ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਮਨੁੱਖ ਦੇ ਗਿਆਨ 'ਚ ਵਾਧਾ ਹੁੰਦਾ ਹੈ ਤੇ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ। ਇਹ ਸਾਡੇ ਵਿਚਾਰ ਬਦਲ ਦਿੰਦੀਆਂ ਹਨ। ਇਹ ਇਕ ਚੰਗੇ ਅਧਿਆਪਕ ਵਾਂਗ ਹੁੰਦੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਨਾਲ ਸਾਨੂੰ ਜ਼ਿੰਦਗੀ ਜਿਊਣ ਲਈ ਸੇਧ ਮਿਲਦੀ ਹੈ। ਚੰਗੀਆਂ ਕਿਤਾਬਾਂ ਸਾਨੂੰ ਤਰੋਤਾਜ਼ਾ ਕਰ ਦਿੰਦੀਆਂ ਹਨ। ਕਿਤਾਬਾਂ ਦੇ ਸ਼ੌਕੀਨ ਜਾਂ ਜ਼ਿਆਦਾ ਕਿਤਾਬਾਂ ਪੜ੍ਹਨ ਵਾਲੇ ਨੂੰ ਕਿਤਾਬੀ ਕੀੜਾ ਕਿਹਾ ਜਾਂਦਾ ਹੈ। ਕਿਤਾਬਾਂ ਪੜ੍ਹਨ ਵਾਲਾ ਬੰਦਾ ਕਦੇ ਵੀ ਖ਼ੁਦ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਉਹ ਘਰ ਬੈਠਿਆਂ ਹੀ ਕਿਤਾਬਾਂ ਰਾਹੀਂ ਵਿਦੇਸ਼ਾਂ ਦੀ ਸੈਰ ਕਰ ਲੈਂਦਾ ਹੈ। ਕਿਤਾਬਾਂ ਪੜ੍ਹਨ ਨਾਲ ਤੁਸੀਂ ਇਕ ਵਧੀਆ ਲੇਖਕ ਵੀ ਬਣ ਸਕਦੇ ਹੋ।

ਮਾਪੇ ਦੇਣ ਕਿਤਾਬਾਂ ਨੂੰ ਤਵੱਜੋ

ਅੱਜ-ਕੱਲ੍ਹ ਤਾਂ ਕਿਤਾਬਾਂ ਪੜ੍ਹਨ ਦੀ ਆਦਤ ਖ਼ਤਮ ਹੋ ਚੁੱਕੀ ਹੈ। ਵਿਦਿਆਰਥੀ ਅੱਜ-ਕੱਲ੍ਹ ਵ੍ਹਟਸਐਪ, ਫੇਸਬੁੱਕ ਜਾਂ ਹੋਰ ਸਾਈਟਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਅੱਜ ਇੰਨੇ ਸਾਧਨ ਹੋਣ ਦੇ ਬਾਵਜੂਦ ਵੀ ਕਿਤਾਬਾਂ ਪੜ੍ਹਨ ਦਾ ਰੁਝਾਨ ਘਟ ਰਿਹਾ ਹੈ। ਆਮ ਹੀ ਕਿਹਾ ਜਾਂਦਾ ਹੈ ਕਿ ਚੋਰ ਚਾਹੇ ਜੋ ਮਰਜ਼ੀ ਚੋਰੀ ਕਰ ਕੇ ਲੈ ਜਾਵੇ ਪਰ ਜੋ ਇਹ ਕਿਤਾਬੀ ਗਿਆਨ ਹੈ, ਇਸ ਨੂੰ ਚੋਰੀ ਨਹੀਂ ਕਰ ਸਕਦਾ। ਜੇ ਮਾਂ-ਬਾਪ ਘਰ 'ਚ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦੇਣਗੇ ਤਾਂ ਉਨ੍ਹਾਂ ਨੂੰ ਦੇਖ ਬੱਚਿਆਂ 'ਚ ਆਪਣੇ ਆਪ ਦਿਲਚਸਪੀ ਪੈਦਾ ਹੋਵੇਗੀ। ਅਕਸਰ ਆਮ ਪਰਿਵਾਰਾਂ 'ਚ ਦੇਖਿਆ ਜਾਂਦਾ ਹੈ ਕਿ ਘਰ 'ਚ ਬਹੁਤ ਚੀਜ਼ਾਂ ਹੁੰਦੀਆਂ ਹਨ ਪਰ ਘਰ ਵਿਚ ਇਕ ਮਿੰਨੀ ਲਾਇਬ੍ਰੇਰੀ ਤਕ ਨਹੀਂ ਹੁੰਦੀ। ਜਿੱਥੇ ਪੁਸਤਕ ਮੇਲਾ ਲੱਗਦਾ ਹੋਵੇ, ਉਸ ਪੁਸਤਕ ਮੇਲੇ 'ਚ ਬੱਚਿਆਂ ਨੂੰ ਲਿਜਾਣ ।ਤੇ ਜਿਹੜੀ ਪੁਸਤਕ ਪਸੰਦ ਆਵੇ, ਉਸ ਨੂੰ ਘਰ ਲੈ ਆਉਣ।

ਕਿਤਾਬਾਂ ਪੜ੍ਹਨ ਨੂੰ ਦਿਉ ਤਰਜੀਹ

ਦੇਖਣ 'ਚ ਆਉਂਦਾ ਹੈ ਕਿ ਜੋ ਬੱਚਿਆਂ ਦੇ ਸਿਲੇਬਸ ਵਿਚ ਹੁੰਦਾ ਹੈ, ਬੱਚੇ ਸਿਰਫ਼ ਉਹੀ ਕਿਤਾਬਾਂ ਪੜ੍ਹਦੇ ਹਨ। ਲਾਇਬ੍ਰੇਰੀਆਂ 'ਚ ਤਾਂ ਬੱਚੇ ਬਿਲਕੁਲ ਵੀ ਨਹੀਂ ਜਾਂਦੇ। ਜੋ ਵਿਦਿਆਰਥੀ ਕਿਤਾਬਾਂ ਬਿਲਕੁਲ ਵੀ ਨਹੀਂ ਪੜ੍ਹਦੇ, ਜੇ ਕਿਤੇ ਮੌਕਾ ਉਨ੍ਹਾਂ ਨੂੰ ਮਿਲ ਜਾਵੇ ਕਿ ਤੁਸੀਂ ਪੰਜ ਮਿੰਟ ਬੋਲਣਾ ਹੈ ਤਾਂ ਉਹ ਬੋਲ ਨਹੀਂ ਸਕਦੇ। ਅਜਿਹੇ ਵਿਦਿਆਰਥੀ ਫਿਰ ਮੁਕਾਬਲਾ ਪ੍ਰੀਖਿਆਵਾਂ ਵੀ ਪਾਸ ਨਹੀਂ ਕਰ ਸਕਦੇ। ਦੱਖਣ ਭਾਰਤ ਦੇ ਲੋਕ ਕਿਤਾਬਾਂ ਪੜ੍ਹਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਸੋ ਪੰਜਾਬੀਆਂ ਲਈ ਇਹ ਚਿੰਤਾ ਵਾਲੀ ਗੱਲ ਹੈ। ਸੋ ਆਓ ਅਸੀਂ ਕਿਤਾਬਾਂ ਪੜ੍ਹਨ ਨੂੰ ਜ਼ਿਆਦਾ ਤਰਜੀਹ ਦੇਈਏ।

ਸੰਜੀਵ ਸਿੰਘ ਸੈਣੀ

Posted By: Harjinder Sodhi