ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ£

ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ£

ਗੁਰਬਾਣੀ ਦੇ ਇਨ੍ਹਾਂ ਪਵਿੱਤਰ ਸ਼ਬਦਾਂ ਨੂੰ ਪੜ੍ਹਦਿਆਂ ਸਾਡੇ ਜ਼ਿਹਨ 'ਚ ਇਕ ਤਸਵੀਰ ਪ੍ਰਗਟ ਹੁੰਦੀ ਹੈ, ਜਿਸ ਦੇ ਦਰਸ਼ਨਾਂ ਨਾਲ ਸਾਡਾ ਤਨ, ਮਨ ਤੇ ਆਤਮਾ ਪਵਿੱਤਰ ਹੋ ਜਾਂਦੀ ਹੈ। ਉਹ ਤਸਵੀਰ ਹੈ ਸਰਬੱਤ ਸੰਸਾਰ ਨੂੰ ਤਾਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ। ਗੁਰੂ ਸਾਹਿਬ ਦਾ ਪ੍ਰਕਾਸ਼ 1469 ਈ. ਨੂੰ ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਖੇ ਮਹਿਤਾ ਕਾਲੂ ਦੇ ਘਰ ਹੋਇਆ। ਗੁਰੂ ਸਾਹਿਬ ਨੇ ਦੁਨੀਆ 'ਚ ਜ਼ੁਲਮਾਂ ਦੇ ਵੱਧ ਰਹੇ ਹਨੇਰੇ ਨੂੰ ਭਲਾਈ ਦੇ ਚਾਨਣ ਨਾਲ ਖ਼ਤਮ ਕੀਤਾ। ਉਨ੍ਹਾਂ ਨੇ ਦੁਨੀਆ ਨੂੰ ਕਿਰਤ ਕਰਨ, ਨਾਮ ਜੱਪਣ ਤੇ ਵੰਡ ਛਕਣ ਦੀ ਸਿੱਖਿਆ ਦਿੱਤੀ। ਗੁਰੂ ਜੀ ਨੇ ਸਭ ਧਰਮਾਂ ਤੋਂ ਉੱਪਰ ਉੱਠ ਕੇ ਕੇਵਲ ਇਨਸਾਨੀਅਤ ਨੂੰ ਅਪਨਾਉਣ ਦਾ ਉਪਦੇਸ਼ ਦਿੱਤਾ।

ਵਿੱਦਿਆ

ਸੱਤ ਸਾਲਾਂ ਦੀ ਉਮਰ 'ਚ ਗੁਰੂ ਨਾਨਕ ਦੇਵ ਜੀ ਨੂੰ ਗੋਪਾਲ ਪੰਡਤ ਕੋਲ ਪੜ੍ਹਨ ਲਈ ਭੇਜਿਆ ਗਿਆ, ਜਿਸ ਪਾਸੋਂ ਆਪ ਜੀ ਨੇ ਹਿੰਦੀ ਭਾਸ਼ਾ ਦਾ ਗਿਆਨ ਹਾਸਿਲ ਕੀਤਾ। 13 ਸਾਲਾਂ ਦੀ ਉਮਰ 'ਚ ਆਪ ਜੀ ਨੂੰ ਫ਼ਾਰਸੀ ਦੀ ਪੜ੍ਹਾਈ ਲਈ ਮੌਲਵੀ ਕੁਤਬਦੀਨ ਕੋਲ ਪੜ੍ਹਨ ਲਈ ਭੇਜਿਆ ਗਿਆ। ਸੰਸਕ੍ਰਿਤ ਭਾਸ਼ਾ ਦਾ ਗਿਆਨ ਆਪ ਨੇ ਪੰਡਤ ਬ੍ਰਿਜ ਲਾਲ ਪਾਸੋਂ ਪ੍ਰਾਪਤ ਕੀਤਾ। ਗੁਰੂ ਜੀ ਵਿੱਦਿਆ ਪ੍ਰਾਪਤੀ 'ਚ ਹੋਰ ਸਭ ਬੱਚਿਆਂ ਨਾਲੋਂ ਹੁਸ਼ਿਆਰ ਸਨ। ਇਸ ਦੇ ਨਾਲ-ਨਾਲ ਆਪ ਜੀ ਆਪਣੇ ਉਸਤਾਦਾਂ ਨਾਲ ਪ੍ਰਭੂ ਤੇ ਧਰਮ ਬਾਰੇ ਚਰਚਾ ਕਰਦੇ ਰਹਿੰਦੇ ਸਨ। ਆਪ ਦੇ ਅਧਿਆਪਕ ਜਦੋਂ ਆਪ ਜੀ ਪਾਸੋਂ ਛੋਟੀ ਉਮਰ 'ਚ ਹੀ ਇੰਨੇ ਗੰਭੀਰ ਵਿਚਾਰ ਸੁਣਦੇ ਤਾਂ ਆਪ ਦੇ ਰੋਸ਼ਨ-ਦਿਮਾਗ਼ੀ ਅੱਗੇ ਸੀਸ ਝੁਕਾ ਦਿੰਦੇ। ਇਨ੍ਹਾਂ ਗੁਣਾਂ ਕਰਕੇ ਹੀ ਗੁਰੂ ਜੀ ਤਲਵੰਡੀ ਨਿਵਾਸੀਆਂ 'ਚ ਹਰਮਨ ਪਿਆਰੇ ਹੋ ਗਏ।

ਜਨੇਊ ਦੀ ਰਸਮ

ਗੁਰੂ ਨਾਨਕ ਦੇਵ ਜੀ ਜਦੋਂ ਦਸ ਸਾਲਾਂ ਦੇ ਹੋਏ ਤਾਂ ਮਾਤਾ-ਪਿਤਾ ਨੇ ਆਪ ਨੂੰ ਜਨੇਊ ਪੁਆਉਣ ਦੀ ਸੋਚੀ, ਕਿਉਂਕਿ ਬ੍ਰਾਹਮਣ ਧਰਮ ਅਨੁਸਾਰ ਤਿੰਨ ਵਰਣਾਂ ਦੇ ਲੋਕਾਂ ਨੂੰ ਜਨੇਊ ਧਾਰਨ ਕਰਨਾ ਬਹੁਤ ਜ਼ਰੂਰੀ ਦੱਸਿਆ ਗਿਆ ਹੈ। ਹਿੰਦੂ ਮਤ ਅਨੁਸਾਰ ਕਿਹਾ ਜਾਂਦਾ ਸੀ ਕਿ ਜਨੇਊ ਧਾਰਨ ਨਾਲ ਮਨੁੱਖ ਦਾ ਆਤਮਕ ਜਨਮ ਹੁੰਦਾ ਹੈ ਤੇ ਉਹ ਹਿੰਦੂ ਧਰਮ ਅੰਦਰ ਪ੍ਰਵੇਸ਼ ਕਰਦਾ ਹੈ।

ਇਸ ਸਮੇਂ ਆਪ ਦੇ ਮਾਪਿਆਂ ਵੱਲੋਂ ਸਾਰੇ ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ ਤੇ ਤਲਵੰਡੀ ਦੇ ਪਤਵੰਤਿਆਂ ਨੂੰ ਸੱਦਿਆ ਗਿਆ। ਪੁਰੋਹਿਤ ਪੰਡਤ ਹਰਦਿਆਲ ਨੂੰ ਜਨੇਊ ਦੀ ਰਸਮ ਲਈ ਬੁਲਾਇਆ ਗਿਆ। ਪੰਡਤ ਜੀ ਨੇ ਸ਼ਾਸਤਰਾਂ ਦੀ ਰਹੁ-ਰੀਤ ਆਰੰਭ ਕੀਤੀ। ਦੇਵ ਪੂਜਾ, ਗ੍ਰਹਿ ਪੂਜਾ ਆਦਿ ਕਰਨ ਮਗਰੋਂ ਹੱਥ 'ਚ ਜਨੇਊ ਲੈ ਕੇ ਉਹ ਗੁਰੂ ਦੇ ਗਲ 'ਚ ਪਾਉਣ ਲਈ ਤਿਆਰ ਹੋ ਗਿਆ ਪਰ ਗੁਰੂ ਜੀ ਨੇ ਉਸ ਦਾ ਹੱਥ ਫੜ ਲਿਆ ਤੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਮਾਤਾ-ਪਿਤਾ ਤੇ ਹੋਰ ਰਿਸ਼ਤੇਦਾਰਾਂ ਨੇ ਬਥੇਰਾ ਸਮਝਾਇਆ ਕਿ ਸ਼ਾਸਤਰਾਂ ਦੀ ਰਹੁ-ਰੀਤੀ ਦੀ ਪਾਲਣਾ ਬਹੁਤ ਜ਼ਰੂਰੀ ਹੈ ਤੇ ਵੱਡੇ-ਵਡੇਰਿਆਂ ਦੀ ਚਲਾਈ ਹੋਈ ਧਰਮ-ਰੀਤੀ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਗੁਰੂ ਜੀ ਬੜੀ ਦਲੇਰੀ ਨਾਲ ਆਪਣੇ ਵਿਚਾਰਾਂ 'ਤੇ ਅਟੱਲ ਰਹੇ ਅਤੇ 'ਜਨੇਊ' ਜਾਂ 'ਜੰਞੂ' ਨਾ ਪੁਆਇਆ। ਸਗੋਂ ਆਪ ਨੇ ਪੰਡਤ ਨੂੰ ਉਪਦੇਸ਼ ਦਿੱਤਾ ਕਿ ਜਨੇਊ ਪਾਉਣ ਦਾ ਮਨੁੱਖ ਦੀ ਆਤਮਾ ਨੂੰ ਕੋਈ ਲਾਭ ਨਹੀਂ, ਇਸ ਦੀ ਥਾਂ 'ਤੇ ਮਨੁੱਖ ਨੂੰ ਪ੍ਰਭੂ ਪਿਆਰ ਤੇ ਸਦਾਚਾਰਕ ਗੁਣਾਂ ਦਯਾ, ਸੰਤੋਖ, ਉੱਚੇ-ਸੁੱਚੇ ਕਿਰਦਾਰ ਦਾ ਮਾਲਕ ਬਣਨਾ ਚਾਹੀਦਾ ਹੈ, ਤਾਂ ਹੀ ਮਨੁੱਖ ਦੀ ਆਤਮਾ ਪਵਿੱਤਰ ਹੋ ਸਕਦੀ ਹੈ ਤੇ ਉਹ ਸੱਚਾ ਧਰਮੀ ਅਖਵਾ ਸਕਦਾ ਹੈ।

ਗੁਰੂ ਨਾਨਕ ਦੇਵ ਜੀ ਦੀ ਬਾਲ ਲੀਲ੍ਹਾ

ਮੱਝਾਂ ਚਾਰਨ ਦੀ ਸਾਖੀ : ਗੁਰੂ ਨਾਨਕ ਦੇਵ ਜੀ ਨੂੰ ਇਕ ਵਾਰ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਨੇ ਕਿਹਾ ਕਿ ਉਹ ਬਾਹਰ ਖੇਤਾਂ 'ਚ ਮੱਝਾਂ ਚਾਰ ਲਿਆਵੇ, ਤਾਂ ਜੋ ਘਰੋਂ ਬਾਹਰ ਜਾਣ ਨਾਲ ਉਨ੍ਹਾਂ ਦਾ ਮਨ ਵੀ ਪ੍ਰਸੰਨ ਰਹੇਗਾ ਤੇ ਮੱਝਾਂ ਵੀ ਆਪਣੀ ਭੁੱਖ ਮਿਟਾ ਆਉਣਗੀਆਂ। ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਜਿਵੇਂ ਉਨ੍ਹਾਂ ਨੂੰ ਹੁਕਮ ਕਰਨਗੇ ਉਹ ਉਸੇ ਤਰ੍ਹਾਂ ਹੀ ਕਾਰਜ ਕਰਨਗੇ। ਫਿਰ ਦੂਜੇ ਦਿਨ ਸਵੇਰੇ-ਸਵੇਰੇ ਮਾਤਾ ਜੀ ਉਨ੍ਹਾਂ ਨੂੰ ਖਾਣ ਲਈ ਲੜ 'ਚ ਕੁਝ ਬੰਨ੍ਹ ਦਿੰਦੇ ਤੇ ਗੁਰੂ ਜੀ ਮੱਝਾਂ ਦੇ ਰੱਸੇ ਖੋਲ੍ਹ ਕੇ ਉਨ੍ਹਾਂ ਨੂੰ ਚਰਾਉਣ ਵਾਸਤੇ ਲੈ ਗਏ। ਗੁਰੂ ਜੀ ਮੱਝਾਂ ਨੂੰ ਚਰਨ 'ਚ ਮਗਨ ਦੇਖ ਕੇ ਇਕ ਸੁੰਦਰ ਸਥਾਨ 'ਤੇ ਬੈਠ ਕੇ ਸਮਾਧੀ 'ਚ ਲੀਨ ਹੋ ਗਏ ਤੇ ਪਰਾਮਤਮਾ ਦੀ ਬੰਦਗੀ ਕਰਨ ਲੱਗੇ। ਇੰਨੇ ਨੂੰ ਮੱਝਾਂ ਚਰਦੀਆਂ ਹੋਈਆਂ ਇਕ ਹਰੀ ਭਰੀ ਫ਼ਸਲ ਦੇਖ ਕੇ ਉਸ 'ਚ ਚਰਨ ਲਈ ਜਾ ਵੜੀਆਂ। ਇੰਨੇ ਨੂੰ ਖੇਤ ਦਾ ਮਾਲਕ ਆ ਗਿਆ ਤੇ ਗੁਰੂ ਜੀ ਨਾਲ ਬੁਰਾ ਭਲਾ ਬੋਲਣ ਲੱਗਿਆ ਪਰ ਗੁਰੂ ਜੀ ਸ਼ਾਂਤ ਚਿੱਤ ਰਹੇ ਤੇ ਕਹਿਣ ਲੱਗੇ, 'ਤੇਰੀ ਫ਼ਸਲ 'ਚ ਹੋਰ ਵੀ ਬਰਕਤ ਹੋਵੇਗੀ।' ਇਹ ਘਟਨਾ ਕਿਸਾਨ ਵੱਲੋਂ ਕੀਤੇ ਝਗੜੇ ਦੇ ਰੂਪ 'ਚ ਰਾਇ ਬੁਲਾਰ ਕੋਲ ਪਹੁੰਚ ਗਈ, ਜਿਥੇ ਉਹ ਕਿਸਾਨ ਅਜੇ ਵੀ ਆਪਣੀ ਫ਼ਸਲ ਦੇ ਉਜਾੜੇ ਬਾਰੇ ਹੀ ਬੋਲ ਰਿਹਾ ਸੀ।

ਇਸ ਸਾਰੀ ਘਟਨਾ ਬਾਰੇ ਰਾਇ ਬੁਲਾਰ ਨੇ ਮਹਿਤਾ ਕਾਲੂ ਨੂੰ ਦੱਸਿਆ ਕਿ ਇਸ ਕਿਸਾਨ ਦੀ ਫ਼ਸਲ ਦੇ ਉਜਾੜੇ ਦਾ ਹਰਜ਼ਾਨਾ ਭਰਨਾ ਪਵੇਗਾ। ਇਸ 'ਤੇ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਖ਼ੁਦ ਜਾ ਕੇ ਦੇਖਣ ਨੂੰ ਕਿਹਾ। ਜਦੋਂ ਸਭ ਨੇ ਫ਼ਸਲ ਜਾ ਕੇ ਦੇਖੀ ਤਾਂ ਉਹ ਫ਼ਸਲ ਪੂਰੀ ਖ਼ੁਸ਼ਹਾਲੀ ਦੀ ਹਾਲਤ 'ਚ ਸੀ ਤੇ ਕੋਈ ਵੀ ਨੁਕਸਾਨ ਨਹੀਂ ਹੋਇਆ ਸੀ। ਇਸ 'ਤੇ ਰਾਇ ਬੁਲਾਰ ਨੇ ਕਿਸਾਨ ਨੂੰ ਝੂਠਾ ਕੀਤਾ ਤੇ ਗੁਰੂ ਨਾਨਕ ਨਾਨਕ ਦੇਵ ਜੀ ਦੇ ਇਸ ਕੌਤਕ ਦੀ ਸਾਰੇ ਪਾਸੇ ਜੈ-ਜੈਕਾਰ ਹੋ ਗਈ।

ਸਾਖੀ ਸੱਚੇ ਸੌਦੇ ਵਾਲੀ : ਇਕ ਦਿਨ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਘਰ 'ਚ ਬੈਠੇ ਦੇਖ ਕੇ ਕਿਹਾ ਕਿ ਉਹ ਕੋਈ ਕਾਰੋਬਾਰ ਕਰਨ, ਭਾਵ ਕੋਈ ਐਸਾ ਵਪਾਰ ਕਰਨ, ਜਿਸ 'ਚ ਕੋਈ ਮਾਇਕ ਲਾਭ ਪ੍ਰਾਪਤ ਹੋਵੇ। ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂÎ ਦੇ ਪਿਤਾ ਨੇ ਇਸ ਕਾਰਜ ਲਈ ਵੀਹ ਰੁਪਏ ਦਿੱਤੇ ਤੇ ਗੁਰੂ ਨਾਨਕ ਦੇਵ ਜੀ ਨੂੰ ਕੋਈ ਸੱਚਾ ਸੌਦਾ ਕਰ ਕੇ ਆਉਣ ਲਈ ਕਿਹਾ। ਗੁਰੂ ਜੀ ਪਿਤਾ ਦੇ ਹੁਕਮ ਨੂੰ ਮੰਨਦੇ ਹੋਏ ਭਾਈ ਬਾਲਾ ਨੂੰ ਨਾਲ ਲੈ ਕੇ ਵਪਾਰ ਕਰਨ ਲਈ ਤੁਰ ਪਏ। ਇਸ ਨਾਲ ਪਿਤਾ ਮਹਿਤਾ ਕਾਲੂ ਦਾ ਮਨ ਬਹੁਤ ਪ੍ਰਸੰਨ ਹੋਇਆ ਕਿ ਉਸ ਦਾ ਪੁੱਤਰ ਹੁਣ ਕਿਸੇ ਕੰਮਕਾਰ 'ਚ ਰੁੱਝ ਜਾਵੇਗਾ।

ਜਦੋਂ ਗੁਰੂ ਨਾਨਕ ਦੇਵ ਜੀ ਨੇ ਕੁਝ ਪੈਂਡਾ ਤੈਅ ਕੀਤਾ ਤਾਂ ਰਸਤੇ 'ਚ ਇਕ ਸੰਤ ਸਭਾ ਬੈਠੀ ਹੋਈ ਸੀ, ਜਾਣੀਂ ਕੁਝ ਸਾਧੂ ਬੈਠੇ ਹੋਏ ਸਨ। ਇਹ ਸਾਧੂ ਪਰਮਾਤਮਾ ਦੀ ਬੰਦਗੀ ਵੀ ਕਰ ਰਹੇ ਸਨ। ਇਹ ਸਭ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਨੂੰ ਕਿਹਾ ਕਿ ਇਸ ਨਾਲੋਂ ਖ਼ਰਾ ਸੌਦਾ ਕੋਈ ਹੋਰ ਨਹੀਂ ਹੋ ਸਕਦਾ। ਜਨਮ ਸਾਖੀ ਭਾਈ ਬਾਲਾ ਮੁਤਾਬਿਕ ਇਨ੍ਹਾਂ ਸਾਧੂਆਂ ਨਾਲ ਗੁਰੂ ਜੀ ਦੀ ਪਰਮਾਰਥਕ ਗੱਲਬਾਤ ਵੀ ਹੋਈ ਸੀ। ਭਾਈ ਬਾਲਾ ਗੁਰੂ ਜੀ ਦੇ ਹੁਕਮ ਨੂੰ ਮੰਨਦਾ ਹੋਇਆ ਇਨ੍ਹਾਂ ਸਾਧੂਆਂ ਲਈ ਰਸਦ ਪਾਣੀ, ਯਾਨੀ ਭੋਜਨ ਦਾ ਪ੍ਰਬੰਧ ਕਰ ਲਿਆਇਆ। ਸਾਧੂਆਂ ਨੂੰ ਜਾਪਦਾ ਸੀ ਕਿ ਜਿਵੇਂ ਪਰਮਾਤਮਾ ਖ਼ੁਦ ਉਨ੍ਹਾਂ ਦੀ ਸਾਰ ਲੈਣ ਤੇ ਭੁੱਖ ਮਿਟਾਉਣ ਲਈ ਆਇਆ ਹੈ।

ਜਦੋਂ ਗੁਰੂ ਨਾਨਕ ਦੇਵ ਜੀ ਵੀਹ ਰੁਪਏ ਸਾਧੂਆਂ ਦੇ ਭੋਜਨ 'ਤੇ ਖ਼ਰਚ ਕਰ ਕੇ ਘਰ ਆਏ ਤਾਂ ਉਨ੍ਹਾਂ ਦੇ ਪਿਤਾ ਨੇ ਪੈਸਿਆਂ ਤੇ ਕੀਤੇ ਵਪਾਰ ਬਾਰੇ ਪੁੱਛਿਆ। ਜਦੋਂ ਗੁਰੂ ਜੀ ਨੇ ਸਾਰੀ ਘਟਨਾ ਦੱਸੀ ਤਾਂ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਉਨ੍ਹਾਂ ਨੂੰ ਬਹੁਤ ਗੁੱਸੇ ਹੋਏ ਤੇ ਉਨ੍ਹਾਂ ਦੇ ਚਪੇੜ ਵੀ ਮਾਰ ਦਿੱਤੀ। ਉਦੋਂ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਉੱਥੇ ਪਹੁੰਚੀ ਤੇ ਉਸ ਨੇ ਪਿਤਾ ਜੀ ਨੂੰ ਮੱਥਾ ਟੇਕਦੇ ਹੋਏ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਨਾਲ ਲਾ ਕੇ ਪਿਆਰ ਕੀਤਾ। ਇਸੇ ਸਮੇਂ ਰਾਇ ਬੁਲਾਰ ਵੀ ਉਥੇ ਪਹੁੰਚ ਗਏ ਤੇ ਸਾਰਾ ਘਟਨਾਕ੍ਰਮ ਦੇਖ ਕੇ ਉਨ੍ਹਾਂ ਦੇ ਮਨ 'ਚ ਵੀ ਬਹੁਤ ਵੈਰਾਗ ਪੈਦਾ ਹੋਇਆ।

ਰਾਇ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਆਖਿਆ ਕਿ ਇਹ ਰੱਬੀ ਰੂਹ ਨੂੰ ਡਾਂਟ ਕੇ ਉਸ ਨੇ ਚੰਗਾ ਨਹੀਂ ਕੀਤਾ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਕੌਤਕਾਂ ਬਾਰੇ ਰਾਇ ਬੁਲਾਰ ਜੀ ਭਲੀਭਾਂਤ ਜਾਣੂ ਸਨ ਕਿ ਇਹ ਖ਼ਰੇ ਸੌਦੇ ਵਾਲੀ ਗੱਲ ਵੀ ਉਨ੍ਹਾਂ ਦਾ ਹੀ ਇਕ ਕੌਤਕ ਸੀ। ਇਸ ਪਿੱਛੋਂ ਗੁਰੂ ਨਾਨਕ ਦੇਵ ਜੀ ਦੀ ਭੈਣ ਉਨ੍ਹਾਂ ਨੂੰ ਆਪਣੇ ਨਾਲ ਸੁਲਤਨਾਪੁਰ ਲੈ ਆਈ।

ਵਿਆਹ ਤੇ ਕਾਰ ਵਿਹਾਰ

ਜਦੋਂ ਗੁਰੂ ਨਾਨਕ ਦੇਵ ਜੀ 18 ਵਰ੍ਹਿਆਂ ਦੇ ਹੋਏ ਤਾਂ ਆਪ ਦੇ ਮਾਤਾ-ਪਿਤਾ ਨੇ ਆਪ ਦਾ ਵਿਆਹ ਬਟਾਲੇ ਦੇ ਬਾਬਾ ਮੂਲ ਚੰਦ ਦੀ ਧੀ ਬੀਬੀ ਸੁਲੱਖਣੀ ਜੀ ਨਾਲ ਕਰ ਦਿੱਤਾ ਗਿਆ। ਆਪ ਜੀ ਦੇ ਘਰ ਦੋ ਸਾਹਿਬਜ਼ਾਦੇ (ਸਪੁੱਤਰ) ਵੱਡੇ ਬਾਬਾ ਸ੍ਰੀਚੰਦ ਤੇ ਛੋਟੇ ਬਾਬਾ ਲਖਮੀ ਦਾਸ ਪੈਦਾ ਹੋਏ।

ਗੁਰੂ ਸਾਹਿਬ ਜਿਥੇ ਪ੍ਰਭੂ ਪ੍ਰੇਮ 'ਚ ਰੰਗੇ ਰਹਿੰਦੇ ਸਨ, ਉਥੇ ਉਪਜੀਵਕਾ ਲਈ ਹੱਥੀਂ ਕਾਰ ਵੀ ਕਰਦੇ ਸਨ। ਜਨਮ ਸਾਖੀਆਂ 'ਚ ਭਾਵੇਂ ਇਸ ਸਬੰਧੀ ਬਹੁਤੇ ਹਵਾਲੇ ਨਹੀਂ ਮਿਲਦੇ ਪਰ 'ਮੱਝੀਆਂ ਚਾਰਨ' ਵਾਲੀ ਸਾਖ਼ੀ ਤੋਂ ਇਹ ਪਤਾ ਲਗਦਾ ਹੈ ਕਿ ਗੁਰੂ ਜੀ ਖੇਤਾਂ 'ਚ ਆਪਣੀ ਫ਼ਸਲ ਦੀ ਰਾਖੀ ਕਰਦੇ ਸਨ ਤੇ ਜਦੋਂ ਕਾਮੇ ਨਾ ਹੋਣ ਤਾਂ ਮਾਲ-ਡੰਗਰ (ਪਸ਼ੂਆਂ, ਮੱਝਾਂ) ਦੀ ਰਾਖੀ ਤੇ ਚਰਾਉਣ ਦਾ ਕੰਮ ਵੀ ਕਰਿਆ ਕਰਦੇ ਸਨ।

ਕਿਰਤ ਕਰਨ, ਨਾਮ ਜੱਪਣ ਤੇ ਵੰਡ ਛਕਣ ਦਾ ਸਿਧਾਂਤ

ਆਪਣੇ ਜੀਵਨ ਦੇ ਮੁੱਢਲੇ ਵਰ੍ਹਿਆਂ ਤੋਂ ਹੀ ਗੁਰੂ ਸਾਹਿਬ ਨੇ ਨੀਵਿਆਂ ਤੇ ਦੱਬੇ-ਕੁਚਲੇ ਲੋਕਾਂ ਨੂੰ ਆਪਣਾ ਸੰਗੀ-ਸਾਥੀ ਬਣਾ ਕੇ ਪਹਾੜਾਂ, ਨਦੀਆਂ, ਜੰਗਲਾਂ ਤੇ ਬੀਆਬਾਨਾਂ 'ਚ ਰੱਬੀ-ਨਾਦ ਸੁਣਾ ਕੇ ਇਕ ਓਅੰਕਾਰ ਦੀ ਧੁਨੀ ਨੂੰ ਦਿੜ੍ਹ ਕਰਵਾਇਆ। ਸਮੁੱਚੇ ਜੀਵਨਕਾਲ ਦੌਰਾਨ ਉਨ੍ਹਾਂ ਨੇ ਕਿਰਤ ਕਰਨ, ਨਾਮ ਜੱਪਣ ਤੇ ਵੰਡ ਛਕਣ ਦੇ ਸਿਧਾਂਤ ਨੂੰ ਪ੍ਰਚਾਰਿਆ ਹੀ ਨਹੀਂ, ਸਗੋਂ ਇਸ 'ਤੇ ਅਮਲ ਕਰ ਕੇ ਦੁਨੀਆ ਸਾਹਵੇਂ ਅਨੋਖੀ ਮਿਸਾਲ ਕਾਇਮ ਕੀਤੀ। ਧਰਤ ਲੋਕਾਈ ਨੂੰ ਸੋਧਣ ਲਈ ਉਨ੍ਹਾਂ ਦੇ ਸਤਿ-ਮਾਰਗ 'ਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਪਰ ਇਸ ਪ੍ਰੀਤ-ਪੈਗੰਬਰ ਨੇ ਖਿੜੇ ਮੱਥੇ ਇਨ੍ਹਾਂ ਦਾ ਮੁਕਾਬਲਾ ਕੀਤਾ।

ਦੱਬੇ-ਕੁਚਲੇ ਲੋਕਾਂ ਦਾ ਸਹਿਯੋਗ

ਗੁਰੂ ਜੀ ਦੇ ਸਮੇਂ 'ਚ ਸਮਾਜ ਚਾਰ ਵਰਣਾਂ ਵਿਚ ਵੰਡਿਆ ਹੋਇਆ ਸੀ, ਜਿਸ 'ਚ ਬ੍ਰਾਹਮਣਾਂ ਨੂੰ ਸਭ ਤੋਂ ਉੱਤਮ ਸਥਾਨ ਅਤੇ ਸ਼ੂਦਰਾਂ ਨੂੰ ਸਭ ਤੋਂ ਨੀਵਾਂ ਸਥਾਨ ਪ੍ਰਾਪਤ ਸੀ ਪਰ ਗੁਰੂ ਜੀ ਨੇ ਆਪਣੇ ਆਪ ਨੂੰ ਨੀਵਿਆਂ ਅਤੇ ਦੱਬੇ-ਕੁਚਲੇ ਲੋਕਾਂ ਦਾ ਸਾਥੀ ਬਣਾਇਆ। ਉਨ੍ਹਾਂ ਦੇ ਪ੍ਰਚਾਰ ਦੌਰਿਆਂ (ਉਦਾਸੀਆਂ) ਵਿਚ ਉਨ੍ਹਾਂ ਦਾ ਸਾਥ ਦੇਣ ਵਾਲਾ ਮਰਦਾਨਾ ਉਸ ਸਮੇਂ ਦੀ ਅਖੌਤੀ ਨੀਵੀਂ ਜਾਤ 'ਚੋਂ ਸੀ। ਇਸ ਦੇ ਨਾਲ-ਨਾਲ ਗੁਰੂ ਜੀ ਨੇ ਭਾਈ ਮਰਦਾਨਾ ਜੀ ਦੇ ਨਾਂ 'ਤੇ ਗੁਰੂ ਗ੍ਰੰਥ ਸਾਹਿਬ 'ਚ ਤਿੰਨ ਸ਼ਲੋਕ ਲਿਖ ਕੇ ਤੇ ਕਿਰਤੀ ਸ਼੍ਰੇਣੀ 'ਚੋਂ ਭਾਈ ਲਾਲੋ ਜੀ ਦਾ ਨਾਂ ਸੱਤ ਵਾਰੀ ਲਿਖ ਕੇ ਇਨ੍ਹਾਂ ਵਿਅਕਤੀਆਂ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ। ਗੁਰੂ ਜੀ ਨੇ ਸਭ ਧਰਮਾਂ ਤੋਂ ਉੱਪਰ ਉੱਠ ਕੇ ਕੇਵਲ ਇਨਸਾਨੀਅਤ ਨੂੰ ਅਪਨਾਉਣ ਦਾ ਉਪਦੇਸ਼ ਦਿੱਤਾ।

ਗੱਦੀ ਦੇ ਵਾਰਿਸ

ਗੁਰੂ ਨਾਨਕ ਦੇਵ ਜੀ ਦੀ ਜੀਵਨੀ ਜਨਮ ਸਾਖੀਆਂ 'ਚ ਅਤੇ ਸੰਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸੰਭਾਲੇ ਹੋਏ ਹਨ। ਉਨ੍ਹਾਂ ਦੀ ਸ਼ਖ਼ਸੀਅਤ ਤੇ ਸਿੱਖਿਆਵਾਂ ਬਾਰੇ ਸਭ ਤੋਂ ਪ੍ਰਮਾਣਿਕ ਤੇ ਸਟੀਕ ਹਵਾਲੇ ਭਾਈ ਗੁਰਦਾਸ ਦੀਆਂ ਵਾਰਾਂ 'ਚ ਮਿਲਦੇ ਹਨ। ਉਨ੍ਹਾਂ ਨੇ ਗੁਰਗੱਦੀ ਦਾ ਵਾਰਿਸ ਆਪਣੇ ਪਰਿਵਾਰਕ ਮੈਂਬਰਾਂ ਜਾਂ ਪੁੱਤਰਾਂÎ ਦੀ ਥਾਂ 'ਤੇ ਭਾਈ ਲਹਿਣਾ ਜੀ ਨੂੰ ਚੁਣਿਆ, ਜੋ ਸਿੱਖ ਜਗਤ 'ਚ ਗੁਰੂ ਅੰਗਦ ਦੇਵ ਜੀ ਵਜੋਂ ਜਾਣੇ ਜਾਂਦੇ ਹਨ।

- ਅਨੀਤਾ ਰਾਣੀ

Posted By: Harjinder Sodhi