ਮਿਲਾਵਟੀ ਰੰਗਾਂ ਦੀ ਭਰਮਾਰ ਹੈ, ਜਿਨ੍ਹਾਂ ਨੂੰ ਕੱਚ, ਕੈਮੀਕਲ, ਕਾਪਰ ਸਲਫੇਟ ਆਦਿ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਸ ਨਾਲ ਸਰੀਰ 'ਤੇ ਜਲਣ, ਖਾਰਸ਼, ਐਲਰਜੀ ਆਦਿ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਜਾਂਚ-ਪਰਖ ਕੇ ਹੀ ਰੰਗ ਖ਼ਰੀਦੀਏ। ਸਾਨੂੰ ਹਰਬਲ ਰੰਗਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਹ ਰੰਗ ਮਹਿੰਗੇ ਜ਼ਰੂਰ ਹੁੰਦੇ ਹਨ ਪਰ ਚਮੜੀ ਲਈ ਹਾਨੀਕਾਰਕ ਨਹੀਂ ਹੁੰਦੇ।

ਬਨਾਵਟੀ ਰੰਗਾਂ ਨੂੰ ਕਹੋ ਅਲਵਿਦਾ

ਬਨਾਵਟੀ ਜਾਂ ਸਿੰਥੈਟਿਕ ਰੰਗ ਸਾਡੇ ਚਿਹਰੇ ਦੀ ਸੁੰਦਰਤਾ ਨੂੰ ਖ਼ਰਾਬ ਕਰ ਸਕਦੇ ਹਨ ਤੇ ਸਾਡੀ ਰੰਗ-ਬਿਰੰਗੀ ਦੁਨੀਆ 'ਚ ਹਨੇਰਾ ਲਿਆ ਸਕਦੇ ਹਨ। ਬਾਜ਼ਾਰ 'ਚ ਕਈ ਹਾਨੀਕਾਰਕ ਕੈਮੀਕਲ ਵਾਲੇ ਰੰਗ ਵੇਚੇ ਜਾਂਦੇ ਹਨ, ਜੋ ਚਮੜੀ ਲਈ ਨੁਕਸਾਨਦੇਹ ਹੋ ਸਕਦੇ ਹਨ। ਇਸ ਲਈ ਕਦੇ ਵੀ ਬਨਾਵਟੀ ਰੰਗਾਂ ਦਾ ਇਸਤੇਮਾਲ ਨਾ ਕਰੋ।

ਰੰਗਾਂ ਦਾ ਮਹੱਤਵ

ਲਾਲ : ਇਹ ਸਾਰੇ ਰੰਗਾਂ 'ਚੋਂ ਜ਼ਿਆਦਾ ਤਿੱਖਾ, ਆਕਰਸ਼ਕ ਹੁੰਦਾ ਹੈ। ਲਾਲ ਰੰਗ ਪਸੰਦ ਕਰਨ ਵਾਲੇ ਲੋਕ ਸ਼ਕਤੀ ਤੇ ਊਰਜਾ ਨਾਲ ਭਰੇ ਹੁੰਦੇ ਹਨ। ਇਨ੍ਹਾਂ 'ਚ ਬਹੁਤ ਜ਼ਿਆਦਾ ਆਤਮ-ਵਿਸ਼ਵਾਸ ਹੁੰਦਾ ਹੈ। ਜੇ ਇਹ ਆਪਣੀ ਊਰਜਾ ਦੀ ਹਿੰਮਤ ਨਾਲ ਰਚਨਾਤਮਕ ਵਰਤੋਂ ਕਰਨੀ ਸਿੱਖ ਜਾਣ ਤਾਂ ਜੀਵਨ 'ਚ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਨ।

ਪੀਲਾ : ਇਹ ਰੰਗ ਪ੍ਰਗਤੀ, ਉੱਨਤੀ ਤੇ ਵਿਕਾਸ ਦਾ ਪ੍ਰਤੀਕ ਹੈ। ਇਸ ਨੂੰ ਪਸੰਦ ਕਰਨ ਵਾਲੇ ਲੋਕਾਂ 'ਚ ਦਯਾ, ਨਿਆਂ ਤੇ ਦੂਜਿਆਂ ਦੀ ਸੁਰੱਖਿਆ ਕਰਨ ਦਾ ਸੁਭਾਅ ਪਾਇਆ ਜਾਂਦਾ ਹੈ। ਇਨ੍ਹਾਂ ਨੂੰ ਸਮਝਣਾ ਸੌਖਾ ਨਹੀਂ ਹੁੰਦਾ। ਇਨ੍ਹਾਂ ਦਾ ਵਿਅਕਤੀਤਵ ਰੋਚਕ ਤੇ ਪ੍ਰੇਰਕ ਹੁੰਦਾ ਹੈ। ਚੁਣੌਤੀਆਂ ਦਾ ਸਾਹਮਣਾ ਕਰਨਾ ਇਨ੍ਹਾਂ ਨੂੰ ਵਧੀਆ ਲੱਗਦਾ ਹੈ।

ਹਰਾ : ਇਹ ਕੁਦਰਤੀ ਰੰਗ ਹੈ, ਜੋ ਤਾਜ਼ਗੀ, ਸਵੱਛਤਾ ਤੇ ਜੀਵਨ ਦਾ ਪ੍ਰਤੀਕ ਹੈ। ਇਸ ਨੂੰ ਪਸੰਦ ਕਰਨ ਵਾਲੇ ਲੋਕ ਜੀਵਨ ਪ੍ਰਤੀ ਸੁਚੇਤ ਰਹਿੰਦੇ ਹਨ। ਆਪਣੀ ਬੋਲੀ, ਭਾਸ਼ਾ ਅਤੇ ਗੱਲਾਂ ਨਾਲ ਦੂਜਿਆਂ ਨੂੰ ਆਪਣਾ ਬਣਾ ਲੈਂਦੇ ਹਨ। ਮੁਸ਼ਕਲ ਹਾਲਾਤ 'ਤੇ ਕਾਬੂ ਪਾਉਣਾ ਇਨ੍ਹਾਂ ਨੂੰ ਆਉਂਦਾ ਹੈ।

ਗੁਲਾਬੀ : ਇਹ ਰੰਗ ਕੋਮਲਤਾ, ਪਿਆਰ ਤੇ ਸੁੰਦਰਤਾ ਦਾ ਪ੍ਰਤੀਕ ਹੈ। ਇਸ ਨੂੰ ਪਸੰਦ ਕਰਨ ਵਾਲਿਆਂ 'ਚ ਪਿਆਰ ਤੇ ਦਯਾ ਦੀ ਭਾਵਨਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦੀ ਕੰਮ ਕਰਨ ਦੀ ਅਦਾ ਅਨੋਖੀ ਹੁੰਦੀ ਹੈ ਤੇ ਇਹ ਜ਼ਿਆਦਾਤਰ ਕਲਪਨਾ 'ਚ ਰਹਿਣਾ ਪਸੰਦ ਕਰਦੇ ਹਨ।

ਸੰਤਰੀ: ਇਹ ਰੰਗ ਤਿਆਗ, ਤਪੱਸਿਆ, ਸਾਧਨਾ ਦਾ ਪ੍ਰਤੀਕ ਹੈ। ਇਸ ਨੂੰ ਪਸੰਦ ਕਰਨ ਵਾਲਿਆਂ 'ਚ ਚੰਗੇ ਵਿਚਾਰਾਂ ਵਾਲੇ ਲੋਕਾਂ ਦੇ ਗੁਣ ਹੁੰਦੇ ਹਨ। ਇਹ ਚੀਜ਼ਾਂ ਨੂੰ ਦੇਖ ਕੇ ਆਕਰਸ਼ਿਤ ਜ਼ਰੂਰ ਹੁੰਦੇ ਹਨ ਪਰ ਉਨ੍ਹਾਂ ਦੇ ਬੰਧਨ 'ਚ ਨਹੀਂ ਬੱਝਦੇ। ਇਸ ਰੰਗ ਨੂੰ ਪਸੰਦ ਕਰਨ ਵਾਲਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਸਾਹਸੀ, ਨਿਡਰ, ਆਤਮ-ਵਿਸ਼ਵਾਸੀ ਤੇ ਸਖ਼ਤ ਸੁਭਾਅ ਦੇ ਹੁੰਦੇ ਹਨ।

ਅੱਖਾਂ ਤੇ ਕੰਨਾਂ ਦਾ ਰੱਖੋ ਖ਼ਿਆਲ

ਹੋਲੀ ਦੇ ਰੰਗ ਅੱਖਾਂ 'ਚ ਪੈ ਜਾਣ ਨਾਲ ਅੱਖਾਂ ਦੀ ਰੋਸ਼ਨੀ ਜਾਣ ਦਾ ਡਰ ਰਹਿੰਦਾ ਹੈ। ਇਸ ਲਈ ਹੋਲੀ ਵਾਲੇ ਦਿਨ ਸਾਨੂੰ ਅੱਖਾਂ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਕੰਨਾਂ ਵਿਚ ਹਾਨੀਕਾਰਕ ਸਪਰੇਅ ਜਾਂ ਰੰਗ ਪੈਣ ਨਾਲ ਕੰਨ ਦਾ ਪਰਦਾ ਫਟ ਸਕਦਾ ਹੈ। ਇਸ ਲਈ ਜਿੰਨਾ ਹੋ ਸਕੇ, ਪੱਕੇ ਰੰਗਾਂ ਤੇ ਸਪਰੇਅ ਆਦਿ ਤੋਂ ਦੂਰ ਰਹੋ। ਸਿੰਥੈਟਿਕ ਰੰਗਾਂ ਨਾਲ ਚਮੜੀ 'ਤੇ ਕਈ ਬੁਰੇ ਪ੍ਰਭਾਵ ਪੈਂਦੇ ਹਨ। ਚਮੜੀ ਨੂੰ ਰੰਗਾਂ ਤੋਂ ਬਚਾਉਣ ਲਈ ਹੋਲੀ ਖੇਡਦੇ ਸਮੇਂ ਪੂਰੀਆਂ ਬਾਹਾਂ ਦੇ ਕੱਪੜੇ ਹੀ ਪਾਓ।

ਅਣਜਾਣ ਵਿਅਕਤੀ ਨਾਲ ਨਾ ਖੇਡੋ ਹੋਲੀ

ਹੋਲੀ ਦਾ ਤਿਉਹਾਰ ਜਾਣ-ਪਛਾਣ ਵਾਲੇ ਲੋਕਾਂ ਨਾਲ ਹੀ ਮਨਾਉਣਾ ਚਾਹੀਦਾ ਹੈ। ਹੋਲੀ ਉਸ ਨਾਲ ਖੇਡੋ, ਜੋ ਤੁਹਾਡਾ ਕਰੀਬੀ ਹੈ। ਕਿਸੇ ਅਨਜਾਣ ਜਾਂ ਰਾਹ ਜਾਂਦੇ ਵਿਅਕਤੀ 'ਤੇ ਰੰਗ, ਗੁਬਾਰੇ ਜਾਂ ਕੋਈ ਹੋਰ ਪਦਾਰਥ ਨਾ ਪਾਓ। ਹੋ ਸਕਦਾ ਹੈ ਕਿ ਉਸ ਨੂੰ ਇਨ੍ਹਾਂ ਚੀਜ਼ਾਂ ਤੋਂ ਐਲਰਜੀ ਹੋਵੇ ਜਾਂ ਉਹ ਕਿਸੇ ਜ਼ਰੂਰੀ ਕੰਮ ਜਾ ਰਿਹਾ ਹੋਵੇ। ਇਕ ਛੋਟੀ ਜਿਹੀ ਗ਼ਲਤੀ ਕਿਸੇ ਦੇ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ।

ਖਾਣੇ ਨੂੰ ਰੰਗਾਂ ਤੋਂ ਬਚਾਓ

ਹੋਲੀ ਦੇ ਦਿਨ ਮਿਠਾਈ ਖਾ ਕੇ ਹੀ ਤਿਉਹਾਰ ਮਨਾਇਆ ਜਾਂਦਾ ਹੈ ਪਰ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮਿਠਾਈ ਜਾਂ ਕੁਝ ਖਾਣ ਸਮੇਂ ਰੰਗ ਸਾਡੇ ਮੂੰਹ ਵਿਚ ਨਾ ਜਾਵੇ। ਇਸ ਨਾਲ ਪੇਟ ਦਰਦ ਤੇ ਪੇਟ ਸਬੰਧੀ ਕਈ ਹੋਰ ਸਮੱਸਿਆਵਾਂ ਹੋਣ ਦਾ ਖ਼ਤਰਾ ਰਹਿੰਦਾ ਹੈ। ਚੰਗੀ ਤਰ੍ਹਾਂ ਹੱਥ ਧੋ ਕੇ ਹੀ ਕੁਝ ਖਾਣਾ ਚਾਹੀਦਾ ਹੈ।

ਪਾਣੀ ਦੀ ਕਰੋ ਬੱਚਤ

ਬੱਚਿਆਂ ਦੇ ਮਨੋਰੰਜਨ ਨੂੰ ਧਿਆਨ ਵਿਚ ਰੱਖਦਿਆਂ ਬਾਜ਼ਾਰ 'ਚ ਵੱਖ-ਵੱਖ ਤਰ੍ਹਾਂ ਦੀਆਂ ਪਿਚਕਾਰੀਆਂ ਮੌਜੂਦ ਹੁੰਦੀਆਂ ਹਨ। ਇਹ ਪਿਚਕਾਰੀਆਂ ਬੱਚਿਆਂ ਦੀ ਖਿੱਚ ਦਾ ਮੁੱਖ ਕੇਂਦਰ ਹੁੰਦੀਆਂ ਹਨ। ਇਹ ਛੋਟੀਆਂ ਜਾਂ ਵੱਖ-ਵੱਖ ਆਕਾਰ ਦੀਆਂ ਹੁੰਦੀਆਂ ਹਨ। ਬੱਚਿਆਂ ਦੇ ਮਨੋਰੰਜਨ ਲਈ ਰਹਿੰਦੀ ਕਸਰ ਚਾਈਨਜ਼ ਗੁਬਾਰੇ ਪੂਰੀ ਕਰ ਦਿੰਦੇ ਹਨ, ਜਿਨ੍ਹਾਂ ਨੂੰ ਇਕ-ਦੂਜੇ ਉੱਪਰ ਸੁੱਟ ਕੇ ਬੱਚੇ ਖ਼ੁਸ਼ੀ ਮਹਿਸੂਸ ਕਰਦੇ ਹਨ। ਇਨ੍ਹਾਂ ਚੀਜ਼ਾਂ ਨਾਲ ਜਿਥੇ ਪਾਣੀ ਦੀ ਬਰਬਾਦੀ ਤਾਂ ਹੁੰਦੀ ਹੀ ਹੈ ਉੱਥੇ ਸਾਡਾ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ। ਪਾਣੀ ਨਾਲ ਜ਼ਿਆਦਾ ਖੇਡਣ ਕਰਕੇ ਅਸੀਂ ਬਿਮਾਰ ਹੋ ਸਕਦੇ ਹਾਂ। ਇਸ ਲਈ ਜਿੱਥੋਂ ਤਕ ਸੰਭਵ ਹੋਵੇ ਪਾਣੀ ਦੀ ਬੱਚਤ ਕਰੋ। ਸੁੱਕੀ ਜਾਂ ਫੁੱਲਾਂ ਨਾਲ ਹੋਲੀ ਖੇਡਣ ਨੂੰ ਤਰਜੀਹ ਦੇਵੋ।

ਹੋਲੀ ਦੀ ਕਹਾਣੀ

ਇਕ ਦੁਸ਼ਟ ਰਾਜੇ ਹਿਰਣਯਕਸ਼ਪ ਨੂੰ ਆਪਣੀਆਂ ਸ਼ਕਤੀਆਂ ਦਾ ਬਹੁਤ ਹੰਕਾਰ ਸੀ। ਉਹ ਖ਼ੁਦ ਨੂੰ ਦੁਨੀਆ 'ਚ ਸਭ ਤੋਂ ਸ਼ਕਤੀਸ਼ਾਲੀ ਸਮਝਦਾ ਸੀ ਤੇ ਹਰ ਕਿਸੇ ਨੂੰ ਆਪਣੀ ਪੂਜਾ ਕਰਨ ਦਾ ਹੁਕਮ ਦਿੰਦਾ ਸੀ। ਉਸ ਦਾ ਆਪਣਾ ਪੁੱਤਰ ਪ੍ਰਹਿਲਾਦ ਭਗਵਾਨ ਵਿਸ਼ਨੂੰ ਜੀ ਦਾ ਭਗਤ ਸੀ। ਇਸ ਗੱਲ 'ਤੇ ਰਾਜਾ ਹਿਰਣਯਕਸ਼ਪ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਪ੍ਰਹਿਲਾਦ ਨੂੰ ਇਸ ਗੱਲ ਤੋਂ ਕਈ ਵਰ ਵਰਜਿਆ ਪਰ ਜਦ ਪ੍ਰਹਿਲਾਦ ਪਭੂ ਭਗਤੀ ਤੋਂ ਨਾਲ ਮੁੜਿਆਂ ਤਾਂ ਉਸ ਤੋਂ ਛੁਟਕਾਰਾ ਪਾਉਣ ਲਈ ਰਾਜੇ ਨੇ ਆਪਣੀ ਭੈਣ ਹੋਲਿਕਾ ਪਾਸੋਂ ਮਦਦ ਮੰਗੀ। ਹੋਲਿਕਾ ਕੋਲ ਇਕ ਅਦੁੱਤੀ ਸ਼ਕਤੀ ਸੀ ਕਿ ਉਹ ਅੱਗ ਤੋਂ ਆਪਣਾ ਬਚਾਅ ਕਰ ਸਕਦੀ ਸੀ। ਉਹ ਪ੍ਰਹਿਲਾਦ ਨੂੰ ਨਾਲ ਲੈ ਕੇ ਅੱਗ ਵਿਚ ਬੈਠ ਗਈ। ਪ੍ਰਹਿਲਾਦ ਲਗਾਤਾਰ ਭਗਵਾਨ ਵਿਸ਼ਨੂੰ ਜੀ ਦੀ ਭਗਤੀ ਕਰਦਾ ਰਿਹਾ ਸੀ, ਜਿਸ ਕਰਕੇ ਉਹ ਬਚ ਗਿਆ ਤੇ ਹੋਲਿਕਾ ਅੱਗ 'ਚ ਸੜ ਕੇ ਮਰ ਗਈ। ਬਾਅਦ ਵਿਚ ਭਗਵਾਨ ਵਿਸ਼ਨੂੰ ਨੇ ਨਰਸਿੰਘ ਅਵਤਾਰ ਧਾਰ ਕੇ ਹਿਰਣਯਕਸ਼ਪ ਦਾ ਅੰਤ ਕੀਤਾ। ਇਸੇ ਦਿਨ ਤੋਂ ਹੋਲਿਕਾ ਦਹਿਨ ਕਰ ਕੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ ਮਹੱਲਾ

ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਹੋਲੀ ਤੋਂ ਅਗਲੇ ਦਿਨ ਅਨੰਦਪੁਰ ਸਾਹਿਬ 'ਚ ਕੇਸਗੜ੍ਹ ਸਾਹਿਬ ਦੇ ਸਥਾਨ 'ਤੇ ਇਕ ਮੇਲਾ ਭਰਦਾ ਹੈ, ਜਿਸ ਨੂੰ 'ਹੋਲਾ ਮਹੱਲਾ' ਕਹਿੰਦੇ ਹਨ। ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਸੰਮਤ 1757 ਚੇਤ ਦੀ ਇਕ ਤਰੀਕ ਨੂੰ ਰੱਖਿਆ। ਉਨ੍ਹਾਂ ਨੇ ਖ਼ਾਲਸੇ ਨੂੰ ਸਸ਼ਤਰ-ਵਿੱਦਿਆ ਤੇ ਯੁੱਧ-ਕਲਾ 'ਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ ਉਨ੍ਹਾਂ ਵਿਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸ਼ੇ। ਉਦੋਂ ਤੋਂ ਹਰ ਸਾਲ ਅਨੰਦਪੁਰ 'ਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਿਆ।

Posted By: Harjinder Sodhi