ਕੇਂਦਰ ਸਰਕਾਰ ਦੀ ‘ਖੇਲੋ ਇੰਡੀਆ’ ਮੁਹਿੰਮ ਤੋਂ ਬਾਅਦ ਸਕੂਲਾਂ-ਕਾਲਜਾਂ ’ਚ ਖੇਡਾਂ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਇਸ ਨਾਲ ਦੇਸ਼ ’ਚ ਖੇਡਾਂ ਲਈ ਹਾਂ-ਪੱਖੀ ਮਾਹੌਲ ਤਿਆਰ ਕਰਨ ’ਚ ਮਦਦ ਮਿਲਦੀ ਹੈ। ਅੱਜ ਜਿਸ ਪਾਸੇ ਵੀ ਨਜ਼ਰ ਮਾਰੋ, ਿਕਟ ਤੋਂ ਲੈ ਕੇ ਬੈਡਮਿੰਟਨ, ਟੈਨਿਸ, ਹਾਕੀ ਜਿਹੀ ਹਰ ਅੰਤਰਰਾਸ਼ਟਰੀ ਖੇਡ ’ਚ ਭਾਰਤੀ ਨੌਜਵਾਨ ਖਿਡਾਰੀਆਂ ਦਾ ਦਬਦਬਾ ਹੈ। ਆਲਮੀ ਖੇਡ ਮੁਕਾਬਲਿਆਂ ’ਚ ਭਾਰਤੀ ਖਿਡਾਰੀਆਂ ਨੂੰ ਮਿਲ ਰਹੀ ਸਫਲਤਾ ਨੂੰ ਦੇਖਦਿਆਂ ਖੇਡਾਂ ’ਚ ਕਰੀਅਰ ਬਣਾਉਣ ਲਈ ਬੱਚਿਆਂ ਤੇ ਨੌਜਵਾਨਾਂ ’ਚ ਰੁਚੀ ਤੇਜ਼ੀ ਨਾਲ ਵੱਧ ਰਹੀ ਹੈ।

ਤੁਸੀਂ ਘਰ ’ਚ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹੋਵੋਗੇ। ਕਈ ਵਾਰ ਆਪਣੇ ਦੋਸਤਾਂ ਵਿਚਕਾਰ ਚੈਂਪੀਅਨ ਵੀ ਬਣੇ ਹੋਵੋਗੇ ਪਰ ਤੁਹਾਡੇ ਵਿੱਚੋਂ ਕਈ ਬੱਚਿਆਂ ਨੂੰ ਖੇਡਾਂ ਦੇ ਅਸਲ ਨਿਯਮਾਂ ਬਾਰੇ ਜਾਣਕਾਰੀ ਨਹੀਂ ਹੰੁਦੀ। ਇਸ ਕਰਕੇ ਕੁਝ ਬੱਚੇ ਸਕੂਲ ਜਾਂ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ’ਚ ਪਿੱਛੇ ਰਹਿ ਜਾਂਦੇ ਹਨ। ਇਸ ਲਈ ਤੁਹਾਡਾ ਜਿਸ ਵੀ ਖੇਡ ’ਚ ਸ਼ੌਕ ਹੈ, ਉਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਕੇਂਦਰ ਸਰਕਾਰ ਨੇ ਇਸ ਵਾਰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਂ ਵੀ ਬਦਲ ਕੇ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਕਰ ਦਿੱਤਾ ਹੈ, ਜੋ ਨਵੀਂ ਖੇਡ ਭਾਵਨਾ ਦਾ ਸੰਚਾਰ ਕਰੇਗਾ।

ਕਿਉਂ ਮਨਾਇਆ ਜਾਂਦਾ ਹੈ ਖੇਡ ਦਿਵਸ

ਰਾਸ਼ਟਰੀ ਖੇਡ ਦਿਵਸ ਹਰ ਸਾਲ 29 ਅਗਸਤ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਮਹਾਨ ਹਾਕੀ ਖਿਡਾਰੀ ਧਿਆਨ ਚੰਦ ਦੇ ਜਨਮ ਦਿਨ ਦੇ ਸਬੰਧ ’ਚ ਮਨਾਇਆ ਜਾਂਦਾ ਹੈ। ਮੇਜਰ ਧਿਆਨ ਚੰਦ ਨੇ ਓਲੰਪਿਕ ’ਚ 1928, 1932 ਅਤੇ 1936 ’ਚ ਸੋਨ ਤਗਮਾ ਦਿਵਾ ਕੇ ਭਾਰਤੀ ਹਾਕੀ ਨੂੰ ਇਕ ਅਲੱਗ ਮੁਕਾਮ ’ਤੇ ਪਹੰੁਚਾਇਆ ਸੀ। ਇਸ ਦਿਨ ਦਿੱਲੀ ਸਥਿਤ ਧਿਆਨ ਚੰਦ ਨੈਸ਼ਨਲ ਸਟੇਡੀਅਮ ’ਚ ਭਾਰਤ ਦੀਆਂ ਅਲੱਗ-ਅਲੱਗ ਰਾਸ਼ਟਰੀ ਪੱਧਰ ਦੀਆਂ ਹਾਕੀ ਟੀਮਾਂ ਵਿਚਕਾਰ ਦੋਸਤਾਨਾ ਮੈਚ ਕਰਵਾਏ ਜਾਂਦੇ ਹਨ। ਖੇਡਾਂ ਦੇ ਖੇਤਰ ’ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਸ ਦਿਨ ਭਾਰਤ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ।

ਹਾਕੀ ਦਾ ਜਾਦੂਗਰ

ਬਰਲਿਨ ਓਲੰਪਿਕ ਮੈਚਾਂ ਦੌਰਾਨ ਗੇਂਦ ਹਰ ਵੇਲੇ ਧਿਆਨ ਚੰਦ ਦੀ ਹਾਕੀ ਨਾਲ ਹੀ ਚਿੰਬੜੀ ਰਹਿੰਦੀ ਸੀ। ਇਸ ਕਰਕੇ ਖੇਡ ਦੌਰਾਨ ਕੁਝ ਜਰਮਨੀ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਕਿਤੇ ਉਸ ਦੀ ਹਾਕੀ ਨੂੰ ਚੰੁਬਕ ਜਿਹੀ ਕੋਈ ਚੀਜ਼ ਤਾਂ ਨਹੀਂ ਲੱਗੀ। ਉਸ ਨੂੰ ਖੇਡਣ ਲਈ ਦੂਸਰੀ ਹਾਕੀ ਦਿੱਤੀ ਗਈ। ਫਿਰ ਉਹੀ ਿਸ਼ਮਾ ਦਿਸਿਆ ਤੇ ਧਿਆਨ ਚੰਦ ਨੇ ਇਕ ਤੋਂ ਬਾਅਦ ਇਕ ਕਈ ਗੋਲ ਕਰ ਦਿੱਤੇ। ਉਦੋਂ ਅਧਿਕਾਰੀਆਂ ਨੂੰ ਵਿਸ਼ਵਾਸ ਹੋਇਆ ਕਿ ਜਾਦੂ ਹਾਕੀ ’ਚ ਨਹੀਂ, ਖਿਡਾਰੀ ’ਚ ਹੈ। ਇਸ ਦੌਰਾਨ ਉਹ ‘ਹਾਕੀ ਦੇ ਜਾਦੂਗਰ’ ਵਜੋਂ ਮਸ਼ਹੂਰ ਹੋ ਗਏ। ਉਨ੍ਹਾਂ ਨੇ ਲਗਾਤਾਰ ਤਿੰਨ ਵਾਰ ਓਲੰਪਿਕ ਖੇਡਾਂ ’ਚ ਭਾਰਤ ਦੀ ਅਗਵਾਈ ਕਰਦਿਆਂ ਭਾਰਤ ਨੂੰ ਸੋਨ ਤਗਮਾ ਦਿਵਾਇਆ।

ਖੇਡ ਭਾਵਨਾ ਦਾ ਸਨਮਾਨ

1933 ’ਚ ਰਾਵਲਪਿੰਡੀ ਵਿਚ 14 ਰੈਜੀਮੈਂਟ ਤੇ ਸੈਪਰਜ਼ ਐਂਡ ਮਾਈਨਰਜ਼ ਟੀਮ ਵਿਚਕਾਰ ਮੈਚ ਖੇਡਿਆ ਜਾ ਰਿਹਾ ਸੀ। ਧਿਆਨ ਚੰਦ ਪੰਜਾਬ ਰੈਜੀਮੈਂਟ ਦਾ ਹਿੱਸਾ ਸੀ। ਇਸ ਮੈਚ ਦੌਰਾਨ ਉਨ੍ਹਾਂ ਨੇ ਸ਼ਾਨਦਾਰ ਖੇਡਦਿਆਂ ਵਿਰੋਧੀਆਂ ਨੂੰ ਹਰਾ ਦਿੱਤਾ। ਇਸ ’ਤੇ ਵਿਰੋਧੀ ਟੀਮ ਦਾ ਸੈਂਟਰ ਹਾਫ ਸੰਤੁਲਨ ਖੋਹ ਬੈਠਿਆ ਤੇ ਧਿਆਨ ਭਟਕਣ ਕਰਕੇ ਧਿਆਨ ਚੰਦ ਦੇ ਨੱਕ ’ਤੇ ਸੱਟ ਲੱਗ ਗਈ। ਖੇਡ ਨੂੰ ਤੁਰੰਤ ਰੋਕ ਦਿੱਤਾ ਗਿਆ। ਇਲਾਜ ਤੋਂ ਬਾਅਦ ਧਿਆਨ ਚੰਦ ਨੱਕ ’ਤੇ ਪੱਟੀ ਕਰਵਾ ਕੇ ਦੁਬਾਰਾ ਮੈਦਾਨ ’ਚ ਆ ਗਿਆ। ਸੱਟ ਮਾਰਨ ਵਾਲੇ ਮੁਕਾਬਲੇਬਾਜ਼ ਦੀ ਪਿੱਠ ਨੂੰ ਥਪਾਇਆ ਤੇ ਹੱਸਦਿਆਂ ਉਸ ਨੂੰ ਕਿਹਾ,‘ਸਾਵਧਾਨੀ ਨਾਲ ਖੇਡੋ, ਤਾਂ ਜੋ ਮੈਨੂੰ ਦੁਬਾਰਾ ਸੱਟ ਨਾ ਲੱਗੇ।’

ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਛੇ ਗੋਲ ਕੀਤੇ। ਭਾਰਤੀ ਓਲੰਪਿਕ ਸੰਘ ਨੇ ਧਿਆਨ ਚੰਦ ਨੂੰ ‘ਸਦੀ ਦਾ ਮਹਾਨ ਖਿਡਾਰੀ’ ਐਲਾਨਿਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਉਨ੍ਹਾਂ ਦੇ ਸਨਮਾਨ ’ਚ ਡਾਕ ਟਿਕਟ ਜਾਰੀ ਕੀਤੀ ਅਤੇ ਉਨ੍ਹਾਂ ਦੇ ਨਾਂ ’ਤੇ ‘ਧਿਆਨ ਚੰਦ ਐਵਾਰਡ’ ਦਾ ਐਲਾਨ ਕੀਤਾ।

ਖੇਡਾਂ ’ਚ ਭਵਿੱਖ

ਭਾਰਤ ’ਚ ਖੇਡਾਂ ਪ੍ਰਤੀ ਜਨੂੰਨ ਕਾਫ਼ੀ ਜ਼ਿਆਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗ ਇਸ ਖੇਡ ਦੇ ਦੀਵਾਨੇ ਹਨ ਪਰ ਪਿਛਲੇ ਕੁਝ ਸਾਲਾਂ ’ਤੇ ਨਜ਼ਰ ਮਾਰੀਏ ਤਾਂ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਿਕਟ ਤੋਂ ਇਲਾਵਾ ਕਈ ਖੇਡਾਂ ਹਨ, ਜਿਨ੍ਹਾਂ ’ਚ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਨਾਂ ਕਮਾਇਆ ਹੈ। ਅੱਜ ਸਾਨੀਆ ਨੇਹਵਾਲ, ਪੀਵੀ ਸਿੰਧੂ, ਨੀਰਜ ਚੋਪੜਾ, ਬਜਰੰਗ ਪੂਨੀਆ, ਕਮਲਪ੍ਰੀਤ ਕੌਰ ਜਿਹੇ ਖਿਡਾਰੀਆਂ ਨੂੰ ਕੌਣ ਨਹੀਂ ਜਾਣਦਾ। ਆਪਣੇ ਖੇਡ ਹੁਨਰ ਦੇ ਦਮ ’ਤੇ ਉਨ੍ਹਾਂ ਨੇ ਭਾਰਤ ਦਾ ਮਾਣ ਵਧਾਇਆ ਹੈ। ਇਸ ਲਈ ਉਨ੍ਹਾਂ ਨੇ ਬਚਪਨ ਤੋਂ ਹੀ ਗੰਭੀਰਤਾ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ।

ਇਹ ਸੱਚ ਹੈ ਕਿ ਹਰ ਖਿਡਾਰੀ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਨਹੀਂ ਬਣ ਸਕਦਾ ਪਰ ਇਸ ’ਚ ਕਰੀਅਰ ਬਣਾਉਣ ਲਈ ਕਈ ਬਦਲ ਹਨ। ਇਸ ਖੇਤਰ ’ਚ ਕੋਚ, ਪੱਤਰਕਾਰ, ਫਿਜ਼ੀਓਥੈਰੇਪਿਸਟ, ਫਿਟਨੈੱਸ ਮਾਹਿਰ, ਮਾਰਕੀਟਿੰਗ, ਮੈਨੇਜਮੈਂਟ ਵਿਚ ਵੀ ਕਰੀਅਰ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ।

ਗਰਾਊਂਡ ’ਚ ਜਾ ਕੇ ਖੇਡੋ

ਅਜਿਹੀਆਂ ਖੇਡਾਂ, ਜਿਨ੍ਹਾਂ ’ਚ ਭੱਜ-ਦੌੜ ਅਤੇ ਸਰੀਰਕ ਮਿਹਨਤ ਕਰਨੀ ਪੈਂਦੀ ਹੈ, ਉਨ੍ਹਾਂ ਨਾਲ ਸਰੀਰ ਮਜ਼ਬੂਤ ਬਣਦਾ ਹੈ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ। ਅਜਿਹੀਆਂ ਖੇਡਾਂ ਖੇਡਣ ਨਾਲ ਭਾਰ ਕੰਟਰੋਲ ’ਚ ਰਹਿੰਦਾ ਹੈ। ਇਸ ਲਈ ਜੇ ਖੇਡਣ ਦੇ ਨਾਂ ’ਤੇ ਤੁਸੀਂ ਪੂਰਾ ਦਿਨ ਵੀਡੀਓ ਗੇਮ ਨਾਲ ਚਿਪਕੇ ਰਹਿੰਦੇ ਹੋ ਤਾਂ ਅੱਜ ਤੋਂ ਹੀ ਇਹ ਆਦਤ ਛੱਡ ਦਿਉ ਅਤੇ ਆਪਣੇ ਦੋਸਤਾਂ ਨਾਲ ਆਊਟਡੋਰ ਖੇਡਾਂ ਦਾ ਮਜ਼ਾ ਲਵੋ।

Posted By: Harjinder Sodhi