ਗੂਗਲ ਅੱਜ ਆਪਣੀਆਂ ਬਹੁਪੱਖੀ ਸੇਵਾਵਾਂ ਸਦਕਾ ਇੰਟਰਨੈੱਟ/ਤਕਨੀਕੀ ਖੇਤਰ ’ਚ ਵੱਡਾ ਬਰਾਂਡ ਬਣ ਚੁੱਕਿਆ ਹੈ। ਵਰਤਮਾਨ ਸਮੇਂ ਜਦੋਂ ਅਸੀਂ ਇੰਟਰਨੈੱਟ ਦੀ ਗੱਲ ਕਰਦੇ ਹਾਂ ਤਾਂ ਸਾਡੇ ਵਿੱਚੋਂ ਬਹੁਤੇ ਇਨਸਾਨ ਗੂਗਲ ਨੂੰ ਹੀ ਇੰਟਰਨੈੱਟ ਸਮਝ ਲੈਂਦੇ ਹਨ ਪਰ ਅਜਿਹਾ ਸੱਚ ਨਹੀਂ ਹੈ। ਗੂਗਲ ਵਿਸ਼ਵ ਪ੍ਰਸਿੱਧ ਸਰਚ ਇੰਜਣ ਹੈ, ਜੋ ਇੰਟਰਨੈੱਟ ’ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੱਭਣ ਦੇ ਕੰਮ ਆਉਂਦਾ ਹੈ। ਇਸ ਤੋਂ ਬਗ਼ੈਰ ਹੁਣ ਇੰਟਰਨੈੱਟ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸੋਚੋ ਜੇ ਇਕ ਪਲ ਲਈ ਗੂਗਲਐਪਲੀਕੇਸ਼ਨਾਂ ਬੰਦ ਹੋ ਜਾਣ ਤਾਂ ਪੂਰੀ ਦੁਨੀਆ ’ਚ ਹਾਹਾਕਾਰ ਮਚ ਸਕਦੀ ਹੈ। ਅੱਜ ਗੂਗਲ ਦੀ ਗਿਣਤੀ ਐਪਲ, ਅਮੇਜ਼ਨ ਤੇ ਫੇਸਬੁੱਕ ਨਾਲ ਦੁਨੀਆ ਦੀਆਂ ਮਸ਼ਹੂਰ ਕੰਪਨੀਆਂ ’ਚ ਹੁੰਦੀ ਹੈ। ਗੂਗਲ ਸਰਚ ਇੰਜਣ ਦਾ ਇੰਟਰਨੈੱਟ ’ਤੇ ਦਬਦਬਾ ਇਸ ਅੰਕੜੇ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਕੁੱਲ ਸਰਚ ਕੀਤੇ ਜਾਣ ਵਾਲੇ ਡਾਟੇ ’ਚੋਂ 92.18 ਫ਼ੀਸਦੀ ਸਿਰਫ਼ ਗੂਗਲ ’ਤੇ ਸਰਚ ਕੀਤਾ ਜਾਂਦਾ ਹੈ। ਗੂਗਲ ਦੀ ਇਸ ਪ੍ਰਸਿੱਧੀ ਕਾਰਨ ਹੀ 2006 ’ਚ ਗੂਗਲ ਸ਼ਬਦ ਨੂੰ ਆਕਸਫੋਰਡ ਸ਼ਬਦਕੋਸ਼ ’ਚ ਸ਼ਾਮਿਲ ਕੀਤਾ ਗਿਆ।

ਗੂਗਲ ਦੀ ਖੋਜ

ਗੂਗਲ ਦੀ ਖੋਜ ਦੋ ਦੋਸਤਾਂ ਲੈਰੀ ਪੇਜ ਤੇ ਸਰਜੇਈ ਬਿਨ ਨੇ ਸੰਯੁਕਤ ਰੂਪ ’ਚ 4 ਸਤੰਬਰ 1998 ’ਚ ਕੀਤੀ ਪਰ ਗੂਗਲ ਪਿਛਲੇ ਕੁਝ ਸਾਲਾਂ ਤੋਂ ਆਪਣਾ ਜਨਮ ਦਿਨ 27 ਸਤੰਬਰ ਨੂੰ ਮਨਾਉਂਦਾ ਆ ਰਿਹਾ ਹੈ। ਇਹ ਦੋਵੇਂ ਦੋਸਤ ਉਸ ਸਮੇਂ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ’ਚ ਪੀਐੱਚ.ਡੀ ਦੀ ਪੜ੍ਹਾਈ ਕਰ ਰਹੇ ਸਨ। ਇਸ ਦੇ ਖੋਜਕਾਰਾਂ ਨੇ ਪਹਿਲਾਂ ਇਸ ਦਾ ਨਾਂ ‘ਬੈਕਰਬ’ ਰੱਖਿਆ ਸੀ ਪਰ ਉਨ੍ਹਾਂ ਨੂੰ ਇਹ ਨਾਂ ਖ਼ਾਸ ਪਸੰਦ ਨਾ ਆਇਆ। ਫਿਰ ਉਨ੍ਹਾਂ ਵੱਲੋਂ ਇਸ ਮਕਬੂਲ ਸਰਚ ਇੰਜਣ ਦਾ ਨਾਮਕਰਨ ਗਣਿਤ ਦੇ ਸ਼ਬਦ ‘77’ ਤੋਂ ਕੀਤਾ, ਜਿਸ ਦਾ ਅਰਥ 1 ਤੋਂ ਬਾਅਦ 100 ਜ਼ੀਰੋਆਂ ਹੁੰਦਾ ਹੈ। ਉਨ੍ਹਾਂ ਨੇ ਇਹ ਸ਼ਬਦ ਬਹੁਤ ਵੱਡੀ ਮਾਤਰਾ ’ਚ ਜਾਣਕਾਰੀ ਇਕੱਠੀ ਕਰਨ ਤੇ ਪ੍ਰਦਾਨ ਕਰਨ ਦੇ ਲਿਹਾਜ਼ ਨਾਲ ਰੱਖਿਆ ਪਰ ਜਦੋਂ ਇਸ ਦੀ ਇੰਟਰਨੈੱਟ ’ਤੇ ਰਜਿਸਟ੍ਰੇਸ਼ਨ ਕਰਨ ਲੱਗੇ ਤਾਂ 77 ਦੀ ਥਾਂ ਉਨ੍ਹਾਂ ਨੇ ‘775’ ਲਿਖਿਆ ਤੇ ਇਹ ਸ਼ਬਦ ਦੋਵਾਂ ਖੋਜਕਾਰਾਂ ਨੂੰ ਢੁੱਕਵਾਂ ਲੱਗਿਆ। ਇਸ ਤਰ੍ਹਾਂ ‘ਗੂਗਲ’ ਨਾਂ ਹੋਂਦ ’ਚ ਆਇਆ। ‘ਸਨ ਮਾਈਕ੍ਰੋਸਿਸਟਮਜ਼’ ਦੇ ਸਹਿ-ਸੰਸਥਾਪਕ ਐਂਡੀ ਬੈਚਟੋਲਸਾਈਮ ਵੱਲੋਂ ਗੂਗਲ ਨੂੰ ਅਗਸਤ 1998 ’ਚ $1,00,000 ਦਾ ਨਿਵੇਸ਼ ਫੰਡ ਦਿੱਤਾ ਗਿਆ ਸੀ। ਗੂਗਲ ਨੇ 1998 ’ਚ ਤਿੰਨ ਹੋਰ ਨਿਵੇਸ਼ਕਾਂ ਤੋਂ ਪੈਸੇ ਪ੍ਰਾਪਤ ਕੀਤੇ। ਅਮੇਜ਼ਨ ਡਾਟਕਾਮ ਦੇ ਸੰਸਥਾਪਕ ਜੈਫ ਬੇਜੋਸ, ਸਟੈਨਫੋਰਡ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਦੇ ਪ੍ਰੋਫੈਸਰ ਡੇਵਿਡ ਚੈਰੀਟਨ ਅਤੇ ਉੱਦਮੀ ਰਾਮ ਸ੍ਰੀਰਾਮ ਇਨ੍ਹਾਂ ਸ਼ੁਰੂਆਤੀ ਨਿਵੇਸ਼ਕਾਂ, ਦੋਸਤਾਂ ਦੇ ਸਹਿਯੋਗਨਾਲ ਗੂਗਲ ਨੇ ਲਗਭਗ 1,000,000 ਡਾਲਰ ਇਕੱਠੇ ਕੀਤੇ ਤੇ ਮੇਨਲੋ ਪਾਰਕ, ਕੈਲੀਫੋਰਨੀਆ ’ਚ ਆਪਣਾ ਦਫ਼ਤਰ ਖੋਲ੍ਹਿਆ।

ਸੌ ਤੋਂ ਜ਼ਿਆਦਾ ਭਾਸ਼ਾਵਾਂ ’ਚ ਦੇ ਰਿਹਾ ਹੈ ਸੇਵਾਵਾਂ

ਅੱਜ ਗੂਗਲ ਤਕਰੀਬਨ ਸਾਰੀ ਦੁਨੀਆ ’ਚ 100 ਤੋਂ ਜ਼ਿਆਦਾ ਭਾਸ਼ਾਵਾਂ ’ਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਗੂਗਲ ਹੁਣ ਤਕ ਕਈ ਵਿਸ਼ਵ ਪ੍ਰਸਿੱਧ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਤਕਰੀਬਨ 200 ਤੋਂ ਉੱਪਰ ਕੰਪਨੀਆਂ ਨੂੰ ਖ਼ਰੀਦ ਚੁੱਕਿਆ ਹੈ, ਜਿਵੇਂ ਮੋਟੋਰੋਲਾ ਮੋਬਾਈਲਟੀ, ਯੂਟਿਊਬ, ਵੇਜ, ਰੀਕੈਪਚਾ, ਲਾਈਕ.ਕਾਮ, ਪਿਕਾਸਾ ਆਦਿ। ਗੂਗਲ ’ਤੇ ਹਰ ਸਕਿੰਟ ’ਚ ਤਕਰੀਬਨ 90 ਹਜ਼ਾਰ ਤੋਂ ਜ਼ਿਆਦਾ ਸਰਚ ਕੀਤੀਆਂ ਜਾਂਦੀਆਂ ਹਨ।

ਗੂਗਲ ਦਾ ਮੁੱਖ ਦਫ਼ਤਰ ਅਮਰੀਕਾ ਦੇ ਕੈਲੀਫੋਰਨੀਆ ਦੀ ਸੀਲੀਕਾਨ ਵੈਲੀ ’ਚ ਹੈ ਜਿਸ ਨੂੰ ‘ਗੂਗਲਪਲੈਕਸ’ ਦਾ ਨਾਂ ਦਿੱਤਾ ਗਿਆ ਹੈ। ਗੂਗਲ ’ਚ ਮੌਜੂਦਾ ਸਮੇਂ 13,99,950 ਕਰਮਚਾਰੀ ਕੰਮ ਕਰ ਰਹੇ ਹਨ। ਭਾਰਤੀਆਂ ਲਈ ਮਾਣ ਵਾਲੀ ਗੱਲ ਹੈ ਕਿ ਗੂਗਲ ਦਾ ਸੀਈਓ ਇਕ ਭਾਰਤੀ ਹੈ। ਗੂਗਲ ਦੇ ਮੌਜੂਦਾ ਸੀਈਓ ਸੁੰਦਰ ਪਿਚਾਈ ਹਨ, ਜੋ ਭਾਰਤ ਦੇ ਤਾਮਿਲਨਾਡੂ ਸੂਬੇ ਨਾਲ ਸਬੰਧਤ ਹਨ।

ਭਾਰਤ ਵਿਚ 2004 ’ਚ ਸ਼ੁਰੂ ਕੀਤੀਆਂ ਸੇਵਾਵਾਂ

ਗੂਗਲ ਨੇ ਸਾਲ 2010 ’ਚ ‘ਨੈਕਸਸ ਵਨ’ ਨਾਂ ਦਾ ਆਪਣਾ ਪਹਿਲਾ ਐਂਡਰਾਇਡ ਫੋਨ ਵੀ ਲਾਂਚ ਕੀਤਾ। ਭਾਰਤ ’ਚ ਗੂਗਲ ਨੇ ਆਪਣੀਆਂ ਸੇਵਾਵਾਂ 2004 ਤੋਂ ਦੇਣੀਆਂ ਸ਼ੁਰੂ ਕੀਤੀਆਂ ਸਨ।ਇਸ ਦੇ ਮੌਜੂਦਾ ਸਮੇਂ ਤਕਰੀਬਨ ਦੁਨੀਆ ਦੇ ਵੱਖ-ਵੱਖ 50 ਦੇਸ਼ਾਂ ’ਚ 78 ਦਫ਼ਤਰ ਹਨ।ਗੂਗਲ ਨਾਲ ਸਮੇਂ-ਸਮੇਂ ’ਤੇ ਕਈ ਤਰ੍ਹਾਂ ਦੇ ਵਾਦ-ਵਿਵਾਦ ਵੀ ਜੁੜਦੇ ਰਹੇ ਹਨ। ਸ਼ਾਇਦ ਇਸ ਕਰਕੇ ਕਈ ਦੇਸ਼ਾਂ ’ਚ ਇਸ ’ਤੇ ਪਾਬੰਦੀ ਵੀ ਲਗਾਈ ਗਈ ਹੈ। ਚੀਨ ਅਜਿਹਾ ਦੇਸ਼ ਹੈ, ਜਿਸ ਨੇ 2010 ਤੋਂ ਗੂਗਲ ਦੀਆਂ ਤਕਰੀਬਨ ਸਾਰੀਆਂ ਸੇਵਾਵਾਂ ’ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ। ਟੈਕਸ ਤੋਂ ਬਚਣਾ, ਖੋਜ ਨਿਰਪੱਖਤਾ, ਕਾਪੀਰਾਈਟ, ਖੋਜ ਨਤੀਜਿਆਂ ਦੀ ਸੈਂਸਰਸ਼ਿਪ ਤੇ ਸਮੱਗਰੀ, ਗੋਪਨੀਯਤਾ, ਦੂਜਿਆਂ ਦੀ ਬੌਧਿਕ ਸੰਪਤੀ ਦੀ ਵਰਤੋਂ ਵਰਗੇ ਮੁੱਦਿਆਂ ’ਤੇ ਗੂਗਲ ਦੀ ਆਲੋਚਨਾ ਹੁੰਦੀ ਰਹੀ ਹੈ ਤੇ ਪਿਛਲੇ ਸਮੇਂ ’ਚ ਵੱਖ-ਵੱਖ ਅਦਾਲਤਾਂ ਵੱਲੋਂ ਗੂਗਲ ਨੂੰ ਭਾਰੀ ਜੁਰਮਾਨਾ ਵੀ ਲਾਇਆ ਗਿਆ ਹੈ। ਚਿੰਤਾ ਹੈ ਕਿ ਇਸ ਦੇ ਅੰਕੜਿਆਂ ਦਾ ਸੰਗ੍ਰਹਿ ਆਮ ਲੋਕਾਂ ਦੀ ਪ੍ਰਾਈਵੇਸੀ ਲਈ ਵੀ ਵੱਡਾ ਖ਼ਤਰਾ ਹੈ।

ਮੁਹੱਈਆ ਕਰਵਾਉਂਦਾ ਹੈ ਹਰ ਜਾਣਕਾਰੀ

ਜਦੋਂ ਵੀ ਕੋਈ ਨਵੀਂ ਵੈੱਬਸਾਈਟ ਇੰਟਰਨੈੱਟ ’ਤੇ ਸ਼ੁਰੂ ਹੁੰਦੀ ਹੈ ਤਾਂ ਗੂਗਲ ਆਪਣੇ ਪ੍ਰੋਗਰਾਮਿੰਗ ਕੋਡਿੰਗ ਰਾਹੀਂ ਉਸ ਉਪਰ ਪਈ ਸੂਚਨਾ ਇਕੱਠੀ ਕਰ ਕੇ ਆਪਣੇ ਡਾਟਾਬੇਸ ’ਚ ਇਕੱਠਾ ਕਰ ਲੈਂਦਾ ਹੈ ਤੇ ਲੋੜ ਪੈਣ ’ਤੇ ਆਪਣੇ ਯੂਜ਼ਰਜ਼ ਨੂੰ ਮੁਹੱਈਆ ਕਰਵਾਉਂਦਾ ਹੈ। ਤੁਹਾਡੀ ਇੰਟਰਨੈੱਟ ਉਪਰ ਹਰ ਗਤੀਵਿਧੀ ’ਤੇ ਗੂਗਲ ਆਪਣੀ ਗੁੱਝੀ ਅੱਖ ਰੱਖਦਾ ਹੈ ਤੇ ਤੁਹਾਨੂੰ ਉਹੋ ਜਿਹੀ ਹੀ ਸੂਚਨਾ ਮੁਹੱਈਆ ਕਰਵਾਉਂਦਾ ਰਹਿੰਦਾ ਹੈ। ਅੱਜ ਗੂਗਲ ਜ਼ਰੀਏ ਅਸੀਂ ਆਸਾਨੀ ਨਾਲ ਕੋਈ ਵੀ ਸੂਚਨਾ ਪ੍ਰਾਪਤ ਕਰ ਸਕਦੇ ਹਾਂ। ਲੋੜ ਹੈ ਇਨ੍ਹਾਂ ਆਧੁਨਿਕ ਸਹੂਲਤਾਂ ਨੂੰਸਕਾਰਾਤਮਕ ਸੋਚ ਰਾਹੀਂ ਆਪਣੇ ਤੇ ਸਮਾਜ ਦੀ ਬਿਹਤਰੀ ਲਈ ਵਰਤਣ ਦੀ। ਵਿਦਿਆਰਥੀ ਇਨ੍ਹਾਂ ਸਹੂਲਤਾਂ ਦਾ ਸਦਉਪਯੋਗ ਕਰ ਕੇ ਅਤੇ ਪੜ੍ਹਾਈ-ਲਿਖਾਈ ’ਚ ਨਿਪੁੰਨਤਾ ਹਾਸਿਲ ਕਰ ਕੇ ਸੁਨਹਿਰੀ ਭਵਿੱਖ ਦੀ ਨੀਂਹ ਰੱਖ ਸਕਦੇ ਹਨ।

ਵਿਦਿਆਰਥੀਆਂ ਤੇ ਅਧਿਆਪਕਾਂ ਲਈ ਵਰਦਾਨ

ਗੂਗਲ ਦੀਆਂ ਵੱਖ-ਵੱਖ ਸੇਵਾਵਾਂ ’ਚ ਗੂਗਲ ਮੈਪ, ਗੂਗਲ ਕਲਾਸਰੂਮ, ਗੂਗਲ ਸ਼ੀਟਸ, ਗੂਗਲ ਡਾਕਸ, ਗੂਗਲ ਕੈਲੰਡਰ, ਗੂਗਲ ਅਰਥ, ਗੂਗਲ ਕੀਪ, ਗੂਗਲ ਮੀਟ, ਗੂਗਲ ਨਿਊਜ਼, ਗੂਗਲ ਬੁੱਕਸ, ਗੂਗਲ ਟਰਾਂਸਲੇਟ, ਗੂਗਲ ਡਰਾਈਵ, ਗੂਗਲ ਕਰੋਮ, ਗੂਗਲ ਮੇਲ, ਗੂਗਲ ਪੇਅ ਆਦਿ ਦੁਨੀਆ ਦੇ ਬਹੁਤ ਵੱਡੇ ਵਰਗ ਵੱਲੋਂ ਆਮ ਵਰਤੀਆਂ ਜਾਂਦੀਆਂ ਹਨ। ਕੋਰੋਨਾ ਕਾਲ ’ਚ ਵੀ ਇਸ ਦੀਆਂ ਆਨਲਾਈਨ ਸੇਵਾਵਾਂ ਜਿਵੇਂ ਗੂਗਲ ਮੀਟ ਤੇ ਗੂਗਲ ਕਲਾਸਰੂਮ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਵਰਦਾਨ ਸਾਬਿਤ ਹੋਈਆਂ ਹਨ।

- ਜਗਜੀਤ ਸਿੰਘ ਗਣੇਸ਼ਪੁਰ

Posted By: Harjinder Sodhi