‘ਵਿੱਦਿਆ’ ਸ਼ਬਦ ਸੰਸਕਿ੍ਰਤ ਦੀ ਧਾਤੂ ‘ਵਿਦ’ ਤੋਂ ਹੋਂਦ ਵਿਚ ਆਇਆ ਹੈ, ਜਿਸ ਦਾ ਅਰਥ ਹੈ ‘ਜਾਣਨਾ’। ਗਿਆਨ ਪ੍ਰਾਪਤ ਕਰਨ ਲਈ ਜਾਣਨ ਦੀ ਇੱਛਾ ਰੱਖਣ ਵਾਲੇ ਵਿਅਕਤੀ ਨੂੰ ਵਿਦਿਆਰਥੀ ਕਿਹਾ ਜਾਂਦਾ ਹੈ। ਵੈਸੇ ਤਾਂ ਜੀਵਨ ਦੇ ਹਰ ਪੱਧਰ ’ਤੇ ਹੀ ਮਨੁੱਖ ਜਾਣਨ ਤੇ ਸਿੱਖਣ ਦੀ ਇੱਛਾ ਰੱਖਦਾ ਹੈ ਪਰ ਮਨੋਵਿਗਿਆਨੀਆਂ ਅਨੁਸਾਰ ਜੀਵਨ ਦੇ ਮੱੁਢਲੇ ਪੜਾਅ ’ਤੇ ਅਰਥਾਤ ਬਚਪਨ ’ਚ ਹੀ ਮਨੁੱਖ ਦੀ ਸਿੱਖਣ ਦੀ ਮਨੋਬਿਰਤੀ ਤੀਬਰ ਹੁੰਦੀ ਹੈ ਕਿਉਂਕਿ ਵਿਵਹਾਰ ਪੱਕ ਜਾਣ ਕਾਰਨ ਇਕ ਬਾਲਗ ਦੀਆਂ ਮਨੋਬਿਰਤੀਆਂ ਅਤੇ ਸੋਚ-ਢੰਗ ਨੂੰ ਬਦਲਣਾ ਸੁਖਾਲਾ ਨਹੀਂ ਹੁੰਦਾ।

ਅਤਿ ਲੋੜੀਂਦੀ ਹੈ ਨੈਤਿਕ ਸਿੱਖਿਆ

ਨੈਤਿਕਤਾ ਦਾ ਸਾਡੇ ਜੀਵਨ ਵਿਚ ਬਹੁਤ ਵੱਡਾ ਸਥਾਨ ਹੈ। ਅੱਜ-ਕੱਲ੍ਹ ਇਹ ਗੱਲ ਆਮ ਹੀ ਸੁਣਨ ਨੂੰ ਮਿਲ ਜਾਂਦੀ ਹੈ ਕਿ ਹੁਣ ਨੈਤਿਕਤਾ ਬਚੀ ਹੀ ਕਿੱਥੇ ਹੈ? ਪੂਰਬੀ ਅਤੇ ਪੱਛਮੀ ਵਿਚਾਰਾਂ ਦੇ ਮਿਲਗੋਭੇ ਕਾਰਨ ਬੱਚਿਆਂ ਵਿੱਚੋਂ ਜਿੱਥੇ ਨੈਤਿਕਤਾ ਵਿਸਰੀ ਹੈ, ਉੱਥੇ ਅਸ਼ਿਸ਼ਟਤਾ, ਬਦਸਲੂਕੀ ਅਤੇ ਚਰਿੱਤਰਹੀਣਤਾ ਆਦਿ ਦੀ ਵਿਆਪਕਤਾ ਹੋਈ ਹੈ। ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਪੱਛਮੀ ਚਕਾਚੌਂਧ ਨੇ ਮਾਨਵਤਾ ਨੂੰ ਪਦਾਰਥਕ ਸਹੂਲਤਾਂ ਦੇ ਕੇ ਆਤਮਿਕ ਅਤੇ ਨੈਤਿਕ ਜੀਵਨ ਪੱਖੋਂ ਕੰਗਾਲ ਕਰ ਦਿੱਤਾ ਹੈ। ਨੀਤੀ ਤੋਂ ਉਤਪੰਨ ਭਾਵ ਨੈਤਿਕਤਾ ਕਹਾਉਂਦੇ ਹਨ।

ਐਥੀਕਲ ਜਾਂ ਮੋਰਲ ਵੈਲਿਊਜ਼

ਨੈਤਿਕ ਮੁੱਲਾਂ ਨੂੰ ਅੰਗਰੇਜ਼ੀ ’ਚ ਐਥੀਕਲ ਜਾਂ ਮੋਰਲ ਵੈਲਿਊਜ਼ ਕਿਹਾ ਜਾਂਦਾ ਹੈ, ਜਿਸ ਦਾ ਅਰਥ ਚੰਗਾ ਆਚਰਣਿਕ ਸੁਭਾਅ ਜਾਂ ਨੈਤਿਕ ਕਦਰਾਂ-ਕੀਮਤਾਂ ਹੈ। ਨੈਤਿਕ ਮੁੱਲ ਉਹ ਹੁੰਦੇ ਹਨ, ਜੋ ਮਨੁੱਖ ਦੀ ਆਤਮਾ ਅਨੁਸਾਰ ਵਿਵਹਾਰ ਦੇ ਉਚਿਤ ਢੰਗਾਂ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਨੈਤਿਕਤਾ ਉਨ੍ਹਾਂ ਨਿਯਮਾਂ ਨੂੰ ਅਪਨਾਉਣਾ ਹੈ, ਜਿਨ੍ਹਾਂ ਨਿਯਮਾਂ ਦੀ ਪ੍ਰਵਾਨਗੀ ਸਮਾਜ ਦੁਆਰਾ ਉੱਚਿਤ ਅਤੇ ਅਣ-ਉੱਚਿਤ ਭਾਵਨਾ ਦੇ ਆਧਾਰ ’ਤੇ ਮਿਲਦੀ ਹੈ। ਇਸ ਤਰ੍ਹਾਂ ਨੈਤਿਕ ਕਦਰਾਂ-ਕੀਮਤਾਂ ਮਨੁੱਖੀ ਆਚਰਨ ਨਾਲ ਸਬੰਧਤ ਉਹ ਸਿਧਾਂਤ ਹਨ, ਜੋ ਉਸ ਦੇ ਜੀਵਨ ਦੀ ਸ੍ਰੇਸ਼ਠ ਅਗਵਾਈ ਕਰਦੇ ਹਨ।

ਨੀਤੀ ਜਾਂ ਨੈਤਿਕ ਸਿੱਖਿਆ ਦੀ ਲੋੜ ਨੂੰ ਵੇਖਦਿਆਂ ਪੁਰਾਤਨ ਭਾਰਤੀ ਵਿਦਵਾਨਾਂ ਨੇ ਕਈ ਨੀਤੀ ਸ਼ਾਸਤਰ ਰਚੇ, ਜਿਨ੍ਹਾਂ ਵਿੱਚੋਂ ਤਿੰਨ ਅੱਜ ਵੀ ਪ੍ਰਮੁੱਖ ਤੌਰ ’ਤੇ ਵਿਚਾਰੇ ਜਾਂਦੇ ਹਨ-ਭਰਥਰੀ ਹਰੀ ਦਾ ਨੀਤੀ ਸ਼ਾਸਤਰ, ਚਾਣਕਿਆ ਦਾ ਨੀਤੀ ਸ਼ਾਸਤਰ ਅਤੇ ਵਿਦੁਰ ਦਾ ਨੀਤੀ ਸ਼ਾਸਤਰ। ਇਨ੍ਹਾਂ ਸ਼ਾਸਤਰਾਂ ਅਨੁਸਾਰ ਨੈਤਿਕਤਾ ਹੀ ਸੰਪੂਰਨ ਮਾਨਵਤਾ ਦਾ ਸ਼ਿੰਗਾਰ ਹੈ ਕਿਉਂਕਿ ਨੈਤਿਕਤਾ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ ਤੇ ਅਨੈਤਿਕਤਾ ਪਸ਼ੂ। ਇਸੇ ਕਾਰਨ ਮਨੁੱਖੀ ਜੀਵਨ ’ਚ ਆਤਮਿਕ ਅਤੇ ਆਚਰਣਿਕ ਸੰਤੁਲਨ ਲਈ ਨੈਤਿਕ ਸਿੱਖਿਆ ਅਤਿ ਲੋੜੀਂਦੀ ਹੈ।

ਨੈਤਿਕਤਾ ਦੀ ਸੋਝੀ

ਬੱਚਿਆਂ ਦੇ ਮਾਨਸਿਕ ਵਿਕਾਸ ’ਚ ਘਰੇਲੂ ਮਾਹੌਲ ਅਤੇ ਬਾਹਰੀ ਵਾਤਾਵਰਨ ਦੋਵੇਂ ਹੀ ਬਹੁਤ ਅਸਰ ਕਰਦੇ ਹਨ। ਭਾਵੇਂ ਹਰੇਕ ਮਾਪੇ ਘਰ ’ਚ ਸੁਖਾਵਾਂ ਮਾਹੌਲ ਪ੍ਰਦਾਨ ਕਰ ਕੇ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਨੈਤਿਕਤਾ ਦੀ ਸੋਝੀ ਦੇਣਾ ਚਾਹੁੰਦੇ ਹਨ ਪਰ ਸਰਬਪੱਖੀ ਵਿਕਾਸ ਤੇ ਉਚੇਰੀਆਂ ਕਦਰਾਂ-ਕੀਮਤਾਂ ਭਰਪੂਰ ਜੀਵਨ-ਜਾਚ ਸਿੱਖਣ ਲਈ ਉਨ੍ਹਾਂ ਨੂੰ ਸੰਪੂਰਨ ਸਮਾਜਿਕ ਅਤੇ ਸੁਖਾਵਾਂ ਵਾਤਾਵਰਨ ਵਿੱਦਿਅਕ ਸੰਸਥਾਵਾਂ ’ਚ ਹੀ ਪ੍ਰਾਪਤ ਹੁੰਦਾ ਹੈ, ਜਿੱਥੇ ਉਹ ਸਿਖਿਆਰਥੀ ਬਣ ਕੇ ਯੋਗ ਅਧਿਆਪਕਾਂ ਦੀ ਅਗਵਾਈ ਵਿਚ ਰੋਜ਼ਾਨਾ ਸਰੀਰਕ, ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਆਚਰਣਿਕ, ਆਰਥਿਕ ਅਤੇ ਰਾਜਨੀਤਕ ਜੀਵਨ ਦੀ ਪਛਾਣ ਕਰਨ ਦੇ ਨਾਲ-ਨਾਲ ਤੰਦਰੁਸਤ ਭਾਈਚਾਰੇ ਦੀਆਂ ਤੰਦਾਂ ਪਰੋਂਦੇ ਹਨ।

ਨੈਤਿਕ ਮੁੱਲਾਂ ’ਚ ਗਿਰਾਵਟ

ਇਹ ਵਿਅਕਤੀ ਦੀ ਆਪਣੀ ਇੱਛਾ ’ਤੇ ਨਿਰਭਰ ਕਰਦਾ ਹੈ ਕਿ ਉਸ ਨੇ ਆਪਣੇ ਜੀਵਨ ’ਚ ਕਿਸ ਤਰ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਅਪਨਾਉਣਾ ਹੈ। ਕਿਸੇ ਵੀ ਚੀਜ਼ ਦਾ ਮੁੱਲ ਹਰ ਵਿਅਕਤੀ ਦੀ ਆਪਣੀ ਜ਼ਰੂਰਤ ਅਨੁਸਾਰ ਹੁੰਦਾ ਹੈ, ਜਿਵੇਂ ਭੁੱਖੇ ਵਿਅਕਤੀ ਲਈ ਰੋਟੀ ਦਾ ਬਹੁਤ ਮੁੱਲ ਹੈ ਅਤੇ ਪਿਆਸੇ ਲਈ ਪਾਣੀ ਦਾ ਪ੍ਰੰਤੂ ਲੋੜੀਂਦੀ ਮਾਤਰਾ ਤੋਂ ਵੱਧ ਪਦਾਰਥਾਂ ਨੂੰ ਇਕੱਤਰ ਕਰਨਾ ਵਿਅਕਤੀ ਦੇ ਲੋਭ ਨੂੰ ਦਰਸਾਉਂਦਾ ਹੈ।

ਕਿਹਾ ਵੀ ਜਾਂਦਾ ਹੈ ਕਿ ਕੁਦਰਤ ਹਰ ਵਿਅਕਤੀ ਦੀ ਲੋੜ ਨੂੰ ਤਾਂ ਪੂਰਾ ਕਰ ਸਕਦੀ ਹੈ ਪਰ ਲੋਭ ਨੂੰ ਨਹੀਂ। ਪਦਾਰਥਾਂ ਦੀ ਅਸੀਮ ਭੁੱਖ ਅਤੇ ਬੇਲੋੜਾ ਲੋਭ ਵਿਅਕਤੀ ਦੇ ਨੈਤਿਕ ਮੁੱਲਾਂ ਵਿਚ ਗਿਰਾਵਟ ਦਾ ਕਾਰਨ ਬਣਦਾ ਹੈ। ਨੈਤਿਕ ਮੁੱਲ ਵਿਅਕਤੀ ਦੇ ਜੀਵਨ ਨੂੰ ਖ਼ਾਸ ਤੌਰ ’ਤੇ ਸਮਾਜਿਕ ਅਤੇ ਆਤਮਿਕ ਤੌਰ ’ਤੇ ਉੱਚਾ ਚੁੱਕਣ ’ਚ ਯੋਗਦਾਨ ਪਾਉਂਦੇ ਹਨ। ਅਜਿਹੇ ਨੈਤਿਕ ਮੁੱਲਾਂ ਨੂੰ ਨੀਤੀ ਸ਼ਾਸਤਰਾਂ ਨੇ ਪ੍ਰਮੁੱਖ ਰੂਪ ਵਿਚ ਤਿੰਨ ਪੜਾਵਾਂ ’ਚ ਵੰਡਿਆ ਹੈ, ਜਿਵੇਂ

1. ਸਰੀਰਕ ਮੁੱਲ ਜਾਂ ਪਦਾਰਥਕ ਮੁੱਲ।

2. ਚਰਿੱਤਰਾਤਮਕ ਮੁੱਲ ਜਾਂ ਮਾਨਸਿਕ ਮੁੱਲ ਅਤੇ

3. ਅਧਿਆਤਮਿਕ ਮੁੱਲ ਜਾਂ ਧਾਰਮਿਕ ਮੁੱਲ।

ਭੋਜਨ, ਕੱਪੜੇ, ਮਕਾਨ ਅਤੇ ਹੋਰ ਅਨੇਕ ਸੁੱਖ-ਆਰਾਮ ਪ੍ਰਦਾਨ ਕਰਨ ਵਾਲੇ ਪਦਾਰਥ ਮਨੁੱਖੀ ਜੀਵਨ ਦੀਆਂ ਮੁੱਢਲੀਆਂ ਲੋੜਾਂ ਵਿਚ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਵਿਅਕਤੀ ਸਖ਼ਤ ਮਿਹਨਤ ਕਰਦਾ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਉਹ ਦਿ੍ਰੜ੍ਹ ਸੰਕਲਪ, ਲਗਨ ਅਤੇ ਸਖ਼ਤ ਮਿਹਨਤ ਨਾਲ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਇਨ੍ਹਾਂ ਸਰੀਰਕ, ਆਰਥਿਕ ਅਤੇ ਮਨੋਰੰਜਨਾਤਮਕ ਲੋੜਾਂ ਨੂੰ ਪੂਰੀਆਂ ਕਰਨ ਲਈ ਜੀਵਨ ਵਿਚ ਅੱਗੇ ਵਧਦਾ ਰਹਿੰਦਾ ਹੈ ਪਰ ਕੀ ਉਹ ਇਮਾਨਦਾਰੀ ਅਤੇ ਸੱਚਾਈ ’ਤੇ ਟਿਕਿਆ ਰਹਿੰਦਾ ਹੈ ਜਾਂ ਕੀ ਆਪਣੀਆਂ ਲੋੜਾਂ ਅਤੇ ਤਿ੍ਰਸ਼ਨਾਵਾਂ ਅੱਗੇ ਨੈਤਿਕਤਾ ਦੇ ਇਨ੍ਹਾਂ ਮੁੱਲਾਂ ਤੋਂ ਗਿਰ ਜਾਂਦਾ ਹੈ।

ਇਮਾਨਦਾਰੀ ਅਤੇ ਸੱਚਾਈ

ਇਮਾਨਦਾਰੀ ਅਤੇ ਸੱਚਾਈ ਮਨੁੱਖ ਦੇ ਮਾਨਸਿਕ ਮੁੱਲਾਂ ’ਚ ਆਉਂਦੇ ਹਨ। ਇਹ ਸਰੀਰਕ ਮੁੱਲਾਂ ਤੋਂ ਅਗਲਾ ਪੜਾਅ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਫਰਮਾਇਆ ਹੈ :

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥

ਅਰਥਾਤ ਆਪਣੇ ਆਚਰਨ ’ਚ ਸੱਚ ਨੂੰ ਧਾਰਨ ਕਰਨਾ ਸਭ ਤੋਂ ਉੱਪਰ ਹੈ। ਸੱਚ ਦਾ ਰਸਤਾ ਅਪਨਾਉਣ ਲਈ ਸਾਹਸ, ਸੂਝ ਅਤੇ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਹਸ ਭੈਅ ਜਾਂ ਸਰੀਰਕ ਦੁੱਖ ਦੀ ਹਾਲਤ ’ਚ ਵੀ ਮਨੁੱਖ ਨੂੰ ਦਿ੍ਰੜ੍ਹਤਾ ਪ੍ਰਦਾਨ ਕਰਦਾ ਹੈ। ਹਿੰਮਤ ਅਤੇ ਦਿ੍ਰੜ੍ਹਤਾ, ਸਾਹਸੀ ਅਤੇ ਇਮਾਨਦਾਰ ਮਨੁੱਖ ਦੀ ਸ਼ਖ਼ਸੀਅਤ ਦਾ ਹਿੱਸਾ ਹੁੰਦੇ ਹਨ। ਆਪਣੀ ਸੂਝ ਜਾਂ ਗਿਆਨ ਦੀ ਵਰਤੋਂ ਕਰ ਕੇ ਸੱਚ ’ਤੇ ਦਿ੍ਰੜ੍ਹ ਰਹਿਣਾ ਨੈਤਿਕਤਾ ਦਾ ਦੂਜਾ ਪੜਾਅ ਹੈ।

ਬਚਪਨ ਤੋਂ ਹੀ ਸੱਚਾਈ ’ਤੇ ਅਡੋਲ ਰਹਿਣ ਵਾਲੇ ਵਿਅਕਤੀਆਂ ਦੇ ਜੀਵਨ ’ਚ ਅੱਗੋਂ ਵੀ ਇਮਾਨਦਾਰੀ ਅਤੇ ਭਲਾਈ ਵਰਗੇ ਮੁੱਲ ਜੁੜਦੇ ਜਾਂਦੇ ਹਨ ਪਰ ਝੂਠ, ਚੋਰੀ ਅਤੇ ਬੇਈਮਾਨੀ ਦਾ ਸਹਾਰਾ ਲੈ ਕੇ ਜੀਵਨ ਜਿਊਣ ਵਾਲੇ ਵਿਅਕਤੀਆਂ ਦੇ ਆਤਮਿਕ ਜਾਂ ਨੈਤਿਕ ਜੀਵਨ ਦਾ ਨਿਘਾਰ ਇੰਨੇ ਹੇਠਲੇ ਪੱਧਰ ਤਕ ਚਲਾ ਜਾਂਦਾ ਹੈ ਕਿ ਉਸ ਵਿੱਚੋਂ ਮੁੜ ਉੱਚਾ ਉੱਠਣਾ ਅਸੰਭਵ ਹੋ ਜਾਂਦਾ ਹੈ ਕਿਉਂਕਿ ਇਕ ਝੂਠ ਨੂੰ ਛੁਪਾਉਣ ਲਈ ਅਨੇਕ ਝੂਠ ਅਤੇ ਫਿਰ ਉਨ੍ਹਾਂ ਅਨੇਕ ਝੂਠਾਂ ਨੂੰ ਛੁਪਾਉਣ ਲਈ ਹੋਰ ਅਨੇਕ ਝੂਠ ਬੋਲਣੇ ਪੈਂਦੇ ਹਨ ਜੋ ਮਿਸ਼ਰਤ ਵਿਆਜ ਦੀ ਤਰ੍ਹਾਂ ਵਧਦੇ ਹੀ ਰਹਿੰਦੇ ਹਨ ਅਤੇ ਮਨੁੱਖ ਨੂੰ ਆਪਣੇ ਵਲ-ਵਲੇਵਿਆਂ ਵਿਚ ਫਸਾਈ ਰੱਖਦੇ ਹਨ। ਮਾਨਸਿਕ ਮੁੱਲਾਂ ਤੋਂ ਗਿਰੇ ਅਜਿਹੇ ਵਿਅਕਤੀਆਂ ਲਈ ਹੀ ਕਿਹਾ ਗਿਆ ਹੈ ਕਿ ਉਹ ਆਪਣੇ ਝੂਠ ਜਾਂ ਧੋਖੇ ਨੂੰ ਦੁਨੀਆ ਤੋਂ ਤਾਂ ਛੁਪਾ ਲੈਣਗੇ ਪਰ ਕੀ ਉਹ ਉਸ ਨੂੰ ਆਪਣੀ ਆਤਮਾ ਜਾਂ ਜ਼ਮੀਰ ਤੋਂ ਛੁਪਾ ਸਕਦੇ ਹਨ ਅਰਥਾਤ ਉਹ ਆਪਣੇ ਜ਼ਮੀਰ ਵਿੱਚੋਂ ਸੱਚਾਈ ਨੂੰ ਕਦੇ ਓਹਲੇ ਨਹੀਂ ਕਰ ਸਕਦੇ ਭਾਵੇਂ ਕਿੰਨਾ ਪ੍ਰਪੰਚ ਕਰ ਲੈਣ।

ਸਹਿਯੋਗ ਤੇ ਪਿਆਰ ਦੀ ਭਾਵਨਾ

ਮਨੁੱਖ ਸਮਾਜਿਕ ਪ੍ਰਾਣੀ ਹੈ। ਇਕੱਲਿਆਂ ਜੀਵਨ ਗੁਜ਼ਾਰਨਾ ਕਿਸੇ ਲਈ ਸੰਭਵ ਨਹੀਂ। ਹਰ ਵਿਅਕਤੀ ਨੂੰ ਜੀਵਨ ’ਚ ਹੋਰ ਲੋਕਾਂ ਦੀ ਮਦਦ ਅਤੇ ਮੇਲ-ਜੋਲ ਦੀ ਲੋੜ ਪੈਂਦੀ ਹੈ। ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਸਹਿਯੋਗ ਤੇ ਪਿਆਰ ਦੀ ਭਾਵਨਾ ਬਣਾ ਕੇ ਹਰ ਵਿਅਕਤੀ ਆਪਣੇ ਸਮਾਜ ਵਿਚ ਆਪਣੇ-ਆਪ ਨੂੰ ਢਾਲਦਾ ਹੈ। ਜਿਵੇਂ ਖੂਹ ਵਿਚ ਆਵਾਜ਼ ਲਗਾਇਆਂ ਮੁੁੜ ਸਾਨੂੰ ਆਪਣੀ ਹੀ ਆਵਾਜ਼ ਸੁਣਾਈ ਦਿੰਦੀ ਹੈ, ਉਸੇ ਤਰ੍ਹਾਂ ਸਮਾਜ ’ਚ ਵਿਚਰਦਿਆਂ ਚੰਗਾ ਵਿਵਹਾਰ ਕਰਨ ’ਤੇ ਚੰਗੇ ਅਰਥਾਤ ਵਡਿਆਈ ਭਰੇ ਬੋਲ ਮਿਲਦੇ ਹਨ ਅਤੇ ਬੁਰੇ ਆਚਰਨ ਵਾਲੇ ਵਿਅਕਤੀ ਨੂੰ ਸਮਾਜ ਵਿਚ ਕੋਈ ਕਦਰ ਹਾਸਿਲ ਨਹੀਂ ਹੁੰਦੀ।

ਸੱਚਾਈ ਤਕ ਪਹੁੰਚਣ ’ਚ ਮਦਦ ਕਰਦਾ ਗਿਆਨ

ਗਿਆਨ ਵਿਅਕਤੀ ਨੂੰ ਸੱਚਾਈ ਤਕ ਪਹੁੰਚਣ ਵਿਚ ਮਦਦ ਕਰਦਾ ਹੈ। ਸੂਝ ਅਤੇ ਗਿਆਨ ਦੀ ਪ੍ਰਾਪਤੀ ਦਾ ਸਭ ਤੋਂ ਵਧੀਆ ਸਾਧਨ ਵਿੱਦਿਆ ਪ੍ਰਾਪਤੀ ਹੈ। ਵਿੱਦਿਆ ਪ੍ਰਾਪਤੀ ਦੇ ਮੰਤਵ ਨਾਲ ਵਿੱਦਿਅਕ ਸੰਸਥਾਵਾਂ ਵਿਚ ਆਏ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿਚ ਇਨ੍ਹਾਂ ਚਰਿੱਤਰਾਤਮਕ ਜਾਂ ਮਾਨਸਿਕ ਮੁੱਲਾਂ ਨੂੰ ਅਪਨਾਉਣ ਲਈ ਹਮੇਸ਼ਾ ਸੁਚੇਤ ਅਤੇ ਯਤਨਸ਼ੀਲ ਰਹਿਣਾ ਚਾਹੀਦਾ ਹੈ। ਕਰਤੱਵ ਪਾਲਣ, ਭਲੇ ਕੰਮ ਕਰਨੇ, ਦੂਜਿਆਂ ਦੀ ਸਹਾਇਤਾ ਕਰਨੀ, ਆਚਰਨ ਦੀ ਪਵਿੱਤਰਤਾ ਰੱਖਣੀ ਆਦਿ ਸਦਗੁਣ ਵਿਦਿਆਰਥੀਆਂ ਨੂੰ ਨੈਤਿਕ ਅਤੇ ਆਤਮਿਕ ਬਲ ਪ੍ਰਦਾਨ ਕਰਦੇ ਹਨ।

ਆਤਮਿਕ ਅਤੇ ਧਰਮ-ਨਿਰਪੇਖ ਮੁੱਲ ਵਿਅਕਤੀ ਦੇ ਅੰਤ੍ਰੀਵ ਅਤੇ ਪਰਮ-ਉਦੇਸ਼ ਨਾਲ ਸਬੰਧ ਰੱਖਦੇ ਹਨ। ੳੱੁਚਤਮ ਮੁੱਲਾਂ ਪ੍ਰਤੀ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ :

ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥

- ਡਾ. ਪ੍ਰਭਜੀਤ ਕੌਰ

Posted By: Harjinder Sodhi