ਬਚਪਨ ਕਿਸੇ ਵਿਅਕਤੀ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਪੜਾਅ ਹੁੰਦਾ ਹੈ। ਜ਼ਿੰਦਗੀ ਦੀ ਇਸ ਅਵਸਥਾ ਵਿਚ ਧਾਰਨ ਕੀਤੇ ਗਏ ਗੁਣ ਜ਼ਿੰਦਗੀ ਭਰ ਬਰਕਰਾਰ ਰਹਿੰਦੇ ਹਨ। ਬਚਪਨ ਆਦਮੀ ਦੀ ਜ਼ਿੰਦਗੀ ਦਾ ਅਜਿਹਾ ਦੌਰ ਹੁੰਦਾ ਹੈ, ਜਿਸ ਵਿਚ ਚੰਗੀਆਂ ਆਦਤਾਂ ਸਿੱਖ ਕੇ ਅਤੇ ਉੱਚੀਆਂ ਕਦਰਾਂ-ਕੀਮਤਾਂ ਹਾਸਿਲ ਕਰ ਕੇ ਉਹ ਵੱਡੀਆਂ-ਵੱਡੀਆਂ ਮੱਲਾਂ ਮਾਰਦਾ ਹੈ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰ ਸਕਦਾ ਹੈ। ਇਸ ਲਈ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਇਹ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਣ ਦੇ ਨਾਲ-ਨਾਲ ਇਕ ਸਹਿਜ ਅਤੇ ਸੁਖਾਵਾਂ ਵਾਤਾਵਰਨ ਵੀ ਪ੍ਰਦਾਨ ਕਰਨ।

ਮਹਾਨ ਸ਼ਖ਼ਸੀਅਤਾਂ ਤੋਂ ਲਵੋ ਪ੍ਰੇਰਨਾ

ਇਤਿਹਾਸ ਦੀਆਂ ਮਹਾਨ ਸ਼ਖ਼ਸੀਅਤਾਂ ਦੇ ਬਚਪਨ ਉੱਤੇ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਉਨ੍ਹਾਂ ਵੱਲੋਂ ਬਚਪਨ ਵਿਚ ਧਾਰਨ ਕੀਤੀਆਂ ਕਦਰਾਂ-ਕੀਮਤਾਂ ਕਾਰਨ ਹੀ ਉਹ ਚੰਗੇ ਕੰਮ ਕਰ ਸਕੇ ਅਤੇ ਆਪਣਾ ਨਾਂ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਲਿਖਵਾ ਸਕੇ। ਸਵਾਮੀ ਵਿਵੇਕਾਨੰਦ ਦੇ ਮਾਤਾ ਜੋ ਖ਼ੁਦ ਧਾਰਮਿਕ ਖ਼ਿਆਲਾਂ ਵਾਲੇ ਸਨ, ਵੱਲੋਂ ਵਿਵੇਕਾਨੰਦ ਜੀ ਨੂੰ ਚੰਗੇ ਗੁਣਾਂ ਦੀ ਗੁੜ੍ਹਤੀ ਅਤੇ ਤਪ-ਚਿੰਤਨ ਦਾ ਗਿਆਨ ਦੇਣ ਸਦਕਾ ਹੀ ਉਹ ਭਾਰਤ ਦੇ ਉੱਚ ਕੋਟੀ ਦੇ ਦਾਰਸ਼ਨਿਕ ਬਣੇ। ਗੱਲ ਕਰੀਏ ਜੇ ਸੰਸਾਰ ਦੇ ਮਹਾਨ ਨੇਤਾਵਾਂ ਦੀ ਤਾਂ ਇਬਰਾਹਿਮ ਲਿੰਕਨ, ਮਾਰਟਿਨ ਲੂਥਰ ਅਤੇ ਨੇਲਸਨ ਮੰਡੇਲਾ ਅਜਿਹੀਆਂ ਮਹਾਨ ਸ਼ਖ਼ਸੀਅਤਾਂ, ਜਿਨ੍ਹਾਂ ਨੇ ਬਚਪਨ ਵਿਚ ਬੇਹੱਦ ਮੁਸ਼ਕਲ ਹਾਲਾਤਾਂ ਵਿੱਚੋਂ ਲੰਘਣ ਦੇ ਬਾਵਜੂਦ ਉੱਚੀਆਂ ਕਦਰਾਂ-ਕੀਮਤਾਂ ਧਾਰਨ ਕਰ ਕੇ ਜ਼ਿੰਦਗੀ ਵਿਚ ਮਹਾਨ ਕੰਮ ਕੀਤੇ ਅਤੇ ਆਪਣੇ ਨਾਂ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਲਿਖਵਾਏ। ਇਸ ਲਈ ਅਜੋਕੇ ਸਮੇਂ ਦੇ ਮਾਪਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਨੂੰ ਨਿੱਕੀ ਉਮਰੇ ਹੀ ਬੁਰੀਆਂ ਆਦਤਾਂ ਤੋਂ ਦੂਰ ਰੱਖ ਕੇ ਚੰਗੇ ਸੰਸਕਾਰ ਦੇਣ।

ਘਰ ਦਾ ਮਾਹੌਲ ਰੱਖੋ ਸ਼ਾਂਤ ਤੇ ਸੁਖਾਵਾਂ

ਇਹ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਘਰ ਦਾ ਮਾਹੌਲ ਸ਼ਾਂਤ, ਸਾਫ਼-ਸੁਥਰਾ ਅਤੇ ਸੁਖਾਵਾਂ ਰੱਖਿਆ ਜਾਵੇ। ਬੱਚਿਆਂ ਨੂੰ ਚੰਗੇ ਰਾਹੇ ਲਾਉਣ ਲਈ ਮਾਪਿਆਂ ਨੂੰ ਆਪ ਵੀ ਚੰਗੇ ਕੰਮ ਕਰ ਕੇ ਆਪਣੀ ਉਦਾਹਰਨ ਪੇਸ਼ ਕਰਨੀ ਪਵੇਗੀ। ਘਰ ਦੇ ਵੱਡਿਆਂ ਨੂੰ ਸਮਝਣਾ ਪਵੇਗਾ ਕਿ ਬੱਚੇ ਉਹ ਨਹੀਂ ਕਰਦੇ, ਜੋ ਅਸੀਂ ਕਹਿੰਦੇ ਹਾਂ ਸਗੋਂ ਬੱਚੇ ਉਹ ਕਰਦੇ ਹਨ, ਜੋ ਘਰ ਦੇ ਵੱਡੇ ਜੀਆਂ ਨੂੰ ਉਹ ਕਰਦੇ ਵੇਖਦੇ ਹਨ। ਇਕ ਹੋਰ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਮਾਪਿਆਂ ਨੂੰ ਚਾਹੀਦਾ ਕਿ ਉਹ ਆਪਣੇ ਬੱਚਿਆਂ ਦੀ ਤੁਲਨਾ ਦੂਜੇ ਬੱਚਿਆਂ ਨਾਲ ਨਾ ਕਰਨ ਅਤੇ ਨਾ ਹੀ ਬੱਚਿਆਂ ਨੂੰ ਦੂਜੇ ਬੱਚਿਆਂ ਸਾਹਮਣੇ ਝਿੜਕਿਆ ਜਾਵੇ।

ਯੋਗਤਾ ਅਨੁਸਾਰ ਰੱਖੋ ਉਮੀਦ

ਜੇ ਘਰ ਦੇ ਵਿੱਤੀ ਹਾਲਾਤ ਗੁਜ਼ਾਰੇ ਲਾਇਕ ਹੀ ਹਨ ਤਾਂ ਬੱਚਿਆਂ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਅਜਿਹੇ ਸੁਪਨੇ ਨਾ ਵੇਖਣ, ਜੋ ਪੂਰੇ ਨਹੀਂ ਹੋ ਸਕਦੇ। ਸਾਡੇ ਭਾਰਤੀ ਸਮਾਜ ਦੀ ਤ੍ਰਾਸਦੀ ਇਹ ਹੈ ਕਿ ਸਾਰੇ ਹੀ ਬੱਚਿਆਂ ਦੇ ਮਾਪੇ ਬੱਚਿਆਂ ਕੋਲੋਂ ਪੇਪਰਾਂ ’ਚ ਉੱਚੇ ਨੰਬਰਾਂ ਦੀ ਉਮੀਦ ਕਰਦੇ ਹਨ, ਜਦੋਂਕਿ ਹਕੀਕਤ ਇਹ ਹੈ ਕਿ ਕੁਝ ਬੱਚੇ ਪੜ੍ਹਾਈ ਵਿਚ ਚੰਗੇ ਹੁੰਦੇ ਹਨ ਅਤੇ ਦੂਸਰੇ ਕੁਝ ਬੱਚੇ ਕਿਸੇ ਹੋਰ ਖੇਤਰ ਵਿਚ ਵਧੀਆ ਯੋਗਤਾ ਰੱਖਦੇ ਹਨ। ਇਸ ਲਈ ਬੱਚਿਆਂ ਦੀਆਂ ਰੁਚੀਆਂ ਅਤੇ ਯੋਗਤਾ ਅਨੁਸਾਰ ਹੀ ਉਨ੍ਹਾਂ ਕੋਲੋਂ ਉਮੀਦਾਂ ਲਾਉਣੀਆਂ ਚਾਹੀਦੀਆਂ ਹਨ।

ਮਿਲੇ ਉਸਾਰੂ ਤੇ ਖ਼ੁਸ਼ਗਵਾਰ ਮਾਹੌਲ

ਮਾਪਿਆਂ ਦੀ ਬੱਚਿਆਂ ਦੇ ਪਾਲਣ-ਪੋਸ਼ਣ ’ਚ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸੁਚੱਜਾ ਪਰਿਵਾਰਕ ਵਾਤਾਵਰਨ ਦੇਣ ਦੇ ਨਾਲ-ਨਾਲ ਧਿਆਨ ਰੱਖਣ ਕਿ ਉਨ੍ਹਾਂ ਦਾ ਬੱਚਾ ਸਾਫ਼-ਸੁਥਰੇ ਸਮਾਜਿਕ ਵਾਤਾਵਰਨ ਵਿਚ ਵਿਚਰੇ। ਕਿਸੇ ਵੀ ਵਿਅਕਤੀ ਦਾ ਵਿਹਾਰ ਉਸ ਤਰ੍ਹਾਂ ਦਾ ਬਣਦਾ ਹੈ, ਜਿਸ ਤਰ੍ਹਾਂ ਦੀਆਂ ਆਦਤਾਂ ਉਸ ਨੇ ਬਚਪਨ ਵਿਚ ਸਿੱਖੀਆਂ ਹੁੰਦੀਆਂ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਬਚਪਨ ’ਚ ਮਿਲਿਆ ਵਾਤਾਵਰਨ ਅਤੇ ਬਚਪਨ ਦੇ ਤਜਰਬੇ ਆਦਮੀ ਦੀ ਸ਼ਖ਼ਸੀਅਤ ਉੱਤੇ ਵੱਡਾ ਅਸਰ ਪਾਉਂਦੇ ਹਨ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਬੱਚਿਆਂ ਨੂੰ ਘਰ ਅਤੇ ਆਪਣੇ ਆਲੇ-ਦੁਆਲੇ ਉਸਾਰੂ ਅਤੇ ਖ਼ੁਸ਼ਗਵਾਰ ਮਾਹੌਲ ਮਿਲੇ।

- ਅਸ਼ਵਨੀ ਚਤਰਥ

Posted By: Harjinder Sodhi