ਪਿਆਰੇ ਬੱਚਿਓ! ਸਾਲ 2019 ਖ਼ਤਮ ਹੋਣ ਲੱਗਾ ਹੈ ਤੇ ਕੁਝ ਘੰਟਿਆਂ ਬਾਅਦ ਅਸੀਂ ਨਵੇਂ ਸਾਲ 'ਚ ਪ੍ਰਵੇਸ਼ ਕਰ ਲਵਾਂਗੇ। ਤੁਸੀਂ ਸਾਰੇ ਆਪਣੇ-ਆਪਣੇ ਤਰੀਕੇ ਨਾਲ ਨਵੇਂ ਸਾਲ ਦਾ ਸਵਾਗਤ ਜ਼ਰੂਰ ਕਰਦੇ ਹੋਵੋਗੇ। ਬੀਤੇ ਸਾਲ ਵਾਂਗ ਇਸ ਵਾਰ ਵੀ ਤੁਹਾਡੇ ਵੱਲੋਂ ਨਵੇਂ ਸਾਲ 'ਚ ਕੁਝ ਨਵੇਂ ਸੰਕਲਪ ਲੈਣ ਦੀ ਯੋਜਨਾ ਹੋਵੇਗੀ। ਨਵੇਂ ਸਾਲ ਦੀ ਬਿਹਤਰ ਸ਼ੁਰੂਆਤ ਕਰ ਕੇ ਤੁਸੀਂ ਆਉਣ ਵਾਲੇ ਸਾਲ ਨੂੰ ਯਾਦਗਾਰੀ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਥੋੜ੍ਹੀ ਜਿਹੀ ਪਲਾਨਿੰਗ ਤੇ ਟੀਮ ਵਰਕ ਦੀ ਜ਼ਰੂਰਤ ਹੋਵੇਗੀ।

ਸਭ ਦੀ ਸਾਂਝੀਦਾਰੀ

ਸਭ ਤੋਂ ਪਹਿਲਾਂ ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਤੁਸੀਂ ਆਪਣੇ ਕਿਨ੍ਹਾਂ-ਕਿਨ੍ਹਾਂ ਦੋਸਤਾਂ ਨਾਲ ਪਾਰਟੀ ਸੈਲੀਬਰੇਟ ਕਰਨੀ ਚਾਹੁੰਦੇ ਹੋ। ਪਾਰਟੀ ਦੇ ਪ੍ਰਬੰਧਾਂ ਤੇ ਖਾਣ-ਪੀਣ 'ਤੇ ਆਉਣ ਵਾਲੇ ਖ਼ਰਚ ਦਾ ਇਕ ਅੰਦਾਜ਼ਾ ਲਾਉਣਾ ਪਵੇਗਾ, ਜਿਸ ਲਈ ਸਾਰੇ ਦੋਸਤਾਂ ਨੂੰ ਸਾਂਝੀਦਾਰੀ ਕਰਨੀ ਹੋਵੇਗੀ। ਪਾਰਟੀ ਦਾ ਮਜ਼ਾ ਉਦੋਂ ਹੀ ਆਉਂਦਾ ਹੈ, ਜਦੋਂ ਸਭ ਦਾ ਬਰਾਬਰ ਹਿੱਸਾ ਹੋਵੇ।

ਸਿਹਤ ਦਾ ਰੱਖੋ ਧਿਆਨ

ਆਪਣੇ ਦੋਸਤਾਂ ਦੀ ਸਲਾਹ ਨਾਲ ਪਾਰਟੀ ਸੈਲੀਬਰੇਟ ਕਰਨ ਦੀ ਜਗ੍ਹਾ ਚੁਣੋ। ਕਿਸੇ ਦੇ ਘਰ ਨੂੰ ਚੁਣਨ ਦੀ ਬਜਾਏ ਕਿਸੇ ਰੈਸਟੋਰੈਂਟ, ਕਮਿਊਨਿਟੀ ਹਾਲ, ਸਪੋਰਟਸ ਕੰਪਲੈਕਸ, ਪਾਰਕ ਜਾਂ ਗਰਾਊਂਡ 'ਚ ਨਵੇਂ ਸਾਲ ਦੀ ਪਾਰਟੀ ਮਨਾ ਸਕਦੇ ਹੋ। ਠੰਢ ਦੇ ਮੌਸਮ ਨੂੰ ਦੇਖਦਿਆਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਪਾਰਟੀ ਵਾਲੀ ਜਗ੍ਹਾ ਉੱਪਰੋਂ ਪੂਰੀ ਤਰ੍ਹਾਂ ਬੰਦ ਹੋਵੇ, ਨਹੀਂ ਤਾਂ ਪਾਰਟੀ ਦੇ ਚੱਕਰ 'ਚ ਤੁਸੀਂ ਬਿਮਾਰ ਹੋ ਸਕਦੇ ਹੋ। ਜੇ ਘਰ ਫੋਲਡਿੰਗ ਜਾਂ ਪਲਾਸਟਿਕ ਦੇ ਮੇਜ਼-ਕੁਰਸੀਆਂ ਵਾਧੂ ਹਨ ਤਾਂ ਇਨ੍ਹਾਂ ਨੂੰ ਵਰਤੋਂ ਵਾਸਤੇ ਪਾਰਟੀ ਵਾਲੀ ਜਗ੍ਹਾ ਲਿਜਾ ਸਕਦੇ ਹੋ। ਡਸਟਬੀਨ ਜਾਂ ਵੱਡੇ ਪਾਲੀਥੀਨ ਦਾ ਪ੍ਰਬੰਧ ਕਰੋ ਤਾਂ ਕਿ ਗੰਦਗੀ ਨਾ ਫੈਲੇ। ਜਿੱਥੋਂ ਤਕ ਸਜਾਵਟ ਦੀ ਗੱਲ ਹੈ ਤਾਂ ਅੱਜ-ਕੱਲ੍ਹ ਬਾਜ਼ਾਰ ਵਿੱਚੋਂ ਕ੍ਰਿਸਟਲ ਬਾਲ, ਹੀਲੀਅਮ ਬੈਲੂਨ, ਰੰਗ-ਬਿਰੰਗੀਆਂ ਲੜੀਆਂ ਆਦਿ ਸਾਮਾਨ ਆਸਾਨੀ ਨਾਲ ਮਿਲ ਜਾਂਦਾ ਹੈ। ਸਾਰੇ ਦੋਸਤ ਮਿਲ ਕੇ ਪਾਰਟੀ ਦੀ ਸਜਾਵਟ ਕਰੋ। ਇਕ ਵੱਡੇ ਬੈਲੂਨ 'ਚ ਟਾਫੀਆਂ ਭਰ ਕੇ ਕੇਕ ਵਾਲੇ ਟੇਬਲ 'ਤੇ ਲਗਾਓ, ਜਿਸ ਨੂੰ ਈਅਰ ਕਾਊਂਟ ਡਾਊਨ (ਰਾਤ 12 ਵਜੇ) ਪੂਰਾ ਹੋਣ 'ਤੇ ਤੁਸੀਂ ਤੋੜ ਸਕੋ। ਇਸ ਤੋਂ ਬਾਅਦ ਜਸ਼ਨ ਮਨਾਓ।

Posted By: Harjinder Sodhi