ਚੰਗੀ ਸਿਹਤ ਰੱਖਣੀ ਨੈਤਿਕਤਾ ਦਾ ਗੁਣ ਹੀ ਹੈ। ਜੇ ਵਿਅਕਤੀ ਤੰਦਰੁਸਤ ਹੋਵੇਗਾ ਤਾਂ ਉਹ ਆਪਣੇ ਪਰਿਵਾਰ, ਦੋਸਤਾਂ, ਰਿਸ਼ਤੇਦਾਰਾਂ, ਜਾਣਕਾਰਾਂ ਆਦਿ ਦੀ ਮਦਦ ਕਰ ਸਕੇਗਾ। ਮਾੜੀ ਸਿਹਤ ਨਾਲ ਉਹ ਆਪਣੇ ਪਿਆਰਿਆਂ 'ਤੇ ਬੋਝ ਬਣ ਜਾਵੇਗਾ। ਕਸਰਤ ਕਰ ਕੇ, ਚੰਗੀ ਖ਼ੁਰਾਕ ਲੈ ਕੇ ਵਿਅਕਤੀ ਚੰਗੀ ਸਿਹਤ ਕਾਇਮ ਰੱਖ ਸਕਦਾ ਹੈ। ਸਮਾਜ ਵਿੱਚ ਮਨੁੱਖ ਦਾ ਅਸਤਿਤਵ ਕੇਵਲ ਦੇਹ ਨਾਲ ਹੀ ਸੰਭਵ ਹੈ। ਦੇਹ ਰਾਹੀਂ ਹੀ ਨੈਤਿਕ ਕਿਰਿਆਵਾਂ ਸੰਭਵ ਹਨ। ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਤਕੜੀ ਤੇ ਨਰੋਈ ਦੇਹ ਨਾਲ ਹੀ ਹੋ ਸਕਦੀ ਹੈ। ਇਸ ਲਈ ਨੈਤਿਕਤਾ ਤੇ ਕਦਰਾਂ-ਕੀਮਤਾਂ ਦੀ ਉਸਾਰੀ ਦੇ ਨਾਲ-ਨਾਲ ਸਾਡੇ ਵੱਡੇ-ਵਡੇਰਿਆਂ ਨੇ ਸਾਨੂੰ ਚੰਗੀ ਸਿਹਤ ਤੇ ਕਸਰਤ ਪ੍ਰਤੀ ਵੀ ਸਮੇਂ-ਸਮੇਂ ਜਾਗਰੂਕ ਕੀਤਾ ਹੈ। ਭਾਰਤ ਨੇ ਆਦਿ-ਕਾਲ 'ਚ ਹੀ ਯੋਗ-ਕਿਰਿਆਵਾਂ ਦੀ ਖੋਜ ਕਰ ਕੇ ਮਨ ਤੇ ਸਰੀਰ ਨੂੰ ਤਕੜਾ ਰੱਖਣ ਲਈ ਯੋਗ ਵਿਗਿਆਨ ਦੀ ਸਥਾਪਨਾ ਕੀਤੀ। ਅੱਜ ਭਾਰਤ ਸਮੁੱਚੇ ਵਿਸ਼ਵ ਨੂੰ ਯੋਗ-ਵਿਗਿਆਨ ਦਾ ਗਿਆਨ ਵੰਡ ਰਿਹਾ ਹੈ।

ਮੱਧਕਾਲ 'ਚ ਪ੍ਰਫੁੱਲਤ ਹੋਈ ਗੁਰਮਤਿ ਵਿਚਾਰਧਾਰਾ ਨੇ ਵੀ ਗੁਰਬਾਣੀ ਵਿਚ ਦੇਹ ਦੇ ਸੰਕਲਪ ਦੀ ਵਕਾਲਤ ਕੀਤੀ ਹੈ। ਨਰੋਈ ਦੇਹ ਰਾਹੀਂ ਹੀ ਉਸ ਅਕਾਲ ਪੁਰਖ ਦੀ ਅਰਾਧਨਾ ਕੀਤੀ ਜਾ ਸਕਦੀ ਹੈ। ਦੇਹ ਦੀ ਅਰੋਗਤਾ ਤੇ ਸੁਤੰਤਰਤਾ ਦਾ ਸੰਕਲਪ ਵੀ ਨੈਤਿਕ ਕਦਰਾਂ-ਕੀਮਤਾਂ ਰਾਹੀਂ ਹੀ ਸੰਭਵ ਹੈ। ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਲਈ ਵੀ ਨਰੋਈ ਦੇਹ ਦੀ ਪ੍ਰਬਲ ਜ਼ਰੂਰਤ ਹੈ। ਦੇਹ ਦੀ ਅਰੋਗਤਾ ਦਾ ਸਿੱਧਾ ਸਬੰਧ ਕਸਰਤ ਨਾਲ ਹੈ, ਸ਼ੁੱਧ ਖ਼ੁਰਾਕ ਤੇ ਨਸ਼ਿਆਂ ਤੋਂ ਪਰਹੇਜ਼ ਨਾਲ ਹੈ, ਜਿਸ ਦੀ ਵਕਾਲਤ ਨੈਤਿਕ ਸਿੱਖਿਆ ਕਰਦੀ ਹੈ। ਸਿੱਖ ਗੁਰੂਆਂ ਨੇ ਵੀ ਆਪਣੇ ਪੈਰੋਕਾਰਾਂ ਨੂੰ ਜਿੱਥੇ ਨੈਤਿਕ ਸਿੱਖਿਆਵਾਂ ਨਾਲ ਲੈਸ ਕੀਤਾ, ਉੱਥੇ ਕਸਰਤ-ਕਲਾਵਾਂ, ਮੱਲ-ਯੁੱਧਾਂ, ਨੇਜ਼ਾ, ਤਲਵਾਰਬਾਜ਼ੀ ਅਤੇ ਗੱਤਕਾ-ਬਾਜ਼ੀ ਵਰਗੀਆਂ ਕਸਰਤਾਂ ਰਾਹੀਂ ਇਕ ਤਕੜੀ ਤੇ ਨਰੋਈ ਕੌਮ ਦੀ ਉਸਾਰੀ ਕੀਤੀ। ਕਿਸੇ ਵੀ ਸਿਹਤਮੰਦ ਸਮਾਜ ਲਈ ਨਰੋਈ ਤੇ ਤਕੜੀ ਸਿਹਤ ਵਾਲੇ ਨਾਗਰਿਕਾਂ ਦਾ ਹੋਣਾ ਲਾਜ਼ਮੀ ਹੈ। ਤਕੜੀ ਅਤੇ ਨਰੋਈ ਸਿਹਤ ਲਈ ਕਸਰਤ ਲਾਜ਼ਮੀ ਹੈ। ਇਸ ਲਈ ਨੈਤਿਕਤਾ, ਚੰਗੀ ਸਿਹਤ ਅਤੇ ਕਸਰਤ ਇੱਕੋ ਸੂਤਰ ਵਿਚ ਪਰੋਏ ਹੋਏ ਮੋਤੀ ਹਨ।

- ਡਾ. ਨਰਿੰਦਰਪਾਲ ਸਿੰਘ

(ਧੰਨਵਾਦ ਸਹਿਤ ਨੈਤਿਕ ਨਿਯਮ ਕਿਤਾਬ 'ਚੋਂ)

Posted By: Harjinder Sodhi