ਮਿਹਨਤ ਤੇ ਲਗਨ ਨਾਲ ਹੀ ਕਿਸਮਤ ਬਣਾਈ ਜਾ ਸਕਦੀ ਹੈ। ਕਿਸਮਤ ਵਿਅਕਤੀ ਨੂੰ ਖ਼ੁਦ ਬਣਾਉਣੀ ਪੈਂਦੀ ਹੈ। ਆਲਸੀ ਤੇ ਸੁਸਤ ਲੋਕ ਅਕਸਰ ਮਿਹਨਤ ਕਰਨ ਵਾਲੇ ਦੀਆਂ ਪ੍ਰਾਪਤੀਆਂ ਨੂੰ ਕਿਸਮਤ ਨਾਲ ਜੋੜ ਦਿੰਦੇ ਹਨ। ਜੇ ਕੋਈ ਸਫਲ ਜਾਂ ਅਸਫਲ ਹੋ ਜਾਂਦਾ ਹੈ ਤਾਂ ਉਸ ਨੂੰ ਵੀ ਕਿਸਮਤ ਦਾ ਫਲ ਸਮਝਿਆ ਜਾਂਦਾ ਹੈ, ਜਦੋਂਕਿ ਉਹ ਮਿਹਨਤ ਦਾ ਫਲ ਹੁੰਦਾ ਹੈ। ਅੱਜ-ਕੱਲ੍ਹ ਦੇ ਨੌਜਵਾਨ ਵੀ ਕਿਸਮਤ ’ਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸਫਲਤਾ ਦੀ ਪ੍ਰਾਪਤੀ ਲਈ ਮਿਹਨਤ ਤੋਂ ਜ਼ਿਆਦਾ ਲੋੜ ਕਿਸਮਤ ਦੀ ਹੁੰਦੀ ਹੈ। ਇਸੇ ਸੋਚ ’ਚ ਹੀ ਉਹ ਆਪਣੇ ਜੀਵਨ ਦਾ ਕੀਮਤੀ ਸਮਾਂ ਗੁਆ ਲੈਂਦੇ ਹਨ ਤੇ ਫਿਰ ਨਿਰਾਸ਼ਾ ’ਚ ਚਲੇ ਜਾਂਦੇ ਹਨ। ਸਫਲਤਾ ਪ੍ਰਾਪਤੀ ਲਈ ਕਿਸਮਤ ਦਾ ਸਾਥ ਜ਼ਰੂਰੀ ਹੈ ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਤਪ ਕੇ ਹੀ ਸੋਨਾ ਕੁੰਦਨ ਬਣਦਾ ਹੈ।

ਕਦੇ ਧੋਖਾ ਨਹੀਂ ਦਿੰਦੀ ਮਿਹਨਤ

ਕਿਸਮਤ ਵੀ ਮਿਹਨਤ ਕਰਨ ਵਾਲਿਆਂ ਦਾ ਹੀ ਸਾਥ ਦਿੰਦੀ ਹੈ। ਜਦੋਂ ਮਿਹਨਤ ਹੱਦ ਤੋਂ ਵੱਧ ਜਾਂਦੀ ਹੈ ਤਾਂ ਕਿਸਮਤ ਦਾ ਰੁਖ ਵੀ ਮੋੜ ਦਿੰਦੀ ਹੈ। ਥਾਮਸ ਐਡੀਸਨ ਤੇ ਇਬਰਾਹਿਮ ਲਿੰਕਨ ਅਜਿਹੇ ਲੋਕਾਂ ’ਚੋਂ ਸਨ, ਜਿਨ੍ਹਾਂ ਨੇ ਮਿਹਨਤ ਦੇ ਸਹਾਰੇ ਆਪਣੀਆਂ ਅਸਫਲਤਾਵਾਂ ਨੂੰ ਸਫਲਤਾਵਾਂ ’ਚ ਬਦਲਿਆ। ਮਿਹਨਤੀ ਵਿਅਕਤੀ ਵਾਰ-ਵਾਰ ਕੋਸ਼ਿਸ਼ ਕਰਦੇ ਹਨ ਤੇ ਅਖ਼ੀਰ ਸਫਲ ਹੰਦੇ ਹਨ। ਇਨਸਾਨ ਨੂੰ ਕਿਸਮਤ ਧੋਖਾ ਦੇ ਸਕਦੀ ਹੈ ਪਰ ਮਿਹਨਤ ਕਦੇ ਧੋਖਾ ਨਹੀਂ ਦਿੰਦੀ। ਸਿਆਣੇ ਕਹਿੰਦੇ ਹਨ ਕਿ ਮਿਹਨਤ ਕਰ ਕੇ ਜੋ ਭੁੱਖ ਲੱਗਦੀ ਆ ਤੇ ਰੋਟੀ ਖਾਣ ਦਾ ਜੋ ਸੁਆਦ ਆਉਂਦਾ ਹੈ, ਉਹ ਕਦੇ ਵਿਹਲੜ ਬੰਦੇ ਨੂੰ ਨਹੀਂ ਆ ਸਕਦਾ।

ਗੁਣਾਂ ਦੀ ਖਾਨ ਹੁੰਦੇ ਹਨ ਮਿਹਨਤੀ ਵਿਅਕਤੀ

ਕਮਜ਼ੋਰ ਲੋਕ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਕਿਸਮਤ ਦਾ ਆਸਰਾ ਲੈਂਦੇ ਹਨ, ਕਿਸਮਤ ਨੂੰ ਕੋਸਦੇ ਹਨ। ਮਿਹਨਤੀ ਲੋਕ ਆਪਣੀਆਂ ਨਾਕਾਮੀਆਂ ਦੀ ਜ਼ਿੰਮੇਵਾਰੀ ਖ਼ੁਦ ਚੁੱਕਦੇ ਹਨ ਤੇ ਉਨ੍ਹਾਂ ਤੋਂ ਸਿੱਖ ਕੇ ਦੁਬਾਰਾ ਕੋਸ਼ਿਸ਼ ਕਰਦੇ ਹਨ। ਜਿੰਨੀ ਜ਼ਿਆਦਾ ਮਿਹਨਤ ਕੀਤੀ ਜਾਵੇ, ਉਸ ਦਾ ਫਲ ਓਨਾ ਹੀ ਮਿੱਠਾ ਹੁੰਦਾ ਹੈ। ਇਹ ਬਿਲਕੁਲ ਸਹੀ ਹੈ ਕਿ ਮਾੜੀ ਕਿਸਮਤ ਦਾ ਮੁਕਾਬਲਾ ਸਿਰਫ਼ ਇਕ ਹੀ ਚੀਜ਼ ਨਾਲ ਹੋ ਸਕਦਾ ਹੈ ਤੇ ਉਹ ਚੀਜ਼ ਹੈ ਸਖ਼ਤ ਮਿਹਨਤ। ਮਿਹਨਤੀ ਵਿਅਕਤੀ ਗੁਣਾਂ ਦੀ ਖਾਨ ਹੁੰਦੇ ਹਨ। ਜੇ ਜ਼ਿੰਦਗੀ ਬੇਰੰਗ ਜਾਪਦੀ ਹੈ ਤਾਂ ਮਿਹਨਤ ਕਰੋ, ਕਿਉਂਕਿ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਹਰ ਮਿਹਨਤੀ ਵਿਅਕਤੀ ਪੈਸੇ ਦੀ ਕਦਰ, ਮਿਹਨਤਕਸ਼ ਲੋਕਾਂ ਦੀ ਇੱਜ਼ਤ, ਸਮੇਂ ਦੀ ਕਦਰ ਕਰਨਾ ਜਾਣਦਾ ਹੈ। ਕਿਸਮਤ ਖ਼ਾਲੀ ਵਰਕੇ ਵਾਂਗ ਹੁੰਦੀ ਹੈ, ਭਰਨੀ ਤਾਂ ਆਪਣੀ ਮਿਹਨਤ ਨਾਲ ਪੈਂਦੀ ਹੈ।

ਖ਼ੁਦ ’ਤੇ ਕਰੋਗੇ ਮਾਣ

ਸਾਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ, ਫਿਰ ਭਾਵੇਂ ਉਹ ਪੜ੍ਹਾਈ ਹੋਵੇ, ਖੇਡਾਂ ਹੋਣ ਜਾਂ ਕੋਈ ਹੋਰ ਖੇਤਰ। ਤੁਸੀਂ ਸੁਣਿਆ ਵੀ ਹੋਵੇਗਾ ਕਿ ਸਖ਼ਤ ਮਿਹਨਤ ਦਾ ਕੋਈ ਬਦਲ ਨਹੀਂ ਹੈ, ਇਸ ਲਈ ਕਦੇ ਵੀ ਮਿਹਨਤ ਕਰਨ ਤੋਂ ਪਿੱਛੇ ਨਾ ਹਟੋ। ਯਾਦ ਰੱਖੋ ਕਿ ਜਿੰਨਾ ਵੱਡਾ ਸੰਘਰਸ਼ ਹੋਵੇਗਾ, ਜਿੱਤ ਓਨੀ ਹੀ ਸ਼ਾਨਦਾਰ ਹੋਵੇਗੀ। ਮਿਹਨਤ ਦੀ ਭੱਠੀ ’ਚ ਖ਼ੁਦ ਨੂੰ ਤਪਾਉਣਾ ਪੈਂਦਾ ਹੈ ਤਾਂ ਕਿਤੇ ਜਾ ਕੇ ਮਿਹਨਤ ਦਾ ਫਲ ਝੋਲੀ ਪੈਂਦਾ ਹੈ। ਸੱਚਾਈ, ਇਮਾਨਦਾਰੀ ਤੇ ਸਖ਼ਤ ਮਿਹਨਤ ਤੋਂ ਕਦੇ ਵੀ ਮੂੰਹ ਨਾ ਫੇਰੋ, ਸੱਚ ਜਾਣਿਓ ਇਕ ਦਿਨ ਤੁਸੀਂ ਖ਼ੁਦ ’ਤੇ ਮਾਣ ਮਹਿਸੂਸ ਕਰੋਗੇ।

Posted By: Harjinder Sodhi