ਬੱਚਿਓ! ਛੋਟੀਆਂ-ਛੋਟੀਆਂ ਕੀੜੀਆਂ ਨੂੰ ਕਦੇ ਕਤਾਰ ’ਚ ਚੱਲਦੀਆਂ ਦੇਖੋ, ਉਹ ਪੂਰਾ ਦਿਨ ਮਿਹਨਤ ਕਰਦੀਆਂ ਹਨ। ਆਪਣੇ ਤੋਂ ਕਈ ਗੁਣਾਂ ਭਾਰ ਚੱੁਕ ਕੇ ਵੀ ਬੜੀ ਫੁਰਤੀ ਨਾਲ ਇਕ ਕਤਾਰ ’ਚ ਬਿਨਾਂ ਲੜਿਆਂ ਤੇ ਬਿਨਾਂ ਇਹ ਕਹਿਆਂ ਤੁਰਦੀਆਂ ਹਨ ਕਿ ਮੈਂ ਜ਼ਿਆਦਾ ਮਿਹਨਤ ਕੀਤੀ ਹੈ ਤੇ ਤੰੂ ਘੱਟ। ਆਪਣੇ ਕੰਮ ’ਚ ਮਗਨ ਨਿਰੰਤਰ ਆਪਣੀ ਚਾਲ ਚੱਲਦੀਆਂ ਰਹਿੰਦੀਆਂ ਹਨ। ਛੋਟੀਆਂ-ਛੋਟੀਆਂ ਚਿੜੀਆਂ ਸਵੇਰੇ ਉੱਠਦਿਆਂ ਹੀ ਚੀਂ-ਚੀਂ ਕਰਦੀਆਂ ਹਨ ਤੇ ਆਪਣੇ ਕੰਮਾਂ ’ਚ ਰੱੁਝ ਜਾਂਦੀਆਂ ਹਨ, ਇਹ ਕਹੇ ਬਿਨਾਂ ਕਿ ਘੰਟਾ ਕੁ ਹੋਰ ਸੌਂ ਲਵਾਂ।

ਇਹ ਛੋਟੇ-ਛੋਟੇ ਪੰਛੀ ਇੰਨੀ ਸੋਹਣੀ ਕਲਾਕਾਰੀ ਕਰਦੇ ਹਨ ਕਿ ਇਨ੍ਹਾਂ ਦੇ ਭਾਂਤ-ਭਾਂਤ ਦੇ ਆਲ੍ਹਣੇ ਵੇਖ ਕੇ ਹੈਰਾਨੀ ਹੰੁਦੀ ਹੈ ਕਿ ਇਹ ਛੋਟੇ ਜਿਹੇ ਪੰਛੀ ਨੇ ਬਣਾਏ ਹਨ? ਕਮਾਲ ਦੀ ਕਲਾਕਾਰੀ ਕੁਦਰਤ ਨੇ ਇਨ੍ਹਾਂ ਪੰਛੀਆਂ ਨੂੰ ਦਿੱਤੀ ਹੈ। ਕੁਦਰਤ ਨੇ ਇਨ੍ਹਾਂ ਨੂੰ ਹੱਥ ਨਹੀਂ ਦਿੱਤੇ ਪਰ ਫਿਰ ਵੀ ਇਹ ਚੰੁਝ ਨਾਲ ਕਮਾਲ ਕਰੀ ਜਾਂਦੇ ਹਨ। ਮਧੂ-ਮੱਖੀਆਂ ਸਾਰਾ ਦਿਨ ਫੱੁਲਾਂ ਦਾ ਰਸ ਇਕੱਠਾ ਕਰ ਕੇ ਸ਼ਹਿਦ ਬਣਾਉਣ ’ਚ ਲੱਗੀਆਂ ਰਹਿੰਦੀਆਂ ਹਨ। ਸਾਰੀ ਕੁਦਰਤ ਆਪਣੇ-ਆਪਣੇ ਕੰਮ ’ਚ ਰੱੁਝੀ ਹੋਈ ਹੈ। ਉਹ ਆਪਣਾ ਕੰਮ ਦੂਸਰਿਆਂ ’ਤੇ ਨਹੀਂ ਛੱਡਦੀ। ਸੂਰਜ ਕਦੇ ਚਮਕਣਾ ਨਹੀਂ ਛੱਡਦਾ, ਫੱੁਲ ਖ਼ੁਸ਼ਬੂ ਦੇਣਾ ਨਹੀਂ ਛੱਡਦੇ, ਨਦੀਆਂ ਕਦੇ ਵਹਿਣਾ ਨਹੀਂ ਛੱਡਦੀਆਂ ਤੇ ਰੱੁਖ ਫਲ ਦੇਣਾ ਨਹੀਂ ਛੱਡਦੇ। ਪਿਆਰੇ ਬੱਚਿਓ! ਫਿਰ ਅਸੀਂ ਕਿਉਂ ਮਿਹਨਤ ਕਰਨ ਤੋਂ ਦੂਰ ਭੱਜਦੇ ਹਾਂ। ਸਵੇਰੇ ਉੱਠਣ ਵੇਲੇ ਕਹਿੰਦੇ ਹਾਂ ਕਿ ਥੋੜ੍ਹਾ ਹੋਰ ਸੌਂ ਜਾਈਏ।

ਕੰਮ ਕਰਨ ਵੇਲੇ ਬਹਾਨੇ ਘੜਦੇ ਰਹਿੰਦੇ ਹਾਂ ਕਿ ਇਹ ਕੰਮ ਔਖਾ ਮੈਥੋਂ ਨਹੀਂ ਹੋਣਾ ਜਾਂ ਫਿਰ ਮੈਂ ਹੀ ਸਾਰੇ ਕੰਮ ਕਿਉਂ ਕਰਾਂ। ਅੱਜ ਮੈਨੂੰ ਆਰਾਮ ਦੀ ਜ਼ੂਰਰਤ ਹੈ। ਅਸੀਂ ਬਿਨਾਂ ਮਿਹਨਤ ਕੀਤਿਆਂ ਹੀ ਸਫਲ ਹੋਣਾ ਚਾਹੰੁਦੇ ਹਾਂ, ਜਿਵੇਂ ਕਹਾਵਤ ਹੈ :-

ਉੱਦਮ ਅੱਗੇ ਲੱਛਮੀ,

ਪੱਖੇ ਅੱਗੇ ਪੌਣ।

ਜੇ ਅਸੀਂ ਮੰਜ਼ਿਲ ਪ੍ਰਾਪਤ ਕਰਨੀ ਹੈ ਤਾਂ ਉੱਦਮ ਤੇ ਮਿਹਨਤ ਤਾਂ ਕਰਨੀ ਹੀ ਪਵੇਗੀ। ਅਸੀਂ ਦੂਜਿਆਂ ’ਤੇ ਨਿਰਭਰ ਰਹਿ ਕੇ ਸਫਲ ਨਹੀਂ ਹੋ ਸਕਦੇ। ਅੱਜ ਦੇ ਦੌਰ ’ਚ ਤਾਂ ਤੁਹਾਡੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਆ ਗਈ ਹੈ। ਅਧਿਆਪਕ ਬਹੁਤ ਮਿਹਨਤ ਕਰ ਰਹੇ ਹਨ। ਸੂਕਲ ਭਾਵੇਂ ਖੱੁਲ੍ਹ ਗਏ ਹਨ ਪਰ ਅਜੇ ਵੀ ਬੱਚੇ ਕੋਰੋਨਾ ਦੀ ਆਲਮੀ ਮਹਾਮਾਰੀ ਤੋਂ ਡਰੇ ਸਕੂਲ ਆਉਣ ਤੋਂ ਡਰਦੇ ਹਨ। ਤਾਲਾਬੰਦੀ ’ਚ ਅਧਿਆਪਕਾਂ ਨੇ ਆਨਲਾਈਨ ਕਲਾਸਾਂ, ਜ਼ੂਮ ਮੀਟਿੰਗਾਂ, ਲੈਕਚਰ ਤਿਆਰ ਕਰ ਕੇ ਤੁਹਾਡੀ ਮਦਦ ਲਈ ਘਰ ਬੈਠਿਆਂ ਪਹੰੁਚਾਏ, ਤਾਂ ਜੋ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਸੋ ਇਮਾਨਦਾਰੀ ਨਾਲ ਪੜ੍ਹਨ ਦੀ ਆਦਤ ਪਾਓ। ਮਿਹਨਤ ਕਰਨ ਤੋਂ ਕਦੇ ਨਾ ਘਬਰਾਓ। ਜੇ ਤੁਸੀਂ ਧਿਆਨ ਨਾਲ ਕਲਾਸਾਂ ਨਹੀਂ ਲਾਉਂਦੇ ਜਾਂ ਆਪਣਾ ਕੰਮ ਸਮੇਂ ਸਿਰ ਨਹੀਂ ਕਰਦੇ ਤਾਂ ਭਵਿੱਖ ’ਚ ਤੁਹਾਨੂੰ ਇਸ ਦਾ ਨੁਕਸਾਨ ਭੁਗਤਣਾ ਪਵੇਗਾ।

- ਹਰਦੀਪ ਕੌਰ

Posted By: Harjinder Sodhi