ਆਪਣਾ ਹੋਮਵਰਕ ਪੂਰਾ ਕਰਨ 'ਚ ਅਕਸਰ ਤੁਹਾਨੂੰ ਮੰਮੀ ਜਾਂ ਪਾਪਾ ਦੀ ਮਦਦ ਲੈਣੀ ਪੈਂਦੀ ਹੋਵੇਗੀ। ਕਈ ਵਾਰ ਮੰਮੀ-ਪਾਪਾ ਕਿਸੇ ਕੰਮ 'ਚ ਰੁੱਝੇ ਹੁੰਦੇ ਹਨ, ਤਾਂ ਤੁਹਾਨੂੰ ਹੋਮਵਰਕ ਪੂਰਾ ਕਰਨ 'ਚ ਪਰੇਸ਼ਾਨੀ ਆਉਂਦੀ ਹੋਵੇਗੀ। ਜੇ ਉਸ ਪਰੇਸ਼ਾਨੀ ਸਮੇਂ ਕੋਈ ਤੁਹਾਡੀ ਮਦਦ ਕਰ ਦੇਵੇ ਤਾਂ ਕਿੰਨਾ ਮਜ਼ਾ ਆਵੇਗਾ। ਕਈ ਅਜਿਹੇ ਐਪਸ ਹਨ, ਜੋ ਹੋਮਵਰਕ ਪੂਰਾ ਕਰਨ 'ਚ ਤੁਹਾਡੀ ਮਦਦ ਕਰ ਸਕਦੇ ਹਨ। ਇਹ ਐਪਸ ਗੂਗਲ ਪਲੇਅ ਸਟੋਰ 'ਤੇ ਮੁਫ਼ਤ ਉਪਲੱਬਧ ਹਨ।

ਆਈ ਸਟੱਡੀਜ਼ ਪ੍ਰੋ-ਪਲਾਨਰ

ਛੁੱਟੀਆਂ 'ਚ ਹੋਮਵਰਕ ਨੂੰ ਸਹੀ ਢੰਗ ਨਾਲ ਪੂਰਾ ਕਰਨ ਲਈ ਡੇ-ਪਲਾਨ ਕਰਨਾ ਸਭ ਤੋਂ ਅਹਿਮ ਕੰਮ ਹੁੰਦਾ ਹੈ। ਉਸ ਵਾਸਤੇ ਇਹ ਸਭ ਤੋਂ ਫ਼ਾਇਦੇਮੰਦ ਤੇ ਬਿਹਤਰ ਐਪ ਹੈ। ਇਸ ਵਿਚ ਤੁਸੀਂ ਆਪਣੀ ਰੁਟੀਨ ਬਣਾ ਸਕਦੇ ਹੋ, ਨਾਲ ਹੀ ਆਪਣਾ ਹੋਮਵਰਕ ਕਰਨ ਤੋਂ ਲੈ ਕੇ ਆਨਲਾਈਨ ਕਲਾਸਾਂ ਤੇ ਪੈਂਡਿੰਗ ਪਈਆਂ ਅਸਾਈਨਮੈਂਟਸ ਵੀ ਦੇਖ ਸਕਦੇ ਹੋ। ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਫਰੀ ਗ੍ਰਾਫਿਕ ਕੈਲਕੁਲੇਟਰ

ਇਹ ਕੈਲਕੁਲੇਸ਼ਨ ਨਾਲ ਸਬੰਧਤ ਅਜਿਹੀਆਂ ਸਾਰੀਆਂ ਸਮੱਸਿਆਵਾਂ ਸੁਲਝਾਉਂਦਾ ਹੈ, ਜੋ ਆਮ ਕੈਲਕੁਲੇਟਰ ਨਾਲ ਹੱਲ ਨਹੀਂ ਕੀਤੀਆਂ ਜਾ ਸਕਦੀਆਂ, ਜਿਵੇਂ ਸਕਵਾਇਰ ਰੂਟ ਤੋਂ ਲੈ ਕੇ ਕਿਊਬ ਰੂਟ, ਨੈਚੂਰਲ ਲਾਗ ਆਦਿ। ਇਸ ਤੋਂ ਇਲਾਵਾ ਮੁਸ਼ਕਲ ਤੋਂ ਮੁਸ਼ਕਲ ਗ੍ਰਾਫ ਬਣਾਉਣ 'ਚ ਵੀ ਇਹ ਕਾਫ਼ੀ ਮਦਦਗਾਰ ਹੈ। ਇਹ ਕੈਲਕੁਲੇਟਰ ਵਿਦਿਆਰਥੀਆਂ ਲਈ ਇਸੇ ਕਰਕੇ ਅਹਿਮ ਹੈ। ਇਹ ਐਪ ਐਂਡਰਾਇਡ ਫੋਨਾਂ ਲਈ ਮੁਫ਼ਤ ਉਪਲੱਬਧ ਹੈ।

ਫਲੈਸ਼ ਕਾਰਡਜ਼ ਡੀਲਕਸ

ਇਸ ਐਪ ਦੀ ਮਦਦ ਨਾਲ ਤੁਸੀਂ ਜੋ ਵੀ ਵਿਸ਼ਾ ਪੜ੍ਹਨਾ ਚਾਹੁੰਦੇ ਹੋ, ਉਹ ਪੜ੍ਹ ਸਕਦੇ ਹੋ। ਇਸ 'ਚ ਦੋ ਸਮਾਰਟ ਸਟੱਡੀਜ਼ ਹਨ, ਜੋ ਫਲੈਸ਼ ਕਾਰ 'ਤੇ ਫੋਕਸ ਕਰਦੇ ਹਨ। ਇਸ 'ਚ ਸਪੈਲਿੰਗ ਟੈਸਟ ਤੋਂ ਲੈ ਕੇ ਮਲਟੀਪਲ ਚੁਆਇਸ ਜਿਹੇ ਬਦਲ ਵੀ ਹਨ। ਇਸ ਤੋਂ ਇਲਾਵਾ ਪੜ੍ਹਾਈ ਦੌਰਾਨ ਕਿਸੇ ਸਵਾਲ ਦੇ ਹੱਲ ਲਈ ਇਸ 'ਚ ਤਿੰਨ ਬਦਲ ਹਨ, ਜਿਵੇਂ ਰਾਂਗ, ਆਈ ਕਾਈਂਡ ਆਫ ਨੋ ਅਤੇ ਆਈ ਨੋ ਰਿਅਲੀ ਵੈੱਲ।

ਆਫਿਸ ਲੈਂਜ਼

ਇਹ ਐਪ ਇਕ ਸਕੈਨਰ ਦੀ ਤਰ੍ਹਾਂ ਕੰਮ ਕਰਦਾ ਹੈ, ਜਿਸ ਜ਼ਰੀਏ ਤੁਸੀਂ ਕਲਾਸ 'ਚ ਕੀਤੇ ਗਏ ਕੰਮ ਅਤੇ ਨੋਟਸ ਨੂੰ ਸਕੈਨ ਅਤੇ ਸ਼ੇਅਰ ਕਰ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਜੇ ਤੁਸੀਂ ਆਫਲਾਈਨ ਹੋ ਤਦ ਵੀ ਇਸ ਦੀ ਮਦਦ ਨਾਲ ਬਲੈਕ ਬੋਰਡ ਜਾਂ ਵ੍ਹਾਈਟ ਬੋਰਡ 'ਤੇ ਲਿਖੇ ਨੋਟਸ ਦੀ ਫੋਟੋ ਖਿੱਚ ਸਕਦੇ ਹੋ। ਇਹ ਐਪਸ ਤੁਹਾਡੇ ਪੂਰੇ ਕੰਮ ਨੂੰ ਢੁੱਕਵੇਂ ਤਰੀਕੇ ਨਾਲ ਰੱਖਦਾ ਹੈ। ਇਸ ਨੂੰ ਵੀ ਤੁਸੀਂ ਪਲੇਅ ਸਟੋਰ ਤੋਂ ਮੁਫ਼ਤ ਡਾਊਨਲੋਡ ਕਰ ਸਕਦੇ ਹੋ।

ਮਾਈ ਹੋਮਵਰਕ ਪਲਾਨਰ

ਇਸ ਐਪ ਦੀ ਮਦਦ ਨਾਲ ਤੁਸੀਂ ਸਕੂਲ ਦੀ ਰੁਟੀਨ ਤੋਂ ਲੈ ਕੇ ਕਲਾਸ ਵਰਕ ਅਤੇ ਹੋਮਵਰਕ ਤਕ ਦਾ ਸਾਰਾ ਰਿਕਾਰਡ ਰੱਖ ਸਕਦੇ ਹੋ। ਇਸ ਦੇ ਨਾਲ ਹੀ ਇਸ 'ਚ ਟੈਸਟ ਅਤੇ ਪ੍ਰੀਖਿਆ ਨਾਲ ਸਬੰਧਤ ਰਿਮਾਈਂਡਰ ਵੀ ਲਾਇਆ ਜਾ ਸਕਦਾ ਹੈ। ਇਸ ਐਪ ਐਂਡਰਾਇਡ ਫੋਨ ਲਈ ਮੁਫ਼ਤ 'ਚ ਉਪਲੱਬਧ ਹੈ।

Posted By: Harjinder Sodhi