ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਧਿਆਪਕਾਂ ਵੱਲੋਂ ਵੱਖ-ਵੱਖ ਜਨਤਕ ਥਾਵਾਂ ’ਤੇ ਸਟਾਲਾਂ ਲਗਾ ਕੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਲਈ ਕਿਤਾਬਾਂ ਦੇ ‘ਲਾਇਬ੍ਰੇਰੀ ਲੰਗਰ’ ਲਗਾਏ ਗਏ ਤੇ ਵਿਦਿਆਰਥੀਆਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ’ਚ ਕਿਤਾਬਾਂ ਪ੍ਰਾਪਤ ਕਰਨ ਲਈ ਬਹੁਤ ਉਤਸ਼ਾਹ ਸੀ। ਸਿੱਖਿਆ ਵਿਭਾਗ ਵੱਲੋਂ ਹਰ ਬੱਚੇ ਦੇ ਹੱਥ ’ਚ ਕਿਤਾਬ ਪਹੁੰਚਾਉਣ ਦੇ ਉਦੇਸ਼ ਨਾਲ ਲਾਇਬ੍ਰੇਰੀ ਲੰਗਰ ਦੀ ਮੁਹਿੰਮ ਆਰੰਭ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ’ਚ ਪੜ੍ਹਨ ਦੀ ਰੁਚੀ ਪੈਦਾ ਹੋ ਸਕੇ ਤੇ ਵਿਦਿਆਰਥੀਆਂ ਨੂੰ ਚੰਗੇ ਸਾਹਿਤ ਨਾਲ ਜੋੜਿਆ ਜਾ ਸਕੇ।

ਹਰ ਮਨੱੁਖ ਲਈ ਜ਼ਰੂਰੀ ਹਨ ਕਿਤਾਬਾਂ

ਸਾਹਿਤਕ ਪੁਸਤਕਾਂ ਪੜ੍ਹਨੀਆਂ ਕੇਵਲ ਬੱਚਿਆਂ, ਅਧਿਆਪਕਾਂ ਲਈ ਹੀ ਨਹੀਂ ਸਗੋਂ ਹਰ ਮਨੁੱਖ ਲਈ ਜ਼ਰੂਰੀ ਹਨ। ਆਪ ਚੁੱਪ ਰਹਿਣ ਵਾਲੀਆਂ ਕਿਤਾਬਾਂ ਉਸ ਨੂੰ ਪੜ੍ਹਨ ਵਾਲੇ ਨੂੰ ਬੋਲਣਾ ਸਿਖਾਉਂਦੀਆਂ ਹਨ, ਮਨੁੱਖ ਨੂੰ ਉਸ ਦੇ ਹੱਕਾਂ ਤੇ ਫ਼ਰਜ਼ਾਂ ਪ੍ਰਤੀ ਚੇਤੰਨ ਰਹਿਣ ਦਾ ਸਬਕ ਪੜ੍ਹਾਉਂਦੀਆਂ ਹਨ। ਇਸ ਲਈ ਆਪਣੇ ਸਰਵਪੱਖੀ ਵਿਕਾਸ ਲਈ ਹਰ ਮਨੁੱਖ ਨੂੰ ਕਿਤਾਬਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ।

ਉਮਰ ਭਰ ਦਿੰਦੀਆਂ ਹਨ ਸਾਥ

ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਮਨੁੱਖ ਦੇ ਗਿਆਨ ’ਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ। ਇਹ ਸਾਡੇ ਵਿਚਾਰਾਂ ਨੂੰ ਬਦਲ ਕੇ ਰੱਖ ਦਿੰਦੀਆਂ ਹਨ। ਕਿਤਾਬਾਂ ਚੰਗੇ ਅਧਿਆਪਕ ਵਾਂਗ ਹੁੰਦੀਆਂ ਹਨ, ਜੋ ਸਾਡਾ ਉਮਰ ਭਰ ਸਾਥ ਦਿੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਸਾਨੂੰ ਜ਼ਿੰਦਗੀ ਜਿਊਣ ਲਈ ਚੰਗੀ ਸੇਧ ਮਿਲਦੀ ਹੈ। ਚੰਗੀਆਂ ਕਿਤਾਬਾਂ ਸਾਨੂੰ ਤਰੋਤਾਜ਼ਾ ਕਰ ਦਿੰਦੀਆਂ ਹਨ।

ਬਣ ਸਕਦੇ ਹੋ ਵਧੀਆ ਲੇਖਕ

ਹਰ ਚੰਗੀ ਕਿਤਾਬ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਜੋ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀ ਹੈ। ਕਿਤਾਬਾਂ ਪੜ੍ਹਨ ਵਾਲਾ ਬੰਦਾ ਕਦੇ ਵੀ ਖ਼ੁਦ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਉਹ ਘਰ ਬੈਠਿਆਂ ਹੀ ਕਿਤਾਬਾਂ ਰਾਹੀਂ ਵਿਦੇਸ਼ਾਂ ਦੀ ਸੈਰ ਕਰ ਲੈਂਦਾ ਹੈ। ਕਿਤਾਬਾਂ ਪੜ੍ਹਨ ਨਾਲ ਤੁਸੀਂ ਇਕ ਵਧੀਆ ਲੇਖਕ ਵੀ ਬਣ ਜਾਂਦੇ ਹੋ। ਇਨ੍ਹਾਂ ਰਾਹੀਂ ਬਹੁਤ ਸਾਰੇ ਵਿਚਾਰ ਦਿਮਾਗ਼ ਵਿਚ ਆਉਂਦੇ ਹਨ। ਵਧੀਆ ਵਿਚਾਰ ਦਿਮਾਗ਼ ’ਚ ਆਉਣ ਨਾਲ ਤੁਸੀਂ ਵਧੀਆ ਲੇਖਕ ਵੀ ਬਣ ਸਕਦੇ ਹੋ।

ਬੱਚਿਆਂ ਨੂੰ ਲਿਜਾਓ ਪੁਸਤਕ ਮੇਲਿਆਂ ’ਚ

ਅਕਸਰ ਆਮ ਪਰਿਵਾਰਾਂ ’ਚ ਦੇਖਿਆ ਜਾਂਦਾ ਹੈ ਕਿ ਘਰ ਵਿਚ ਬਹੁਤ ਚੀਜ਼ਾਂ ਹੁੰਦੀਆਂ ਹਨ ਪਰ ਘਰ ’ਚ ਇਕ ਮਿੰਨੀ ਲਾਇਬ੍ਰੇਰੀ ਤਕ ਨਹੀਂ ਹੁੰਦੀ। ਲਾਕਡਾਊਨ ਦੌਰਾਨ ਬੱਚਿਆਂ ਕੋਲ ਬਹੁਤ ਸਮਾਂ ਸੀ। ਜੇ ਉਹ ਇਹ

ਸਮਾਂ ਚੰਗੀਆਂ ਕਿਤਾਬਾਂ ਪੜ੍ਹਨ ’ਚ ਗੁਜ਼ਾਰਦੇ ਤਾਂ ਉਨ੍ਹਾਂ ਨੂੰ ਇਕੱਲਾਪਣ ਮਹਿਸੂਸ ਨਾ ਹੁੰਦਾ।

ਸੁਣਨ ’ਚ ਵੀ ਆਇਆ ਹੈ ਕਿ ਕਈ ਬੱਚਿਆਂ ਨੇ ਕੋਸ਼ਿਸ਼ ਵੀ ਕੀਤੀ ਹੈ, ਜੇ ਉਹ ਕੋਸ਼ਿਸ਼ ਕਰਨਗੇ ਤਾਂ ਆਪਣੇ ਆਪ ਉਨ੍ਹਾਂ ਦੀ ਕਿਤਾਬਾਂ ਵੱਲ ਦਿਲਚਸਪੀ ਜ਼ਿਆਦਾ ਵਧੇਗੀ। ਮਾਪਿਆਂ ਨੂੰ ਚਾਹੀਦਾ ਹੈ ਕਿ ਜਿੱਥੇ ਵੀ ਪੁਸਤਕ ਮੇਲਾ ਲੱਗਦਾ ਹੈ, ਉਸ ਪੁਸਤਕ ਮੇਲੇ ’ਚ ਆਪਣੇ ਬੱਚਿਆਂ ਨੂੰ ਲੈ ਕੇ ਜਾਣ। ਜਿਹੜੀ ਵੀ ਉੱਥੇ ਪੁਸਤਕ ਪਸੰਦ ਆਉਂਦੀ ਹੈ, ਉਸ ਨੂੰ ਘਰ ਲੈ ਕੇ ਆਉਣ। ਦੇਖਣ ’ਚ ਆਉਂਦਾ ਹੈ ਕਿ ਜੋ ਬੱਚਿਆਂ ਦੇ ਸਿਲੇਬਸ ਵਿਚ ਹੁੰਦਾ ਹੈ, ਬੱਚੇ ਉਹੀ ਕਿਤਾਬਾਂ ਪੜ੍ਹਦੇ ਹਨ। ਲਾਇਬ੍ਰੇਰੀਆਂ ਵਿਚ ਤਾਂ ਬੱਚੇ ਬਿਲਕੁਲ ਵੀ ਨਹੀਂ ਜਾਂਦੇ।

ਮੁਕਾਬਲਾ ਪ੍ਰੀਖਿਆਵਾਂ ’ਚ ਹੰੁਦੀਆਂ ਹਨ ਸਹਾਈ

ਜੋ ਵਿਦਿਆਰਥੀ ਕਿਤਾਬਾਂ ਬਿਲਕੁਲ ਵੀ ਨਹੀਂ ਪੜ੍ਹਦੇ, ਜੇ ਕਿਤੇ ਮੌਕਾ ਉਨ੍ਹਾਂ ਨੂੰ ਮਿਲ ਜਾਵੇ ਕਿ ਤੁਸੀਂ ਪੰਜ ਮਿੰਟ ਬੋਲਣਾ ਹੈ ਤਾਂ ਉਹ ਬੋਲ ਨਹੀਂ ਸਕਦੇ। ਅਜਿਹੇ ਵਿਦਿਆਰਥੀ ਫਿਰ ਮੁਕਾਬਲੇ ਦੀ ਪ੍ਰੀਖਿਆਵਾਂ ਨੂੰ ਵੀ ਪਾਸ ਨਹੀਂ ਕਰ ਸਕਦੇ। ਆਮ ਲਾਇਬ੍ਰੇਰੀਆਂ ’ਚ ਦੇਖਣ ਨੂੰ ਮਿਲਦਾ ਹੈ ਕਿ ਦੱਖਣੀ ਭਾਰਤ ਦੇ ਵਿਦਿਆਰਥੀ ਬਹੁਤ ਸਮਾਂ ਕਿਤਾਬਾਂ ਪੜ੍ਹਨ ਨੂੰ ਦਿੰਦੇ ਹਨ। ਪੂਰੇ ਭਾਰਤ ’ਚ ਦੱਖਣੀ ਭਾਰਤ ਦੇ ਵਿਦਿਆਰਥੀ ਜ਼ਿਆਦਾ ਮਿਹਨਤੀ ਮੰਨੇ ਜਾਂਦੇ ਹਨ।

ਮੁਕਾਬਲਾ ਪ੍ਰੀਖਿਆਵਾਂ ’ਚ ਤਕਰੀਬਨ ਟਾਪਰ ਦੱਖਣੀ ਭਾਰਤ ਦੇ ਵਿਦਿਆਰਥੀ ਹੀ ਹੁੰਦੇ ਹਨ। ਸਾਨੂੰ ਅਜਿਹੇ ਵਿਦਿਆਰਥੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਸਾਡੇ ਵਿਦਿਆਰਥੀਆਂ ਦੀ ਦਿਲਚਸਪੀ ਕਿਤਾਬਾਂ ਵੱਲ ਜ਼ਿਆਦਾ ਹੋਵੇ।

ਕਿਤਾਬਾਂ ਪੜ੍ਹਨ ਦਾ ਘਟ ਰਿਹਾ ਰੁਝਾਨ

ਅਜੋਕੇ ਸਮੇਂ ਤਾਂ ਕਿਤਾਬਾਂ ਪੜ੍ਹਨ ਦੀ ਆਦਤ ਖ਼ਤਮ ਹੋ ਚੁੱਕੀ ਹੈ। ਵਿਦਿਆਰਥੀ ਅੱਜ-ਕੱਲ੍ਹ ਵ੍ਹਟਸਐਪ, ਫੇਸਬੁੱਕ ਜਾਂ ਹੋਰ ਸਾਈਟਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਅੱਜ ਇੰਨੇ ਸਾਧਨ ਹੋਣ ਦੇ ਬਾਵਜੂਦ ਵੀ ਕਿਤਾਬਾਂ ਪੜ੍ਹਨ ਦਾ ਰੁਝਾਨ ਘਟ ਰਿਹਾ ਹੈ। ਜਿਸ ਤਰ੍ਹਾਂ ਆਮ ਕਿਹਾ ਹੀ ਜਾਂਦਾ ਹੈ ਕਿ ਚੋਰ ਚਾਹੇ ਜੋ ਮਰਜ਼ੀ ਚੋਰੀ ਕਰ ਕੇ ਲੈ ਜਾਵੇ ਪਰ ਇਹ ਜੋ ਕਿਤਾਬੀ ਗਿਆਨ ਹੈ, ਇਸ ਨੂੰ ਚੋਰੀ ਨਹੀਂ ਕਰ ਸਕਦਾ। ਜੇ ਮਾਂ-ਬਾਪ ਘਰ ’ਚ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦੇਣਗੇ ਤਾਂ ਉਨ੍ਹਾਂ ਨੂੰ ਦੇਖ ਬੱਚਿਆਂ ’ਚ ਖ਼ੁਦ ਦਿਲਚਸਪੀ ਪੈਦਾ ਹੋਵੇਗੀ।

- ਮਾਸਟਰ ਜਸਵਿੰਦਰ ਸਿੰਘ

Posted By: Harjinder Sodhi