ਪਿਆਰੇ ਵਿਦਿਆਰਥੀਓ! ਸਾਡੇ ਘਰਾਂ ’ਚ ਵਾਧੂ ਪਿਆ ਸਾਮਾਨ ਆਮ ਹੀ ਮਿਲ ਜਾਂਦਾ ਹੈ। ਉਸ ਦੀ ਸਿਰਜਣਾਤਮਕ ਵਰਤੋਂ ਕਰ ਕੇ ਅਸੀਂ ਕੁਝ ਨਵਾਂ ਬਣਾ ਸਕਦੇ ਹਾਂ। ਚਲੋ ਅੱਜ ਆਪਾਂ ਖ਼ਾਲੀ ਸ਼ੈਂਪੂ ਦੀ ਬੋਤਲ ਤੋਂ ਸੋਪ ਡਿਸਪੈਂਸਰ ਬਣਾਉਂਦੇ ਹਾਂ।

ਸਾਮਾਨ

ਖ਼ਾਲੀ ਸ਼ੈਂਪੂ ਦੀ ਬੋਤਲ, ਸੈਰਾਮਿਕ ਪਾਊਡਰ, ਫੈਵੀਕੌਲ, ਕਲੇਅ, ਕਾਲਾ, ਨੀਲਾ, ਹਰਾ, ਪੀਲਾ, ਸੰਤਰੀ, ਗੁਲਾਬੀ ਅਤੇ ਗੋਲਡਨ ਅਕਰੈਲਿਕ ਰੰਗ, ਵਾਰਨਿਸ਼ ਆਦਿ।

ਬਣਾਉਣ ਦੀ ਵਿਧੀ

ਖ਼ਾਲੀ ਸ਼ੈਂਪੂ ਦੀ ਬੋਤਲ ’ਤੇ ਬੇਸ ਦੇਣ ਲਈ ਸੈਰਾਮਿਕ ਪਾਊਡਰ ਅਤੇ ਫੈਵੀਕੌਲ ਨੂੰ ਮਿਕਸ ਕਰ ਕੇ ਇਕ ਘੋਲ ਤਿਆਰ ਕਰੋ। ਫਿਰ ਇਸ ਨੂੰ ਬੋਤਲ ’ਤੇ ਬੁਰਸ਼ ਦੀ ਸਹਾਇਤਾ ਨਾਲ ਚਾਰੇ ਪਾਸੇ ਚੰਗੀ ਤਰ੍ਹਾਂ ਲਗਾ ਦਿਉ। ਇਸ ਮਗਰੋਂ ਉਂਗਲ ਨਾਲ ਡੈਪ-ਡੈਪ ਕਰ ਕੇ ਇਕ ਟੈਕਸਚਰ ਦਿਉ। 5-6 ਘੰਟੇ ਸੱੁਕਣ ਤੋਂ ਬਾਅਦ ਇਸ ’ਤੇ ਬਲੈਕ ਅਕਰੈਲਿਕ ਰੰਗ ਕਰੋ।

ਹੁਣ ਕਲੇਅ ਦੀਆਂ ਫੱੁਲ-ਪੱਤੀਆਂ ਬਣਾ ਕੇ ਇਸ ’ਤੇ ਚਿਪਕਾਓ ਅਤੇ ਆਪਣੀ ਪਸੰਦ ਦਾ ਡਿਜ਼ਾਈਨ ਦਿਉ। ਇਸ ਕਲੇਅ ਦੇ ਬਣਾਏ ਡਿਜ਼ਾਈਨ ’ਤੇ ਆਪਣੀ ਪਸੰਦ ਦੇ ਰੰਗ ਕਰੋ, ਜਿਵੇਂ ਉਪਰੋਕਤ ਚਿੱਤਰ ’ਚ ਪੀਲੇ, ਨੀਲੇ ਤੇ ਗੁਲਾਬੀ ਰੰਗ ਫੱੁਲਾਂ ’ਚ ਕੀਤਾ ਗਿਆ ਹੈ ਅਤੇ ਇਕ ਤਿੱਤਲੀ ਵੀ ਬਣਾ ਕੇ ਲਗਾਈ ਗਈ ਹੈ, ਜਿਸ ਨੂੰ ਸੰਤਰੀ ਰੰਗ ਦਿੱਤਾ ਗਿਆ ਹੈ। ਚਮਕ ਦੇਣ ਲਈ ਇਸ ’ਤੇ ਗੋਲਡਨ ਰੰਗ ਉਂਗਲ ’ਤੇ ਲਗਾ ਕੇ ਹਲਕਾ-ਹਲਕਾ ਟੱਚ ਕਰਦਿਆਂ ਹਲਕੀ ਸ਼ੇਡ ਦਿੱਤੀ ਹੈ। ਰੰਗਾਂ ਨੂੰ ਲਾਕ ਕਰਨ ਲਈ ਵਾਰਨਿਸ਼ ਦਾ ਇਕ ਕੋਡ ਕਰ ਦਿਉ।

ਰਾਤ ਭਰ ਸੱੁਕਣ ਲਈ ਰੱਖੋ ਅਤੇ ਹੁਣ ਇਸ ਬੋਤਲ ’ਚ ਲਿਕਵਿਡ ਸੋਪ ਪਾ ਕੇ ਹੱਥ ਧੋਣ ਲਈ ਵਰਤੋ, ਇਹ ਬੋਤਲ ਆਕਰਸ਼ਿਤ ਨਜ਼ਰ ਆਵੇਗੀ। ਬਾਜ਼ਾਰ ਤੋਂ ਮਿਲਦੀਆਂ ਚੀਜ਼ਾਂ ਤੋਂ ਵਧੀਆ ਤੇ ਸੋਹਣੀ ਦਿਖਾਈ ਦੇਵੇਗੀ। ਵੈਸੇ ਵੀ ਹੱਥੀਂ ਬਣਾਈਆਂ ਚੀਜ਼ਾਂ ਦੀ ਗੁਣਵੱਤਾ ਵਧੀਆ ਹੰੁਦੀ ਹੈ।

- ਦਲਜੀਤ ਕਾਲੜਾ

Posted By: Harjinder Sodhi